ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 318 ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥ {ਪੰਨਾ 318} ਅਰਥ: ਹੇ ਵੱਡਿਆਂ ਤੋਂ ਵੱਡੇ, ਸੱਚੇ ਪ੍ਰਭੂ! ਜਿਵੇਂ ਤੈਨੂੰ ਭਾਵੇ ਤਿਵੇਂ ਹੀ ਸਾਨੂੰ ਰੱਖ ਲੈ, ਨਾਨਕ ਦੇ ਮਨ ਵਿਚ ਤੇਰੀ ਹੀ ਆਸ ਹੈ। 33।1। ਸੁਧ। ਬਣਤ ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ। ਇਸ ਵਿਚ ਕੁੱਲ 33 ਪਉੜੀਆਂ ਹਨ, ਪਹਿਲੀਆਂ 26 ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ, ਨੰ: 27 ਤੋਂ ਲੈ ਕੇ ਨੰ: 31 ਤਕ ਪੰਜ ਪਉੜੀਆਂ ਗੁਰੂ ਅਰਜਨ ਸਾਹਿਬ ਦੀਆਂ ਹਨ, ਅਖ਼ੀਰਲੀਆਂ ਦੋ ਪਉੜੀਆਂ ਫਿਰ ਗੁਰੂ ਰਾਮਦਾਸ ਜੀ ਦੀਆਂ। ਸੋ 33 ਪਉੜੀਆਂ ਵਿਚੋਂ 28 ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ। ਪਹਿਲਾਂ ਪਹਿਲ ਇਹ ਵਾਰ 28 ਪਉੜੀਆਂ ਦੀ ਹੀ ਸੀ, ਪਿਛੋਂ ਗੁਰੂ ਅਰਜਨ ਸਾਹਿਬ ਨੇ ਪਉੜੀ ਨੰ: 26 ਦੇ ਨਾਲ ਆਪਣੀਆਂ ਪੰਜ ਪਉੜੀਆਂ ਹੋਰ ਰਲਾਈਆਂ। ਸਾਰੇ ਸਲੋਕਾਂ ਦੀ ਗਿਣਤੀ 68 ਹੈ, ਪਉੜੀ ਨੰ: 15 ਤੇ 20 ਤੋਂ ਛੁਟ ਬਾਕੀ ਹਰੇਕ ਪਉੜੀ ਨਾਲ ਦੋ ਦੋ ਸ਼ਲੋਕ ਹਨ (ਜੋੜ = 62) , ਇਹਨਾਂ ਦੋ ਪਉੜੀਆਂ ਨਾਲ ਤਿੰਨ ਤਿੰਨ ਸ਼ਲੋਕ ਹਨ ਤੇ ਕੁੱਲ ਜੋੜ 68 ਹੈ। ਸ਼ਲੋਕਾਂ ਦਾ ਵੇਰਵਾ ਇਉਂ ਹੈਂ:
. . ਸ਼ਲੋਕ ਗੁਰੂ ਰਾਮਦਾਸ ਜੀ ਦੇ . . . . . . . .53 ਜਦੋਂ ਇਹ 'ਵਾਰ' ਗੁਰੂ ਰਾਮਦਾਸ ਜੀ ਨੇ ਲਿਖੀ, ਤਦੋਂ ਇਹ ਨਿਰੀਆਂ ਪਉੜੀਆਂ ਹੀ ਸਨ। ਇਸ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ, ਭਾਵੇਂ ਉਹ ਸ਼ਲੋਕ ਜ਼ਿਆਦਾ-ਤਰ ਗੁਰੂ ਰਾਮਦਾਸ ਜੀ ਦੇ ਹੀ ਹਨ। ਜੇ ਗੁਰੂ ਰਾਮਦਾਸ ਜੀ ਆਪ ਹੀ ਪਉੜੀਆਂ ਦੇ ਨਾਲ ਸ਼ਲੋਕ ਭੀ ਲਿਖਦੇ ਤਾਂ ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਕੋਈ ਖ਼ਾਸ ਇੱਕ-ਸਾਰ ਬਣਤਰ ਹੁੰਦੀ। ਇਹ ਨਹੀਂ ਸੀ ਹੋ ਸਕਦਾ ਕਿ ਕਿਸੇ ਪਉੜੀ ਦੇ ਨਾਲ ਸ਼ਲੋਕ ਲਿਖ ਦੇਂਦੇ ਤੇ ਕੋਈ ਖ਼ਾਲੀ ਰਹਿ ਜਾਂਦੀ। ਪਉੜੀ ਨੰ: 32 ਦੇ ਨਾਲ ਦੋਵੇਂ ਸ਼ਲੋਕ ਗੁਰੂ ਅਰਜਨ ਸਾਹਿਬ ਦੇ ਹਨ, ਤੇ ਇਹ ਸ਼ਲੋਕ ਗੁਰੂ ਅਰਜਨ ਸਾਹਿਬ ਹੀ ਦਰਜ ਕਰ ਸਕਦੇ ਸਨ। ਇਹ ਨਹੀਂ ਹੋ ਸਕਦਾ ਸੀ ਕਿ ਗੁਰੂ ਰਾਮਦਾਸ ਜੀ ਆਪਣੀਆਂ 28 ਪਉੜੀਆਂ ਵਿਚੋਂ 27 ਪਉੜੀਆਂ ਦੇ ਨਾਲ ਤਾਂ ਆਪਣੇ ਜਾਂ ਗੁਰੂ ਅਮਰਦਾਸ ਜੀ ਦੇ ਸ਼ਲੋਕ ਦਰਜ ਕਰੀ ਜਾਂਦੇ ਤੇ ਆਪਣੀ ਪਉੜੀ ਨੰ: 32 ਨੂੰ ਉੱਕਾ ਖ਼ਾਲੀ ਰਹਿਣ ਦੇਂਦੇ। ਫਿਰ, ਸ਼ਲੋਕਾਂ ਦਾ ਮਜ਼ਮੂਨ ਇਹ ਦੱਸਦਾ ਹੈ ਕਿ ਵੱਖੋ ਵੱਖ ਮੌਕਿਆਂ ਦੇ ਹਨ, ਵੱਖੋ ਵੱਖ ਸਮੇ ਤੇ ਉਚਾਰੇ ਗਏ ਹਨ। ਸੋ, ਇੱਕੋ ਹੀ ਨਤੀਜਾ ਨਿਕਲ ਸਕਦਾ ਹੈ ਕਿ 'ਵਾਰ' ਦੀਆਂ ਪਉੜੀਆਂ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਗਉੜੀ ਕੀ ਵਾਰ ਮਹਲਾ 5 ਭਾਵ: ਪਉੜੀ-ਵਾਰ (1) ਪਰਮਾਤਮਾ ਹਰ ਥਾਂ ਮੌਜੂਦ ਹੈ, ਹਰੇਕ ਜੀਵ ਵਿਚ ਸਮਾਇਆ ਹੋਇਆ ਹੈ, ਪਰ ਉਹੀ ਮਨੁੱਖ ਭਲਾ ਹੈ ਜੋ ਸਤਸੰਗ ਵਿਚ ਰਹਿ ਕੇ ਪ੍ਰਭੂ ਦੀ ਸ਼ਰਨ ਆਉਂਦਾ ਹੈ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ। (2) ਸਤਸੰਗ ਵਿਚ ਪ੍ਰਭੂ ਦਾ ਨਾਮ-ਅੰਮ੍ਰਿਤ ਮਿਲਦਾ ਹੈ, ਪਰਮਾਤਮਾ ਆਪ ਸਹੈਤਾ ਕਰਦਾ ਹੈ ਤੇ ਕਾਮਾਦਿਕ ਵਿਕਾਰਾਂ ਤੋਂ ਮਨੁੱਖ ਬਚ ਜਾਂਦਾ ਹੈ। (3) ਪਰਮਾਤਮਾ ਦਾ ਨਾਮ, ਮਾਨੋ, ਅੰਮ੍ਰਿਤ-ਰੂਪ ਖ਼ਜ਼ਾਨਾ ਹੈ, ਇਹ ਅੰਮ੍ਰਿਤ ਸਤ-ਸੰਗ ਵਿਚ ਹੀ ਮਿਲਦਾ ਹੈ, ਇਸ ਦੇ ਪੀਤਿਆਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਕੋਈ ਭੁੱਖ ਨਹੀਂ ਰਹਿ ਜਾਂਦੀ। (4) ਪਰਮਾਤਮਾ ਦਾ ਨਾਮ ਸਾਰੇ ਗੁਣਾਂ ਦੀ ਖਾਣ ਹੈ, ਮਨੁੱਖਾ ਜੀਵਨ ਦੇ ਸਫ਼ਰ ਵਿਚ, ਮਾਨੋ, ਰਾਹ ਦੀ ਖ਼ਰਚੀ ਹੈ, ਪਰ ਇਹ ਨਾਮ ਉਸ ਭਾਗਾਂ ਵਾਲੇ ਨੂੰ ਮਿਲਦਾ ਹੈ ਜੋ ਸਤਸੰਗ ਵਿਚ ਅੱਪੜਦਾ ਹੈ। (5) ਮਨੁੱਖ ਤਾਂ ਕਿਤੇ ਰਹੇ, ਉਹ ਥਾਂ ਭੀ ਸੋਹਣਾ ਹੋ ਜਾਂਦਾ ਹੈ, ਜਿੱਥੇ ਸਤਸੰਗੀ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ। ਭਗਤੀ ਨੂੰ ਪਿਆਰ ਕਰਨਾ ਪ੍ਰਭੂ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ। ਜੋ ਨਾਮ ਸਿਮਰਦਾ ਹੈ ਉਸ ਦੇ ਮਨ ਵਿਚੋਂ ਬੁਰਾਈ ਮਿਟ ਜਾਂਦੀ ਹੈ। (6) ਪਰਮਾਤਮਾ ਦਾ ਨਾਮ ਇਕ ਐਸੀ ਰਾਸ-ਪੂੰਜੀ ਹੈ ਜੋ ਸਦਾ ਕਾਇਮ ਰਹਿਣ ਵਾਲੀ ਹੈ, ਜਿਸ ਮਨੁੱਖ-ਵਣਜਾਰੇ ਨੂੰ ਸਤਸੰਗ ਵਿਚ ਰਹਿ ਕੇ ਇਹ ਪੂੰਜੀ ਮਿਲਦੀ ਹੈ ਉਸ ਦਾ ਮਨ ਤਨ ਖਿੜਿਆ ਰਹਿੰਦਾ ਹੈ, ਉਸ ਦੇ ਵਿਕਾਰ ਨਾਸ ਹੋ ਜਾਂਦੇ ਹਨ, ਉਹੀ ਅਸਲ ਵਿਚ ਜੀਊਂਦਾ ਹੈ। (7) ਜੋ ਪ੍ਰਭੂ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਸਭ ਵਿਚ ਮੌਜੂਦ ਹੈ ਉਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਪਰ ਇਸ 'ਨਾਮ' ਦਾ ਆਨੰਦ ਉਹੀ ਮਨੁੱਖ ਮਾਣ ਸਕਦਾ ਹੈ ਜਿਸ ਨੂੰ ਸਤਿਗੁਰੂ ਤਰੁੱਠ ਕੇ ਇਹ ਦਾਤਿ ਦੇਂਦਾ ਹੈ। (8) ਪ੍ਰਭੂ ਦਾ ਨਾਮ ਸਤਿਗੁਰੂ ਪਾਸੋਂ ਹੀ ਮਿਲ ਸਕਦਾ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਿੱਤ ਸਤਸੰਗ ਕਰਦਾ ਹੈ ਤੇ ਨਾਮ ਸਿਮਰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ। (9) ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰਿ ਨਾਮ-ਅੰਮ੍ਰਿਤ ਸਤਸੰਗ ਵਿਚ ਵੰਡੀਦਾ ਹੈ। ਜਿਉਂ ਜਿਉਂ ਗੁਰਮੁਖ ਸਤਸੰਗ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, ਓਥੇ ਮਾਨੋ, ਅੰਮ੍ਰਿਤ ਦੇ ਫੁਹਾਰੇ ਚੱਲ ਪੈਂਦੇ ਹਨ। ਸਤਸੰਗ ਵਿਚ ਹੀ ਅਸਲੀ ਜੀਵਨ ਪ੍ਰਾਪਤ ਹੁੰਦਾ ਹੈ, ਸਤਸੰਗੀ ਨੂੰ ਮੌਤ ਦਾ ਡਰ ਨਹੀਂ ਰਹਿੰਦਾ। (10) ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ ਪਰਮਾਤਮਾ ਦੇ ਗੁਣਾਂ ਦੀ ਮਾਲਾ ਮਨ ਵਿਚ ਪ੍ਰੋ ਲੈਂਦਾ ਹੈ, ਜਿਸ ਕਰਕੇ ਉਸ ਦੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ਤੇ ਉਸ ਨੂੰ ਜਮ ਕਾਲ ਦਾ ਡਰ ਨਹੀਂ ਪੋਂਹਦਾ। (11) ਜੋ ਮਨੁੱਖ ਮਾਇਆ ਦੀ ਮਸਤੀ ਵਿਚ ਰਹਿ ਕੇ ਮੰਦੇ ਕੰਮ ਕਰਦੇ ਹਨ, ਉਹ ਏਥੇ ਦੁਖੀ ਰਹਿੰਦੇ ਹਨ, ਪ੍ਰਭੂ ਦਾ ਨਾਮ ਵਿਸਾਰਨ ਕਰਕੇ ਉਹਨਾਂ ਦੀ ਸਾਰੀ ਉਮਰ ਮੰਦੇ ਹਾਲ ਹੀ ਗੁਜ਼ਰਦੀ ਹੈ ਤੇ ਇਸ ਤੋਂ ਪਿੱਛੋਂ ਭੀ ਜਨਮ ਮਰਨ ਦੀ ਭਟਕਣਾ ਵਿਚ ਪੈ ਜਾਂਦੇ ਹਨ। (12) ਦੁਨੀਆ ਵਾਲੇ ਸੁਆਦ ਆਖ਼ਰ ਕੌੜੇ ਲੱਗਣ ਲੱਗ ਪੈਂਦੇ ਹਨ, ਸੁਖਦਾਈ ਤੇ ਮਿੱਠਾ ਸਿਰਫ਼ ਹਰਿ-ਨਾਮ ਹੀ ਹੈ, ਪਰ ਇਹ ਮਿਲਦਾ ਉਸ ਭਾਗਾਂ ਵਾਲੇ ਨੂੰ ਹੀ ਹੈ ਜਿਸ ਉੱਤੇ ਪ੍ਰਭੂ ਆਪ ਮਿਹਰ ਕਰਦਾ ਹੈ। (13) ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮੇਸਰ ਦਾ ਨਾਮ ਸਿਮਰਦਾ ਹੈ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। (14) ਉਹੀ ਮਨੁੱਖ ਜਗਤ ਤੋਂ ਨਫ਼ਾ ਖੱਟ ਕੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ। ਪ੍ਰਭੂ ਆਪ ਉਹਨਾਂ ਨੂੰ ਮਾਇਆ ਦੇ ਮੋਹ ਤੋਂ ਬਚਾ ਲੈਂਦਾ ਹੈ ਤੇ ਉਹ ਇੱਕ ਕਰਤਾਰ ਦੀ ਆਸ ਰੱਖਦੇ ਹਨ। (15) ਪਰਮਾਤਮਾ ਦਾ ਆਸਰਾ ਲੈ ਕੇ ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਤੇ ਪ੍ਰਭੂ-ਦਰ ਤੇ ਪਰਵਾਨ ਹਨ, ਅਜੇਹੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਵਧੀਕ ਪਵਿੱਤਰ ਹੈ। (16) ਕਰਤਾਰ ਅਕਾਲ ਪੁਰਖ ਦਾ ਨਾਮ ਵਿਕਾਰਾਂ ਵਿਚ ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ। ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੇਖ ਕੇ ਸਭ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦਾ ਹੈ, ਕਿਸੇ ਦਾ ਦਿਲ ਨਹੀਂ ਦੁਖਾਂਦਾ ਤੇ ਆਖ਼ਰ ਇੱਜ਼ਤ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਦਾ ਹੈ। (17) ਸਾਰੇ ਖ਼ਜ਼ਾਨਿਆਂ ਦੇ ਮਾਲਕ ਪਰਮਾਤਮਾ ਦੇ ਨਾਮ ਨੂੰ ਜੋ ਮਨੁੱਖ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈਂਦੇ ਹਨ, ਉਹਨਾਂ ਦੇ ਮਨ ਦੀ ਸਾਰੀ ਮੈਲ ਧੁਪ ਜਾਂਦੀ ਹੈ, ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ, ਪਰ ਇਹ ਨਾਮ ਦੀ ਦਾਤਿ ਪ੍ਰਭੂ ਦੀ ਮਿਹਰ ਨਾਲ ਸਤਿਗੁਰੂ ਦੀ ਰਾਹੀਂ ਹੀ ਮਿਲਦੀ ਹੈ। (18) ਦੁਨੀਆ ਦਾ ਮੋਹ, ਮਾਨੋ, ਮਾਇਆ ਦਾ ਕਿਲ੍ਹਾ ਹੈ ਜਿਸ ਵਿਚ ਜੀਵ ਕੈਦ ਹੋ ਜਾਂਦੇ ਹਨ। ਜੋ ਮਨੁੱਖ 'ਨਾਮ' ਸਿਮਰਦਾ ਹੈ ਉਹ ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨੀ ਹੋ ਕੇ ਇਸ ਕਿਲ੍ਹੇ ਨੂੰ ਜਿੱਤ ਲੈਂਦਾ ਹੈ। ਪ੍ਰਭੂ ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। (19) ਜੋ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ, ਸਭ ਜੀਵਾਂ ਦਾ ਆਸਰਾ ਹੈ ਤੇ ਸਭ ਨੂੰ ਪਾਲਦਾ ਹੈ, ਉਸ ਬਖ਼ਸ਼ਣਹਾਰ ਨੂੰ ਸਿਮਰ ਕੇ ਜੀਵ ਵਿਕਾਰਾਂ ਤੋਂ ਬਚ ਕੇ ਸੰਸਾਰ-ਸਮੁੰਦਰ ਤੋਂ ਆਪਣੀ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤਿ ਪਾਰ ਲੰਘਾਂਦੇ ਹਨ। (20) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਨੂੰ 'ਨਾਮ' ਹੀ ਪੁਸ਼ਾਕੇ ਤੇ ਸੁੰਦਰ ਭੋਜਨ ਹੈ; 'ਨਾਮ' ਹੀ ਹਾਥੀ ਘੋੜੇ ਹੈ, 'ਨਾਮ' ਹੀ ਰਾਜ-ਮਿਲਖ ਹੈ। ਉਸ ਦੇ ਅੰਦਰ ਇਕ 'ਨਾਮ' ਦੀ ਹੀ ਲਗਨ ਰਹਿੰਦੀ ਹੈ, ਉਹ ਸਦਾ ਪ੍ਰਭੂ ਦੇ ਦਰ ਤੇ ਹੀ ਟਿਕਿਆ ਰਹਿੰਦਾ ਹੈ। ਸਮੁੱਚਾ ਭਾਵ: (1 ਤੋਂ 11 ਤਕ) = ਇਹ ਠੀਕ ਹੈ ਕਿ ਪਰਮਾਤਮਾ ਹਰੇਕ ਜੀਵ ਵਿਚ ਮੌਜੂਦ ਹੈ, ਪਰ ਫਿਰ ਭੀ ਸਿਰਫ਼ ਓਹੀ ਮਨੁੱਖ ਭਲਾ ਰਹਿ ਸਕਦਾ ਹੈ ਜੋ ਸਾਧ ਸੰਗਤਿ ਦਾ ਆਸਰਾ ਲੈਂਦਾ ਹੈ। ਸਤਸੰਗ ਵਿਚ ਹੀ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਨਾਮ ਸਿਮਰਨ ਦਾ ਸੁਭਾਉ ਬਣ ਸਕਦਾ ਹੈ, 'ਨਾਮ' ਹੀ ਜੀਵਨ-ਸਫ਼ਰ ਦੀ ਖ਼ਰਚੀ ਹੈ, ਇਸ 'ਨਾਮ' ਦੀ ਬਰਕਤਿ ਨਾਲ ਹੀ ਮਾਇਆ ਦੀ ਤ੍ਰਿਸ਼ਨਾ, ਬੁਰਾਈ, ਕਾਮਾਦਿਕ ਵਿਕਾਰ ਮਨ ਵਿਚੋਂ ਦੂਰ ਹੁੰਦੇ ਹਨ, ਮੌਤ ਦਾ ਡਰ ਨਹੀਂ ਪੋਂਹਦਾ, ਤਨ ਮਨ ਸਦਾ ਖਿੜਿਆ ਰਹਿੰਦਾ ਹੈ ਤੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ। (12 ਤੋਂ 15 ਤਕ) = ਜੇ ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਮਾਇਆ ਜੀਵ ਤੇ ਦਬਾ ਪਾ ਲੈਂਦੀ ਹੈ, ਸਾਰੀ ਉਮਰ ਵਿਕਾਰਾਂ ਵਿਚ ਮੰਦੇ ਹਾਲ ਗੁਜ਼ਰਦੀ ਹੈ, ਜਦੋਂ ਮਨੁੱਖ ਨਾਮ-ਰਸ ਹਾਸਲ ਕਰਦਾ ਹੈ ਤਦੋਂ ਹੀ ਸਮਝ ਪੈਂਦੀ ਹੈ ਕਿ ਮਾਇਆ ਦੇ ਸੁਆਦ ਫਿੱਕੇ ਤੇ ਕੌੜੇ ਦੁਖਦਾਈ ਹਨ। (16 ਤੋਂ 21 ਤਕ) = ਨਾਮ ਸਿਮਰਨ ਵਾਲੇ ਬੰਦਿਆਂ ਦੇ ਪੈਰਾਂ ਦੀ ਖਾਕ ਲੱਖਾਂ ਕਰੋੜਾਂ ਤੀਰਥਾਂ ਨਾਲੋਂ ਵਧੀਕ ਪਵਿੱਤ੍ਰ ਹੈ, ਕਿਉਂਕਿ ਸਿਮਰਨ ਵਾਲੇ ਬੰਦੇ ਪ੍ਰਭੂ ਨੂੰ ਅੰਗ ਸੰਗ ਵੇਖ ਕੇ ਕਿਸੇ ਦਾ ਦਿਲ ਨਹੀਂ ਦੁਖਾਂਦੇ, ਸਭ ਨਾਲ ਪਿਆਰ ਤੇ ਨਿਮਰਤਾ ਦਾ ਵਰਤਾਓ ਕਰਦੇ ਹਨ, ਉਹਨਾਂ ਦਾ ਮਨ ਸ਼ੁੱਧ ਹੁੰਦਾ ਹੈ, ਨਾਮ ਸਿਮਰਨ ਵਾਲੇ, ਮਾਨੋ, ਅਠਾਹਠ ਤੀਰਥਾਂ ਦੇ ਇਸ਼ਨਾਨੀ ਹਨ, ਮਾਇਆ ਦਾ ਕਿਲ੍ਹਾ ਬੰਦਗੀ ਵਾਲੇ ਹੀ ਜਿੱਤਦੇ ਹਨ, ਸੰਸਾਰ-ਸਮੁੰਦਰ ਤੋਂ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤਿ ਪਾਰ ਲੰਘਾਂਦੇ ਹਨ, ਕਿਉਂਕਿ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਹੀ ਵਧੀਕ ਖਿੱਚ ਪਾਂਦਾ ਹੈ। ਮੁੱਖ ਭਾਵ: ਭਾਵੇਂ ਪਰਮਾਤਮਾ ਸਭ ਵਿਚ ਮੌਜੂਦ ਹੈ, ਪਰ ਪਵਿੱਤ੍ਰ ਜੀਵਨ ਉਸੇ ਮਨੁੱਖ ਦਾ ਹੀ ਹੋ ਸਕਦਾ ਹੈ ਜੋ ਸਤਸੰਗ ਵਿਚ ਰਹਿ ਕੇ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਤੇ ਪ੍ਰਭੂ ਦਾ ਨਾਮ ਸਿਮਰਦਾ ਹੈ, ਨਹੀਂ ਤਾਂ ਮਾਇਆ ਦਾ ਦਬਾ ਪੈਣ ਕਰਕੇ ਮਨੁੱਖ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਲੋਕ ਪਰਲੋਕ ਦੋਵੇਂ ਗਵਾ ਲੈਂਦਾ ਹੈ। ਵਾਰ ਦੀ ਬਣਤ ਸਤਿਗੁਰੂ ਅਰਜਨ ਸਾਹਿਬ ਜੀ ਦੀ ਇਸ 'ਵਾਰ' ਵਿਚ 21 ਪਉੜੀਆਂ ਅਤੇ 42 ਸਲੋਕ ਹਨ, ਹਰੇਕ ਪਉੜੀ ਦੇ ਨਾਲ ਦੋ ਦੋ। ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ। ਪਉੜੀ ਨੰ: 1, 9, 16 ਅਤੇ 20 ਨੂੰ ਛੱਡ ਕੇ ਬਾਕੀ ਸਾਰੀਆਂ ਪਉੜੀਆਂ ਨਾਲ ਦੋ-ਤੁਕੇ ਸ਼ਲੋਕ ਹਨ, ਬੋਲੀ ਭੀ ਸਭ ਸ਼ਲੋਕਾਂ ਦੀ ਇਕੋ ਜਿਹੀ ਹੈ। ਸ਼ਲੋਕਾਂ ਦੀ ਸਾਵੀਂ ਗਿਣਤੀ ਹਰੇਕ ਪਉੜੀ ਨਾਲ ਇਕੋ ਜਿਹੀ ਦੋ-ਤੁਕੀ ਬਨਾਵਟ ਇਕ-ਸਮਾਨ ਮਜ਼ਮੂਨ, ਸਾਰੇ ਹੀ ਸਲੋਕ ਤੇ ਪਉੜੀਆਂ ਇਕੋ ਹੀ ਗੁਰ-ਵਿਅਕਤੀ ਦੀਆਂ = ਇਸ ਡੂੰਘੀ ਸਾਂਝ ਤੋਂ ਇਹ ਨਤੀਜਾ ਕਢਿਆ ਜਾ ਸਕਦਾ ਹੈ ਕਿ ਇਹ 'ਵਾਰ' ਤੇ ਇਸ ਦੇ ਨਾਲ ਵਰਤੇ ਹੋਏ 'ਸਲੋਕ' ਇਕੋ ਹੀ ਸਮੇ ਦੇ ਉਚਾਰੇ ਹੋਏ ਹਨ। ਬੋਲੀ ਅਤੇ ਬਨਾਵਟ ਦੇ ਖ਼ਿਆਲ ਤੋਂ ਇਹੀ ਗੁਣ 'ਗੂਜਰੀ ਕੀ ਵਾਰ ਮ: 5' ਵਿਚ ਮਿਲਦੇ ਹਨ। ਇਸ 'ਵਾਰ' ਦੀ ਪਉੜੀ ਨੰ: 12 ਨੂੰ 'ਗੂਜਰੀ ਕੀ ਵਾਰ' ਦੀ ਪਉੜੀ ਨੰ: 20 ਦੇ ਸਾਹਮਣੇ ਰੱਖ ਕੇ ਪੜ੍ਹੋ, ਬਹੁਤ ਲਫ਼ਜ਼ਾਂ ਦੀ ਸਾਂਝ ਹੈ। (1) ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ . . ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥ . . ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥ . . ਦੁਖਿ ਲਗੇ ਬਿਲਲਾਣਿਆ ਨਰਕਿ ਘੋਰਿ ਸੁਤੇ ॥ . . ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥20॥ {ਗੂਜਰੀ ਕੀ ਵਾਰ (2) ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥ . . ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥ . . ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥ . . ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥ . . ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥12॥ {ਗਉੜੀ ਕੀ ਵਾਰ ਦੋਹਾਂ 'ਵਾਰਾਂ' ਬਾਰੇ ਇਸ ਉਪਰ-ਲਿਖੀ ਵਿਚਾਰ ਤੋਂ ਸੁਤੇ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਇਹ ਦੋਵੇਂ 'ਵਾਰਾਂ' ਅੱਗੜ ਪਿੱਛੜ ਨੇੜੇ ਦੇ ਸਮੇ ਵਿਚ ਹੀ ਲਿਖੀਆਂ ਸਨ। ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ ਅਰਥ: ਇਹ 'ਵਾਰ' ਰਾਇ ਕਮਾਲਦੀ ਮੋਜਦੀ ਦੀ 'ਵਾਰ' ਦੀ ਸੁਰ ਤੇ ਗਾਉਣੀ ਹੈ। ਬਾਰ ਵਿਚ ਇਕ ਚੌਧਰੀ ਕਮਾਲੁੱਦੀਨ ਰਹਿੰਦਾ ਸੀ, ਉਸ ਨੇ ਆਪਣੇ ਭਰਾ ਸਾਰੰਗ ਨੂੰ ਜ਼ਹਿਰ ਕੇ ਕੇ ਮਾਰ ਦਿੱਤਾ, ਸਾਰੰਗ ਦਾ ਇਕ ਪੁੱਤ੍ਰ ਸੀ ਜੋ ਅਜੇ ਛੋਟਾ ਹੀ ਸੀ, ਜਿਸ ਦਾ ਨਾਮ ਮੁਆਜ਼ੁੱਦੀਨ ਸੀ। ਸਾਰੰਗ ਦੀ ਵਹੁਟੀ ਆਪਣੇ ਇਸ ਪੁੱਤ੍ਰ ਨੂੰ ਲੈ ਕੇ ਪੇਕੇ ਚਲੀ ਗਈ, ਜਦੋਂ ਇਹ ਵੱਡਾ ਹੋਇਆ ਤਾਂ ਨਾਨਕੀ ਫ਼ੌਜ ਲੈ ਕੇ ਕਮਾਲੁੱਦੀਨ ਨਾਲ ਆ ਲੜਿਆ। ਕਮਾਲੁੱਦੀਨ ਮਾਰਿਆ ਗਿਆ। ਇਹ ਸਾਰੀ ਵਾਰਤਾ ਢਾਢੀਆਂ ਨੇ 'ਵਾਰ' ਵਿਚ ਗਾਵੀਂ। ਇਸ 'ਵਾਰ' ਦੀ ਚਾਲ ਦਾ ਨਮੂਨਾ ਇਉਂ ਹੈ: 'ਰਾਣਾ ਰਾਇ ਕਮਾਲ ਦੀਂ ਰਣ ਭਾਰਾ ਬਾਹੀਂ ॥ ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ' ॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੫ ॥ ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥ ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥ ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥ {ਪੰਨਾ 318} ਪਦ ਅਰਥ: ਜਿਨਿ = ਜਿਸ (ਜਨ) ਨੇ। ਨਿਰਬਾਣੁ = ਵਾਸ਼ਨਾ-ਰਹਿਤ। ਪੁਰਖੁ = ਵਿਆਪਕ ਪ੍ਰਭੂ। ਸੁਜਾਣੁ = ਚੰਗੀ ਤਰ੍ਹਾਂ (ਹਰੇਕ ਦੇ ਦਿਲ ਦੀ) ਜਾਣਨ ਵਾਲਾ) । ਤਾਣੁ = ਆਸਰਾ, ਬਲ। ਜਨਮ ਮਰਨ ਦੁਖੁ = ਜਨਮ ਤੋਂ ਮਰਨ ਤਕ ਸਾਰੀ ਉਮਰ ਦਾ ਦੁੱਖ-ਕਲੇਸ਼। ਅਰਥ: ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ) । ਜਿਸ ਮਨੁੱਖ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ, ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਦੂਰ ਹੋ ਗਿਆ ਹੈ। ਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ।1। ਮਃ ੫ ॥ ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥ ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥ ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥ ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥ {ਪੰਨਾ 318} ਪਦ ਅਰਥ: ਪਰਾਹੁਣਾ = ਸੰਤ ਪਰਾਹੁਣਾ। ਮੇਰੈ ਘਰਿ = ਮੇਰੇ ਘਰ ਵਿਚ। ਆਵਉ = ਆਵੇ। ਪਖਾਲਾ = ਮੈਂ ਧੋਵਾਂ। ਤਿਸ ਕੇ = ਉਸ ਸੰਤ-ਪਰਾਹੁਣੇ ਦੇ। ਮਨਿ = ਮਨ ਵਿਚ। ਭਾਵਉ = ਭਾਵੇ, ਚੰਗਾ ਲੱਗੇ। ਸੰਗ੍ਰਹੈ– ਇਕੱਠਾ ਕਰੇ। ਨਾਮੇ = ਨਾਮ ਵਿਚ ਹੀ। ਲਾਵਉ = ਲਾਵੇ। ਗਾਵਉ = ਮੈਂ ਗਾਵਾਂ। ਪਾਵਉ = ਮੈਂ ਪਾਵਾਂ। ਅਰਥ: ਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ, ਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ। ਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ। (ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ। (ਪਰ,) ਹੇ ਨਾਨਕ! ਅਜੇਹਾ ਪ੍ਰਭੂ-ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ।2। ਪਉੜੀ ॥ ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥ ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥ ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥ ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥ ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥ {ਪੰਨਾ 318} ਪਦ ਅਰਥ: ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਮਨਿ = ਮੰਨਿ, ਮੰਨ ਕੇ। ਸਰਣਾਗਤੀ = ਸਰਣ ਆਓ। ਸਦ ਸਦ = ਸਦਾ ਹੀ। ਅਰਥ: ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੋ ਮਨੁੱਖ ਤੈਨੂੰ ਭਾਉਂਦਾ ਹੈ ਜਿਸ ਨੂੰ ਤੇਰਾ ਭਾਣਾ ਭਾਉਂਦਾ ਹੈ ਉਹ ਭਲਾ ਹੈ। ਤੂੰ ਹੀ ਸਭ ਜੀਵਾਂ ਵਿਚ ਵਿਆਪਕ ਹੈਂ, ਸਭ ਵਿਚ ਸਮਾਇਆ ਹੋਇਆ ਹੈਂ, ਤੂੰ ਹਰੇਕ ਥਾਂ ਵਿਚ ਮੌਜੂਦ ਹੈਂ, ਸਭ ਜੀਵਾਂ ਵਿਚ ਤੂੰ ਹੀ ਜਾਣਿਆ ਜਾਂਦਾ ਹੈਂ (ਭਾਵ, ਸਭ ਜਾਣਦੇ ਹਨ ਕਿ ਸਭ ਜੀਵਾਂ ਵਿਚ ਤੂੰ ਹੀ ਹੈਂ) । ਉਸ ਸਦਾ-ਥਿਰ ਰਹਿਣ ਵਾਲੇ ਦਾ ਭਾਣਾ ਮੰਨ ਕੇ ਸਤ-ਸੰਗ ਵਿਚ ਮਿਲ ਕੇ ਉਸ ਨੂੰ ਲੱਭ ਸਕੀਦਾ ਹੈ, ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਆ, ਉਸ ਤੋਂ ਸਦਾ ਹੀ ਸਦਕੇ ਹੋ।1। ਸਲੋਕ ਮਃ ੫ ॥ ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥ {ਪੰਨਾ 318} ਪਦ ਅਰਥ: ਚੇਤਾ ਈ = ਜੇ ਤੈਨੂੰ ਯਾਦ ਹੈ। ਚੇਤਿ = ਸਿਮਰ। ਸਚਾ = ਸਦਾ-ਥਿਰ ਰਹਿਣ ਵਾਲਾ। ਧਣੀ = ਮਾਲਕ। ਬੋਹਿਥਿ = ਬੋਹਿਥ ਤੇ, ਜਹਾਜ਼ ਤੇ। ਪਾਰਿ ਪਉ = ਪਾਰ ਲੰਘ, ਤਰ। ਅਰਥ: ਹੇ ਨਾਨਕ! ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ (ਭਾਵ, ਤੈਨੂੰ ਪਤਾ ਭੀ ਹੈ ਕਿ ਸਿਰਫ਼ ਉਹ ਪ੍ਰਭੂ-ਮਾਲਕ ਹੀ ਸਦਾ-ਥਿਰ ਰਹਿਣ ਵਾਲਾ ਹੈ, ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ?) , ਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ।1। ਮਃ ੫ ॥ ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥ {ਪੰਨਾ 318} ਪਦ ਅਰਥ: ਸੰਦੇ = ਦੇ। ਵਾਊ ਸੰਦੇ = ਹਵਾ ਦੇ, ਹਵਾ ਵਰਗੇ ਬਾਰੀਕ, ਸੋਹਣੇ ਸੋਹਣੇ ਬਾਰੀਕ। ਪਹਿਰਹਿ = ਪਹਿਨਦੇ ਹਨ। ਗਰਬਿ = ਅਹੰਕਾਰ ਵਿਚ, ਆਕੜ ਨਾਲ। ਗਵਾਰ = ਮੂਰਖ ਮਨੁੱਖ। ਛਾਰੁ = ਸੁਆਹ। ਅਰਥ: ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ, ਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ।2। ਪਉੜੀ ॥ ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥ ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥ ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥ ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥ {ਪੰਨਾ 318} ਪਦ ਅਰਥ: ਮੁਹਿ = {ਅਧਿਕਰਣ ਕਾਰਕ, ਇਕ-ਵਚਨ}। ਮੁਹਿ ਡਿਠੈ ਤਿਨ ਕੈ = {ਪੂਰਬ ਪੂਰਨ ਕਾਰਦੰਤਕ,} ਜੇ ਉਹਨਾਂ ਦਾ ਮੂੰਹ ਵੇਖ ਲਈਏ। ਭਖੇ = ਖਾਧੇ ਜਾਂਦੇ ਹਨ। ਪ੍ਰਭਿ = ਪ੍ਰਭੂ ਨੇ। ਪਰਖੇ = ਪਰਖ ਲਏ ਹਨ, ਪ੍ਰਵਾਨ ਕਰ ਲਏ ਹਨ। ਚਲਤ = ਕੌਤਕ, ਤਮਾਸ਼ੇ। ਨ ਜਾਪਨੀ = ਸਮਝੇ ਨਹੀਂ ਜਾ ਸਕਦੇ। ਅਰਥ: (ਕਾਮਾਦਿਕ ਵਿਕਾਰਾਂ ਤੋਂ) ਜਗਤ ਵਿਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ, ਐਸੇ ਮਨੁੱਖਾਂ ਦਾ ਦਰਸ਼ਨ ਕਰ ਕੇ ਹਰਿ-ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ (ਅਸਲ) ਜ਼ਿੰਦਗੀ ਮਿਲਦੀ ਹੈ। ਅਜੇਹੇ ਸਾਧੂ-ਜਨਾਂ ਦੀ ਸੰਗਤਿ ਵਿਚ (ਰਿਹਾਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ। ਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਵਾਨ ਕਰ ਲਿਆ ਹੈ। ਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ। ਸਲੋਕ ਮਃ ੫ ॥ ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ {ਪੰਨਾ 318} ਪਦ ਅਰਥ: ਜਿਤੁ = ਜਿਸ ਵਿਚ। ਚਿਤਿ = ਚਿਤ ਵਿਚ। ਜਿਤੁ ਦਿਨਿ = ਜਿਸ ਦਿਨ ਵਿਚ। {ਨੋਟ: ਲਫ਼ਜ਼ 'ਜਿਤੁ' ਪੜਨਾਂਵ 'ਜਿਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ}। ਭਲੇਰੀ = ਭਲੀ ਤੋਂ ਉਲਟ, ਮੰਦੀ {ਨੋਟ: ਸੰਸਕ੍ਰਿਤ ਵਿਚ ਇਕ ਲਫ਼ਜ਼ ਹੈ 'ਇਤਰ', ਇਸ ਦਾ ਅਰਥ ਹੈ 'ਹੋਰ', ਉਲਟ। ਜਿਸ 'ਵਿਸ਼ੇਸ਼ਣ' ਨਾਲ ਇਹ ਵਰਤਿਆ ਜਾਏ, ਉਸ ਸਾਰੇ ਲਫ਼ਜ਼ ਦਾ ਅਰਥ ਅਸਲ ਲਫ਼ਜ਼ ਦੇ 'ਉਲਟ' ਹੋ ਜਾਂਦਾ ਹੈ। 'ਇਤਰ' ਦਾ ਪ੍ਰਾਕ੍ਰਿਤ ਰੂਪ 'ਏਰ' ਜਾਂ 'ਇਰ' ਹੈ; ਭਲਾ+ਏਰਾ='ਭਲੇਰਾ'}। ਰੁਤਿ = ਸਮਾ। ਅਰਥ: ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ, ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ।1। ਮਃ ੫ ॥ ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥ ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥ {ਪੰਨਾ 318} ਪਦ ਅਰਥ: ਕੁਮਿਤ੍ਰਾ = ਕੋਝੇ ਮਿੱਤਰ, ਭੈੜੇ ਮਿੱਤਰ। ਕਾਂਢੀਅਹਿ = ਕਹੀਦੇ ਹਨ। ਵਿਖ = ਕਦਮ। ਅਰਥ: ਹੇ ਨਾਨਕ! ਉਸ (ਪ੍ਰਭੂ) ਨਾਲ ਦੋਸਤੀ (ਪਾਣੀ ਚਾਹੀਦੀ ਹੈ) ਜਿਸ ਦੇ ਵੱਸ ਵਿਚ ਹਰੇਕ ਗੱਲ ਹੈ, ਪਰ ਜੋ ਇਕ ਕਦਮ ਭੀ (ਅਸਾਡੇ) ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ (ਉਹਨਾਂ ਨਾਲ ਮੋਹ ਨਾ ਵਧਾਂਦੇ ਫਿਰੋ) ।2। ਪਉੜੀ ॥ ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ {ਪੰਨਾ 318} ਪਦ ਅਰਥ: ਨਿਧਾਨੁ = ਖ਼ਜ਼ਾਨਾ। ਮਿਲਿ = ਮਿਲ ਕੇ। ਜਿਸੁ = ਜਿਸ ਨੂੰ। ਤਿਖਾ = ਤ੍ਰੇਹ, ਮਾਇਆ ਦੀ ਤੇਹ। ਕਾਈ = ਕੋਈ। ਪੁੰਨਿਆ = ਪੂਰੇ ਹੋ ਜਾਂਦੇ ਹਨ। ਅਮਰਾ ਪਦੁ = ਅਟੱਲ ਦਰਜਾ, ਉਹ ਉੱਚੀ ਅਵਸਥਾ ਜੋ ਕਦੇ ਨਾਸ ਨਹੀਂ ਹੁੰਦੀ। ਜੇਵਡੁ = ਜੇਡਾ, ਬਰਾਬਰ ਦਾ। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਅੰਮ੍ਰਿਤ-(ਰੂਪ) ਖ਼ਜ਼ਾਨਾ ਹੈ, (ਇਸ ਅੰਮ੍ਰਿਤ ਨੂੰ ਸਤਿਸੰਗ ਵਿਚ) ਮਿਲ ਕੇ ਪੀਵੋ। ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। (ਹੇ ਭਾਈ!) ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ। (ਨਾਮ ਸਿਮਰਿਆਂ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ। ਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ। ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ।3। ਸਲੋਕ ਮਃ ੫ ॥ ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥ ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥ {ਪੰਨਾ 318} ਪਦ ਅਰਥ: ਹਭ ਠਾਇ = ਸਾਰੀਆਂ ਥਾਵਾਂ ਵਿਚ। ਠਾਉ = ਥਾਂ। ਠਾਇ = ਥਾਂ ਵਿਚ। ਊਣ = ਖ਼ਾਲੀ। ਜਾਇ = ਥਾਂ। ਸੁਆਉ = ਜੀਵਨ ਦਾ ਮਨੋਰਥ। ਅਰਥ: ਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ (ਭਾਵ, ਹਰੇਕ ਜੀਵ ਵਿਚ ਪ੍ਰਭੂ ਹੈ) ਪਰ; ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ।1। |
Sri Guru Granth Darpan, by Professor Sahib Singh |