ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 309

ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥ ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥ {ਪੰਨਾ 309}

ਅਰਥ: (ਹੇ ਸਿੱਖੋ!) ਰੱਬ ਕਰਕੇ ਉਹਨਾਂ ਦਾ ਦਰਸ਼ਨ ਭੀ ਨਾ ਕਰੋ ਜੋ (ਸਤਿਗੁਰੂ ਨੂੰ ਛੱਡ ਕੇ) ਮਾਇਆ ਦੇ ਪਿਆਰ ਵਿਚ ਚਿਤ ਜੋੜਦੇ ਹਨ, ਉਹਨਾਂ ਨਾਲ (ਭਾਵ, ਉਹਨਾਂ ਨੂੰ ਸੁਧਾਰਨ ਲਈ) ਕੋਈ ਉਪਾਵ ਕਾਰਗਰ ਨਹੀਂ ਹੋ ਸਕਦਾ, ਕਿਉਂਕਿ ਕਰਤਾਰ ਨੇ ਮੁੱਢ ਤੋਂ ਹੀ (ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਇਹੋ ਜਿਹੇ ਦੂਜੇ ਭਾਵ ਦੇ ਸੰਸਕਾਰ ਹੀ ਉਹਨਾਂ ਦੇ ਮਨ ਵਿਚ) ਲਿਖ ਕੇ ਪਾ ਦਿੱਤੇ ਹਨ।

ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥ ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥ {ਪੰਨਾ 309}

ਅਰਥ: ਹੇ ਦਾਸ ਨਾਨਕ! ਤੂੰ ਨਾਮ ਜਪ, ਨਾਮ ਜਪਣ ਵਾਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਨਾਮ ਦੀ ਮਹਿਮਾ ਬਹੁਤ ਵੱਡੀ ਹੈ, ਦਿਨੋ ਦਿਨ ਵਧਦੀ ਜਾਂਦੀ ਹੈ।2।

ਮਃ ੪ ॥ ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥ ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥ ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥ ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥ {ਪੰਨਾ 309}

ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਨੇ ਆਪ ਹੁੰਦਿਆਂ ਬਹਿ ਕੇ (ਭਾਵ, ਆਪਣੀ ਜ਼ਿੰਦਗੀ ਵਿਚ ਆਪਣੀ ਹੱਥੀਂ) ਤਿਲਕ ਦਿੱਤਾ ਹੋਵੇ, ਉਸ ਦੀ ਬਹੁਤ ਸੋਭਾ ਹੁੰਦੀ ਹੈ। ਉਸ ਦੇ ਅੱਗੇ ਸਾਰਾ ਸੰਸਾਰ ਨਿਊਂਦਾ ਹੈ ਤੇ ਉਸ ਦੀ ਚਰਨੀਂ ਲੱਗਦਾ ਹੈ, ਉਸ ਦੀ ਸੋਭਾ ਸਾਰੇ ਜਗਤ ਵਿਚ ਖਿੱਲਰ ਜਾਂਦੀ ਹੈ। ਜਿਸ ਦੇ ਮਥੇ ਤੇ ਪੂਰੇ ਸਤਿਗੁਰੂ ਨੇ ਹੱਥ ਰੱਖਿਆ ਹੋਵੇ (ਭਾਵ, ਜਿਸ ਦੀ ਸਹਾਇਤਾ ਸਤਿਗੁਰੂ ਨੇ ਕੀਤੀ) ਉਹ (ਸਭ ਗੁਣਾਂ ਵਿਚ) ਪੂਰਨ ਹੋ ਗਿਆ ਤੇ ਸਭ ਖੰਡਾਂ-ਬ੍ਰਹਮੰਡਾਂ ਦੇ ਜੀਆ-ਜੰਤ ਉਸ ਨੂੰ ਨਮਸਕਾਰ ਕਰਦੇ ਹਨ। ਸਤਿਗੁਰੂ ਦੀ ਵਡਿਆਈ ਦਿਨੋ-ਦਿਨ ਵਧਦੀ ਹੈ, ਕੋਈ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ, (ਕਿਉਂਕਿ) ਆਪਣੇ ਸੇਵਕ ਨਾਨਕ ਨੂੰ ਸਿਰਜਨਹਾਰ ਪ੍ਰਭੂ ਨੇ ਆਪ ਮਾਣ ਬਖ਼ਸ਼ਿਆ ਹੈ, (ਇਸ ਕਰਕੇ) ਪ੍ਰਭੂ ਆਪ ਲਾਜ ਰੱਖਦਾ ਹੈ।3।

ਪਉੜੀ ॥ ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥ {ਪੰਨਾ 309}

ਪਦ ਅਰਥ: ਕੋਟੁ = ਕਿਲ੍ਹਾ। ਹਟਨਾਲੇ = ਬਾਜ਼ਾਰ। ਕਾਇਆ = ਸਰੀਰ। ਉਝੜਿ = ਉਜਾੜ ਵਿਚ। ਭਵਾਈਅਹਿ = ਭਵਾਏ ਜਾਂਦੇ ਹਨ। ਮਿਰਗੁ = ਹਰਨ।15।

ਅਰਥ: (ਮਨੁੱਖਾ) ਸਰੀਰ ਇਕ ਸੁੰਦਰ ਕਿਲ੍ਹਾ ਹੈ, ਜਿਸ ਵਿਚ (ਮਾਨੋ, ਸੁੰਦਰ) ਬਾਜ਼ਾਰ ਭੀ ਹਨ, (ਭਾਵ, ਗਿਆਨ-ਇੰਦਰੇ ਹੱਟੀਆਂ ਦੀਆਂ ਕਤਾਰਾਂ ਹਨ) । ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ; ਉਹ ਹਰੀ ਦਾ ਨਾਮ-ਵੱਖਰ ਸਾਂਭ ਲੈਂਦਾ ਹੈ। (ਸਰੀਰ ਕਿਲ੍ਹੇ ਵਿਚ ਹੀ) ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਵਣਜਿਆ ਜਾ ਸਕਦਾ ਹੈ, (ਇਹੋ ਵੱਖਰ ਸਦਾ ਨਾਲ ਨਿਭਣ ਵਾਲੇ) ਹੀਰੇ ਤੇ ਮੂੰਗੇ ਹਨ। ਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਤੇ (ਮਨੁੱਖਾ ਸਰੀਰ ਵਿਚ ਆਏ ਹੋਏ) ਭੂਤ ਹਨ। ਜਿਵੇਂ (ਕਸਤੂਰੀ ਨੂੰ ਆਪਣੀ ਹੀ ਨਾਭੀ ਵਿਚ ਨਾਹ ਜਾਣਦਾ ਹੋਇਆ) ਹਰਨ (ਕਸਤੂਰੀ ਦੀ ਵਾਸ਼ਨਾ ਲਈ) ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਵਿਚ (ਫਸੇ ਹੋਏ) ਬਨਾਂ ਵਿਚ ਭਉਂਦੇ ਫਿਰਦੇ ਹਨ।15।

ਸਲੋਕ ਮਃ ੪ ॥ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥ ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥ ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥ ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥ ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ {ਪੰਨਾ 309}

ਪਦ ਅਰਥ: ਢੋਇਆ = ਪਾਇਆ ਗਿਆ। ਓਨਿ = ਉਸ ਨੇ। ਹਲਤੁ = ਇਹ ਲੋਕ। ਪਲਤੁ = ਪਰਲੋਕ। ਖੋਇਆ = ਗਵਾ ਲਿਆ। ਪ੍ਰਭਿ = ਪ੍ਰਭੂ ਨੇ। ਸੰਦਾ = ਦਾ।

ਅਰਥ: ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਸੰਸਾਰ ਵਿਚ (ਭਾਵ, ਸਾਰੀ ਉਮਰ) ਦੁਖੀ ਰਹਿੰਦਾ ਹੈ। ਦੁੱਖਾਂ ਦਾ ਖੂਹ-ਰੂਪ ਜੋ ਘੋਰ ਨਰਕ ਹੈ, ਉਸ ਨਿੰਦਕ ਨੂੰ ਪਕੜ ਕੇ ਉਸ (ਖੂਹ) ਵਿਚ ਪਾਇਆ ਜਾਂਦਾ ਹੈ, (ਜਿਥੇ) ਉਸ ਦੇ ਹਾੜੇ-ਤਰਲਿਆਂ ਵਲ ਕੋਈ ਗਹੁ ਨਹੀਂ ਕਰਦਾ, ਤੇ ਉਹ ਜਿਉਂ ਜਿਉਂ ਦੁਖੀ ਹੁੰਦਾ ਹੈ, ਤਿਉਂ ਤਿਉਂ (ਵਧੀਕ) ਰੋਂਦਾ ਹੈ। ਲੋਕ ਤੇ ਪਰਲੋਕ, ਭਜਨ-ਰੂਪ ਲਾਭ ਤੇ ਮਨੁੱਖਾ ਜਨਮ-ਰੂਪ ਮੂਲ = ਇਹ ਸਭ ਕੁਝ ਨਿੰਦਕ ਨੇ ਗਵਾ ਲਏ ਹੁੰਦੇ ਹਨ, ਤੇਲੀ ਦਾ ਬਲਦ ਬਣਾ ਕੇ ਨਿੱਤ ਨਵੇਂ-ਸੂਰਜ ਉਹ ਪ੍ਰਭੂ ਦੇ ਹੁਕਮ ਵਿਚ ਜੋਇਆ ਜਾਂਦਾ ਹੈ (ਭਾਵ, ਜਿਵੇਂ ਤੇਲੀ ਦਾ ਬਲਦ ਹਰ ਰੋਜ਼ ਸਵੇਰੇ ਕੋਹਲੂ ਅੱਗੇ ਜੁਪਦਾ ਹੈ, ਤਿਵੇਂ ਉਹ ਨਿੰਦਕ ਨਿੱਤ ਨਿੰਦਾ ਦੇ ਗੇੜ ਵਿਚ ਪੈ ਕੇ ਦੁੱਖ ਸਹਿੰਦਾ ਹੈ) ।

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥ ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ {ਪੰਨਾ 309}

ਪਦ ਅਰਥ: ਤਿਦੂ = ਤਿਸ ਪ੍ਰਭੂ ਤੋਂ।

ਅਰਥ: ਹਰੀ ਸਦਾ (ਇਹ) ਸਭ ਕੁਝ ਵੇਖਦਾ ਤੇ ਸੁਣਦਾ ਹੈ, ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ। (ਇਹ ਪ੍ਰਭੂ ਦੇ ਹੁਕਮ ਵਿਚ ਹੀ ਹੈ ਕਿ) ਜਿਹਾ ਬੀਜ ਕਿਸੇ ਜੀਵ ਨੇ ਮੁੱਢ ਤੋਂ ਬੀਜਿਆ ਹੈ ਤੇ ਜਿਹਾ ਹੁਣ ਬੀਜ ਰਿਹਾ ਹੈ, ਉਹੋ ਜਿਹਾ ਫਲ ਉਹ ਖਾਂਦਾ ਹੈ।

ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥ ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥ ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥ {ਪੰਨਾ 309}

ਅਰਥ: ਜਿਸ ਮਨੁੱਖ ਤੇ ਪ੍ਰ੍ਰਭੂ ਆਪਣੀ ਮਿਹਰ ਕਰੇ, ਉਹ ਸਤਿਗੁਰੂ ਦੇ ਚਰਨ ਧੋਂਦਾ ਹੈ। ਜਿਵੇਂ ਲੋਹਾ ਕਾਠ ਦੇ ਸੰਗ ਤਰਦਾ ਹੈ ਤਿਵੇਂ ਉਹ ਸਤਿਗੁਰੂ ਦੇ ਪੂਰਨਿਆਂ ਤੇ ਤੁਰ ਕੇ (ਸੰਸਾਰ-ਸਾਗਰ ਤੋਂ) ਤਰ ਜਾਂਦਾ ਹੈ। (ਇਸ ਵਾਸਤੇ) ਹੇ ਦਾਸ ਨਾਨਕ! ਤੂੰ ਨਾਮ ਜਪੁ (ਕਿਉਂਕਿ) ਪ੍ਰਭੂ ਦਾ ਨਾਮ ਜਪਿਆਂ ਸੁਖ ਮਿਲਦਾ ਹੈ।1।

ਮਃ ੪ ॥ ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥ ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥ {ਪੰਨਾ 309}

ਪਦ ਅਰਥ: ਅੰਤਰ = ਅੰਦਰਲੀ। ਨਾਮਿ = ਨਾਮ ਵਿਚ।2।

ਅਰਥ: ਸਤਿਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੂੰ ਪ੍ਰਕਾਸ਼-ਰੂਪ ਪ੍ਰਭੂ ਮਿਲ ਪਿਆ ਹੈ, ਉਹ ਜੀਵ-ਇਸਤ੍ਰੀਆਂ ਵੱਡੇ ਭਾਗਾਂ ਵਾਲੀਆਂ ਤੇ ਜੀਊਂਦੇ ਖਸਮ ਵਾਲੀਆਂ ਹਨ। ਹੇ ਨਾਨਕ! ਨਾਮ ਵਿਚ ਲੀਨ ਹੋਇਆਂ ਉਹਨਾਂ ਦੇ ਹਿਰਦੇ ਦੀ ਜੋਤਿ ਜਗ ਪੈਂਦੀ ਹੈ।2।

ਪਉੜੀ ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ {ਪੰਨਾ 309}

ਪਦ ਅਰਥ: ਗੁਹਜ ਰਤਨ = ਗੁੱਝੇ ਲਾਲ। ਖੋਤਿ = ਖੋਤਰ ਕੇ। ਸਭੁ = ਹਰ ਥਾਂ। ਆਤਮ ਰਾਮੁ = ਪਰਮਾਤਮਾ। ਓਤਿ = ਉਣੇ ਹੋਏ ਵਿਚ। ਪੋਤਿ = ਪਰੋਤੇ ਹੋਏ ਵਿਚ (ਤਾਣੇ ਤੇ ਪੇਟੇ ਵਿਚ) । 16।

ਅਰਥ: ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ। (ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ। (ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ। ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ। 16।

TOP OF PAGE

Sri Guru Granth Darpan, by Professor Sahib Singh