ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 306

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ {ਪੰਨਾ 306}

ਪਦ ਅਰਥ: ਅਵਰਹ = ਹੋਰਨਾਂ ਨੂੰ।2।

ਅਰਥ: ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ। ਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ।2।

ਪਉੜੀ ॥ ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥ ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥ ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥ ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ ਮਨਿ ਖੋਟੇ ਦਯਿ ਵਿਛੋੜੇ ॥੧੧॥ {ਪੰਨਾ 306}

ਪਦ ਅਰਥ: ਬਰਕਤਿ = ਕਮਾਈ। ਬਰਕਤਿ ਖਾਹਿ = ਕਮਾਈ ਖਾਂਦੇ ਹਨ, ਭਾਵ, ਉਹਨਾਂ ਦਾ ਸਦਕਾ ਹੋਰ ਭੀ ਨਾਮ ਸਿਮਰਦੇ ਹਨ।11।

ਅਰਥ: ਹੇ ਸੱਚੇ ਪ੍ਰ੍ਹ੍ਹਭੂ! ਉਹ ਬਹੁਤ ਥੋਹੜੇ ਜੀਵ ਹਨ, ਜੋ (ਇਕਾਗਰ ਚਿੱਤ) ਤੇਰਾ ਸਿਮਰਨ ਕਰਦੇ ਹਨ। ਪੂਰਨ ਇਕਾਗ੍ਰਤਾ ਵਿਚ ਜੋ ਮਨੁੱਖ ਇੱਕ ਦਾ ਅਰਾਧਨ ਕਰਦੇ ਹਨ, ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ। ਹੇ ਹਰੀ! (ਉਂਞ ਤਾਂ) ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ, ਪਰ ਪਰਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਹੈਂ। ਸਤਿਗੁਰੂ ਦੀ ਸੇਵਾ ਤੋਂ ਸੱਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪੈਨਣ ਦੇ ਰਸਾਂ ਵਿਚ ਲੱਗੇ ਹੋਏ ਹਨ, ਉਹ ਕੋੜ੍ਹੇ ਮੁੜ ਮੁੜ ਜੰਮਦੇ ਹਨ। ਇਹੋ ਜਿਹੇ ਮਨੁੱਖ ਸਾਹਮਣੇ (ਤਾਂ) ਮਿੱਠੀਆਂ ਗੱਲਾਂ ਕਰਦੇ ਹਨ (ਪਰ) ਪਿਛੋਂ ਮੂੰਹ ਵਿਚੋਂ ਵਿਹੁ ਘੋਲ ਕੇ ਕੱਢਦੇ ਹਨ (ਭਾਵ, ਰੱਜ ਕੇ ਨਿੰਦਾ ਕਰਦੇ ਹਨ) । ਇਹੋ ਜਿਹੇ ਮਨੋਂ ਖੋਟਿਆਂ ਨੂੰ ਖਸਮ ਨੇ (ਆਪਣੇ ਨਾਲੋਂ) ਵਿਛੋੜ ਦਿੱਤਾ ਹੈ।

ਸਲੋਕ ਮਃ ੪ ॥ ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ {ਪੰਨਾ 306}

ਪਦ ਅਰਥ: ਖਿਧੋਲੜਾ = ਜੁੱਲਾ। ਗੂਹ = ਗੰਦ। ਸਗਵੀ = ਸਗੋਂ ਵਧੇਰੀ।

ਅਰਥ: ਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁੱਲਾ ਉਸ ਬੇ-ਮੁਖ ਨੇ ਬੇ-ਮੁਖ ਨੂੰ ਪਾ ਦਿੱਤਾ, ਸੰਸਾਰ ਵਿਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦੇਂਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ (ਵਾਪਸ) ਆਇਆ।

ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ {ਪੰਨਾ 306}

ਪਦ ਅਰਥ: ਤੜ = ਤੜੱਕ, ਤੁਰਤ। ਸਭਤੁ = ਸਭ ਥਾਂ। ਸਣੈ = ਸਮੇਤ। ਨਫਰ = ਨੌਕਰ। ਪਉਲੀ ਪਉਦੀ = ਜੁੱਤੀਆਂ ਪੈਂਦਿਆਂ। ਫਾਵਾ = ਬਉਰਾ, ਪਾਗਲ।

ਅਰਥ: ਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ (ਸਾਲਾਹ) ਕਰ ਕੇ ਭੇਜਿਆ ਗਿਆ ਸੀ, ਉਥੇ ਭੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ। ਸੰਸਾਰ ਵਿਚ ਸਭਨੀਂ ਪਾਸੀਂ ਤੁਰਤ ਸੁਣਿਆ ਗਿਆ ਕਿ ਹੇ ਭਾਈ! ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ।

ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ {ਪੰਨਾ 306}

ਪਦ ਅਰਥ: ਭਤੀਜੀ = ਭਤੀਜਿਆਂ ਨੇ। ਆਣਿ = ਲਿਆ ਕੇ।

ਅਰਥ: ਅੱਗੋਂ ਸੰਗਤਾਂ ਤੇ ਕੁੜਮਾਂ (ਭਾਵ, ਸਾਕਾਂ ਅੰਗਾਂ) ਵਿਚ ਬੇਮੁਖ ਨੂੰ ਬਹਿਣਾ ਨਾ ਮਿਲੇ, ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਟਿਕਾਣਾ ਦਿੱਤਾ, ਉਸ ਦੇ ਲੋਕ ਪਰਲੋਕ ਦੋਵੇਂ ਅਜਾਈਂ ਗਏ ਤੇ (ਹੁਣ) ਭੁੱਖਾ ਤੇ ਤਿਹਾਇਆ ਕੂਕਦਾ ਹੈ।

ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥ {ਪੰਨਾ 306}

ਪਦ ਅਰਥ: ਬਹਿ = ਬੈਠ ਕੇ, (ਭਾਵ,) ਗੁਹ ਨਾਲ। ਪਚਾਇਆ = ਖ਼ੁਆਰ ਕੀਤਾ। ਅਖਰੁ = ਬਚਨ, ਨਿਆਂ ਦਾ ਬਚਨ। ਤਿਨਿ = ਉਸ ਪ੍ਰਭੂ ਨੇ।1।

ਅਰਥ: ਧੰਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ, (ਕਿ) ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਸ ਨੂੰ ਆਪ (ਆਤਮਕ ਮੌਤ) ਮਾਰ ਕੇ ਦੁਖੀ ਕਰਦਾ ਹੈ, = (ਇਹ) ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ।1।

ਮਃ ੪ ॥ ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ {ਪੰਨਾ 306}

ਪਦ ਅਰਥ: ਨੰਗਾ ਭੁਖਾ = ਕੰਗਾਲ। ਵਥੁ = ਚੀਜ਼। ਹਥਿ ਆਵੈ = ਹੱਥ ਵਿਚ ਆਉਂਦੀ ਹੈ, ਮਿਲਦੀ ਹੈ।

ਅਰਥ: ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ? ਨੌਕਰ ਨੂੰ ਉਹੋ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿਚ ਹੋਵੇ, ਜੇ ਘਰ ਵਿਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ?

ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥ {ਪੰਨਾ 306}

ਅਰਥ: ਜਿਸ ਦੀ ਸੇਵਾ ਕੀਤਿਆਂ ਫਿਰ ਭੀ ਲੇਖਾ ਮੰਗਿਆ ਜਾਣਾ ਹੋਵੇ, ਉਹ ਸੇਵਾ ਮੁਸ਼ਕਲ ਹੈ (ਭਾਵ, ਉਹਦੇ ਕਰਨ ਦਾ ਕੀਹ ਲਾਹ ਹੈ?) ਹੇ ਨਾਨਕ! ਜਿਸ ਹਰੀ ਤੇ ਸਤਿਗੁਰੂ ਦਾ ਦਰਸ਼ਨ (ਮਨੁੱਖਾ ਜਨਮ ਨੂੰ) ਸਫਲਾ (ਕਰਦਾ) ਹੈ, ਉਹਨਾਂ ਦੀ ਸੇਵਾ ਕਰਹੁ (ਤਾਕਿ) ਫਿਰ ਕੋਈ ਲੇਖਾ ਨਾ ਮੰਗੇ।2।

ਪਉੜੀ ॥ ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥ ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥ ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥ ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥ ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ {ਪੰਨਾ 306}

ਪਦ ਅਰਥ: ਨਾਨਕ = ਹੇ ਨਾਨਕ! ਮੁਖੈ ਤੇ = ਮੂੰਹ ਤੋਂ। ਹੋਵੰਦੇ = ਵਰਤ ਜਾਂਦੇ ਹਨ। ਪਹਾਰਾ = ਸੰਸਾਰ ਵਿਚ। ਸਭਿ = ਸਾਰੇ। ਮੁਗਧ = ਮੂਰਖ। ਖਹੰਦੇ = (ਜੋ) ਝਗੜਾ ਪਾਂਦੇ ਹਨ। ਓਇ = ਉਹ ਮੁਗਧ ਨਰ {ਬਹੁ-ਵਚਨ}। ਓਨਾ ਗੁਣੈ ਨੋ = ਉਹਨਾਂ ਸੰਤ-ਜਨਾਂ ਦੇ ਗੁਣਾਂ ਨੂੰ। ਅਹੰਕਾਰਿ = ਅਹੰਕਾਰ ਵਿਚ। ਤਿਨਿ = ਉਸ ਨੇ। ਸੰਦੇ = ਦੇ। ਨਿਆਇ = ਨਿਆਂ ਅਨੁਸਾਰ। ਪਚੰਦੇ = ਸੜਦੇ ਹਨ। ਸੰਤਿ = ਸੰਤ ਵਲੋਂ। ਪੇਡੁ = ਬੂਟਾ। ਸਰਾਪਿਆ = ਫਿਟਕਾਰਿਆ ਹੋਇਆ, ਦੁਰਕਾਰਿਆ ਹੋਇਆ, ਪਰੇ ਹਟਿਆ ਹੋਇਆ।12।

ਅਰਥ: ਹੇ ਨਾਨਕ! ਸੰਤ (ਆਪਣੀ) ਵੀਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ ਪੁਸਤਕ ਭੀ ਇਹੀ ਗੱਲ) ਆਖਦੇ ਹਨ (ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ। (ਭਗਤ) ਸਾਰੇ ਜਗਤ ਵਿਚ ਉੱਘੇ ਹੋ ਜਾਂਦੇ ਹਨ, ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ।

ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਂਦੇ, (ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।

ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਮੁੱਢ ਤੋਂ (ਮੰਦੇ ਕਰਮ ਕਰਨ ਕਰਕੇ) ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ (ਤੇ ਇਹਨਾਂ ਸੰਸਕਾਰਾਂ ਦੇ ਪ੍ਰੇਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ) । ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ। ਨਿਰਵੈਰਾਂ ਨਾਲ ਭੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ-ਅਨੁਸਾਰ ਦੁਖੀ ਹੁੰਦੇ ਹਨ। ਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ। ਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ।12।

TOP OF PAGE

Sri Guru Granth Darpan, by Professor Sahib Singh