ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 314

ਪਉੜੀ ॥ ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥ ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥ ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥ ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥ ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥ {ਪੰਨਾ 314}

ਪਦ ਅਰਥ: ਗਣਤ = ਚਿੰਤਾ ਫ਼ਿਕਰ। ਪਰਤੈ = {ਇਸ ਦਾ ਅਰਥ 'ਪਰ ਤੋਂ' ਕਰਨਾ ਗ਼ਲਤ ਹੈ, 'ਤੋਂ' ਵਾਸਤੇ ਲਫ਼ਜ਼ 'ਤੇ' ਚਾਹੀਦਾ ਸੀ। 'ਪਰਤੈ' ਇਕੱਠਾ ਇਕੋ ਲਫ਼ਜ਼ ਹੈ} ਪਰਤਿਆ, ਪਰਤਾਇਆ।

ਅਰਥ: ਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ) , ਤੂੰ ਉਹ ਸਾਰਾ ਜਾਣਦਾ ਹੈਂ, ਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ, (ਕਿਉਂਕਿ) ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਰੀ (ਸ੍ਰਿਸ਼ਟੀ ਦੀ) ਬਨਾਵਟ ਹੀ ਤੇਰੀ ਬਣਾਈ ਹੋਈ ਹੈ। ਹੇ ਹਰੀ! ਤੂੰ ਹਰੇਕ ਘਟ ਵਿਚ ਵਿਆਪਕ ਹੈਂ, ਤੇਰੇ ਕੌਤਕ (ਅਸਚਰਜ) ਹਨ। (ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਭੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ) ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਹਰੀ ਨੂੰ ਲੱਭਾ ਹੈ, (ਮਾਇਆ) ਦੇ ਕਿਸੇ (ਅਡੰਬਰ) ਨੇ ਉਹਨਾਂ ਨੂੰ ਹਰੀ ਵਲੋਂ ਪਰਤਾਇਆ ਨਹੀਂ। 24।

ਸਲੋਕੁ ਮਃ ੪ ॥ ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥ ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥ ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥ {ਪੰਨਾ 314}

ਪਦ ਅਰਥ: ਦ੍ਰਿੜੁ = ਪੱਕਾ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਰਣ ਜੀਵਣ ਕੀ ਚਿੰਤਾ = ਸਾਰੀ ਉਮਰ ਦੀ ਚਿੰਤਾ।

ਅਰਥ: (ਜੇ) ਸਤਿਗੁਰੂ ਦੇ ਸਨਮੁਖ ਹੋ ਕੇ ਮਨ (ਪ੍ਰਭੂ ਦੀ ਯਾਦ ਵਿਚ) ਜੋੜੀਏ (ਤੇ) ਇਸ ਮਨ ਨੂੰ ਪੱਕਾ ਕਰ ਕੇ ਰੱਖੀਏ (ਜਿਵੇਂ ਇਹ ਮਾਇਆ ਵਲ ਨਾ ਦੌੜੇ) , (ਤੇ ਜੇ) ਬਹਿੰਦਿਆਂ ਉਠਦਿਆਂ (ਭਾਵ, ਕਾਰ ਕਿਰਤ ਕਰਦਿਆਂ) ਕਦੇ ਇਕ ਦਮ ਭੀ (ਨਾਮ) ਨਾ ਵਿਸਾਰੀਏ, (ਤਾਂ) ਇਹ ਜੀਵ ਹਰੀ ਦੇ ਵੱਸ ਵਿਚ (ਆ ਜਾਂਦਾ ਹੈ। ਭਾਵ, ਆਪਣਾ ਆਪਾ ਉਸ ਦੇ ਹਵਾਲੇ ਕਰ ਦੇਂਦਾ ਹੈ, ਤੇ) ਇਸ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ।

ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥ {ਪੰਨਾ 314}

ਅਰਥ: (ਹੇ ਹਰੀ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੈਨੂੰ) ਦਾਸ ਨਾਨਕ ਨੂੰ ਨਾਮ ਦੀ ਦਾਤਿ ਬਖ਼ਸ਼ (ਕਿਉਂਕਿ ਨਾਮ ਹੀ ਹੈ ਜੋ ਮਨ ਦੀ ਚਿੰਤਾ ਝੋਰੇ ਨੂੰ ਮਿਟਾ ਸਕਦਾ ਹੈ) ।1।

ਮਃ ੩ ॥ ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥ ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥ {ਪੰਨਾ 314}

ਪਦ ਅਰਥ: ਖਿਨੁ = ਪਲਕ ਵਿਚ। ਸੀਝੈ = ਕਾਮਯਾਬ ਹੋਵੇ।

ਅਰਥ: ਅਹੰਕਾਰ ਵਿਚ ਮੱਤਾ ਹੋਇਆ ਮਨਮੁਖ (ਸਤਿਗੁਰੂ ਦੇ) ਨਿਵਾਸ-ਅਸਥਾਨ (ਭਾਵ, ਸਤਸੰਗ) ਨੂੰ ਨਹੀਂ ਪਛਾਣਦਾ ਹਰ ਵੇਲੇ ਜਕੋ-ਤੱਕਿਆਂ ਵਿਚ ਰਹਿੰਦਾ ਹੈ (ਭਾਵ, ਘੜੀ ਤੋਲਾ ਘੜੀ ਮਾਸਾ) । ਸਦਾ ਸੱਦਦੇ ਰਹੀਏ ਤਾਂ ਭੀ ਉਹ ਸਤਸੰਗ ਵਿਚ ਨਹੀਂ ਆਉਂਦਾ (ਇਸ ਵਾਸਤੇ) ਉਹ ਹਰੀ ਦੀ ਦਰਗਾਹ ਵਿਚ ਭੀ ਕਿਵੇਂ ਸੁਰਖ਼ਰੂ ਹੋਵੇ? (ਭਾਵ, ਨਹੀਂ ਹੋ ਸਕਦਾ) !

ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥ ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥ {ਪੰਨਾ 314}

ਪਦ ਅਰਥ: ਕਰ = ਹੱਥ। ਲਏ ਬਹੋੜਿ = (ਮਨਮੁਖਤਾ ਵਲੋਂ) ਮੋੜ ਲੈਂਦਾ ਹੈ।

ਅਰਥ: ਸਤਿਗੁਰੂ ਦੇ ਟਿਕਾਣੇ ਦੀ (ਭਾਵ, ਸਤਸੰਗ ਦੀ) ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖੇ (ਭਾਵ, ਮਨ ਨੀਵਾਂ ਰੱਖ ਕੇ ਯਾਦ ਵਿਚ ਜੁੜਿਆ ਰਹੇ) । ਹੇ ਨਾਨਕ! ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ (ਮਨਮੁਖਤਾ ਵਲੋਂ) ਮੋੜ ਲੈਂਦਾ ਹੈ।2।

ਪਉੜੀ ॥ ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥ ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥ {ਪੰਨਾ 314}

ਪਦ ਅਰਥ: = ਕਸੰਮਲ = ਪਾਪ। ਭੰਨੇ = ਨਾਸ ਹੋ ਜਾਂਦੇ ਹਨ। ਕੰਨੀ ਸੁਣਿਆ = ਗਹੁ ਨਾਲ ਸੁਣਿਆ। ਵੰਨ = ਰੰਗਣ। ਦੀਖਿਆ = ਸਿੱਖਿਆ।

ਅਰਥ: ਜਿਸ ਸੇਵਾ ਨਾਲ ਸਤਿਗੁਰੂ ਦਾ ਮਨ (ਸਿੱਖ ਤੇ) ਪਤੀਜ ਜਾਏ, ਉਹੋ ਸੇਵਾ ਕੀਤੀ ਹੋਈ ਲਾਹੇਵੰਦੀ ਹੈ, (ਕਿਉਂਕਿ ਜਦੋਂ) ਸਤਿਗੁਰੂ ਦਾ ਮਨ ਪਤੀਜੇ, ਤਦੋਂ ਹੀ ਵਿਕਾਰ ਪਾਪ ਭੀ ਦੂਰ ਹੋ ਜਾਂਦੇ ਹਨ। (ਪਤੀਜ ਕੇ) ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ, (ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ। 'ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ ਵਿਚ) ਭਿੱਜਦਾ ਹੈ' = ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ) ਨਿਰਾਲਾ ਹੈ। 25।

ਸਲੋਕੁ ਮਃ ੩ ॥ ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥ ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥ {ਪੰਨਾ 314}

ਅਰਥ: ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ ਹੈ, ਉਸ ਨੂੰ ਨਾ ਥਾਂ ਨਾਹ ਖਿੱਤਾ। ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਚ ਜਾਂਦੇ ਹਨ, ਹਰੀ ਦੀ ਦਰਗਾਹ ਵਿਚ (ਭੀ) ਥਾਂ ਨਹੀਂ ਸੂ ਮਿਲਦੀ।

ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥ ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥ {ਪੰਨਾ 314}

ਪਦ ਅਰਥ: ਗਣਤ = ਨਿੰਦਿਆ।

ਅਰਥ: (ਅਜਿਹੇ ਬੰਦਿਆਂ ਨੂੰ) ਫੇਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੀ ਚਰਨੀਂ ਲੱਗ ਸਕਣ, (ਕਿਉਂਕਿ) ਸਤਿਗੁਰੂ ਦੀ ਨਿੰਦਾ ਕਰਨ ਵਿਚ (ਇਕ ਵਾਰੀ ਜੇ) ਖੁੰਝ ਜਾਈਏ ਤਾਂ ਨਿਰੋਲ ਦੁੱਖਾਂ ਵਿਚ ਹੀ ਉਮਰ ਬੀਤਦੀ ਹੈ।

ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥ ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥ {ਪੰਨਾ 314}

ਪਦ ਅਰਥ: ਜਿਸੁ = ਉਸ (ਨਿੰਦਕ) ਨੂੰ। ਵੇਖਾਲਿਓਨੁ = ਵਿਖਾਲਿਆ ਉਸ (ਪ੍ਰਭੂ) ਨੇ।

ਅਰਥ: (ਪਰ) ਮਰਦ (ਭਾਵ, ਸੂਰਮਾ) ਸਤਿਗੁਰੂ (ਅਜਿਹਾ) ਨਿਰਵੈਰ ਹੈ ਕਿ ਉਸ (ਨਿੰਦਕ) ਨੂੰ ਭੀ ਆਪੇ (ਭਾਵ, ਆਪਣੇ ਆਪ ਮਿਹਰ ਕਰ ਕੇ ਚਰਨੀਂ) ਲਾ ਲੈਂਦਾ ਹੈ, ਤੇ ਹੈ ਨਾਨਕ! ਜਿਨ੍ਹਾਂ ਨੂੰ ਹਰੀ, ਗੁਰੂ ਦਾ ਦਰਸ਼ਨ ਕਰਾਉਂਦਾ ਹੈ, ਉਹਨਾਂ ਨੂੰ ਦਰਗਾਹ ਵਿਚ ਛੁਡਾ ਲੈਂਦਾ ਹੈ।1।

ਮਃ ੩ ॥ ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥ ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥ {ਪੰਨਾ 314}

ਪਦ ਅਰਥ: ਅਗਿਆਨੁ = ਵਿਚਾਰ-ਹੀਣ।

ਅਰਥ: ਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ, ਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ (ਵਿਸ਼ਿਆਂ ਦੇ) ਜੂਏ ਵਿਚ ਅਕਲ ਗਵਾ ਲੈਂਦਾ ਹੈ।

ਕੂੜੁ ਕੁਸਤੁ ਓਹੁ ਪਾਪ ਕਮਾਵੈ ॥ ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥ {ਪੰਨਾ 314}

ਅਰਥ: ਉਹ (ਸਦਾ) ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ (ਇਸ ਵਾਸਤੇ) ਉਹ ਸੁਣੇ ਕੀਹ ਤੇ (ਕਿਸੇ ਨੂੰ) ਆਖ ਕੇ ਸੁਣਾਵੇ ਕੀਹ? (ਭਾਵ, ਕੂੜ-ਕੁਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ, ਨਾਹ ਉਹ ਪ੍ਰਭੂ ਦੀ ਬੰਦਗੀ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਸੁਣਾਂਦਾ ਹੈ) ।

ਅੰਨਾ ਬੋਲਾ ਖੁਇ ਉਝੜਿ ਪਾਇ ॥ ਮਨਮੁਖੁ ਅੰਧਾ ਆਵੈ ਜਾਇ ॥ {ਪੰਨਾ 314}

ਪਦ ਅਰਥ: ਖੁਇ = ਖੁੰਝ ਕੇ। ਉਝੜਿ = ਕੁਰਾਹੇ।

ਅਰਥ: (ਸਤਿਗੁਰੂ ਦੇ ਦਰਸ਼ਨ ਵਲੋਂ) ਅੰਨ੍ਹਾ (ਤੇ ਉਪਦੇਸ਼ ਵਲੋਂ) ਬੋਲਾ ਖੁੰਝ ਕੇ ਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿੱਤ ਜੰਮਦਾ ਮਰਦਾ ਹੈ।

ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥ ਨਾਨਕ ਪੂਰਬਿ ਲਿਖਿਆ ਕਮਾਇ ॥੨॥ {ਪੰਨਾ 314}

ਅਰਥ: ਸਤਿਗੁਰੂ ਨੂੰ ਮਿਲਣ ਤੋਂ ਬਿਨਾ (ਦਰਗਾਹ ਵਿਚ) ਕਬੂਲ ਨਹੀਂ ਪੈਂਦਾ, (ਕਿਉਂਕਿ) ਹੇ ਨਾਨਕ! ਮੁਢ ਤੋਂ (ਕੀਤੇ ਮੰਦੇ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਉਸ ਦੇ ਮਨ ਵਿਚ) ਲਿਖੇ ਗਏ ਹਨ (ਉਹਨਾਂ ਦੇ ਅਨੁਸਾਰ ਹੁਣ ਭੀ ਮੰਦੇ ਕੰਮ ਹੀ) ਕਰੀ ਜਾਂਦਾ ਹੈ।2।

ਪਉੜੀ ॥ ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥ ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥ ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥ {ਪੰਨਾ 314}

ਪਦ ਅਰਥ: ਚਿਤ = ਚਿੱਤ ਨੂੰ। ਉਦਾਸਿ = ਉਦਾਸੀ। ਝਤਿ ਕਢਦੇ = ਸਮਾ ਲੰਘਾਂਦੇ ਹਨ। ਗਡਈ = ਰਲਦਾ। ਨਿਰਜਾਸਿ = ਨਿਖੇੜਾ ਕਰ ਕੇ।

ਅਰਥ = ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ (ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ। ਓਥੇ (ਸਤਿਗੁਰੂ ਦੀ ਸੰਗਤ ਵਿਚ ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ। (ਸਤਿਗੁਰੂ ਦੀ ਸੰਗਤ ਵਿਚ) ਓਹ ਵਲ-ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ ਪਾਸ ਹੀ ਜਾ ਬਹਿੰਦੇ ਹਨ। ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ) । ਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ। 26।

TOP OF PAGE

Sri Guru Granth Darpan, by Professor Sahib Singh