ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 304 ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥ ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥ {ਪੰਨਾ 304} ਪਦ ਅਰਥ: ਆਗਮੁ = ਸ਼ਾਸਤ੍ਰ। ਨਿਗਮੁ = ਵੇਦ। ਉਪਰਿ ਆਇਆ = (ਸਭ ਤੋਂ ਵਧੀਕ) ਪ੍ਰਮਾਣਿਕ ਹੈ। ਹਥਿ ਨ ਆਵੈ = ਨਹੀਂ ਮਿਲਦਾ।2। ਅਰਥ: ਨਾਨਕ ਆਖ ਕੇ ਸੁਣਾਉਂਦਾ ਹੈ (ਭਾਵ, ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ) (ਗੁਰਸਿੱਖ ਲਈ ਇਹ) ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ (ਸਭ ਤੋਂ) ਵਧੀਕ ਪ੍ਰਮਾਣੀਕ ਹੈ। (ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ।2। ਪਉੜੀ ॥ ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥ ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥ ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥ ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥ ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥ {ਪੰਨਾ 304} ਪਦ ਅਰਥ: ਟਿਕੇ = ਟਿੱਕੇ, ਤਿਲਕ ਦੇਂਦਾ ਹੈ, ਅਸੀਸ ਦੇਂਦਾ ਹੈ, ਮਿਹਰ ਦੀ ਨਜ਼ਰ ਕਰਦਾ ਹੈ। (ਨੋਟ: 'ਟਿੱਕੇ' ਦਾ ਅਰਥ ਗੱਦੀ ਦੇਣਾ ਗ਼ਲਤ ਹੈ। ਗੱਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਿਛੋਂ ਕਿਸੇ ਮਨੁੱਖ ਨੂੰ ਨਹੀਂ ਮਿਲੀ। ਕੀ 'ਗੁਰੂ' ਬਣਨ ਤੋਂ ਬਿਨਾ ਕਿਸੇ ਹੋਰ ਨੂੰ ਪਰਮਾਤਮਾ ਨਹੀਂ ਮਿਲ ਸਕਦਾ?) 8। ਅਰਥ: ਸਦਾ-ਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਿਗੁਰੂ ਤਿਲਕ ਦੇਵੇ (ਭਾਵ, ਅਸੀਸ ਦੇਵੇ) । ਸਤਿਗੁਰੂ ਭੀ ਉਹੀ ਹੈ ਜੋ ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦਾ ਹੈ (ਅਤੇ ਇਸ ਤਰ੍ਹਾਂ) ਸੱਚਾ ਪ੍ਰਭੂ ਤੇ ਸਤਿਗੁਰੂ ਇੱਕ-ਰੂਪ (ਹੋ ਗਏ ਹਨ,) ਜਿਸ ਨੇ (ਕਾਮਾਦਿਕ) ਪੰਜੇ ਵੈਰੀ ਖਿੱਚ ਕੇ ਵੱਸ ਕਰ ਲਏ ਹਨ। ਜੋ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਜੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਝੂਠ ਹੁੰਦਾ ਹੈ (ਇਸ ਕਰਕੇ ਉਹਨਾਂ ਦਾ) ਮੂੰਹ ਫਿੱਕਾ (ਰਹਿੰਦਾ ਹੈ, ਭਾਵ, ਉਹਨਾਂ ਦੇ ਮੂੰਹ ਤੇ ਨਾਮ ਦੀ ਲਾਲੀ ਨਹੀਂ ਹੁੰਦੀ ਤੇ) ਉਹਨਾਂ ਨੂੰ ਸਦਾ ਫਿਟਕਾਰ ਪੈਂਦੀ ਹੈ; ਕਿਸੇ ਨੂੰ ਉਹਨਾਂ ਦੇ ਬਚਨ ਹੱਛੇ ਨਹੀਂ ਲੱਗਦੇ (ਅੰਦਰ ਕੂੜ ਹੋਣ ਕਰਕੇ) ਉਹਨਾਂ ਦੇ ਮੂੰਹ ਭੀ ਭਰਿਸ਼ਟੇ ਹੋਏ ਹੁੰਦੇ ਹਨ (ਕਿਉਂਕਿ) ਉਹ ਸਤਿਗੁਰ ਤੋਂ ਭੁੱਲੇ ਹੋਏ ਹਨ।8। ਸਲੋਕ ਮਃ ੪ ॥ ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥ ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥ {ਪੰਨਾ 304} ਪਦ ਅਰਥ: ਕਿਰਸਾਣੀ = ਵਾਹੀ। ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਜਮਾਈਅਨੁ = ਜਮਾ ਦਿੱਤੀ ਹੈ ਉਸ ਨੇ, ਉਗਾ ਦਿੱਤੀ ਹੈ ਉਸ ਨੇ। ਅਰਥ: ਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ) । ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ) । ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥ ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥ {ਪੰਨਾ 304} ਪਦ ਅਰਥ: ਸਭੁ ਕੋ = ਹਰੇਕ ਜੀਵ। ਭਾਵੈ = ਚੰਗਾ ਲੱਗੇ। ਅਰਥ: (ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ। (ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥ ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥ {ਪੰਨਾ 304} ਪਦ ਅਰਥ: ਕਿਰਸ = ਫ਼ਸਲ, ਖੇਤੀ। ਕੁਰਕਦਾ = ਟੁੱਕਦਾ, ਕੁਤਰਦਾ। ਕਿਰਸਾਣੀ = ਫ਼ਸਲ। ਭਾਉ ਕਰਿ = ਪ੍ਰੁੇਮ ਕਰ ਕੇ, ਫੱਬ ਕੇ। ਬਖਸ = ਬਖ਼ਸ਼ਸ਼। ਅਰਥ: (ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ) , (ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ। ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥ ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥ {ਪੰਨਾ 304} ਪਦ ਅਰਥ: ਲਾਹਿਓਨੁ = ਲਾਹ ਦਿੱਤਾ ਹੈ ਉਸ (ਪ੍ਰਭੂ) ਨੇ।1। ਅਰਥ: ਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ। ਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ।1। ਮਃ ੪ ॥ ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥ ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥ ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥ ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥ ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥ {ਪੰਨਾ 304} ਪਦ ਅਰਥ: ਲਾਲਚਿ = ਲਾਲਚ ਵਿਚ। ਅਟਿਆ = ਅੱਟਿਆ, ਲਿਬੜਿਆ ਹੋਇਆ। ਊਘੈ = ਨੀਂਦਰ ਵਿਚ। ਸੋਤ = ਇੰਦਰੇ। ਸਿਰਿ = ਸਿਰ ਉਤੇ। ਜੋਰਾ = ਇਸਤ੍ਰੀਆਂ। ਅਮਰੁ = ਹੁਕਮ। ਭਲਾ = ਚੰਗੀਆਂ ਚੀਜ਼ਾਂ। ਅਮੇਧ = ਮਤਿ-ਹੀਨ। ਖਲ = ਮੂਰਖ। ਕੁਸੁਧ = ਖੋਟੇ। ਅਰਥ: ਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿਚ ਲਿੱਬੜਿਆ ਹੋਇਆ (ਨਾਮ ਤਂੋ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ। (ਦਿਨ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਘੁੱਟਿਆ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ। (ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤ੍ਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦੇਂਦੇ ਹਨ। ਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ) , ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ, (ਕਿਉਂਕਿ) ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹੋ ਹੀ ਇਸਤ੍ਰੀਆਂ ਦੇ ਕਹੇ ਵਿਚ ਹੀ ਤੁਰਦੇ ਹਨ। ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥ {ਪੰਨਾ 304} ਪਦ ਅਰਥ: ਆਖਿਐ = ਆਖੇ ਅਨੁਸਾਰ। {ਨੋਟ: ਲਫ਼ਜ਼ 'ਆਖੀਐ' ਅਤੇ 'ਆਖਿਐ' ਵਿਚ ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਭਲ ਭਲਾ = ਭਲਿਆਂ ਤੋਂ ਭਲਾ। ਅਰਥ: ਸੱਚਾ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ, ਜੋ ਸਤਿਗੁਰੂ ਦੇ ਹੁਕਮ ਵਿਚ ਚਲਦਾ ਹੈ। ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥ {ਪੰਨਾ 304} ਪਦ ਅਰਥ: ਉਪਾਇਅਨੁ = ਉਪਾਏ ਉਸ (ਪ੍ਰਭੂ) ਨੇ। ਸਭਿ ਖੇਲ = ਸਾਰੇ ਕੌਤਕ। ਖਿਲਾ = ਖੇਡੇ ਹਨ।2। ਅਰਥ: (ਪਰ, ਇਸਤ੍ਰੀ ਜਾਂ ਮਨਮੁਖ ਮਨੁੱਖ ਦੇ ਕੀਹ ਇਖ਼ਤਿਆਰ? ਸਭ ਇਸਤ੍ਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ। ਹੇ ਨਾਨਕ! (ਆਖ ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤ ਤੇਰੀ ਬਣਾਈ ਹੋਈ ਹੈ, ਜੋ ਕੁੱਝ ਤੂੰ ਕੀਤਾ ਹੈ ਸਭ ਭਲਾ ਹੈ।2। ਪਉੜੀ ॥ ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ {ਪੰਨਾ 304} ਪਦ ਅਰਥ: ਬਣੀਐ = ਬਣ ਜਾਈਦਾ ਹੈ। ਹੋਰਿ = ਕਈ ਹੋਰ ਮਨੁੱਖ। ਕੂੜਿਆਰ = ਕੂੜ ਦੇ ਵਪਾਰੀ। ਝੜਿ ਪੜੀਐ = ਰਹਿ ਜਾਂਦੇ ਹਨ। {ਨੋਟ: ਲਫ਼ਜ਼ 'ਹੋਰਿ' ਤੇ 'ਹੋਰੁ ਦਾ ਫ਼ਰਕ ਵੇਖਣ-ਜੋਗ ਹੈ}।9। ਅਰਥ: ਹੇ ਪ੍ਰਭੂ! ਤੈਨੂੰ ਕਿਵੇਂ ਤੋਲੀਏ? ਤੂੰ ਵੇਪਰਵਾਹ, ਅਥਾਹ ਤੇ ਅਤੋਲ ਹੈਂ। ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਤੇ ਜੇਹੜੇ ਤੇਰਾ ਸਿਮਰਨ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ। ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ (ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿਚ ਸਮਾ ਜਾਂਦਾ ਹੈ) । ਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ (ਹਿਰਦੇ ਵਿਚ) ਕੂੜ ਹੋਣ ਕਰਕੇ ਝੜ ਪੈਂਦੇ ਹਨ (ਭਾਵ, ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਤੇ ਉਹਨਾਂ ਦਾ ਪਾਜ ਖੁੱਲ੍ਹ ਜਾਂਦਾ ਹੈ) , ਉਹਨਾਂ ਦੇ ਹਿਰਦੇ ਵਿਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇ ਹਨ ਤੇ ਖਪ ਖਪ ਮਰਦੇ ਹਨ।9। ਸਲੋਕ ਮਃ ੪ ॥ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥ ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥ {ਪੰਨਾ 304-305} ਪਦ ਅਰਥ: ਸਤਿਗੁਰ ਕੀ ਸੇਵਾ = ਗੁਰੂ ਦਾ ਦੱਸਿਆ ਹੋਇਆ ਰਸਤਾ। ਜਜਮਾਲੇ = ਜਜ਼ਾਮੀ, ਕੋੜ੍ਹੇ। ਸਚਿਆਰ = ਸੱਚ ਦੇ ਵਪਾਰੀ। ਅਰਥ: ਸਤਿਗੁਰੂ ਦੀ (ਦੱਸੀ) ਸੇਵਾ (ਇਕ) ਪਵ੍ਰਿਤ (ਕੰਮ) ਹੈ, ਜੋ ਮਨੁੱਖ ਨਿਰਮਲ ਹੋਵੇ (ਭਾਵ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ) ਉਹੋ ਹੀ ਇਹ ਔਖੀ ਕਾਰ ਕਰ ਸਕਦਾ ਹੈ। ਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜ੍ਹਿਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ। ਸੱਚ ਦੇ ਵਪਾਰੀ ਸਿੱਖ ਤਾਂ ਸਤਿਗੁਰੂ ਦੇ ਪਾਸ ਬਹਿ ਕੇ (ਸੇਵਾ ਦੀ) ਘਾਲ ਘਾਲਦੇ ਹਨ, ਪਰ ਉਥੇ ਕੂੜ ਦੇ ਵਪਾਰੀ ਕਿਤੇ ਲੱਭਿਆਂ ਭੀ ਨਹੀਂ ਲੱਭਦੇ। |
Sri Guru Granth Darpan, by Professor Sahib Singh |