ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 313 ਸਲੋਕੁ ਮਃ ੪ ॥ ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥ ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥ {ਪੰਨਾ 313} ਅਰਥ: ਸੌਣਾ ਕੀਹ ਤੇ ਜਾਗਣਾ ਕੀਹ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹਨ ਉਹਨਾਂ ਲਈ ਇਹ ਦੋਵੇਂ ਹਾਲਤਾਂ ਇਕੋ ਜਿਹੀਆਂ ਹਨ– ਕਿ ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ। ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ) । ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥ ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥ {ਪੰਨਾ 313} ਅਰਥ: (ਪ੍ਰਭੂ ਦੀ) ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ (ਸੁੱਤਿਆਂ ਤੇ ਜਾਗਦਿਆਂ ਮਿਹਰ ਨਾਲ ਹੀ) ਜੀਵ ਦਾ ਧਿਆਨ (ਨਾਮ ਵਿਚ ਜੁੜਿਆ ਰਹਿੰਦਾ ਹੈ) । (ਚਿੱਤ ਲੋਚਦਾ ਹੈ ਕਿ) ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ। ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥ ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥ {ਪੰਨਾ 313} ਪਦ ਅਰਥ: ਵਾਹੁ ਵਾਹੁ = ਸਿਫ਼ਤਿ-ਸਾਲਾਹ। ਉਠਿ = ਉੱਠ ਕੇ, ਸੁਚੇਤ ਹੋ ਕੇ। ਅਰਥ: (ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ। ਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ।1। ਮਃ ੪ ॥ ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥ ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥ {ਪੰਨਾ 313} ਅਰਥ: ਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੀਏ, ਤਾਂ ਨਾਹ ਮੁੱਕਣ ਵਾਲਾ ਨਾਮ (ਭਾਵ, ਨਾਮ ਦਾ ਖ਼ਜ਼ਾਨਾ) ਮਿਲ ਜਾਂਦਾ ਹੈ, ਦਾਤਾਂ ਦੇਣ ਵਾਲਾ ਹਰੀ (ਨਾਮ ਦੀ ਇਹ) ਦਾਤਿ ਬਖ਼ਸ਼ਦਾ ਹੈ ਤੇ (ਨਾਮ) ਸੰਸਾਰ-ਸਾਗਰ ਵਿਚ ਡੁਬੱਦੇ ਨੂੰ ਕੱਢ ਲੈਂਦਾ ਹੈ। ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥ ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥ {ਪੰਨਾ 313} ਅਰਥ: ਜੋ ਸ਼ਾਹ ਨਾਮ (ਦੀ ਰਾਸਿ) ਨਾਲ ਵਪਾਰ ਕਰਦੇ ਹਨ ਉਹ ਵਡਭਾਗੀ ਹਨ, (ਕਿਉਂਕਿ ਇਹੋ ਜਿਹਾ) ਵਣਜ ਕਰਨ ਵਾਲੇ ਜੋ ਸਿੱਖ (ਸਤਿਗੁਰੂ ਦੇ ਕੋਲ) ਆਉਂਦੇ ਹਨ, (ਸਤਿਗੁਰੂ ਉਹਨਾਂ ਨੂੰ ਆਪਣੇ) ਸ਼ਬਦ ਰਾਹੀਂ (ਭਉਜਲ ਤੋਂ) ਪਾਰ ਉਤਾਰ ਦੇਂਦਾ ਹੈ। ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥ {ਪੰਨਾ 313} ਅਰਥ: (ਪਰ) ਹੇ ਦਾਸ ਨਾਨਕ! ਸਿਰਜਣਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ, ਜਿਨ੍ਹਾਂ ਤੇ ਪ੍ਰਭੂ ਆਪ ਮਿਹਰ ਕਰਦਾ ਹੈ।2। ਪਉੜੀ ॥ ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥ ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥ ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥ ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥ ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥ {ਪੰਨਾ 313} ਪਦ ਅਰਥ: ਕੰਟਕੁ = ਕੰਡਾ। ਸੇਵਨਿ = ਸਿਮਰਦੇ ਹਨ। ਅਰਥ: ਜੋ ਮਨੁੱਖ ਸੱਚੇ ਹਰੀ ਦਾ ਸਚ-ਮੁਚ ਭਜਨ ਕਰਦੇ ਹਨ, ਉਹੋ ਹੀ ਸੱਚੇ ਦੇ ਭਗਤ (ਕਹੀਦੇ) ਹਨ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਖੋਜ ਕੇ ਢੂੰਢਦੇ ਹਨ (ਭਾਵ, ਜਤਨ ਨਾਲ ਭਾਲਦੇ ਹਨ) ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਸੱਚਾ ਸਾਈਂ ਸਚ-ਮੁਚ ਸੇਵਿਆ ਹੈ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਹੈ, (ਭਾਵ, ਉਹਨਾਂ ਨੂੰ ਕਾਲ ਕੰਡੇ ਵਾਂਗ ਦੁਖਦਾਈ ਨਹੀਂ ਜਾਪਦਾ) । ਜੋ ਸੱਚਾ ਹਰੀ ਸਭ ਤੋਂ ਵੱਡਾ ਹੈ, ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ, ਉਹ ਉਸ ਵਿਚ ਹੀ ਲੀਨ ਹੋ ਜਾਂਦੇ ਹਨ। ਧੰਨ ਹੈ ਸੱਚਾ ਪ੍ਰਭੂ, ਧੰਨ ਹੈ ਸੱਚਾ ਪ੍ਰਭੂ (ਇਸ ਤਰ੍ਹਾਂ) ਜੋ ਮਨੁੱਖ ਸਚ-ਮੁਚ ਸੱਚੇ ਦੀ ਅਰਾਧਨਾ ਕਰਦੇ ਹਨ, ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ (ਭਾਵ, ਉਹ ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਹਨ) । 22। ਸਲੋਕ ਮਃ ੪ ॥ ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥ ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥ {ਪੰਨਾ 313} ਪਦ ਅਰਥ: ਮੁਗਧੁ = ਮੂਰਖ। ਮਨੂਆ = ਹੋਛਾ ਮਨ। ਅਰਥ: ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ। ਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿਚ ਪੈਂਦਾ ਹੈ। ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥ ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥ {ਪੰਨਾ 313} ਪਦ ਅਰਥ: ਜਨਮ ਮਰਣ ਦੁਖੁ = ਜਨਮ ਤੋਂ ਮਰਨ ਤੱਕ ਦਾ ਦੁੱਖ, ਸਾਰੀ ਉਮਰ ਦਾ ਦੁਖ। ਅਰਥ: ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ (ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣ ਤੋਂ ਬਚਾ ਲੈਂਦਾ ਹੈ) । (ਇਸ ਵਾਸਤੇ) ਹੇ ਦਾਸ ਨਾਨਕ! ਤੂੰ ਭੀ ਨਾਮ ਦੀ ਸਿਫ਼ਤਿ-ਸਾਲਾਹ ਕਰ (ਤਾ ਕਿ) ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ।1। ਮਃ ੪ ॥ ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥ ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥ {ਪੰਨਾ 313} ਪਦ ਅਰਥ: ਬਹੁ ਬਿਧਿ = ਕਈ ਤਰ੍ਹਾਂ। ਰੰਗਿ = ਪਿਆਰ ਵਿਚ। ਸੁਭਾਇ = ਸੁਭਾਉ ਵਿਚ। ਸੇਤੀ = ਨਾਲ। ਅਰਥ: (ਮਨ ਲੋਚਦਾ ਹੈ ਕਿ) ਕਈ ਤਰ੍ਹਾਂ (ਭਾਵ, ਕਈ ਤਰ੍ਹਾਂ ਦੇ ਵਲਵਲਿਆਂ ਨਾਲ) ਪਿਆਰੇ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਲੀਨ ਹੋ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਾਂ। ਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ, (ਗੁਰੂ ਨੇ ਮੇਰੇ ਮਨ ਨੂੰ) ਸਵਾਰ ਬਣਾ ਦਿੱਤਾ ਹੈ। ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥ ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥ {ਪੰਨਾ 313} ਅਰਥ: ਮੇਰੀ ਜੀਭ ਸਿਫ਼ਤਿ-ਸਾਲਾਹ ਕਰ ਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ (ਨਿਹੁਂ) ਲਾ ਕੇ ਨਹੀਂ ਰੱਜਦਾ। (ਰੱਜੇ ਭੀ ਕਿਵੇਂ?) ਹੇ ਨਾਨਕ! ਮਨ ਵਿਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸੁਆਦ ਚੱਖ ਲਏ।2। ਪਉੜੀ ॥ ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥ ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥ ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥ ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥ ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥ {ਪੰਨਾ 313} ਪਦ ਅਰਥ: ਹਾਜਰੁ = ਪ੍ਰਤੱਖ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਅਰਥ: ਜਿਸ ਪ੍ਰਭੂ ਨੇ ਦਿਨ ਤੇ ਰਾਤ (ਵਰਗੇ ਕੌਤਕ) ਬਣਾਏ ਹਨ, ਉਹ ਸੱਚਾ ਪ੍ਰਭੂ (ਇਸ) ਕੁਦਰਤਿ ਤੋਂ ਹੀ ਸਚ-ਮੁਚ (ਵੱਡੀਆਂ ਵਡਿਆਈਆਂ ਵਾਲਾ) ਮਲੂਮ ਹੁੰਦਾ ਹੈ; (ਮੇਰਾ ਮਨ ਚਾਹੁੰਦਾ ਹੈ ਕਿ) ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂ ਤੇ ਵਡਿਆਈ ਆਖਾਂ। ਸਲਾਹੁਣ-ਜੋਗ ਹਰੀ ਸੱਚਾ ਹੈ, ਉਸ ਦੀ ਵਡਿਆਈ ਭੀ ਥਿਰ ਰਹਿਣ ਵਾਲੀ ਹੈ, ਪਰ ਕਿਸੇ ਉਸ ਦੀ ਕੀਮਤ ਨਹੀਂ ਪਾਈ, ਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿੱਸ ਪੈਂਦੀਆਂ ਹਨ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ (ਭਾਵ, ਆਪਾ ਗਵਾ ਕੇ) ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ। 23। ਸਲੋਕ ਮਃ ੪ ॥ ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥ ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥ {ਪੰਨਾ 313} ਪਦ ਅਰਥ: ਵਿਸਟੁ = ਵਿਚੋਲਾ। ਜਿਨਿ = ਜਿਸ ਗੁਰੂ ਨੇ। ਅਰਥ: ਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ (ਅੰਤ ਨੂੰ) ਭਾਲ ਕੇ ਪ੍ਰਭੂ ਲੱਭ ਹੀ ਲਿਆ (ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀ ਸਾਂ ਸਕਦਾ) । ਮੈਨੂੰ ਸਤਿਗੁਰੂ ਵਕੀਲ ਮਿਲ ਪਿਆ, ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ।1। ਮਃ ੩ ॥ ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ {ਪੰਨਾ 313} ਪਦ ਅਰਥ: ਰੋਲ ਘਚੋਲਾ = ਰੌਲਾ-ਗੌਲਾ। ਅਰਥ: ਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ (ਸਤਿਗੁਰੂ ਵਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦਾ ਦਰਸ਼ਨ ਕਰ ਕੇ ਪਤੀਜ ਸਕਦਾ ਹੈ, ਤੇ ਨਾ ਹੀ ਉਪਦੇਸ਼ ਸੁਣ ਕੇ) । ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, (ਪਰ) (ਮਾਇਆ ਦਾ) ਖਪਾਉਣ ਵਾਲਾ (ਭਾਵ, ਸਿਰ-ਦਰਦੀ ਕਰਾਉਣ ਵਾਲਾ) ਰੌਲਾ ਬਹੁਤ (ਪਸੰਦ ਕਰਦਾ ਹੈ) । ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥ ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥ {ਪੰਨਾ 313} ਪਦ ਅਰਥ: ਗੁਰਮੁਖਿ ਜਾਪੈ = ਗੁਰਮੁਖ ਦੀ ਪਛਾਣ ਇਹ ਹੈ ਕਿ। ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ, ਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ। ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥ ਨਾਨਕ ਵਜਦਾ ਜੰਤੁ ਵਜਾਇਆ ॥੨॥ {ਪੰਨਾ 313} ਅਰਥ: (ਪਰ ਮਾਇਆਧਾਰੀ ਜਾਂ ਗੁਰਮੁਖਿ ਦੇ ਕੀਹ ਹੱਥ?) ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ। ਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ) ।2। |
Sri Guru Granth Darpan, by Professor Sahib Singh |