ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 310 ਸਲੋਕ ਮਃ ੪ ॥ ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥ ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥ {ਪੰਨਾ 310} ਅਰਥ: ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਵੱਸ ਪਿਆ ਹੈ (ਭਾਵ, ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿਚ ਅਨੁਭਵ ਕਰ ਲਿਆ ਹੈ) , ਸਾਰੇ ਰਸ ਉਹਨਾਂ ਦੇ ਅੰਦਰ ਹਨ (ਭਾਵ, ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸੁਆਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵਲ ਦੌੜਨ ਨਹੀਂ ਦੇਂਦੇ, ਹਿਰਦੇ ਵਿਚ ਨਾਮ-ਰਸ ਦਾ ਆਨੰਦ ਲੈਂਦੇ ਹਨ, ਜੋ ਸਭ ਰਸਾਂ ਤੋਂ ਉੱਤਮ ਰਸ ਹੈ) । ਹਰੀ ਦੀ ਦਰਗਾਹ ਵਿਚ ਉਹ ਖਿੜੇ-ਮੱਥੇ ਜਾਂਦੇ ਹਨ; ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ। ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥ ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥ {ਪੰਨਾ 310} ਪਦ ਅਰਥ: ਸਰੇਵਿਆ = ਸਿਮਰਿਆ। ਧੁਰਿ = ਮੁਢ ਤੋਂ। ਆਹਿ = ਹੈ। ਅਰਥ: ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਆਪ ਨੂੰ ਭੀ) ਕੋਈ ਡਰ ਨਹੀਂ ਰਹਿ ਜਾਂਦਾ; (ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ। ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥ ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥ ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥ {ਪੰਨਾ 310} ਪਦ ਅਰਥ: ਪੈਨਾਈਅਹਿ = ਮੰਨੇ ਜਾਂਦੇ ਹਨ, ਉਹਨਾਂ ਨੂੰ ਸਿਰੋਪਾ ਦਿੱਤਾ ਜਾਂਦਾ ਹੈ। ਵੁਠਾ = ਵੁੱਠਾ, ਵੱਸਿਆ। ਤਿਨ ਪਿਛੈ = ਉਹਨਾਂ ਦੇ ਪੂਰਨਿਆਂ ਤੇ।1। ਅਰਥ: ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਪਰਗਟ ਹੁੰਦਾ ਹੈ) ਉਹਨਾਂ ਨੂੰ ਉਸ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ। ਤੇ, ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ। ਹੇ ਹਰੀ! (ਇਹੋ ਜਿਹੇ ਆਪਣੇ) ਬੰਦੇ ਦਾਸ ਨਾਨਕ ਨੂੰ ਭੀ ਮਿਲਾ। ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ।1। ਮਃ ੪ ॥ ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥ {ਪੰਨਾ 310} ਅਰਥ: ਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ। ਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ। ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥ ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥ {ਪੰਨਾ 310} ਪਦ ਅਰਥ: ਧੰਨ = ਮੁਬਾਰਿਕ, ਭਾਗਾਂ ਵਾਲਾ। ਜਨਨੀ = ਮਾਂ। ਮਾਇ = ਹੇ ਮਾਂ! ਪਾਇ = ਪੈਰ।2। ਅਰਥ: ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ। ਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ। ਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ।2। ਪਉੜੀ ॥ ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥ ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥ ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥ ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥ {ਪੰਨਾ 310} ਪਦ ਅਰਥ: ਉਰਿ = ਹਿਰਦੇ ਵਿਚ। ਜਿਸੁ ਅੰਦਰਿ = ਜਿਸ ਗੁਰੂ ਦੇ ਅੰਦਰ। ਜਿਨਿ = ਜਿਸ (ਗੁਰੂ) ਨੇ। ਸਾਧਾਰਿਆ = ਆਧਾਰ ਵਾਲਾ ਧੀਰਜ ਵਾਲਾ ਹੋ ਗਿਆ। ਘੁਮਿ ਵਾਰਿਆ = ਸਦਕੇ ਵਾਰੀ ਹਾਂ। 17। ਅਰਥ: ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ, (ਕਿਉਂਕਿ) ਉਸ ਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿਚ ਪਰੋਤਾ ਹੋਇਆ ਹੈ, (ਤੇ ਇਸ ਤਰ੍ਹਾਂ) ਉਸ ਨੇ (ਹਿਰਦੇ ਵਿਚੋਂ ਕਾਮ ਕਰੋਧ ਆਦਿਕ ਦੇ) ਵਿਹੁ ਨੂੰ ਕੱਢ ਦਿੱਤਾ ਹੈ। ਜਦੋਂ ਮੈਂ (ਅਜੇਹਾ ਇਹ) ਪੂਰਾ ਸਤਿਗੁਰੂ ਵੇਖਿਆ, ਤਦੋਂ ਮੇਰੇ ਮਨ ਨੂੰ ਅੰਦਰ ਧੀਰਜ ਆ ਗਈ (ਇਸ ਲਈ) ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ। 17। ਸਲੋਕ ਮਃ ੪ ॥ ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥ ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥ ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥ {ਪੰਨਾ 310} ਪਦ ਅਰਥ: ਮੇਲਿਓਨੁ = ਮਿਲਾਇਆ ਹੈ ਉਸ (ਪ੍ਰਭੂ) ਨੇ। ਮੁਖਿ = ਮੂੰਹ ਨਾਲ। ਸਤਿਗੁਰ = ਗੁਰੂ ਨੂੰ। ਘਰੀ = ਹਿਰਦੇ ਵਿਚ। ਅਰਥ: ਜਿਸ ਮਨੁੱਖ ਨੂੰ ਕਿਰਪਾ ਕਰ ਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ, ਤੇ ਉਹੋ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ, ਪੂਰਾ ਸਤਿਗੁਰੂ (ਅਗੋਂ) ਉਸ ਦੇ ਹਿਰਦੇ ਵਿਚ ('ਨਾਮੁ ਨਿਧਾਨ') ਵਸਾ ਦੇਂਦਾ ਹੈ। ਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ (ਵੱਸ ਪੈਂਦਾ) ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ। ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥ ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥ {ਪੰਨਾ 310} ਪਦ ਅਰਥ: ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਅਰਥ: ਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ (ਤਿਆਰ) ਹੋਵੇ, ਹੋਰ ਕਿਤਨੀ ਹੀ ਦੁਨੀਆ ਖਪ ਖਪ ਮਰੇ (ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ) । (ਇਸ ਵਾਸਤੇ) ਹੇ ਨਾਨਕ! ਤੂੰ ਨਾਮ ਜਪ, ਪ੍ਰਭੂ ਇਸ ਲੋਕ ਵਿਚ ਤੇ ਪਰਲੋਕ ਵਿਚ (ਹਰੇਕ ਕਿਸਮ ਦੇ ਡਰ ਤੋਂ) ਬਚਾ ਲਏਗਾ।1। ਮਃ ੪ ॥ ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥ ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥ {ਪੰਨਾ 310} ਅਰਥ: ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ। ਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ। ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥ ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥ {ਪੰਨਾ 310} ਪਦ ਅਰਥ: ਤਾਣੁ = ਤਾਕਤ। ਦੀਬਾਣੁ = ਆਸਰਾ। ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ। ਅਰਥ: ਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂ ਦੇ ਮਨ ਵਿਚ (ਸਦਾ ਵੱਸਦਾ ਹੈ) । ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ। ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥ ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥ ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥ {ਪੰਨਾ 310} ਪਦ ਅਰਥ: ਧੂੜਿ ਤਿਨ = ਉਹਨਾਂ (ਦੇ ਚਰਨਾਂ) ਦੀ ਧੂੜ। ਅਰਥ: ਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ, ਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ। ਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।2। ਪਉੜੀ ॥ ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥ ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥ ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥ ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥ ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥ {ਪੰਨਾ 310-311} ਪਦ ਅਰਥ: ਹਉ = ਮੈਂ। ਸਾਲਾਹ = ਸਲਾਹੁਣ-ਜੋਗ। ਆਘਾਈ ਰਹੇ = ਆਘਾਇ ਰਹੇ, ਰੱਜੇ ਰਹਿੰਦੇ ਹਨ। ਗੁਰਿ = ਗੁਰੂ ਦੀ ਰਾਹੀਂ। ਵਜੀ ਵਾਧਾਈ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਜ਼ੋਰਾਂ ਵਿਚ ਹੁੰਦੀ ਹੈ। ਅਰਥ: (ਜਿਸ) ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ, ਉਹ ਸੱਚਾ ਪ੍ਰਭੂ ਸਲਾਹੁਣ-ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ, (ਇਸ ਵਾਸਤੇ ਮੇਰੀ ਭੀ ਇਹ ਅਰਦਾਸ ਹੈ ਕਿ) ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਹਵਾਂ। ਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਵਲੋਂ) ਤ੍ਰਿਪਤ ਹੋ ਕੇ ਰੱਜੇ ਰਹਿੰਦੇ ਹਨ, ਇਸ ਸੁਆਦ ਨੂੰ ਜਾਣਦੇ ਭੀ ਉਹੀ ਹਨ, (ਪਰ ਬਿਆਨ ਨਹੀਂ ਕਰ ਸਕਦੇ) ਜਿਵੇਂ ਗੂੰਗਾ ਮਿਠਿਆਈ ਖਾਂਦਾ ਹੈ (ਤੇ ਸੁਆਦ ਨਹੀਂ ਦੱਸ ਸਕਦਾ) । ਪੂਰੇ ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੇ ਮਨ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦੇ ਮਨ ਖਿੜੇ ਰਹਿੰਦੇ ਹਨ) । 19। |
Sri Guru Granth Darpan, by Professor Sahib Singh |