ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 315

ਸਲੋਕ ਮਃ ੫ ॥ ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥ {ਪੰਨਾ 315}

ਅਰਥ: (ਜਨਮ ਜਨਮਾਂਤਰਾਂ ਤੋ ਪਾਪ ਕਰ ਕੇ ਨਿੰਦਕ ਮਨੁੱਖ ਬਹੁਤਾ ਕੁਝ ਤਾਂ ਅੱਗੇ ਹੀ ਨਾਮ ਵਲੋਂ ਮਰ ਚੁਕਦੇ ਹਨ) ਬਾਕੀ ਜੋ ਥੋੜੇ ਬਹੁਤ (ਭਲੇ ਸੰਸਕਾਰ ਰਹਿ ਜਾਂਦੇ ਹਨ) ਉਹਨਾਂ ਨੂੰ ਪ੍ਰਭੂ ਨੇ ਆਪ ਉੱਦਮ ਕਰ ਕੇ (ਭਾਵ, ਨਿੰਦਕਾਂ ਨੂੰ ਨਿੰਦਾ ਵਾਲੇ ਪਾਸੇ ਲਾ ਕੇ ਮੁਕਾ ਦਿੱਤਾ) ਤੇ, ਹੇ ਨਾਨਕ! ਸੰਤ ਜਨਾਂ ਦਾ ਰਾਖਾ ਹਰੀ ਸਭ ਥਾਈਂ ਪਰਗਟ ਖੇਲ ਕਰ ਰਿਹਾ ਹੈ।1।

ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}

ਅਰਥ: ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ? (ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।2।

ਪਉੜੀ ੫ ॥ ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥ ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ ਸੰਨ੍ਹ੍ਹੀ ਦੇਨ੍ਹ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥ ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥ {ਪੰਨਾ 315}

ਪਦ ਅਰਥ: ਫਾਹੇ = ਕਮੰਦ। ਅੰਦਰਿ ਠਾਣੀ = ਅੰਦਰਲੇ ਥਾਈਂ। ਲੁਕਿ = ਲੁਕ ਕੇ। ਵਿਖੰਮ = ਔਖਾ। ਮਦੁ-ਸ਼ਰਾਬ।

ਅਰਥ: ਮਨੁੱਖ ਰਾਤ ਨੂੰ ਫਾਹੇ ਲੈ ਕੇ (ਪਰਾਏ ਘਰਾਂ ਨੂੰ ਲੁੱਟਣ ਲਈ) ਤੁਰਦੇ ਹਨ (ਪਰ) ਪ੍ਰਭੂ ਉਹਨਾਂ ਨੂੰ ਜਾਣਦਾ ਹੈ, ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵਲ ਤੱਕਦੇ ਹਨ, ਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਛਤਾਉਂਦੇ ਹਨ, (ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ ਘਾਣੀ ਵਿਚ ਤਿਲ। 27।

ਸਲੋਕ ਮਃ ੫ ॥ ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥ ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥ {ਪੰਨਾ 315}

ਅਰਥ: ਜੋ ਮਨੁੱਖ ਸੱਚੇ ਸ਼ਾਹ (ਪ੍ਰਭੂ) ਦੇ ਸੇਵਕ ਹਨ ਉਹੋ ਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦੇ ਹਨ। ਹੇ ਨਾਨਕ! ਜੋ (ਉਸ ਸੱਚੇ ਸ਼ਾਹ ਨੂੰ ਛੱਡ ਕੇ) ਦੂਜੇ ਦੀ ਸੇਵਾ ਕਰਦੇ ਹਨ, ਉਹ ਮੂਰਖ ਖਪ ਖਪ ਕੇ ਮਰਦੇ ਹਨ।1।

ਮਃ ੫ ॥ ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥ ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥ {ਪੰਨਾ 315}

ਅਰਥ: ਹੇ ਪ੍ਰਭੂ! ਮੁਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਜੋ (ਸੰਸਕਾਰ-ਰੂਪ) ਲੇਖ (ਹਿਰਦੇ ਵਿਚ) ਉੱਕਰਿਆ ਗਿਆ ਹੈ, ਉਹ ਮਿਟਾਇਆ ਨਹੀਂ ਜਾ ਸਕਦਾ। (ਪਰ ਹਾਂ) ਹੇ ਨਾਨਕ! ਪ੍ਰਭੂ ਦਾ ਨਾਮ-ਧਨ ਤੇ ਸੌਦਾ (ਇਕੱਠਾ ਕਰੋ) , ਨਾਮ ਸਦਾ ਸਿਮਰੋ (ਇਸ ਤਰ੍ਹਾਂ ਪਿਛਲਾ ਲੇਖ ਮਿਟ ਸਕਦਾ ਹੈ) ।2।

ਪਉੜੀ ੫ ॥ ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥ ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥ ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥ {ਪੰਨਾ 315}

ਪਦ ਅਰਥ: ਨਾਰਾਇਣਿ = ਨਾਰਾਇਣ ਤੋਂ। ਨਾਠੂੰਗੜਾ = ਠੇਡਾ, ਨੱਠਣ ਲਈ ਧੱਕਾ। ਅਮਿਤਿਆ-ਬੇਅੰਤ। ਵਿਸੋ = ਵਿਹੁ ਹੀ। ਭਖੈ = ਸਕਦਾ ਹੈ। ਅਲਖੈ = ਅਲੱਖ, ਅਦ੍ਰਿਸ਼ਟ।

ਅਰਥ: ਜਿਸ ਮਨੁੱਖ ਨੂੰ ਰੱਬ ਵਲੋਂ ਹੀ ਠੇਡਾ ਵੱਜੇ, ਉਹ (ਜ਼ਿੰਦਗੀ ਦੇ ਸਹੀ ਰਾਹ ਤੇ) ਟਿਕ ਨਹੀਂ ਸਕਦਾ। ਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ, ਸਦਾ (ਵਿਕਾਰਾਂ ਦੀ) ਵਿਹੁ ਹੀ ਚੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ) । ਦੂਜਿਆਂ ਦੇ ਐਬ ਢੂੰਢ ਢੂੰਢ ਕੇ ਖ਼ੁਆਰ ਹੁੰਦਾ ਹੈ ਤੇ ਆਪਣੇ ਆਪ ਵਿਚ ਸੜਦਾ ਹੈ। ਉਹ (ਸਮਝੋ) ਸੱਚੇ ਪਰਮਾਤਮਾ ਵਲੋਂ ਮਾਰਿਆ ਹੋਇਆ ਹੈ, ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ। ਹੇ ਨਾਨਕ! (ਇਸ ਵਿਹੁ ਤੋਂ ਬਚਣ ਲਈ) ਉਸ ਅਕਾਲ ਪੁਰਖ ਦੀ ਸ਼ਰਨ ਪਉ ਜੋ ਅਲੱਖ ਹੈ। 28।

ਸਲੋਕ ਮਃ ੫ ॥ ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥ ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥ {ਪੰਨਾ 315}

ਪਦ ਅਰਥ: ਅਕਿਰਤਘਣ = ਕੀਤੇ ਉਪਕਾਰ ਨੂੰ ਵਿਸਾਰਨ ਵਾਲੇ, ਦਾਤਾਰ ਨੂੰ ਭੁਲਾਣ ਵਾਲੇ।

ਅਰਥ: ਅਕਿਰਤਘਣ ਮਨੁੱਖ ਉਸ ਪ੍ਰਭੂ ਵਲੋਂ ਮਾਰੇ ਹੋਏ ਹੁੰਦੇ ਹਨ, ਬਹੁਤ ਭਾਰੇ ਦੁੱਖ-ਰੂਪ ਘੋਰ ਨਰਕ ਉਹਨਾਂ ਦਾ ਟਿਕਾਣਾ ਹੈ। ਹੇ ਨਾਨਕ! (ਇਹਨਾਂ ਦੁੱਖਾਂ ਵਿਚ) ਉਹ ਖ਼ੁਆਰ ਹੋ ਹੋ ਕੇ ਮਰਦੇ ਹਨ।1।

ਮਃ ੫ ॥ ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥ ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥ {ਪੰਨਾ 315}

ਪਦ ਅਰਥ: ਅਵਖਧ = ਦਵਾਈਆਂ, ਦਾਰੂ। ਕੀਤਿਅਨੁ = ਕੀਤੇ ਹਨ ਉਸ ਪ੍ਰਭੂ ਨੇ। ਪਾਹਿ = ਪੈਂਦੇ ਹਨ।

ਅਰਥ: ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ (ਭਾਵ, ਹੋ ਸਕਦੇ ਹਨ) , ਪਰ ਨਿੰਦਕਾਂ (ਦੇ ਨਿੰਦਾ-ਰੋਗ ਦਾ) ਕੋਈ ਇਲਾਜ ਨਹੀਂ। ਹੇ ਨਾਨਕ! ਪ੍ਰਭੂ ਨੇ ਆਪ ਉਹ ਭੁਲੇਖੇ ਵਿਚ ਪਾਏ ਹੋਏ ਹਨ (ਇਸ ਆਪਣੇ ਕੀਤੇ ਦੇ ਅਨੁਸਾਰ) ਨਿੰਦਕ ਖਪ ਖਪ ਕੇ ਜੂਨੀਆਂ ਵਿਚ ਪੈਂਦੇ ਹਨ।2।

ਪਉੜੀ ੫ ॥ ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥ ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥ ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥ ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥ ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥ {ਪੰਨਾ 315}

ਪਦ ਅਰਥ = ਤੁਸਿ = ਤੁੱਠ ਕੇ। ਬੁਟੁ = ਬੋਟ ਵਾਂਗ ਨਿਆਸਰੇ।

ਅਰਥ: (ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾ ਮੁੱਕਣ ਵਾਲਾ ਧਨ ਪਰਸੰਨ ਹੋ ਕੇ ਦਿੱਤਾ ਹੈ, ਉਹਨਾਂ ਦੇ ਸਾਰੇ ਫ਼ਿਕਰ ਮਿਟ ਜਾਂਦੇ ਹਨ ਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ (ਅਤੇ ਉਹਨਾਂ ਦੇ) ਕਾਮ ਕਰੋਧ ਆਦਿਕ ਪਾਪ ਸੰਤਾਂ ਦੀ ਸੰਗਤ ਵਿਚ ਮੁੱਕ ਜਾਂਦੇ ਹਨ; ਪਰ ਜੋ ਮਨੁੱਖ ਸੱਚੇ ਹਰੀ ਤੋਂ ਬਿਨਾ ਕਿਸੇ ਹੋਰ ਦੀ ਸੇਵਾ ਕਰਦੇ ਹਨ, ਉਹ ਬੋਟ ਹੋ ਕੇ (ਭਾਵ, ਨਿਆਸਰੇ ਹੋ ਕੇ) ਮਰਦੇ ਹਨ। ਹੇ ਨਾਨਕ! ਜਿਸ ਮਨੁੱਖ ਤੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ ਬਖ਼ਸ਼ਿਸ਼ ਕੀਤੀ ਹੈ ਉਹ ਨਿਰੋਲ ਨਾਮ ਵਿਚ ਜੁਟਿਆ ਹੋਇਆ ਹੈ। 29।

ਸਲੋਕ ਮਃ ੪ ॥ ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥ ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥ {ਪੰਨਾ 315}

ਪਦ ਅਰਥ: ਜਜਮਾਲਿਆ = ਕੋਹੜੀ। ਅਗੋਦੇ = ਪਹਿਲਾਂ। ਸਤੈ ਦੀ = ਆਦਰ ਦੀ। ਆਣਿ = ਲਿਆ ਕੇ।

ਅਰਥ: ਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ (ਸੱਚਾ) ਤਪੱਸਵੀ ਨਹੀਂ ਹੋ ਸਕਦਾ। ਇਹ ਤਪਾ ਪਹਿਲਾਂ (ਆਪਣੇ ਆਪ) ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ (ਪੰਗਤਿ) ਵਿਚ ਬਿਠਾਲ ਦਿੱਤਾ।

ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥ ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥ {ਪੰਨਾ 315}

ਪਦ ਅਰਥ: ਲੋਭਿ = ਲੋਭ ਵਿਚ।

ਅਰਥ: (ਨਗਰ ਦੇ) ਮੁਖੀ ਬੰਦੇ ਸਾਰੇ ਹੱਸਣ ਲੱਗ ਪਏ (ਤੇ ਆਖਣ ਲੱਗੇ ਕਿ) ਇਹ ਤਪਾ ਲੋਭ ਦੀ ਲਹਿਰ ਵਿਚ ਗਲਿਆ ਪਿਆ ਹੈ। ਜਿੱਥੇ ਥੋਹੜਾ ਧਨ ਵੇਖਦਾ ਹੈ, ਓਥੇ ਤਾਂ ਨੇੜੇ ਛੋਂਹਦਾ ਭੀ ਨਹੀਂ, ਤੇ ਬਹੁਤਾ ਧਨ ਵੇਖਿਆਂ (ਵੇਖ ਕੇ) ਤਪੇ ਨੇ ਆਪਣਾ ਧਰਮ ਹਾਰ ਦਿੱਤਾ ਹੈ।

ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥ {ਪੰਨਾ 315}

ਪਦ ਅਰਥ: ਏਤੁ ਦੋਖੈ = ਇਸ ਐਬ ਦੇ ਕਾਰਨ। ਦਯਿ = ਖਸਮ ਨੇ।

ਅਰਥ: ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ (ਤੇ ਫ਼ੈਸਲਾ ਕੀਤਾ ਹੈ) ਕਿ ਹੇ ਭਾਈ! ਇਹ (ਸੱਚਾ) ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ। ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤਿ ਵਿਚ ਹੈ (ਭਾਵ, ਸੰਸਾਰੀ ਜੀਵਾਂ ਦੀ ਵਡਿਆਈ ਵਿਚ ਖ਼ੁਸ਼ ਹੁੰਦਾ ਹੈ) ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ (ਆਤਮਕ ਜੀਵਨ ਵਲੋਂ) ਮੁਰਦਾ ਕਰ ਦਿੱਤਾ ਹੈ।

ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥ ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ ਅੰਦਰਿ ਬਹੈ ਤਪਾ ਪਾਪ ਕਮਾਏ ॥ ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ {ਪੰਨਾ 315-316}

ਅਰਥ: ਵੇਖੋ! ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ (ਹੁਣ ਤਾਈਂ ਦੀ ਕੀਤੀ ਹੋਈ) ਸਾਰੀ ਘਾਲ ਨਿਸਫਲ ਗਈ ਹੈ। ਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ, ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।

TOP OF PAGE

Sri Guru Granth Darpan, by Professor Sahib Singh