ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 311 ਸਲੋਕ ਮਃ ੪ ॥ ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥ ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥ ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥ {ਪੰਨਾ 311} ਪਦ ਅਰਥ: ਉਮਰਥਲ = ਗੱਦਹੁਧਾਣਾ, ਅੰਦਰ ਦਾ ਫੋੜਾ। ਸੂਲੀ = ਤ੍ਰਿੱਖੀ ਪੀੜ। ਬਿਰਹੁ = ਵਿਛੋੜੇ ਤੋਂ ਉਪਜਿਆ ਪਿਆਰ। ਤਲ = ਚਰਨਾਂ ਦੇ ਹੇਠ। ਅਰਥ: (ਜਿਵੇਂ) ਜਿਨ੍ਹਾਂ ਦੇ ਸਰੀਰ ਵਿਚ ਗੱਦਹੁਧਾਣਾ ਫੋੜਾ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ (ਤਿਵੇਂ ਜਿਨ੍ਹਾਂ ਦੇ ਹਿਰਦੇ ਵਿਚ ਵਿਛੋੜੇ ਦਾ ਸੱਲ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ, ਤੇ) ਵਿਛੋੜੇ ਤੋਂ ਪੈਦਾ ਹੋਏ ਪਿਆਰ ਨੂੰ ਭੀ ਉਹੀ ਸਮਝਦੇ ਹਨ– ਮੈਂ ਉਹਨਾਂ ਤੋਂ ਸਦਾ ਸਦਕੇ ਹਾਂ। ਹੇ ਹਰੀ! ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਾ, ਅਜੇਹੇ ਬੰਦਿਆਂ (ਦੇ ਦੀਦਾਰ) ਦੀ ਖ਼ਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੁਲੇ। ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥ ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥ ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥੧॥ {ਪੰਨਾ 311} ਪਦ ਅਰਥ: ਚਲੂਲਾ = ਗੂੜ੍ਹਾ। ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਭਿਨੀ = ਭਿੱਜੀ ਹੋਈ। ਅਰਥ: ਜੋ ਸਿੱਖ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ, ਮੈਂ ਉਹਨਾਂ ਦੇ ਗ਼ੁਲਾਮਾਂ ਦਾ ਗ਼ੁਲਾਮ ਹਾਂ, ਜਿਨ੍ਹਾਂ ਦੇ ਮਨ ਪ੍ਰਭੂ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਹਨ, ਉਹਨਾਂ ਦੇ ਚੋਲੇ (ਭੀ, ਭਾਵ, ਸਰੀਰ) ਪ੍ਰਭੂ ਦੇ ਪਿਆਰ ਵਿਚ ਭਿੱਜੇ ਹੋਏ ਹੁੰਦੇ ਹਨ। ਹੇ ਨਾਨਕ! ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਨਾਲ ਮਿਲਾਇਆ ਹੈ, ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੈ।1। ਮਃ ੪ ॥ ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥ {ਪੰਨਾ 311} ਅਰਥ: (ਪ੍ਰਸ਼ਨ) ਹੇ ਸੰਤ ਜਨੋ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ? ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥ {ਪੰਨਾ 311} ਅਰਥ: (ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ। ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥ ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥ {ਪੰਨਾ 311} ਪਦ ਅਰਥ: ਵਣੰਜਹਿ = ਵਣਜਦੇ ਹਨ। ਰੰਗ = ਪਿਆਰ। ਲਾਹਾ = ਲਾਭ, ਨਫ਼ਾ। ਤੋਟਾ = ਘਾਟਾ। ਅਰਥ: ਜੋ ਮਨੁੱਖ ਪਿਆਰ ਨਾਲ ਸੱਚ ਨੂੰ (ਭਾਵ, ਸੱਚੇ ਦੇ ਨਾਮ ਨੂੰ) ਖ਼ਰੀਦਦੇ ਹਨ, ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ, (ਇਸ ਸੌਦੇ ਵਿਚ) ਘਾਟਾ ਕਦੇ ਹੁੰਦਾ ਹੀ ਨਹੀਂ; (ਤੇ, ਸੌਦੇ ਵਿਚੋਂ) ਲਾਭ (ਇਹ ਮਿਲਦਾ) ਹੈ ਕਿ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥ {ਪੰਨਾ 311} ਅਰਥ: ਹੇ ਨਾਨਕ! ਸੱਚੇ ਨਾਮ ਦੀ ਖ਼ਰੀਦ ਉਹ ਮਨੁੱਖ ਕਰਦੇ ਹਨ, ਜਿਨ੍ਹਾਂ ਨੂੰ (ਇਹ ਸੱਚਾ ਨਾਮ) ਮੁਢ ਤੋਂ (ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ) (ਹਿਰਦੇ ਵਿਚ) ਉੱਕਰਿਆ ਹੋਇਆ ਮਿਲਦਾ ਹੈ।2। ਪਉੜੀ ॥ ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥ ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥ ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥ ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥੧੯॥ {ਪੰਨਾ 311} ਪਦ ਅਰਥ: ਆਲੁ ਪਤਾਲੁ = ਅਕਾਸ਼ ਪਤਾਲ, ਉੱਚਾ ਨੀਵਾਂ, ਬਕਵਾਸ। ਮਦਿ = ਸ਼ਰਾਬ ਦੇ ਕਾਰਨ। ਮਤਵਾਲੇ = ਸ਼ਰਾਬੀ, ਮਸਤ। ਅਰਥ: (ਮੇਰਾ ਚਿੱਤ ਚਾਹੁੰਦਾ ਹੈ ਕਿ) ਜੋ ਨਿਰਾਲਾ ਪੁਰਖ ਸੱਚਾ ਹਰੀ ਹੈ, ਉਸ ਸੱਚੇ ਹਰੀ ਦੀ ਸਿਫ਼ਤਿ ਕਰਾਂ, ਉਸ ਦੀ ਸਿਫ਼ਤਿ ਕੀਤੀ ਹੋਈ ਸਦਾ ਨਾਲ ਨਿਭਦੀ ਹੈ, (ਚਿੱਤ ਲੋਚਦਾ ਹੈ ਕਿ) ਜੋ ਸੱਚਾ ਹਰੀ ਸਭ ਦਾ ਰਾਖਾ ਹੈ ਉਸ ਦੀ ਸੇਵਾ ਕਰਾਂ, ਤੇ ਸੱਚਾ ਹਰੀ ਮੇਰੇ ਮਨ ਵਿਚ ਨਿਵਾਸ ਕਰੇ। ਜਿਨ੍ਹਾਂ ਨੇ ਸੱਚ-ਮੁਚ ਸੱਚਾ ਹਰੀ ਸੇਵਿਆ ਹੈ ਉਹ ਉਸ ਸੱਚੇ ਦੇ ਨਾਲ ਜਾ ਰਲੇ ਹਨ। ਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ ਸੇਵਿਆ, ਉਹ ਮਨਮੁਖ ਮੂਰਖ ਤੇ ਭੂਤਨੇ ਮੂੰਹੋਂ ਅਜਿਹਾ ਬਕਵਾਸ ਕਰਦੇ ਹਨ ਜਿਵੇਂ ਸ਼ਰਾਬ ਪੀਤਿਆਂ ਸ਼ਰਾਬੀ (ਬਕਵਾਸ ਕਰਦੇ ਹਨ) । 19। ਸਲੋਕ ਮਹਲਾ ੩ ॥ ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥ ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥ ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥ ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥ ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥ {ਪੰਨਾ 311} ਪਦ ਅਰਥ: ਗਹਗਹਾ = ਗੂੜ੍ਹਾ। ਅਰਥ: (ਜੀਵ-ਰੂਪੀ ਇਸਤ੍ਰੀ) ਗਉੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਏ; ਸਤਿਗੁਰੂ ਦੇ ਭਾਣੇ ਵਿਚ ਤੁਰੇ = ਇਹੋ ਜਿਹਾ ਸ਼ਿੰਗਾਰ ਕਰੇ; ਸੱਚਾ ਸ਼ਬਦ (ਰੂਪ ਜੋ) ਖਸਮ (ਹੈ) ਉਸ ਦਾ ਸਦਾ ਆਨੰਦ ਲਏ (ਭਾਵ, ਉਸ ਨੂੰ ਸਦਾ ਜਪੇ) । ਜਿਵੇਂ ਮਜੀਠ ਉਬਾਲਾ ਸਹਾਰਦੀ ਹੈ ਤੇ ਉਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਤਿਵੇਂ (ਜੀਵ ਰੂਪ ਇਸਤ੍ਰੀ) ਆਪਣਾ ਆਪ ਖਸਮ ਤੋਂ ਸਦਕੇ ਕਰੇ, (ਇਸ ਨੂੰ ਭੀ ਨਾਮ ਦਾ ਗੂੜ੍ਹਾ ਰੰਗ ਚੜ੍ਹ ਜਾਏ) ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ, ਉਹ (ਨਾਮ ਦੇ) ਗੂੜ੍ਹੇ ਰੰਗ ਵਿਚ ਰੱਤੀ ਜਾਂਦੀ ਹੈ। ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥ ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥ {ਪੰਨਾ 311} ਅਰਥ: ਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ। (ਹਿਰਦੇ ਵਿਚ ਠੱਗੀ ਰੱਖਣ ਵਾਲੇ ਐਵੇਂ) ਝੂਠੀ ਵਡਿਆਈ ਕਰਦੇ ਹਨ, ਉਹਨਾਂ ਦਾ ਪਿਆਰ ਝੂਠ ਨਾਲ ਹੀ ਹੁੰਦਾ ਹੈ (ਤੇ ਇਹ ਗੱਲ ਲੁਕੀ ਨਹੀਂ ਰਹਿੰਦੀ) । ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥ {ਪੰਨਾ 311} ਅਰਥ: (ਪਰ) ਹੇ ਨਾਨਕ! (ਇਹ ਕਿਸੇ ਦੇ ਵੱਸ ਨਹੀਂ) ਜੋ ਹਰੀ ਸੱਚਾ ਆਪ ਹੈ ਉਹੋ ਹੀ ਮਿਹਰ ਕਰਦਾ ਹੈ (ਤੇ ਹਿਰਦੇ ਵਿਚੋਂ ਠੱਗੀ ਦੂਰ ਹੋ ਸਕਦੀ ਹੈ) ।1। ਮਃ ੪ ॥ ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥ ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥ ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥ {ਪੰਨਾ 311} ਅਰਥ: ਸਤਸੰਗ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ (ਕਿਉਂਕਿ ਓਥੇ) ਪਿਆਰੇ (ਗੁਰਸਿੱਖ, ਸੰਤ ਜਨ) ਸਤਿਗੁਰੂ ਦੇ ਨਾਲ ਮਿਲਦੇ ਹਨ। ਉਹ ਮਨੁੱਖ ਮੁਬਾਰਿਕ ਹਨ (ਕਿਉਂਕਿ) ਪਰਉਪਕਾਰ ਲਈ ਉਹ (ਹੋਰਨਾਂ ਨੂੰ ਭੀ) ਉਪਦੇਸ਼ ਕਰਦੇ ਹਨ, ਪ੍ਰਭੂ ਦੇ ਨਾਮ ਵਿਚ ਸਿਦਕ ਬੰਨ੍ਹਾਉਂਦੇ ਹਨ, ਪ੍ਰਭੂ ਦਾ ਨਾਮ ਹੀ ਸੁਣਾਉਂਦੇ ਹਨ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਸੰਸਾਰ ਨੂੰ ਤਾਰਦੇ ਹਨ, (ਇਹ ਸਾਰੀ ਬਰਕਤਿ ਇਸ ਲਈ ਹੈ ਕਿ ਉਹ ਵਡਭਾਗੀ ਸਤਸੰਗਤਿ ਵਿਚ ਜਾ ਕੇ ਸਤਿਗੁਰੂ ਵਿਚ ਜੁੜਦੇ ਹਨ) । ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥ ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥ ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥ {ਪੰਨਾ 311} ਅਰਥ: (ਇਹ ਬਰਕਤਾਂ ਸੁਣ ਕੇ) ਹਰੇਕ ਜੀਵ ਸਤਿਗੁਰੂ ਦਾ ਦਰਸ਼ਨ ਕਰਨ ਨੂੰ ਤਾਂਘਦਾ ਹੈ ਤੇ ਸੰਸਾਰ ਵਿਚ ਨਵਾਂ ਖੰਡਾਂ (ਦੇ ਜੀਵ) ਸਤਿਗੁਰੂ ਦੇ ਅੱਗੇ ਸਿਰ ਨਿਵਾਂਦੇ ਹਨ। ਸਤਿਗੁਰੂ ਨੂੰ ਪੈਦਾ ਕਰਨ ਵਾਲੇ ਹੇ ਪ੍ਰਭੂ! ਤੂੰ ਆਪਣਾ ਆਪ ਸਤਿਗੁਰੂ ਵਿਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਿਗੁਰੂ ਨੂੰ ਸੁੰਦਰ ਬਣਾਇਆ ਹੈ। ਤੂੰ ਆਪ ਹੀ ਸਤਿਗੁਰੂ ਨੂੰ ਵਡਿਆਈ ਦੇਂਦਾ ਹੈਂ ਤੇ ਆਪ ਹੀ (ਹੋਰਨਾਂ ਪਾਸੋਂ ਗੁਰੂ ਦੀ) ਵਡਿਆਈ ਕਰਾਉਂਦਾ ਹੈਂ। |
Sri Guru Granth Darpan, by Professor Sahib Singh |