ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 308 ਮਃ ੪ ॥ ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥ ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥ {ਪੰਨਾ 308} ਅਰਥ: ਜਿਨ੍ਹਾਂ ਨੂੰ ਪ੍ਰਭੂ ਆਪ ਵਡਿਆਈ ਬਖ਼ਸ਼ਦਾ ਹੈ, ਉਹਨਾਂ ਦੀ ਚਰਨੀਂ ਸਾਰੇ ਸੰਸਾਰ ਨੂੰ ਭੀ ਲਿਆ ਕੇ ਪਾਂਦਾ ਹੈ; (ਇਸ ਵਡਿਆਈ ਨੂੰ ਆਉਂਦਾ ਵੇਖ ਕੇ) ਤਦ ਡਰੀਏ, ਜੇ ਅਸੀਂ ਕੁਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ। ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥ ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥ ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥ {ਪੰਨਾ 308} ਪਦ ਅਰਥ: ਆਪਣੈ ਜੋਰਿ = ਆਪਣੇ ਬਲ ਨਾਲ। ਮੁਹ ਕਾਲੇ ਕਰਾਏ = ਸ਼ਰਮਿੰਦਗੀ ਦੇਂਦਾ ਹੈ। ਚੜੈ ਸਵਾਈ = ਵਧਦੀ ਹੈ। ਕੀਰਤਿ = ਸੋਭਾ, ਵਡਿਆਈ। ਭਗਤਿ = ਬੰਦਗੀ। ਅਰਥ: ਹੇ ਭਾਈ! ਚੇਤਾ ਰੱਖੋ, ਜਿਸ ਪ੍ਰਭੂ ਨੇ ਆਪਣੇ ਬਲ ਨਾਲ ਸਭ ਜੀਵਾਂ ਨੂੰ ਲਿਆ ਕੇ (ਸਤਿਗੁਰੂ ਦੇ ਅੱਗੇ) ਨਿਵਾਇਆ ਹੈ, ਉਸ ਸੱਚੇ ਪ੍ਰੀਤਮ ਦਾ ਇਹ ਸੰਸਾਰ (ਇਕ) ਅਖਾੜਾ ਹੈ, (ਜਿਸ ਵਿਚ) ਉਹ ਸੁਆਮੀ ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਨਿੰਦਕਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਾਉਂਦਾ ਹੈ। ਸਤਿਗੁਰੂ ਦੀ ਮਹਿਮਾ ਸਦਾ ਵਧਦੀ ਹੈ ਕਿਉਂਕਿ ਹਰੀ ਆਪਣੀ ਕੀਰਤੀ ਤੇ ਭਗਤੀ ਸਦਾ ਆਪ ਸਤਿਗੁਰੂ ਪਾਸੋਂ ਕਰਾਉਂਦਾ ਹੈ। ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ {ਪੰਨਾ 308} ਅਰਥ: ਹੇ ਗੁਰ-ਸਿਖੋ! ਹਰ ਰੋਜ਼ (ਭਾਵ, ਹਰ ਵੇਲੇ) ਨਾਮ ਜਪੋ (ਤਾ ਕਿ) ਸਿਰਜਨਹਾਰ ਹਰੀ (ਇਹੋ ਜਿਹਾ) ਸਤਿਗੁਰੂ (ਤੁਹਾਡੇ) ਹਿਰਦੇ ਵਿਚ ਵਸਾ ਦੇਵੇ। ਹੇ ਗੁਰ-ਸਿਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਨਹਾਰ ਪ੍ਰਭੂ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਂਦਾ ਹੈ। ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥ {ਪੰਨਾ 308} ਪਦ ਅਰਥ: ਸੰਸਾਰਿ = ਸੰਸਾਰ ਵਿਚ। ਸਭਤੁ = ਹਰ ਥਾਂ। ਪੈਜ = ਲਾਜ।2। ਅਰਥ: ਪਿਆਰਾ ਹਰੀ ਗੁਰ-ਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿਚ ਸਭਨੀਂ ਪਾਸੀਂ ਸਤਿਗੁਰੂ ਦੀ ਜਿੱਤ ਕਰਾਉਂਦਾ ਹੈ। ਦਾਸ ਨਾਨਕ ਭੀ ਪ੍ਰਭੂ ਦਾ ਸੇਵਕ ਹੈ; ਪ੍ਰਭੂ ਆਪਣੇ ਦਾਸਾਂ ਦੀ ਲਾਜ ਆਪ ਰੱਖਦਾ ਹੈ।2। ਪਉੜੀ ॥ ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥ ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥ ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥ ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥ ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥ {ਪੰਨਾ 308} ਪਦ ਅਰਥ: ਦ੍ਰਿੜਾਇ = ਦ੍ਰਿੜ ਕਰਾ, ਨਿਸਚੇ ਕਰਾ। ਸੇਵਕ ਭਾਇ = ਦਾਸ-ਭਾਵਨਾ ਨਾਲ।14। ਅਰਥ: ਹੇ ਸਾਡੇ ਸਦਾ-ਥਿਰ ਰਹਿਣ ਵਾਲੇ ਸ਼ਾਹ! ਤੂੰ ਆਪ ਹੀ ਸੱਚਾ ਮਾਲਕ ਹੈਂ, ਹੇ ਪ੍ਰਭੂ! ਅਸੀਂ ਤੇਰੇ ਵਣਜਾਰੇ ਹਾਂ, ਸਾਨੂੰ ਇਹ ਨਿਸਚੇ ਕਰਾ ਕਿ ਨਾਮ ਦੀ ਪੂੰਜੀ ਸਦਾ ਕਾਇਮ ਰਹਿਣ ਵਾਲੀ ਹੈ। ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੁਧਰ ਕੇ ਸੇਵਕ ਸੁਭਾਉ ਵਾਲੇ ਹੋ ਕੇ ਉਸ ਪ੍ਰਭੂ ਨੂੰ ਮਿਲਦੇ ਹਨ ਜੋ ਸਦਾ-ਥਿਰ ਨਾਮ ਸਿਮਰਦੇ ਹਨ, ਸੱਚੇ ਨਾਮ ਦਾ ਸਉਦਾ ਖ਼ਰੀਦਦੇ ਹਨ ਤੇ ਨਿਰਾਲੇ ਪ੍ਰਭੂ ਦੇ ਗੁਣ ਉਚਾਰਦੇ ਹਨ। ਹੇ ਹਰੀ! ਤੂੰ ਸੱਚਾ ਮਾਲਕ ਹੈਂ, ਤੈਨੂੰ ਕੋਈ ਸਮਝ ਨਹੀਂ ਸਕਦਾ (ਪਰ) ਸਤਿਗੁਰੂ ਦੇ ਸ਼ਬਦ ਦੁਆਰਾ ਤੇਰੀ ਸੂਝ ਪੈਂਦੀ ਹੈ।14। ਸਲੋਕ ਮਃ ੪ ॥ ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥ ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥ {ਪੰਨਾ 308} ਪਦ ਅਰਥ: ਜਿਸ ਦੇ ਹਿਰਦੇ ਵਿਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ, ਉਸ ਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ, ਉਹ ਸਦਾ (ਮਾਨੋ) ਉਜਾੜ ਵਿਚ ਖਲੋਤਾ ਕੂਕਦਾ ਹੈ। ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥ {ਪੰਨਾ 308} ਪਦ ਅਰਥ: ਵਜੈ = ਵੱਜੈ, ਮਸ਼ਹੂਰ ਹੋ ਜਾਂਦਾ ਹੈ। ਅਣਹੋਦੀ = ਝੂਠੀ, ਜਿਸ ਦੀ ਅਸਲੀਅਤ ਨਹੀਂ ਹੈ। ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਚੁਗ਼ਲੀ ਹੁੰਦੀ ਹੈ ਉਹ ਚੁਗ਼ਲ (ਦੇ ਨਾਮ ਨਾਲ) ਹੀ ਮਸ਼ਹੂਰ ਹੋ ਜਾਂਦਾ ਹੈ, ਉਸ ਦੀ (ਪਿਛਲੀ) ਸਾਰੀ ਕੀਤੀ ਹੋਈ ਕਮਾਈ ਵਿਅਰਥ ਜਾਂਦੀ ਹੈ, ਉਹ ਸਦਾ ਪਰਾਈ ਝੂਠੀ ਚੁਗ਼ਲੀ ਕਰਦਾ ਹੈ, ਇਸ ਮੁਕਾਲਖ ਕਰਕੇ ਉਹ ਕਿਸੇ ਦੇ ਮੱਥੇ ਭੀ ਨਹੀਂ ਲੱਗ ਸਕਦਾ (ਉਸ ਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਵਿਖਾ ਨਹੀਂ ਸਕਦਾ) । ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥ ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥ {ਪੰਨਾ 308} ਪਦ ਅਰਥ: ਤਪਾਵਸੁ = ਨਿਆਂ, ਨਿਬੇੜਾ। ਵਿਸੁ = ਜ਼ਹਿਰ। ਅਰਥ: ਇਸ ਮਨੁੱਖਾ ਜਨਮ ਵਿਚ ਸਰੀਰ ਕਰਮ-(ਰੂਪ ਬੀਜ ਬੀਜਣ ਲਈ) ਭੁੰਏਂ ਹੈ, ਇਸ ਵਿਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਖਾਂਦਾ ਹੈ (ਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉਤੇ ਨਹੀਂ ਹੁੰਦਾ, ਜੇ ਵਿਹੁ ਖਾਧੀ ਜਾਏ ਤਾਂ (ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਭੀ ਮਨੁੱਖ ਬਚ ਨਹੀਂ ਸਕਦਾ) ਤੁਰੰਤ ਮਰ ਜਾਂਦਾ ਹੈ। ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥ ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥ {ਪੰਨਾ 308} ਅਰਥ: ਹੇ ਭਾਈ! ਸੱਚੇ ਪ੍ਰਭੂ ਦਾ ਨਿਆਉਂ ਵੇਖੋ, ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ, ਓਹੋ ਜਿਹਾ ਉਸ ਦਾ ਫਲ ਪਾ ਲੈਂਦਾ ਹੈ। ਹੇ ਨਾਨਕ! ਜਿਸ ਦਾਸ ਨੂੰ ਪ੍ਰਭੂ ਇਹ ਸਮਝਣ ਦੀ ਸਾਰੀ ਬੁਧਿ ਬਖ਼ਸ਼ਦਾ ਹੈ, ਉਹ ਪ੍ਰਭੂ ਦੇ ਦਰ ਦੀਆਂ ਇਹ ਗੱਲਾਂ ਕਰ ਕੇ ਸੁਣਾਉਂਦਾ ਹੈ।1। ਮਃ ੪ ॥ ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥ ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ {ਪੰਨਾ 308} ਪਦ ਅਰਥ: ਹੋਦੈ = ਹੁੰਦਿਆਂ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਆਸਰਾ। ਫਿਕੇ = ਭਰਿਸ਼ਟੇ ਹੋਏ। ਸਤਿਗੁਰਿ = ਗੁਰੂ ਵਲੋਂ। ਫਿਟਕੇ = ਫਿਟਕਾਰੇ ਹੋਏ, ਵਿਛੜੇ ਹੋਏ। ਭੰਭਲਭੂਸੇ = ਡੱਕੋ-ਡੋਲੇ। ਅਰਥ: ਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿਚ ਢੋਈ ਨਹੀਂ ਮਿਲਦੀ। ਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ ਦਾ ਭੀ ਮੂੰਹ ਫਿੱਕਾ ਤੇ ਮੂੰਹ ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ ਮੂੰਹ ਤੇ ਫਿਟਕਾਂ ਪਾਂਦੇ ਹਨ) (ਕਿਉਂਕਿ) ਜੋ ਮਨੁੱਖ ਗੁਰੂ ਵਲੋਂ ਵਿੱਛੜੇ ਹੋਏ ਹਨ, ਉਹ ਸੰਸਾਰ ਵਿਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ ਹਨ। ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ {ਪੰਨਾ 308} ਪਦ ਅਰਥ: ਗੋਪਿਆ = ਨਿੰਦਾ ਕੀਤੀ ਹੈ। ਢਹਾ = ਢਾਹਾਂ। ਭੁਖ = ਤ੍ਰਿਸ਼ਨਾ। ਹਉਲਿ = ਹਉਲ ਵਿਚ, ਧੁੜਕੂ ਵਿਚ। ਹਉਲੇ = ਹਉਲ ਵਿਚ ਹੀ। ਅਰਥ: ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ (ਮਾਨੋ) ਢਾਹਾਂ ਮਾਰਦੇ ਫਿਰਦੇ ਹਨ। ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ, ਤੇ ਸਦਾ ਭੁੱਖ ਭੁੱਖ ਕੂਕਦੇ ਹਨ, ਕੋਈ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ (ਇਸ ਕਰਕੇ) ਉਹ ਸਦਾ ਚਿੰਤਾ ਫ਼ਿਕਰ ਵਿਚ ਹੀ ਖਪਦੇ ਹਨ। ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥ ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥ ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥ {ਪੰਨਾ 308-309} ਪਦ ਅਰਥ: ਅਗੈ = ਅੱਗੇ, ਪਰਲੋਕ ਵਿਚ। ਸਤਿਗੁਰਿ = ਗੁਰੂ ਵਲੋਂ। ਪਤਿ = ਇੱਜ਼ਤ। ਫਿਟਕੇ = ਫਿਟਕਾਰੇ ਹੋਏ। ਜਿ = ਜੇਹੜਾ ਮਨੁੱਖ। ਉਠਾਹੀ = ਚਮੋੜ ਦੇਂਦੇ ਹਨ। ਅਰਥ: ਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿਚ ਟਿਕਾਣਾ ਨਹੀਂ ਮਿਲਦਾ। ਗੁਰੂ ਤੋਂ ਜੋ ਵਿੱਛੜੇ ਹਨ, ਉਹਨਾਂ ਨੂੰ ਜੋ ਮਨੁੱਖ ਜਾ ਮਿਲਦੇ ਹਨ, ਉਹ ਭੀ ਆਪਣੀ ਮਾੜੀ ਮੋਟੀ ਸਾਰੀ ਇੱਜ਼ਤ ਗਵਾ ਲੈਂਦੇ ਹਨ (ਕਿਉਂਕਿ) ਗੁਰੂ ਤੋਂ ਖੁੰਝੇ ਹੋਏ ਉਹ ਤਾਂ ਅੱਗੇ ਹੀ ਕੋਹੜੇ ਹਨ, ਜੋ ਕੋਈ ਅਜੇਹੇ ਮਨੁੱਖ ਦਾ ਸੰਗ ਕਰਦਾ ਹੈ ਉਸ ਨੂੰ ਭੀ ਕੋਹੜ ਚਮੋੜ ਦੇਂਦੇ ਹਨ। |
Sri Guru Granth Darpan, by Professor Sahib Singh |