ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 305

ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥ {ਪੰਨਾ 305}

ਪਦ ਅਰਥ: ਭਲੇਰੇ = ਮੰਦੇ, ਭਰਿਸ਼ਟੇ ਹੋਏ। ਦਯਿ = ਖਸਮ ਵਲੋਂ। ਵੇਰਾਈਅਨਿ = ਵਿਰਚਾਏ ਜਾ ਸਕਦੇ ਹਨ। ਬੇਤਾਲ = ਬੇਥਵ੍ਹੇ, ਭੂਤ।

ਅਰਥ: ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਚੰਗੇ ਨਹੀ ਲੱਗਦੇ ਉਹਨਾਂ ਦੇ ਮੂੰਹ ਭਰਿਸ਼ਟੇ ਹੋਏ ਹੁੰਦੇ ਹਨ, ਉਹ ਖਸਮ ਵਲੋਂ ਫਿਟਕਾਰੇ ਹੋਏ ਫਿਰਦੇ ਹਨ। ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀ, ਕਦ ਤਾਈਂ ਉਹਨਾਂ ਨੂੰ ਧੀਰਜ ਦਿੱਤੀ ਜਾ ਸਕਦੀ ਹੈ?

ਉਹ ਮਨ ਦੇ ਮੁਰੀਦ ਬੰਦੇਭੂਤਾਂ ਵਾਂਗ ਹੀ ਭਟਕਦੇ ਹਨ।

ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥ ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥ {ਪੰਨਾ 305}

ਪਦ ਅਰਥ: ਥਾਇ = ਥਾਂ ਸਿਰ। ਵਥੁ = ਚੀਜ਼। ਨਾਲੇ = ਅਤੇ। ਇਕਿ = ਕਈ ਜੀਵ। ਠਗਵਾਲੇ = ਠੱਗੀ ਕਰਨ ਵਾਲੇ।1।

ਅਰਥ: ਜੇਹੜਾ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ ਉਹ (ਇਕ ਤਾਂ) ਆਪਣੇ ਮਨ ਨੂੰ (ਵਿਕਾਰਾਂ ਵੱਲੋਂ ਰੋਕ ਕੇ) ਟਿਕਾਣੇ ਰੱਖਦਾ ਹੈ, ਨਾਲੇ (ਭਾਵ, ਤੇ ਹੋਰ) ਆਪਣੀ ਵਸਤੂ ਨੂੰ ਉਹ ਆਪ ਹੀ ਵਰਤਦਾ ਹੈ (ਭਾਵ, ਕਾਮਾਦਿਕ ਵੈਰੀ ਉਸ ਦੇ ਆਤਮਕ ਆਨੰਦ ਨੂੰ ਖ਼ਰਾਬ ਨਹੀਂ ਕਰ ਸਕਦੇ) , (ਪਰ) ਹੇ ਦਾਸ ਨਾਨਕ! (ਜੀਵ ਦੇ ਹੱਥ ਵਿਚ ਕੁੱਝ ਨਹੀਂ) ਇਕਨਾਂ ਨੂੰ ਆਪ ਹਰੀ ਸਤਿਗੁਰੂ ਮਿਲਾਂਦਾ ਹੈ ਤੇ ਸੁਖ ਬਖ਼ਸ਼ਦਾ ਹੈ ਅਤੇ ਇਕਨਾਂ ਠੱਗੀ ਕਰਨ ਵਾਲਿਆਂ ਨੂੰ ਵੱਖ ਕਰ ਦੇਂਦਾ ਹੈ (ਭਾਵ, ਸਤਿਗੁਰੂ ਮਿਲਣ ਨਹੀਂ ਦੇਂਦਾ) ।1।

ਮਃ ੪ ॥ ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥ ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥ ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥ {ਪੰਨਾ 305}

ਪਦ ਅਰਥ: ਨਿਧਾਨੁ = ਖ਼ਜ਼ਾਨਾ। ਦਯਿ = ਖ਼ਸਮ ਨੇ। ਰਾਸਿ ਆਦੇ = ਸਿਰੇ ਚਾੜ੍ਹ ਦਿੱਤੇ। ਅੰਗੁ ਕਰਿ = ਪੱਖ ਕਰ ਕੇ। ਰਹਰਾਸਿ = ਬੇਨਤੀ, ਅਰਦਾਸ।

ਅਰਥ: ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਹੈ, ਖਸਮ-ਪ੍ਰਭੂ ਨੇ ਉਹਨਾਂ ਦੇ ਕੰਮ ਆਪ ਸਿਰੇ ਚਾੜ੍ਹੇ ਹਨ; ਉਹਨਾਂ ਨੂੰ ਲੋਕਾਂ ਦੀ ਮੁਥਾਜੀ ਕਰਨ ਦੀ ਲੋੜ ਨਹੀਂ ਰਹਿੰਦੀ (ਕਿਉਂਕਿ) ਪ੍ਰਭੂ ਉਹਨਾਂ ਦਾ ਪੱਖ ਕਰ ਕੇ (ਸਦਾ) ਉਹਨਾਂ ਦੇ ਅੰਗ-ਸੰਗ ਹੈ। (ਮੁਥਾਜੀ ਤਾਂ ਕਿਤੇ ਰਹੀ, ਸਗੋਂ) ਸਭ ਲੋਕ ਉਹਨਾਂ ਦਾ ਦਰਸ਼ਨ ਕਰ ਕੇ ਉਹਨਾਂ ਦੀ ਵਡਿਆਈ ਕਰਦੇ ਹਨ (ਕਿਉਂਕਿ) ਜਦੋਂ ਸਿਰਜਨਹਾਰ ਆਪ ਉਹਨਾਂ ਦਾ ਪੱਖ ਕਰਦਾ ਹੈ ਤਾਂ ਹਰ ਕਿਸੇ ਨੇ ਪੱਖ ਕਰਨਾ ਹੋਇਆ, (ਇਥੋਂ ਤਕ ਕਿ) ਸ਼ਾਹ ਪਾਤਸ਼ਾਹ (ਭੀ) ਸਾਰੇ ਹਰੀ ਦੇ ਦਾਸ ਦੇ ਅੱਗੇ ਸਿਰ ਨਿਵਾਉਂਦੇ ਹਨ (ਕਿਉਂਕਿ ਉਹ ਭੀ ਤਾਂ) ਸਾਰੇ ਪ੍ਰਭੂ ਦੇ ਹੀ ਬਣਾਏ ਹੋਏ ਹਨ (ਪ੍ਰਭੂ ਦੇ ਦਾਸ ਤੋਂ ਆਕੀ ਕਿਵੇਂ ਹੋਣ) ?

ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥ ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥ {ਪੰਨਾ 305}

ਪਦ ਅਰਥ: ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਨਿਹਚਲੁ = ਅਟੱਲ, ਨਾ ਮੁੱਕਣ ਵਾਲਾ। ਚੜੈ ਸਵਾਇਆ = ਵਧਦਾ ਜਾਂਦਾ ਹੈ।

ਅਰਥ: (ਇਹੀ) ਵੱਡੀ ਵਡਿਆਈ ਪੂਰੇ ਸਤਿਗੁਰੂ ਦੀ ਹੀ ਹੈ (ਕਿ ਹਰੀ ਦੇ ਦਾਸ ਦਾ ਸ਼ਾਹਾਂ ਪਾਤਸ਼ਾਹਾਂ ਸਮੇਤ ਲੋਕ ਆਦਰ ਕਰਦੇ ਹਨ, ਤੇ ਉਹ) ਵੱਡੇ ਹਰੀ ਦੀ ਸੇਵਾ ਕਰ ਕੇ ਅਤੁਲ ਸੁਖ ਪਾਂਦਾ ਹੈ। ਪੂਰੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ (ਜੋ ਆਪਣੇ ਨਾਮ ਦਾ) ਦਾਨ (ਆਪਣੇ ਸੇਵਕ ਨੂੰ) ਬਖ਼ਸ਼ਿਆ ਹੈ ਉਹ ਮੁੱਕਦਾ ਨਹੀਂ, ਕਿਉਂਕਿ ਪ੍ਰਭੂ ਸਦਾ ਬਖ਼ਸ਼ਸ਼ ਕਰੀ ਜਾਂਦਾ ਹੈ ਤੇ ਉਹ ਦਾਨ (ਦਿਨੋ ਦਿਨ) ਵਧਦਾ ਰਹਿੰਦਾ ਹੈ।

ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥ ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥ {ਪੰਨਾ 305}

ਪਦ ਅਰਥ: ਦੇਖਿ ਨ ਸਕੈ = ਵੇਖ ਕੇ ਸਹਾਰ ਨਹੀਂ ਸਕਦਾ। ਕਰਤੈ = ਕਰਤਾਰ ਨੇ। ਪਚਾਇਆ = ਸਾੜਿਆ ਹੈ।2।

ਅਰਥ: ਜੇਹੜਾ ਕੋਈ ਨਿੰਦਕ (ਇਹੋ ਜਿਹੇ ਹਰੀ ਦੇ ਦਾਸ ਦੀ) ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਉਸ ਨੂੰ ਸਿਰਜਣਹਾਰ ਨੇ ਆਪ (ਈਰਖਾ ਦੀ ਅੱਗ ਵਿਚ) ਦੁਖੀ ਕੀਤਾ ਹੈ। ਮੈਂ ਦਾਸ ਨਾਨਕ ਸਿਰਜਣਹਾਰ ਦੇ ਗੁਣ ਗਾਉਂਦਾ ਹਾਂ, ਉਹ ਆਪਣੇ ਭਗਤਾਂ ਦੀ ਸਦਾ ਰਾਖੀ ਕਰਦਾ ਆਇਆ ਹੈ।2।

ਪਉੜੀ ॥ ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥ ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥ ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥ ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥ ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥ {ਪੰਨਾ 305}

ਪਦ ਅਰਥ: ਅਗਮੁ = ਅ+ਗਮੁ, ਜਿਸ ਤਕ ਪਹੁੰਚ ਨਾ ਹੋ ਸਕੇ। ਦਾਣਾ = ਦਾਨਾ, ਸਿਆਣਾ। ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ। ਹੋਰਤੁ = ਹੋਰ ਥਾਂ। ਪਚਿ ਪਚਿ = ਸੜ ਸੜ ਕੇ।10।

ਅਰਥ: ਹੇ ਪ੍ਰਭੂ! ਤੂੰ ਅਪਹੁੰਚ ਤੇ ਦਿਆਲ ਮਾਲਕ ਹੈਂ ਵੱਡਾ ਦਾਤਾ ਤੇ ਸਿਆਣਾ ਹੈਂ; ਮੈਨੂੰ ਤੇਰੇ ਜੇਡਾ ਵੱਡਾ ਹੋਰ ਕੋਈ ਭੀ ਦਿਖਾਈ ਨਹੀਂ ਦੇਂਦਾ, ਤੂੰ ਹੀ ਸਿਆਣਾ ਮੇਰੇ ਮਨ ਵਿਚ ਪਿਆਰਾ ਲੱਗਾ ਹੈਂ। (ਜੋ) ਮੋਹ (ਰੂਪ) ਕੁਟੰਬ ਦਿਖਾਈ ਦੇਂਦਾ ਹੈ ਸਭ ਬਿਨਸਨਹਾਰ ਹੈ ਤੇ (ਸੰਸਾਰ ਵਿਚ) ਜੰਮਣ ਮਰਨ (ਦਾ ਕਾਰਨ ਬਣਦਾ ਹੈ) । (ਇਸ ਕਰਕੇ) ਸੱਚੇ ਹਰੀ ਤੋਂ ਬਿਨਾ ਜੋ ਮਨੁੱਖ ਕਿਸੇ ਹੋਰ ਨਾਲ ਮਨ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਨ, ਤੇ ਉਹਨਾਂ ਦਾ (ਇਸ ਤੇ) ਮਾਣ ਝੂਠਾ ਹੈ। ਹੇ ਨਾਨਕ! ਸੱਚੇ ਪ੍ਰਭੂ ਦਾ ਸਿਮਰਨ ਕਰ, (ਕਿਉਂਕਿ) ਸੱਚੇ ਤੋਂ ਵਾਂਜੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ।10।

ਸਲੋਕ ਮਃ ੪ ॥ ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥ ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ {ਪੰਨਾ 305}

ਪਦ ਅਰਥ: ਅਗੋ ਦੇ = ਪਹਿਲਾਂ। ਸਤ ਭਾਉ = ਆਦਰ, ਨੇਕ-ਭਾਵ, ਚੰਗਾ ਸਲੂਕ। ਅਧ ਵਿਚਿ = ਦੁਚਿੱਤਾ-ਪਨ ਵਿਚ। ਕੂੜੀ = ਝੂਠ ਮੂਠ ਹੀ; ਲੋਕਾਚਾਰੀ ਹੀ। ਦਿਚੈ = ਦਿੱਤਾ ਜਾਏ। ਪਿਛੋਦੇ = ਸਮਾ ਵਿਹਾ ਜਾਣ ਤੇ।

ਅਰਥ: ਮਨ ਦਾ ਮੁਰੀਦ ਮਨੁੱਖ ਪਹਿਲਾਂ ਤਾਂ (ਗੁਰੂ ਦੇ ਬਚਨਾਂ ਨੂੰ) ਆਦਰ ਨਹੀਂ ਦੇਂਦਾ, ਪਿਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ, ਉਹ ਅਭਾਗਾ ਦੁਚਿੱਤਾ-ਪਨ ਵਿਚ ਹੀ ਭਟਕਦਾ ਹੈ (ਜੇ ਸ਼ਰਧਾ ਪਿਆਰ ਨਾ ਹੋਵੇ ਤਾਂ) ਨਿਰੀਆਂ ਗੱਲਾਂ ਕਰ ਕੇ ਕਿਵੇਂ ਸੁਖ ਮਿਲ ਜਾਏ? ਜਿਸ ਦੇ ਹਿਰਦੇ ਵਿਚ ਸਤਿਗੁਰੂ ਦਾ ਪਿਆਰ ਨਹੀਂ, ਉਹ ਲੋਕਾਚਾਰੀ (ਗੁਰੂ-ਦਰ ਤੇ) ਆਉਂਦਾ ਜਾਂਦਾ ਹੈ (ਉਸ ਦਾ ਆਉਣ ਜਾਣ ਲੋਕਾਚਾਰੀ ਹੀ ਹੈ) ।

ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥ {ਪੰਨਾ 305}

ਪਦ ਅਰਥ: ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਕੇਰਾ = ਦਾ। ਭਰਮੁ = ਭਟਕਣਾ। ਅਨੰਦਿ = ਅਨੰਦ ਵਿਚ।1।

ਅਰਥ: ਜੇ ਮੇਰਾ ਸਿਰਜਣਹਾਰ-ਪ੍ਰਭੂ ਮਿਹਰ ਕਰੇ ਤਾਂ (ਉਸ ਮਨੁੱਖ ਨੂੰ ਭੀ) ਦਿੱਸ ਪੈਂਦਾ ਹੈ ਕਿ ਸਤਿਗੁਰੂ ਪਾਰਬ੍ਰਹਮ (ਦਾ ਰੂਪ ਹੈ) ਉਹ ਸਤਿਗੁਰੂ ਦਾ ਸ਼ਬਦ-ਰੂਪ ਅੰਮ੍ਰਿਤ ਪੀਂਦਾ ਹੈ ਅਤੇ ਝੋਰਾ, ਚਿੰਤਾ ਤੇ ਭਟਕਣਾ ਸਭ ਮੁਕਾ ਲੈਂਦਾ ਹੈ। ਹੇ ਨਾਨਕ! ਜੋ ਮਨੁੱਖ ਹਰ ਰੋਜ਼ ਪ੍ਰਭੂ ਦੇ ਗੁਣ ਗਉਂਦਾ ਹੈ ਉਹ ਦਿਨ ਰਾਤ ਸਦਾ ਸੁਖ ਵਿਚ ਰਹਿੰਦਾ ਹੈ।1।

ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ {ਪੰਨਾ 305}

ਪਦ ਅਰਥ: ਭਲਕੇ = ਨਿੱਤ ਸਵੇਰੇ। ਅੰਮ੍ਰਿਤਸਰਿ = ਨਾਮ-ਰੂਪ ਅੰਮ੍ਰਿਤ ਦੇ ਸਰੋਵਰ ਵਿਚ। ਉਪਦੇਸਿ = ਉਪਦੇਸ਼ ਦੀ ਰਾਹੀਂ। ਕਿਲਵਿਖ = ਪਾਪ। ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਸਾਸਿ ਗਿਰਾਸਿ = ਹਰ ਦਮ।

ਅਰਥ: ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ। ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।

TOP OF PAGE

Sri Guru Granth Darpan, by Professor Sahib Singh