ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 307

ਸਲੋਕ ਮਃ ੪ ॥ ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥ ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥ {ਪੰਨਾ 307}

ਪਦ ਅਰਥ: ਤੁਸਿ = ਤ੍ਰੁੱਠ ਕੇ। ਪੂਰੈ = ਪੂਰੇ (ਪ੍ਰਭੂ) ਨੇ।

ਅਰਥ: ਸਤਿਗੁਰੂ ਦੀ ਵਡਿਆਈ ਵੱਡੀ ਹੈ (ਕਿਉਂਕਿ ਉਹ) ਹਰੀ ਨੂੰ ਹਿਰਦੇ ਵਿਚ ਸਿਮਰਦਾ ਹੈ; ਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ (ਇਹੀ ਵਡਿਆਈ) ਬਖ਼ਸ਼ੀ ਹੈ (ਇਸ ਕਰਕੇ) ਕਿਸੇ ਦੇ ਘਟਾਇਆਂ ਰਤਾ ਭੀ ਨਹੀਂ ਘਟਦੀ।

ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥ ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥ ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥ ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥ {ਪੰਨਾ 307}

ਪਦ ਅਰਥ: ਝਖਿ ਝਖਿ = ਖਪ ਖਪ ਕੇ। ਲੋੁਕਾਈ = (ੁ) ਪੜ੍ਹਨਾ ਹੈ, ਅਸਲ ਪਾਠ ਹੈ 'ਲੋਕਾਈ', ਸ੍ਰਿਸ਼ਟੀ। ਕਰਤੈ = ਕਰਤੇ ਨੇ। ਚੜੈ ਸਵਾਈ = ਵਧਦੀ ਹੈ। ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ। ਸਭ = ਸਾਰੀ ਲੁਕਾਈ।1।

ਅਰਥ: ਜਦੋਂ ਸੱਚਾ ਖਸਮ ਪ੍ਰਭੂ ਸਤਿਗੁਰੂ ਦਾ ਅੰਗ ਪਾਲਦਾ ਹੈ, ਤਾਂ ਸਾਰੀ ਦੁਨੀਆ (ਭਾਵੇਂ) ਪਈ ਝਖਾਂ ਮਾਰੇ (ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ) ; ਸਤਿਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਹਨ। ਜਿਉਂ ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ, ਤਿਉਂ ਤਿਉਂ ਸਤਿਗੁਰੂ ਦੀ ਵਡਿਆਈ ਵਧਦੀ ਹੈ। ਹੇ ਦਾਸ ਨਾਨਕ! (ਸਤਿਗੁਰੂ ਨੇ ਜਿਸ) ਪ੍ਰਭੂ ਦਾ ਸਿਮਰਨ ਕੀਤਾ ਹੈ, ਉਸ (ਪ੍ਰਭੂ) ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਹੈ।1।

ਮਃ ੪ ॥ ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥ ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥ {ਪੰਨਾ 307}

ਪਦ ਅਰਥ: ਗਣਤ = ਕਿੜ, ਵੈਰ। ਝਹੀਆ ਪਾਏ = ਕਚੀਚੀਆਂ ਵੱਟਦਾ ਹੈ। ਝਗੂ ਸੁਟੇ = ਹਲਕੇ ਕੁੱਤੇ ਵਾਂਗ ਥੁੱਕਾਂ ਸੁੱਟਦਾ ਹੈ।

ਅਰਥ: ਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ। (ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ) ।

ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥ ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥ {ਪੰਨਾ 307}

ਪਦ ਅਰਥ: ਉਪਾਵ = ਵਿਓਂਤਾਂ। ਕਾਰਣਿ = ਵਾਸਤੇ। ਸਹਸਾ = ਤੌਖ਼ਲਾ।

ਅਰਥ: (ਸਤਿਗੁਰੂ ਦਾ ਉਹ ਦੋਖੀ) ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ (ਕਮਾਇਆ ਹੋਇਆ) ਭੀ ਹੱਥੋਂ ਜਾਂਦਾ ਰਹਿੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਝੋਰਾ ਤੇ ਸਾੜਾ ਹੋਵੇ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ? (ਭਾਵ, ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਲੈ ਸਕਦਾ ਹੈ) ।

ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥ ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥ {ਪੰਨਾ 307}

ਪਦ ਅਰਥ: ਸਿਰਿ = ਸਿਰ ਤੇ। ਅਗੈ ਪਿਛੈ = ਪਰਲੋਕ ਵਿਚ ਤੇ ਇਸ ਲੋਕ ਵਿਚ। ਮੁਹਿ = ਮੂੰਹ ਵਿਚ। ਅੰਬੁ = (ਭਾਵ) ਮਿਠਾਸ। ਖੇਹੂ ਸੇਤੀ = ਸੁਆਹ ਨਾਲ।

ਅਰਥ: ਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ, ਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ) , ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।

ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥ ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥ {ਪੰਨਾ 307}

ਅਰਥ: ਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ। ਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।2।

ਪਉੜੀ ॥ ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥ ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥ ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥ ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥ ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥ {ਪੰਨਾ 307}

ਪਦ ਅਰਥ: ਦੂ = ਤੋਂ। ਉਪਰਿ = ਵੱਡਾ। ਦੀਬਾਣੁ = ਆਸਰਾ। ਉਜਲੇ = ਖਿੜੇ ਹੋਏ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨੀਸਾਣੁ = ਨੀਸ਼ਾਨ, ਪਰਵਾਨਾ, ਰਾਹਦਾਰੀ।13।

ਅਰਥ: ਹੇ ਸੱਚੇ ਪ੍ਰਭੂ! ਤੂੰ ਹੀ ਸਭ ਤੋਂ ਵੱਡਾ (ਜੀਵਾਂ ਦਾ) ਆਸਰਾ ਹੈਂ। ਜੋ ਤੇਰਾ ਸਿਮਰਨ ਕਰਦੇ ਹਨ, ਤੇਰੀ ਸੇਵਾ ਕਰਦੇ ਹਨ, ਉਹਨਾਂ ਨੂੰ ਤੇਰਾ ਹੀ ਮਾਣ ਹੈ। ਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ। ਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ।13।

ਸਲੋਕ ਮਃ ੪ ॥ ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥ ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥ ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥ ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥ {ਪੰਨਾ 307}

ਪਦ ਅਰਥ: ਧੁਰਿ = ਧੁਰ ਤੋਂ। ਸਤਿਗੁਰਿ = ਗੁਰੂ ਨੇ। ਜੰਦਾਰ = ਅਵੈੜਾ।

ਅਰਥ: ਜੇਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਿਟਕਾਰੇ ਹਨ, ਉਹ ਹੁਣ (ਫਿਰ) ਸਤਿਗੁਰੂ ਵਲੋਂ ਮਾਰੇ ਗਏ ਹਨ (ਭਾਵ, ਸਤਿਗੁਰੂ ਵਲੋਂ ਮਨਮੁਖ ਹੋਏ ਹਨ) । ਜੇ ਉਹਨਾਂ ਨੂੰ (ਸਤਿਗੁਰੂ ਨਾਲ) ਮੇਲਣ ਲਈ ਬਥੇਰੀ ਤਾਂਘ ਭੀ ਕਰੀਏ (ਤਾਂ ਭੀ) ਸਿਰਜਣਹਾਰ ਉਹਨਾਂ ਨੂੰ ਮਿਲਣ ਨਹੀਂ ਦੇਂਦਾ। ਉਹਨਾਂ ਨੂੰ ਸਤਸੰਗ ਵਿਚ ਭੀ ਢੋਈ ਨਹੀਂ ਮਿਲਦੀ = ਗੁਰੂ ਨੇ ਭੀ ਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ। ਐਸ ਵੇਲੇ ਜੇ ਕੋਈ ਉਹਨਾਂ ਦਾ ਜਾ ਕੇ ਸਾਥੀ ਬਣੇ, ਉਸ ਨੂੰ ਭੀ ਜਮਦੂਤ ਤਾੜਨਾ ਕਰਦਾ ਹੈ (ਉਹ ਮਨੁੱਖ ਭੀ ਮਨ-ਮੁਖਤਾ ਵਾਲੇ ਕੰਮ ਹੀ ਕਰੇਗਾ, ਜਿਸ ਕਰਕੇ ਜੰਮ-ਮਾਰਗ ਦਾ ਭਾਗੀ ਬਣੇਗਾ) ।

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ {ਪੰਨਾ 307}

ਪਦ ਅਰਥ: ਫਿਟਕੇ = ਫਿਟਕਾਰ ਪਾਈ। ਸੇ ਫਿਟੇ = ਉਹ ਫਿੱਟੇ ਹੋਏ ਅੰਹਕਾਰੀ।

ਅਰਥ: ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ। ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ) ।

ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥ ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥ ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥ {ਪੰਨਾ 307}

ਪਦ ਅਰਥ: ਸਭਿ = ਸਾਰੇ। ਖੜਿ = ਖੜ ਕੇ, ਲੈ ਜਾ ਕੇ। ਉਰ = ਹਿਰਦਾ।

ਅਰਥ: ਪੁੱਤਰ ਹੋਵੇ ਚਾਹੇ ਸਿੱਖ, ਜੋ ਕੋਈ (ਭੀ) ਸਤਿਗੁਰੂ ਦੀ ਸੇਵਾ ਕਰਦਾ ਹੈ ਸਤਿਗੁਰੂ ਉਸ ਦੇ ਸਾਰੇ ਕਾਰਜ ਸਵਾਰਦਾ ਹੈ– ਪੁੱਤਰ, ਧਨ, ਲੱਛਮੀ, ਜਿਸ ਭੀ ਸ਼ੈ ਦੀ ਉਹ ਇੱਛਾ ਕਰੇ, ਉਹੀ ਫਲ ਉਸ ਨੂੰ ਮਿਲਦਾ ਹੈ, (ਸਤਿਗੁਰੂ) ਉਸ ਨੂੰ ਲੈ ਜਾ ਕੇ (ਪ੍ਰਭੂ ਨਾਲ) ਮੇਲਦਾ ਹੈ ਤੇ ਪ੍ਰਭੂ (ਉਸ ਨੂੰ) ਪਾਰ ਉਤਾਰਦਾ ਹੈ। (ਮੁਕਦੀ ਗੱਲ) , ਜਿਸ ਸਤਿਗੁਰੂ ਦੇ ਹਿਰਦੇ ਵਿਚ ਪ੍ਰਭੂ ਟਿਕਿਆ ਹੋਇਆ ਹੈ, ਉਸ ਵਿਚ ਸਾਰੇ ਖ਼ਜ਼ਾਨੇ ਹਨ।

ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥ ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥ {ਪੰਨਾ 307}

ਪਦ ਅਰਥ: ਲਿਲਾਰੇ = ਮੱਥੇ ਤੇ।1।

ਅਰਥ: ਜਿਸ (ਮਨੁੱਖ) ਦੇ ਮੱਥੇ ਤੇ (ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ-ਰੂਪੀ) ਲੇਖ ਲਿਖੇ ਹੋਏ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ। (ਇਹੋ ਜਿਹੇ) ਜੋ ਮਿੱਤਰ ਪਿਆਰੇ ਗੁਰੂ ਕੇ ਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ (ਭੀ) ਮੰਗਦਾ ਹੈ।1।

TOP OF PAGE

Sri Guru Granth Darpan, by Professor Sahib Singh