ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 316

ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥ {ਪੰਨਾ 316}

ਪਦ ਅਰਥ: ਕੰਕਰ = ਕਿੰਕਰ, ਦਾਸ, ਦੂਤ। ਖੜਿ = ਲੈ ਜਾ ਕੇ।

ਅਰਥ: ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿਥੇ ਵੱਡੇ ਤੋਂ ਵੱਡੇ ਪਾਪੀ (ਪਾਈਦੇ ਹਨ) , ਫੇਰ (ਓੁਥੇ ਭੀ) ਇਸ ਤਪੇ ਦੇ ਮੂੰਹ ਕੋਈ ਨਾ ਲੱਗਿਓ, (ਕਿਉਂਕਿ) ਇਹ ਤਪਾ ਸਤਿਗੁਰੂ ਵਲੋਂ ਫਿਟਕਾਰਿਆ ਹੋਇਆ ਹੈ (ਗੁਰੂ ਤੋਂ ਵਿੱਛੁੜਿਆ ਹੋਇਆ ਹੈ) ।

ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ ਸੋ ਬੂਝੈ ਜੁ ਦਯਿ ਸਵਾਰਿਆ ॥੧॥ {ਪੰਨਾ 316}

ਅਰਥ: ਹੇ ਨਾਨਕ! ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿਚ ਵਰਤਿਆ ਹੈ ਉਹ ਆਖ ਕੇ ਸੁਣਾ ਦਿੱਤਾ ਹੈ, ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸਮ ਪ੍ਰਭੂ ਨੇ ਸਵਾਰਿਆ ਹੋਇਆ ਹੈ।1।

ਮਃ ੪ ॥ ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥ {ਪੰਨਾ 316}

ਅਰਥ: ਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਭਗਤ ਸਦਾ ਹਰੀ ਦਾ ਕੀਰਤਨ ਗਾਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ (ਜਪਦੇ ਹਨ) ।

ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥ ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ {ਪੰਨਾ 316}

ਪਦ ਅਰਥ: ਬਖਸੀਅਨੁ = ਬਖ਼ਸ਼ੀ ਹੈ ਉਸ ਪ੍ਰਭੂ ਨੇ। ਬਹਾਲਿਅਨੁ = ਬਹਾਲੇ ਹਨ ਉਸ ਪ੍ਰਭੂ ਨੇ। (ਵੇਖੋ 'ਗੁਰਬਾਣੀ ਵਿਆਕਰਣ') ।

ਅਰਥ: ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ (ਜਪਣ) ਦਾ ਗੁਣ ਬਖ਼ਸ਼ਿਆ ਹੈ ਜੋ ਦਿਨੋਂ ਦਿਨ ਸਵਾਇਆ ਵਧਦਾ ਹੈ। ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿਚ ਅਡੋਲ ਕਰ ਦਿੱਤਾ ਹੈ (ਭਾਵ, ਮਾਇਆ ਦੇ ਪਿਛੇ ਨਹੀਂ ਡੋਲਣ ਦੇਂਦਾ) ।

ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥ ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥ ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ {ਪੰਨਾ 316}

ਪਦ ਅਰਥ: ਜੀਇ = ਹਿਰਦੇ ਵਿਚ। ਸਰਪਰ = ਜ਼ਰੂਰ।

ਅਰਥ: ਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ। ਨਿੰਦਕ ਜਿਹੋ ਜਿਹਾ ਆਪਣੇ ਮਨ ਵਿਚ ਕਮਾਂਦੇ ਹਨ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ (ਕਿਉਂਕਿ) ਅੰਦਰ ਬੈਠ ਕੇ ਭੀ ਕੀਤਾ ਹੋਇਆ ਕੰਮ ਜ਼ਰੂਰ ਪਰਗਟ ਹੋ ਜਾਂਦਾ ਹੈ, ਭਾਵੇਂ ਕੋਈ ਧਰਤੀ ਵਿਚ (ਲੁਕ ਕੇ) ਕਰੇ।

ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥ {ਪੰਨਾ 316}

ਅਰਥ: (ਪ੍ਰਭੂ ਦਾ) ਦਾਸ ਨਾਨਕ ਪ੍ਰਭੂ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ।2।

ਪਉੜੀ ਮਃ ੫ ॥ ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥ ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥ ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥ ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥ {ਪੰਨਾ 316}

ਪਦ ਅਰਥ: ਆਇ ਲਗੇ ਨੀ = ਮੁੱਕ ਜਾਂਦੇ ਹਨ। ਲੁਣੀਐ = ਕੱਟੀਦਾ ਹੈ। ਭਣੀਐ = ਅਖਵਾਂਦੇ ਹਨ। ਧਣੀਐ = ਧਣੀ, ਖਸਮ।

ਅਰਥ: ਪ੍ਰਭੂ (ਆਪਣੇ) ਭਗਤਾਂ ਦਾ ਆਪ ਰਾਖਾ ਹੈ, ਪਾਪ ਚਿਤਵਨ ਵਾਲਾ (ਉਹਨਾਂ ਦਾ) ਕੀਹ ਵਿਗਾੜ ਸਕਦਾ ਹੈ? (ਭਾਵ, ਕੁਝ ਵਿਗਾੜ ਨਹੀਂ ਸਕਦਾ) । ਮੂਰਖ ਅਹੰਕਾਰੀ ਮਨੁੱਖ ਅਹੰਕਾਰ ਕਰਦੇ ਹਨ ਤੇ (ਅਹੰਕਾਰ ਰੂਪੀ) ਜ਼ਹਿਰ ਖਾਧਿਆਂ ਮਰਦੇ ਹਨ (ਕਿਉਂਕਿ ਜਿਸ ਜ਼ਿੰਦਗੀ ਤੇ ਮਾਣ ਕਰਦੇ ਹਨ ਉਸ ਦੇ ਗਿਣਤੀ ਦੇ) ਥੋਹੜੇ ਦਿਨ ਆਖ਼ਰ ਮੁੱਕ ਜਾਂਦੇ ਹਨ, ਜਿਵੇਂ ਪੱਕਾ ਫ਼ਸਲ ਕੱਟੀਦਾ ਹੈ ਅਤੇ ਉਹ ਜਿਹੋ ਜਿਹੇ (ਅਹੰਕਾਰ ਦੇ) ਕੰਮ ਕਰਦੇ ਹਨ, (ਦਰਗਾਹ ਵਿਚ ਭੀ) ਉਹੋ ਜਿਹੇ ਅਖਵਾਉਂਦੇ ਹਨ (ਭਾਵ, ਉਹੋ ਜਿਹਾ ਫਲ ਪਾਉਂਦੇ ਹਨ) । (ਪਰ) ਜੋ ਪ੍ਰਭੂ ਸਭ ਦਾ ਮਾਲਕ ਹੈ, ਤੇ ਵੱਡਾ ਹੈ ਉਹ (ਆਪਣੇ) ਦਾਸ ਨਾਨਕ ਦਾ ਰਾਖਾ ਹੈ। 30।

ਸਲੋਕ ਮਃ ੪ ॥ ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ {ਪੰਨਾ 316}

ਪਦ ਅਰਥ: ਮੂਲਹੁ = ਮੁੱਢ ਪਰਮਾਤਮਾ ਤੋਂ।

ਅਰਥ: ਸਤਿਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ, ਲੋਭ ਤੇ ਅਹੰਕਾਰ ਹੈ, ਉਹਨਾਂ ਦਾ ਹਰੇਕ ਦਿਹਾੜਾ (ਭਾਵ, ਸਾਰੀ ਉਮਰ) ਲੱਬ ਲੋਭ ਅਹੰਕਾਰ (ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।

ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥ {ਪੰਨਾ 316}

ਪਦ ਅਰਥ: ਸੁਧਿ = ਹੋਸ਼। ਹਿਰਿ ਲਈ = ਖੋਹ ਲਈ। ਨ ਸੰਤੋਖੀਅਹਿ = ਰੱਜਦੇ ਨਹੀਂ। ਤਿਸਨਾ = ਲਾਲਚ। ਅੰਧ੍ਹ੍ਹਾਰੁ = ਹਨੇਰਾ।

ਅਰਥ: ਕਰਤਾਰ ਨੇ ਉਹਨਾਂ (ਮਨਮੁਖਾਂ) ਦੀ ਹੋਸ਼ ਤੇ ਅਕਲ ਖੋਹ ਲਈ ਹੈ, ਨਿਰਾ ਵਿਕਾਰ ਹੀ ਬੋਲਦੇ ਹਨ (ਭਾਵ, ਨਿਰੇ ਵਿਕਾਰਾਂ ਦੇ ਬਚਨ ਹੀ ਕਰਦੇ ਹਨ) ; ਉਹ ਕਿਸੇ ਭੀ ਦਾਤ (ਦੇ ਮਿਲਣ) ਤੇ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।

ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥ {ਪੰਨਾ 316}

ਅਰਥ: ਹੇ ਨਾਨਕ! (ਇਹੋ ਜਿਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ।1।

ਮਃ ੪ ॥ ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥ ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ {ਪੰਨਾ 316}

ਅਰਥ: ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਇਆ ਦਾ ਪਿਆਰ ਹੈ, ਉਹਨਾਂ (ਦੇ ਹਿਰਦੇ ਵਿਚ) ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਨਿਹੁਂ ਨਹੀਂ ਹੁੰਦਾ।

ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ {ਪੰਨਾ 316}

ਅਰਥ: ਜੋ ਮਨੁੱਖ (ਮਾਇਆ ਮੋਹ-ਰੂਪ) ਕੂੜਾ ਕੰਮ ਕਰਦਾ ਹੈ, ਤੇ (ਜ਼ਬਾਨ ਤੋਂ ਭੀ) ਕੂੜ ਬੋਲਦਾ ਹੈ ਤੇ ਕੂੜ ਵਿਚ ਲੱਗ ਕੇ ਕੂੜ (ਦਾ ਰੂਪ ਹੀ) ਹੋ ਜਾਂਦਾ ਹੈ, ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਵਿਚ ਭਉਂਦਾ ਫਿਰਦਾ ਹੈ, (ਕਿਉਂਕਿ) ਮਾਇਆ ਦਾ ਮੋਹ (-ਰੂਪ ਕੂੜ) ਨਿਰੋਲ ਦੁੱਖ (ਦਾ ਕਾਰਨ) ਹੈ (ਇਸ ਲਈ ਉਹ) ਦੁੱਖ ਵਿਚ ਹੀ ਮੁੱਕ ਜਾਂਦਾ ਹੈ ਤੇ ਦੁੱਖ (ਦਾ ਰੋਣਾ ਹੀ) ਰੋਂਦਾ ਰਹਿੰਦਾ ਹੈ।

ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥ {ਪੰਨਾ 316}

ਪਦ ਅਰਥ: ਧਾਤੁ = ਮਾਇਆ। ਲਿਵ = (ਪ੍ਰਭੂ ਦਾ) ਪਿਆਰ। ਪੋਤੈ = (ਫ਼ਾ:) ਖ਼ਜ਼ਾਨੇ ਵਿਚ।

ਅਰਥ: ਭਾਵੇਂ ਹਰੇਕ ਮਨੁੱਖ ਪਿਆ ਤਾਂਘ ਕਰੇ (ਪਰ) ਹੇ ਨਾਨਕ! ਮਾਇਆ ਤੇ ਲਿਵ ਦਾ ਮੇਲ ਫਬ ਨਹੀਂ ਸਕਦਾ, (ਪਿਛਲੇ ਕੀਤੇ ਹੋਏ ਭਲੇ ਕਰਮਾਂ ਅਨੁਸਾਰ) ਜਿਨ੍ਹਾਂ ਦੇ (ਮਨ-ਰੂਪ) ਪੱਲੇ ਵਿਚ (ਭਲੇ ਸੰਸਕਾਰਾਂ ਦਾ ਇਕੱਠ-ਰੂਪ) ਪੁੰਨ (ਉੱਕਰਿਆ) ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਖ ਮਿਲਦਾ ਹੈ।2।

ਪਉੜੀ ਮਃ ੫ ॥ ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥ ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥ ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥ ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥ {ਪੰਨਾ 316-317}

ਪਦ ਅਰਥ: ਪਾਹਾਰੈ = ਸੰਸਾਰ ਵਿਚ, ਪਸਾਰੇ ਵਿਚ। ਮੁਗਧ = ਮੂਰਖ। ਤਿਨਿ ਪਾਰਬ੍ਰਹਮਿ = ਉਸ ਪਾਰਬ੍ਰਹਮ ਨੇ। ਨਿਆਇ = ਨਿਆਂ ਅਨੁਸਾਰ।

ਅਰਥ: ਹੇ ਨਾਨਕ! ਸੰਤ ਤੇ ਮੁਨੀ ਜਨ (ਆਪਣੀ) ਵਿਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ-ਪੁਸਤਕ) ਭੀ (ਇਹੀ ਗੱਲ) ਆਖਦੇ ਹਨ, (ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ (ਸਹੀ) ਹੁੰਦੇ ਹਨ। (ਭਗਤ) ਸਾਰੇ ਸੰਸਾਰ ਵਿਚ ਪ੍ਰਤੱਖ ਪਰਸਿੱਧ ਹੁੰਦੇ ਹਨ ਤੇ (ਉਹਨਾਂ ਦੀ ਸੋਭਾ) ਸਾਰੇ ਲੋਕ ਸੁਣਦੇ ਹਨ। ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ, ਉਹ ਸੁਖ ਨਹੀਂ ਪਾਂਦੇ, (ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, (ਪਰ) ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ। ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਕਿਉਂਕਿ ਮੁੱਢ ਤੋਂ (ਮੰਦੇ ਕੰਮ ਕਰਨ ਕਰਕੇ) ਮੰਦੇ (ਸੰਸਕਾਰ ਹੀ) ਉਹਨਾਂ ਦਾ ਹਿੱਸਾ ਹੈ। ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ। ਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ। ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ। (ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ। 31।

TOP OF PAGE

Sri Guru Granth Darpan, by Professor Sahib Singh