ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 317 ਸਲੋਕ ਮਃ ੫ ॥ ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥ ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥ {ਪੰਨਾ 317} ਪਦ ਅਰਥ: ਦ੍ਰਿੜਾਇਆ = ਦ੍ਰਿੜ੍ਹ ਕਰਾ ਦਿੱਤਾ ਹੈ, ਪੱਕਾ ਕਰਾ ਦਿੱਤਾ ਹੈ। ਅਰਥ: ਹੇ ਨਾਨਕ! ਜੋ ਹਰੀ ਸਰੀਰਾਂ ਨੂੰ ਸਹਿਜੇ ਹੀ ਢਾਹ ਤੇ ਬਣਾ ਸਕਦਾ ਹੈ, ਸਤਿਗੁਰੂ ਨੇ ਉਸ ਹਰੀ ਦਾ ਨਾਮ (ਸਾਡੇ ਹਿਰਦੇ ਵਿਚ) ਪਰੋ ਦਿੱਤਾ ਹੈ (ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਹੈ) । ਹੇ ਮਿੱਤਰ! ਜੇ ਤੂੰ (ਭੀ) ਪ੍ਰਭੂ ਨੂੰ ਸਦਾ ਯਾਦ ਕਰੇਂ, ਤਾਂ (ਤੇਰਾ ਭੀ) ਸਭ ਦੁੱਖ ਲਹਿ ਜਾਏ।1। ਮਃ ੫ ॥ ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥ ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥ {ਪੰਨਾ 317} ਪਦ ਅਰਥ: ਖੁਧਿਆ = ਭੁੱਖ। ਸੰਜੋਗੁ = ਮਿਲਾਪ। ਅਰਥ: (ਜਿਵੇਂ) ਭੁੱਖਾ ਮਨੁੱਖ ਆਦਰ (ਦੇ ਬਚਨ) ਜਾਂ ਨਿਰਾਦਰੀ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ (ਭਾਵ, ਪਰਵਾਹ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦੇਂਦਾ ਹੈ, ਤਿਵੇਂ) ਹੇ ਹਰੀ! ਨਾਨਕ (ਭੀ) ਤੇਰਾ ਨਾਮ ਮੰਗਦਾ ਹੈ, ਮਿਹਰ ਕਰ ਤੇ ਮਿਲਾਪ ਬਖ਼ਸ਼।2। ਪਉੜੀ ॥ ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥ ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥ {ਪੰਨਾ 317} ਪਦ ਅਰਥ: ਫਲਤੇ = ਫਲ ਦੇਂਦੇ ਹਨ। ਸਾਰੁ = ਕਰੜਾ। ਪਲਤੇ = ਚੁੱਭ ਜਾਂਦਾ ਹੈ। ਅਰਥ: (ਅਕਿਰਤ-ਘਣ) ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹ ਕਰਮ ਉਹੋ ਜਿਹਾ ਫਲ ਦੇਂਦਾ ਹੈ; ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ ਤਾਂ ਉਹ ਸੰਘ ਵਿਚ ਹੀ ਚੁੱਭ ਜਾਂਦਾ ਹੈ। ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥ ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥ {ਪੰਨਾ 317} ਪਦ ਅਰਥ: ਘਤਿ = ਪਾ ਕੇ। ਗਲਾਵਾਂ = ਗਲ ਦਾ ਰੱਸਾ। ਤਿਨਿ ਦੂਤਿ = ਉਸ ਜਮਦੂਤ ਨੇ। ਚਾਲਿਆ = ਅੱਗੇ ਲਾ ਲਿਆ। ਪੁੰਨੀਆ = ਸਿਰੇ ਚੜ੍ਹੀ, ਪੂਰੀ ਹੋਈ। ਪਰ ਮਲੁ = ਪਰਾਈ ਮੈਲ। ਹਿਰਤੇ = ਚੁਰਾਂਦਿਆਂ। ਅਰਥ: ਉਹ ਜਮਦੂਤ (ਉਹਨਾਂ ਖੋਟੇ) ਕਰਮਾਂ ਦੇ ਕਾਰਨ ਗਲ ਵਿਚ ਰੱਸਾ ਪਾ ਕੇ (ਭਾਵ, ਨਿਰਾਦਰੀ ਦਾ ਵਰਤਾਉ ਕਰ ਕੇ) ਅੱਗੇ ਲਾ ਲੈਂਦਾ ਹੈ। ਸਦਾ ਪਰਾਈ ਮੈਲ ਚੁਰਾਉਂਦੇ ਦੀ (ਭਾਵ, ਨਿੰਦਾ ਕਰ ਕੇ ਸਦਾ ਪਰਾਏ ਪਾਪ ਸਿਰ ਤੇ ਲੈਂਦੇ ਦੀ) ਕੋਈ ਆਸ ਭੀ ਪੂਰੀ ਨਹੀਂ ਹੁੰਦੀ (ਲੋਕ ਤੇ ਪਰਲੋਕ ਦੋਵੇਂ ਜ਼ਾਇਆ ਜਾਂਦੇ ਹਨ) । ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥ ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥ {ਪੰਨਾ 317} ਅਰਥ: ਜੂਨਾਂ ਵਿਚ ਭਟਕਦਾ ਭਟਕਦਾ ਉਹ ਅਕਿਰਤਘਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ (ਕਿ ਉਸ ਨੇ ਮਿਹਰ ਕਰ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ) , (ਨਿੰਦਾ ਆਦਿਕ ਦੇ ਸਾਰੇ ਦਾਉ-ਪੇਚਾਂ ਦੇ) ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ, ਤਾਂ (ਫਲ ਭੋਗਣ ਲਈ) ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ। ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥ ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥ {ਪੰਨਾ 317} ਅਰਥ: ਜਦੋਂ (ਚਾਰੇ ਬੰਨੇ) ਝਗੜੇ ਨੂੰ (ਅਕਿਰਤਘਣ) ਮੁੱਕਣ ਨਹੀਂ ਦੇਂਦਾ (ਭਾਵ, ਅੱਤ ਕਰ ਦੇਂਦਾ ਹੈ) ਤਾਂ ਕਰਤਾਰ (ਉਸ ਨੂੰ) ਉਠਾ ਲੈਂਦਾ ਹੈ। (ਮੁੱਕਦੀ ਗੱਲ ਇਹ ਕਿ) ਜੋ ਜੋ ਮਨੁੱਖ ਅਹੰਕਾਰ ਕਰਦੇ ਹਨ ਉਹ ਢਹਿ ਕੇ ਭੋਇਂ ਤੇ ਡਿੱਗਦੇ ਹਨ। 32। ਸਲੋਕ ਮਃ ੩ ॥ ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥ ਪਵਿਤੁ ਪਾਵਨੁ ਪਰਮ ਬੀਚਾਰੀ ॥ ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥ {ਪੰਨਾ 317} ਪਦ ਅਰਥ: ਬਿਬੇਕ = ਪਰਖ। ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲਿ ਹੁੰਦੀ ਹੈ; ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ, (ਆਚਰਨ ਦਾ) ਬੜਾ ਸੁੱਧ ਤੇ ਉੱਚੀ ਮਤਿ ਵਾਲਾ ਹੁੰਦਾ ਹੈ। ਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ। ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥ ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥ ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥ ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥ {ਪੰਨਾ 317} ਪਦ ਅਰਥ: ਬਾਸਨਾ = ਸੁਗੰਧੀ। ਅਰਥ: ਉਸ ਮਨੁੱਖ ਦੇ ਹਿਰਦੇ ਵਿਚ ਹਰੀ ਦੇ ਨਾਮ (ਰੂਪੀ) ਸੁਗੰਧੀ ਸਮਾਈ ਹੋਈ ਹੁੰਦੀ ਹੈ, (ਜਿਸ ਕਰਕੇ) ਉਸ ਦੀ ਬੜੀ ਉੱਤਮ ਬੋਲੀ ਤੇ ਹਰੀ ਦੀ ਦਰਗਾਹ ਵਿਚ ਸੋਭਾ ਹੁੰਦੀ ਹੈ; ਜੋ ਮਨੁੱਖ (ਉਸ ਬੋਲੀ ਨੂੰ) ਸੁਣਦਾ ਹੈ, ਉਹ ਪਰਸੰਨ ਹੁੰਦਾ ਹੈ। ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਉਸ ਨੇ ਇਹ ਨਾਮ (ਰੂਪ) ਖ਼ਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ।1। ਮਃ ੪ ॥ ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥ ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ {ਪੰਨਾ 317} ਪਦ ਅਰਥ: ਸਾਰ = ਭੇਤ। ਨ ਜਾਪੈ = ਸਮਝਿਆ ਨਹੀਂ ਜਾ ਸਕਦਾ। ਥਾਇ ਪਾਵੈ = ਕਬੂਲ ਕਰਦਾ ਹੈ। ਅਰਥ: ਸਤਿਗੁਰੂ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ ਕਿ ਸਤਿਗੁਰੂ ਨੂੰ ਕੀਹ ਚੰਗਾ ਲੱਗਦਾ ਹੈ (ਸੋ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ) ; (ਪਰ ਹਾਂ) ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ, ਜੋ ਮਨੁੱਖ ਉਹਨਾਂ ਦੀ (ਸੇਵਾ ਦੀ) ਤਾਂਘ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ (ਹਲਕੇ) ਵਿਚ ਆ ਜਾਂਦਾ ਹੈ, (ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ। ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥ ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ {ਪੰਨਾ 317} ਅਰਥ: ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ, (ਪਰ) ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿਚ ਚਿੱਤ ਜੋੜ ਕੇ (ਸੇਵਾ ਦੀ ਘਾਲ) ਘਾਲੇ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ। ਜੋ ਮਨੁੱਖ ਫ਼ਰੇਬ ਕਰਨ ਆਉਂਦਾ ਹੈ ਤੇ ਫ਼ਰੇਬ ਦੇ ਖ਼ਿਆਲ ਵਿਚ ਚਲਾ ਜਾਂਦਾ ਹੈ, ਉਸ ਦੇ ਨੇੜੇ ਗੁਰੂ ਕਾ ਸਿੱਖ ਉੱਕਾ ਹੀ ਨਹੀਂ ਆਉਂਦਾ। ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥ ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥ {ਪੰਨਾ 317} ਪਦ ਅਰਥ: ਬ੍ਰਹਮੁ ਬੀਚਾਰੁ = ਰੱਬੀ ਵਿਚਾਰ। ਅਰਥ: ਨਾਨਕ ਆਖ ਕੇ ਸੁਣਾਂਦਾ ਹੈ (ਭਾਵ, ਜ਼ੋਰ ਦੇ ਕੇ ਸੁਣਾਂਦਾ ਹੈ ਕਿ) ਨਿਰੋਲ ਸੱਚੀ ਵਿਚਾਰ (ਦੀ ਗੱਲ ਇਹ ਹੈ ਕਿ) ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ (ਭਾਵ, ਗੁਰ-ਅਸ਼ੇ ਦੇ ਵਿਰੁੱਧ) ਜੋ ਮਨੁੱਖ (ਠੱਗੀ ਆਦਿਕ ਕਰ ਕੇ ਗੁਰਸਿੱਖਾਂ ਪਾਸੋਂ) ਕੰਮ ਕਰਾਏ (ਭਾਵ, ਆਪਣੀ ਸੇਵਾ ਕਰਾਏ) , ਉਹ ਬੜਾ ਦੁੱਖ ਪਾਉਂਦਾ ਹੈ।2। ਪਉੜੀ ॥ ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥ ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥ {ਪੰਨਾ 317} ਅਰਥ: ਹੇ ਵੱਡਿਆਂ ਤੋਂ ਵੱਡੇ! ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈਂ, ਆਪਣੇ ਜੇਡਾ ਤੂੰ ਆਪ ਹੀ ਹੈਂ। ਓਹੀ ਮਨੁੱਖ ਤੈਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮੇਲਦਾ ਹੈਂ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖ਼ਸ਼ ਲੈਂਦਾ ਹੈਂ। ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥ ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥ {ਪੰਨਾ 317} ਅਰਥ: ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ। ਤੂੰ ਸੱਚਾ ਮਾਲਕ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਜੀਵਾਂ ਦਾ ਸਭ ਕੁਝ = ਜਿੰਦ, ਸਰੀਰ, ਚੰਮ, ਹੱਡ = ਤੇਰਾ ਬਖ਼ਸ਼ਿਆ ਹੋਇਆ ਹੈ। |
Sri Guru Granth Darpan, by Professor Sahib Singh |