ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 312

ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥ ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥ {ਪੰਨਾ 312}

ਅਰਥ: ਜੋ ਮਨੁੱਖ ਸਤਿਗੁਰੂ ਕੋਲੋਂ ਵਿੱਛੜ ਜਾਏ, ਉਸ ਦਾ ਮੂੰਹ ਕਾਲਾ ਹੁੰਦਾ ਹੈ ਤੇ ਜਮਰਾਜ ਪਾਸੋਂ ਉਸ ਨੂੰ ਮਾਰ ਪੈਂਦੀ ਹੈ, (ਭਾਵ, ਉਹ ਜਗਤ ਵਿਚ ਇਕ ਤਾਂ ਮੁਕਾਲਖ ਖੱਟਦਾ ਹੈ, ਦੂਜੇ ਮੌਤ ਆਦਿਕ ਦਾ ਉਸ ਨੂੰ ਸਦਾ ਸਹਿਮ ਪਿਆ ਰਹਿੰਦਾ ਹੈ) । ਉਸ ਨੂੰ ਨਾ ਇਸ ਲੋਕ ਵਿਚ ਤੇ ਨਾ ਹੀ ਪਰਲੋਕ ਵਿਚ ਕਿਤੇ ਭੀ ਆਸਰਾ ਨਹੀਂ ਮਿਲਦਾ = ਸਭ ਗੁਰਸਿੱਖਾਂ ਨੇ ਮਨ ਵਿਚ ਇਹ ਵਿਚਾਰ ਕੀਤੀ ਹੈ।

ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥ ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥ {ਪੰਨਾ 312}

ਅਰਥ: ਜੋ ਮਨੁੱਖ ਸਤਿਗੁਰੂ ਨੂੰ ਜਾ ਮਿਲਦੇ ਹਨ, ਉਹ (ਸੰਸਾਰ ਸਾਗਰ ਤੋਂ) ਬਚ ਜਾਂਦੇ ਹਨ, ਕਿਉਂਕਿ ਉਹ ਹਿਰਦੇ ਵਿਚ ਨਾਮ ਨੂੰ ਸੰਭਾਲਦੇ ਹਨ। (ਇਸ ਲਈ ਪ੍ਰਭੂ ਦੇ) ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ, (ਕਿਉਂਕਿ) ਪ੍ਰਭੂ (ਸੰਸਾਰ ਤੋਂ) ਪਾਰ ਉਤਾਰਦਾ ਹੈ।2।

ਮਹਲਾ ੩ ॥ ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥ ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥ ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥੩॥ {ਪੰਨਾ 312}

ਅਰਥ: ਹਉਮੈ ਨੇ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ, ਖੋਟੀ ਮਤਿ ਤੇ ਮਾਇਆ ਵਿਚ (ਫਸ ਕੇ) ਵਿਕਾਰ ਕਰੀ ਜਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਤੇ (ਪ੍ਰਭੂ ਦੀ ਮਿਹਰ ਦੀ) ਨਜ਼ਰ ਹੁੰਦੀ ਹੈ, ਮਨ ਦੇ ਮੁਰੀਦ ਮਨੁੱਖ ਨਦਾਰ ਅੰਨ੍ਹੇ ਰਹਿੰਦੇ ਹਨ। ਹੇ ਨਾਨਕ! ਹਰੀ ਜਿਸ ਮਨੁੱਖ ਦਾ ਪਿਆਰ ਸ਼ਬਦ ਵਿਚ ਲਾਂਦਾ ਹੈ, ਉਸ ਨੂੰ ਹਰੀ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ।3।

ਪਉੜੀ ॥ ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥ ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥ ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥ ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥ ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥ {ਪੰਨਾ 312}

ਪਦ ਅਰਥ: ਅੰਦਰੁ = ਹਿਰਦਾ। ਇਕਿ ਮਨਿ = ਇਕ ਮਨ ਨਾਲ, ਮਨ ਲਾ ਕੇ। ਕੰਧੁ = ਸਰੀਰ। ਮਨਿ ਲਿਜੈ = ਮੰਨ ਲਏ ਜਾਂਦੇ ਹਨ, ਆਦਰ ਪਾਂਦੇ ਹਨ। ਸਚਿਆਰੀਆ = ਸਚਿਆਰਿਆਂ, ਸੱਚ ਦੇ ਵਪਾਰੀਆਂ ਦਾ।

ਅਰਥ: ਸੱਚੇ ਪ੍ਰਭੂ ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ ਸਦਾ-ਥਿਰ ਰਹਿਣ ਵਾਲੀ ਹੈ; (ਇਹ ਸਿਫ਼ਤਿ-ਸਾਲਾਹ) ਉਹ ਮਨੁੱਖ ਕਰ ਸਕਦਾ ਹੈ ਜਿਸ ਦਾ ਹਿਰਦਾ (ਭੀ) (ਸਿਫ਼ਤਿ ਵਿਚ) ਭਿੱਜਾ ਹੋਇਆ ਹੋਵੇ। ਜੋ ਮਨੁੱਖ ਏਕਾਗਰ-ਚਿੱਤ ਹੋ ਕੇ ਇਕ ਹਰੀ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਸਰੀਰ ਕਦੀ ਛਿੱਜਦਾ ਨਹੀਂ (ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ) । ਉਹ ਮਨੁੱਖ ਧੰਨ ਹਨ, ਸ਼ਾਬਾਸ਼ੇ ਉਹਨਾਂ ਨੂੰ ਜੋ ਜੀਭ ਨਾਲ ਸੱਚਾ ਨਾਮ ਅੰਮ੍ਰਿਤ ਪੀਂਦੇ ਹਨ। ਜਿਨ੍ਹਾਂ ਦੇ ਮਨ ਵਿਚ ਸੱਚਾ ਹਰੀ ਸਚਮੁਚ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾਹ ਵਿਚ ਸਤਕਾਰੇ ਜਾਂਦੇ ਹਨ। ਸੱਚ ਦੇ ਵਪਾਰੀਆਂ ਦਾ ਮਨੁੱਖਾ ਜਨਮ ਸਫਲਾ ਹੈ (ਕਿਉਂਕਿ ਦਰਗਾਹ ਵਿਚ) ਉਹ ਸੁਰਖ਼ੁਰੂ ਕੀਤੇ ਜਾਂਦੇ ਹਨ।2।

ਸਲੋਕ ਮਃ ੪ ॥ ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥ ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥ {ਪੰਨਾ 312}

ਪਦ ਅਰਥ: ਸਾਕਤ = ਰੱਬ ਨਾਲੋਂ ਟੁਟੇ ਹੋਏ ਬੰਦੇ।

ਅਰਥ: ਜੇ ਸਾਕਤ ਮਨੁੱਖ ਸਤਿਗੁਰੂ ਦੇ ਅੱਗੇ ਜਾ ਭੀ ਨਿਊਣ, (ਤਾਂ ਭੀ) ਉਹ ਮਨੋਂ ਖੋਟੇ (ਰਹਿੰਦੇ ਹਨ) ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ। ਜਦੋਂ ਸਤਿਗੁਰੂ (ਸਭ ਸਿੱਖਾਂ ਨੂੰ) ਆਖਦਾ ਹੈ– 'ਹੇ ਮੇਰੇ ਭਰਾਵੋ, ਸੁਚੇਤ ਹੋਵੋ!' (ਤਾਂ ਇਹ ਸਾਕਤ ਭੀ) ਬਗਲਿਆਂ ਵਾਂਗ (ਸਿੱਖਾਂ ਵਿਚ) ਰਲ ਕੇ ਬਹਿ ਜਾਂਦੇ ਹਨ।

ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥ {ਪੰਨਾ 312}

ਪਦ ਅਰਥ: ਅੰਦਰਿ = ਪਉੜੀ ਨੰ: 20 ਦੇ ਲਫ਼ਜ਼ 'ਅੰਦਰੁ' ਤੇ ਇਸ ਲਫਜ਼ ਦਾ ਫ਼ਰਕ ਚੇਤੇ ਰੱਖਣ-ਜੋਗ ਹੈ। ਲਧੋਵਾਰੇ = ਲਾਧ-ਪਰਖ ਦੇ ਵੇਲੇ, ਜਦੋਂ ਪਰਖ ਕੀਤੀ ਜਾਂਦੀ ਹੈ।

ਅਰਥ: (ਪਰ ਸਾਕਤਾਂ ਦੇ ਹਿਰਦੇ ਵਿਚ ਕੂੜ ਵੱਸਦਾ ਹੈ) ਤੇ ਗੁਰਸਿੱਖਾਂ ਦੇ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ, (ਇਸ ਕਰਕੇ ਸਿੱਖਾਂ ਵਿਚ ਰਲ ਕੇ ਬੈਠੇ ਹੋਏ ਭੀ ਸਾਕਤ) ਲਾਧ ਦੇ ਵੇਲੇ ਚੁਣ ਕੇ ਕੱਢੇ ਜਾਂਦੇ ਹਨ। ਉਹ ਅਗਾਂਹ ਪਿਛਾਂਹ ਹੋ ਕੇ ਮੂੰਹ ਤਾਂ ਬਥੇਰਾ ਲੁਕਾਂਦੇ ਹਨ, ਪਰ ਕੂੜ ਦੇ ਵਪਾਰੀ (ਸਿੱਖਾਂ ਵਿਚ) ਰਲ ਨਹੀਂ ਸਕਦੇ।

ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥ ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥ {ਪੰਨਾ 312}

ਅਰਥ: ਸਾਕਤਾਂ ਦਾ ਖਾਣਾ ਓਥੇ (ਗੁਰਸਿਖਾਂ ਦੇ ਸੰਗ ਵਿਚ) ਨਹੀਂ ਹੁੰਦਾ, (ਇਸ ਵਾਸਤੇ) ਭੇਡਾਂ ਵਾਂਗ (ਕਿਸੇ ਹੋਰ ਥਾਂ) ਜਾ ਕੇ ਕੂੜ ਨੂੰ ਲੱਭਦੇ ਹਨ। ਜੇ ਸਾਕਤ ਮਨੁੱਖ ਨੂੰ (ਨਾਮ-ਰੂਪ) ਚੰਗਾ ਪਦਾਰਥ ਖਵਾਣ ਦੀ ਇੱਛਾ ਭੀ ਕਰੀਏ ਤਾਂ ਭੀ ਉਹ ਮੂੰਹੋਂ (ਨਿੰਦਾ-ਰੂਪ) ਵਿਹੁ ਹੀ ਉਗਲ ਕੇ ਕੱਢਦਾ ਹੈ।

ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥ ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥੧॥ {ਪੰਨਾ 312}

ਅਰਥ: (ਹੇ ਸੰਤ ਜਨੋਂ!) ਰੱਬ ਤੋਂ ਟੁੱਟੇ ਹੋਏ ਨਾਲ ਸਾਥ ਨਾ ਕਰਿਓ, (ਕਿਉਂਕਿ) ਸਿਰਜਨਹਾਰ ਨੇ ਆਪ ਉਹਨਾਂ ਨੂੰ (ਨਾਮ ਵਲੋਂ) ਮੁਰਦਾ ਕੀਤਾ ਹੋਇਆ ਹੈ, (ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣਾ ਕਿਸੇ ਜੀਵ ਦੇ ਵੱਸ ਨਹੀਂ) , ਜਿਸ ਪ੍ਰਭੂ ਦਾ ਇਹ ਖੇਲ ਹੈ ਉਹ ਆਪ ਇਸ ਖੇਲ ਨੂੰ ਰਚ ਕੇ ਵੇਖ ਰਿਹਾ ਹੈ। ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਸੰਭਾਲ।1।

ਮਃ ੪ ॥ ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥ ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥ ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥ ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥ {ਪੰਨਾ 312}

ਪਦ ਅਰਥ: ਅਗੰਮੁ = ਪਹੁੰਚ ਤੋਂ ਪਰੇ। ਖੜਗੁ = ਤਲਵਾਰ। ਸੰਜੋਉ = ਜ਼ਿਰਹ-ਬਕਤਰ, ਜੰਗ ਵਿਚ ਸਰੀਰ ਦੀ ਰਾਖੀ ਵਾਸਤੇ ਪਾਈ ਹੋਈ ਲੋਹੇ ਦੀ ਪੁਸ਼ਾਕ।

ਅਰਥ: ਸਤਿਗੁਰੂ ਅਗੰਮ ਪੁਰਖ ਹੈ ਜਿਸ ਨੇ ਹਿਰਦੇ ਵਿਚ ਪ੍ਰਭੂ ਨੂੰ ਪਰੋਤਾ ਹੋਇਆ ਹੈ। ਸਤਿਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਸਿਰਜਨਹਾਰ ਉਸ ਦੇ ਵੱਲ ਹੈ। ਸਤਿਗੁਰੂ ਦੀ ਖੜਗ ਤੇ ਸੰਜੋਅ ਪ੍ਰਭੂ ਦੀ ਭਗਤੀ ਹੈ ਜਿਸ ਨਾਲ ਉਸ ਨੇ ਕਾਲ (-ਰੂਪ) ਕੰਡੇ ਨੂੰ (ਭਾਵ, ਮੌਤ ਦੇ ਡਰ ਨੂੰ) ਮਾਰ ਕੇ ਪਰੇ ਸੁੱਟਿਆ ਹੈ। ਸਤਿਗੁਰੂ ਦਾ ਰਾਖਾ ਪ੍ਰਭੂ ਆਪ ਹੈ ਤੇ ਸਤਿਗੁਰੂ ਦੇ ਪੂਰਨਿਆਂ ਤੇ ਤੁਰਨ ਵਾਲੇ ਸਭਨਾਂ ਨੂੰ ਭੀ ਪ੍ਰਭੂ ਬਚਾ ਲੈਂਦਾ ਹੈ।

ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥ ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥ {ਪੰਨਾ 312}

ਅਰਥ: ਜੋ ਮਨੁੱਖ ਪੂਰੇ ਸਤਿਗੁਰੂ ਦਾ ਬੁਰਾ ਲੋਚਦਾ ਹੈ, ਉਸ ਨੂੰ ਆਪ ਕਰਤਾਰ ਮਾਰਦਾ ਹੈ। ਸੱਚੇ ਹਰੀ ਦੀ ਦਰਗਾਹ ਵਿਚ ਇਹ ਨਿਆਂ ਹੁੰਦਾ ਹੈ, ਤੇ ਹੇ ਨਾਨਕ! ਅਗੰਮ ਹਰੀ ਦਾ ਸਿਮਰਨ ਕੀਤਿਆਂ (ਇਹ ਸਮਝ ਪੈਂਦੀ ਹੈ) ।2।

ਪਉੜੀ ॥ ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥ ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥ ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ ॥ ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥ ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ ॥੨੧॥ {ਪੰਨਾ 312}

ਪਦ ਅਰਥ: ਚਵੇ = ਬੋਲਦੇ ਹਨ। ਜੁਗ = ਮਨੁੱਖਾ ਜਨਮ। ਰਵੇ = ਸਿਮਰਦੇ ਹਨ। ਲਵੇ = ਬੋਲਦੇ ਹਨ। ਗਵੇ = ਪਹੁੰਚਦੇ ਹਨ।

ਅਰਥ: ਜੋ ਮਨੁੱਖ ਸੁੱਤੇ ਹੋਏ ਭੀ ਸੱਚੇ ਹਰੀ ਨੂੰ ਸਿਮਰਦੇ ਹਨ ਤੇ ਉੱਠ ਕੇ ਭੀ ਉਸੇ ਦਾ ਨਾਮ ਉਚਾਰਦੇ ਹਨ, ਮਨੁੱਖਾ ਜਨਮ ਵਿਚ ਇਹੋ ਜਿਹੇ ਮਨੁੱਖ ਵਿਰਲੇ ਹੀ ਲੱਭਦੇ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਇਸ ਤਰ੍ਹਾਂ ਸੱਚੇ ਨਾਮ ਦਾ ਆਨੰਦ ਲੈਂਦੇ ਹਨ। ਮੈਂ ਉਹਨਾਂ ਤੋਂ ਸਦਕੇ ਹਾਂ ਜੋ ਰੋਜ਼ (ਭਾਵ, ਹਰ ਵੇਲੇ) ਸੱਚੇ ਪ੍ਰਭੂ ਦਾ ਨਾਮ ਉਚਾਰਦੇ ਹਨ।

ਜਿਨ੍ਹਾਂ ਮਨੁੱਖਾਂ ਨੂੰ ਮਨ ਵਿਚ ਤੇ ਸਰੀਰ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ (ਭਾਵ, ਜਿਨ੍ਹਾਂ ਨੂੰ ਹਰੀ ਦੀ ਯਾਦ ਭੀ ਤੇ ਹਰੀ ਦੀ ਕਾਰ ਭੀ ਪਿਆਰੀ ਲੱਗਦੀ ਹੈ) ਉਹ ਸੱਚੀ ਦਰਗਾਹ ਵਿਚ ਪਹੁੰਚਦੇ ਹਨ। ਦਾਸ ਨਾਨਕ ਭੀ ਉਸ ਹਰੀ ਦਾ ਨਾਮ ਉਚਾਰਦਾ ਹੈ, ਜੋ ਸਦਾ-ਥਿਰ ਰਹਿਣ ਵਾਲਾ ਹੈ (ਭਾਵ, ਹਰ ਵੇਲੇ ਪਿਆਰਾ ਲੱਗਣ ਵਾਲਾ ਹੈ) । 21।

TOP OF PAGE

Sri Guru Granth Darpan, by Professor Sahib Singh