ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 319

ਮਃ ੫ ॥ ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥ ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥ {ਪੰਨਾ 319}

ਪਦ ਅਰਥ: ਦਾਮਨੀ = ਬਿਜਲੀ। ਖੇ = ਦਾ। ਵਥੁ = ਵਸਤ, ਚੀਜ਼। ਧਣੀ = ਮਾਲਕ। ਤਿਸੁ ਧਣੀ ਨਾਉ = ਉਸ ਮਾਲਕ ਦਾ ਨਾਮ। ਚਮਤਕਾਰ = ਲਿਸ਼ਕ। ਸਾਇ = ਇਹੀ।

ਅਰਥ: ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ। (ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ = (ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ।2।

ਪਉੜੀ ॥ ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥ ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥ ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥ ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥ ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥ {ਪੰਨਾ 319}

ਪਦ ਅਰਥ: ਸੋਧਿ = ਸੋਧੇ, ਸੋਧੇ ਹਨ, ਚੰਗੀ ਤਰ੍ਹਾਂ ਵੇਖੇ ਹਨ। ਕੀਮ = ਕੀਮਤ, ਮੁੱਲ। ਰੰਗੁ = ਆਨੰਦ। ਖਾਣੀ = ਖਾਣ, ਭੰਡਾਰ। ਮਸਤਕਿ = ਮੱਥੇ ਤੇ। ਸਿਮਰਿ = ਸਿਮਰੇ, ਸਿਮਰਦਾ ਹੈ। ਪਰਾਣੀ = ਜੀਵ। ਤੋਸਾ = ਰਾਹ ਦਾ ਖ਼ਰਚ। ਦਿਚੈ = ਦੇਹ, ਦਿੱਤਾ ਜਾਏ। ਮਿਹਮਾਣੀ = ਖ਼ਾਤਰਦਾਰੀ।

ਅਰਥ: ਸਿਮ੍ਰਿਤੀਆਂ ਸ਼ਾਸਤ੍ਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ) । (ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ। ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ = ਏਹੀ ਰਤਨਾਂ ਦੀ ਖਾਣ ਹੈ ('ਨਾਮ' ਸਿਮਰਨ ਵਿਚ ਹੀ ਸਾਰੇ ਗੁਣ ਹਨ) , ਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ। (ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ।4।

ਸਲੋਕ ਮਃ ੫ ॥ ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥ {ਪੰਨਾ 319}

ਪਦ ਅਰਥ: ਨੈਣੀ = (ਭਾਵ, ਵੇਖਣ ਨੂੰ) , ਜ਼ਾਹਰਾ ਤੌਰ ਤੇ। ਮੂਲਿ ਨ = ਉੱਕਾ ਹੀ ਨਹੀਂ।

ਅਰਥ: ਜਿਸ ਮਨੁੱਖ ਦੇ ਮਨ ਵਿਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ; ਵੇਖਣ ਨੂੰ ਭਾਵੇਂ ਉਹ ਸੁਖੀ ਜਾਪਦਾ ਹੋਵੇ। ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦਾ ਭੀ ਦੁੱਖ ਦੂਰ ਨਹੀਂ ਹੁੰਦਾ।1।

ਮਃ ੫ ॥ ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥ ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥ {ਪੰਨਾ 319}

ਪਦ ਅਰਥ: ਸਾਥ = ਕਾਫ਼ਲੇ, ਵਪਾਰੀਆਂ ਦੇ ਟੋਲੇ। ਸਾਬਾਸਿ = ਧੰਨ। ਗੁਰ ਮਿਲਿ = ਗੁਰੂ ਨੂੰ ਮਿਲ ਕੇ।

ਅਰਥ: ਉਹਨਾਂ (ਜੀਵ-) ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ (ਜਾਣੋ) ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ, ਪਰ ਹੇ ਨਾਨਕ! ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨੂੰ ਪਛਾਣ ਲਿਆ ਹੈ।2।

ਪਉੜੀ ॥ ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥ ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥ ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥ ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥ ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥ {ਪੰਨਾ 319}

ਪਦ ਅਰਥ: ਬੈਸਨਿ = ਬੈਠਦੇ ਹਨ। ਓਇ = ਉਹ ਗੁਰਮੁਖ ਬੰਦੇ। ਮੰਦਾ = ਮੰਦ, ਭੈੜ। ਪਾਰਬ੍ਰਹਮ = ਹੇ ਪਾਰਬ੍ਰਹਮ! ਭਗਤਿ ਵਛਲੁ = ਉਹ ਜਿਸ ਨੂੰ ਭਗਤੀ ਪਿਆਰੀ ਲੱਗਦੀ ਹੈ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਜੁਗਿ ਜੁਗਿ = ਹਰੇਕ ਜੁਗ ਵਿਚ। ਜਾਚੈ = ਮੰਗਦਾ ਹੈ। ਮਨਿ = ਮਨ ਵਿਚ। ਭਾਵੰਦਾ = ਭਾਉਂਦਾ ਹੈ।

ਅਰਥ: ਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ, (ਕਿਉਂਕਿ) ਉਹ ਗੁਰਮੁਖ ਬੰਦੇ (ਓਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ।

ਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ = ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ, ਭਗਤਾਂ ਨੂੰ ਪਿਆਰ ਕਰਨਾ = ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ। ਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ।5।

ਸਲੋਕ ਮਃ ੫ ॥ ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥ ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥ {ਪੰਨਾ 319}

ਪਦ ਅਰਥ: ਚੁਹਕੀ = ਬੋਲੀ। ਪਹ ਫੁਟੀ = ਪਹੁ-ਫੁਟਾਲਾ ਹੋਇਆ, ਅੰਮ੍ਰਿਤ ਵੇਲਾ ਹੋਇਆ। ਤਰੰਗ = ਲਹਿਰਾਂ, ਸਿਮਰਨ ਦੇ ਤਰੰਗ। ਨਾਮਹਿ = ਨਾਮ ਵਿਚ।

ਅਰਥ: ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ, ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ।1।

ਮਃ ੫ ॥ ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥ ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥ {ਪੰਨਾ 319}

ਪਦ ਅਰਥ: ਤਹੀ ਘਰ ਮੰਦਰ = ਉਹਨਾਂ ਘਰਾਂ ਮੰਦਰਾਂ ਵਿਚ। ਜਹ = ਜਿੱਥੇ। ਚਿਤਿ = ਚਿੱਤ ਵਿਚ। ਕੁਮਿਤ = ਖੋਟੇ ਮਿੱਤਰ।

ਅਰਥ: ਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ। ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ।2।

ਪਉੜੀ ॥ ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥ ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥ ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥ ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥ ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥ {ਪੰਨਾ 319}

ਪਦ ਅਰਥ: ਸਚੀ = ਸਦਾ ਕਾਇਮ ਰਹਿਣ ਵਾਲੀ। ਰਾਸਿ = ਪੂੰਜੀ। ਤਿਸੈ = ਤਿਸ ਹੀ, ਉਸੇ ਨੂੰ ਹੀ। ਭਾਇਰਹੁ = ਹੇ ਭਰਾਵੋ! ਬਿਧਾਤਾ = ਸਿਰਜਨਹਾਰ ਪ੍ਰਭੂ। ਭੀਤਰਿ = ਅੰਦਰ। ਮਉਲਿਆ = ਖਿੜਿਆ ਹੈ। ਰੰਗਿ = ਪਿਆਰ ਵਿਚ। ਦੋਖਹ = ਐਬਾਂ ਨੂੰ। ਜਿਨਿ = ਜਿਸ ਨੇ।

ਅਰਥ: ਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ, (ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ। (ਜਿਸ ਭਾਗਾਂ ਵਾਲੇ ਨੂੰ ਇਹ 'ਨਾਮ'-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ, (ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ।

ਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ।6।

ਸਲੋਕ ਮਃ ੫ ॥ ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥ ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥ {ਪੰਨਾ 319}

ਪਦ ਅਰਥ: ਅਕ ਕੰਠਿ = ਅੱਕ ਦੇ ਗਲ ਨਾਲ। ਬਿਰਹ = ਵਿਜੋਗ। ਧਣੀ ਸਿਉ = ਮਾਲਕ ਨਾਲੋਂ। ਸਹਸੈ = ਹਜ਼ਾਰਾਂ ਹੀ। ਗੰਠਿ = ਗੰਢਾਂ, ਤੂੰਬੇ।

ਅਰਥ: (ਅੱਕ ਦੀਆਂ) ਕੱਕੜੀਆਂ (ਤਦ ਤਕ) ਮੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ, ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ।1।

ਨੋਟ: ਜਿਵੇਂ ਅੱਕ ਦੀ ਡਾਲ ਨਾਲੋਂ ਟੁੱਟ ਕੇ ਅੱਕ ਦੀਆਂ ਕੱਕੜੀਆਂ ਤੂੰਬੇ ਤੂੰਬੇ ਹੋ ਕੇ ਉੱਡਣ ਲੱਗ ਪੈਂਦੀਆਂ ਹਨ, ਤਿਵੇਂ ਪ੍ਰਭੂ-ਚਰਨਾਂ ਤੋਂ ਟੁੱਟੇ ਹੋਏ ਮਨ ਨੂੰ ਸੈਂਕੜੇ ਚਿੰਤਾ ਫ਼ਿਕਰ ਭਟਕਾਉਂਦੇ ਫਿਰਦੇ ਹਨ।

ਮਃ ੫ ॥ ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥ ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥ {ਪੰਨਾ 319}

ਪਦ ਅਰਥ: ਵਿਸਾਰੇਦੇ = ਵਿਸਾਰਨ ਵਾਲੇ। ਮੂਲਿ = ਉੱਕਾ ਹੀ, ਚੰਗੀ ਤਰ੍ਹਾਂ, ਮੁਕੰਮਲ ਤੌਰ ਤੇ। ਤਸਕਰ = ਚੋਰ। ਸੂਲਿ = ਸੂਲੀ।

ਅਰਥ: ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ) , ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ। ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ।2।

ਪਉੜੀ ॥ ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥ ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥ ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥ ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥ ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥ {ਪੰਨਾ 319}

ਪਦ ਅਰਥ: ਸੁਖ ਨਿਧਾਨੁ = ਸੁਖਾਂ ਦਾ ਖ਼ਜ਼ਾਨਾ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਭਾਵ, ਧਰਤੀ ਦੇ ਉੱਪਰ। ਘਟਿ ਘਟਿ = ਹਰੇਕ ਘਟ ਵਿਚ। ਭਣਿਆ = ਕਿਹਾ ਜਾਂਦਾ ਹੈ। ਕੀਟ = ਕੀੜੇ। ਜਣਿਆ = ਜਣੇ ਹੋਏ, ਪੈਦਾ ਕੀਤੇ ਹੋਏ। ਤੁਸਿ = ਤ੍ਰੁੱਠ ਕੇ। ਨਾਨਕੁ ਦੇਵੈ = (ਗੁਰੂ) ਨਾਨਕ ਦੇਂਦਾ ਹੈ। {ਨੋਟ: ਲਫ਼ਜ਼ 'ਨਾਨਕ' ਅਤੇ ਨਾਨਕੁ ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ। ਜੇ ਏਥੇ ਲਫ਼ਜ਼ 'ਨਾਨਕ' ਹੁੰਦਾ, ਤਾਂ ਇਸ ਤੁਕ ਦਾ ਅਰਥ ਇਉਂ ਹੁੰਦਾ = ਹੇ ਨਾਨਕ! (ਪ੍ਰਭੂ) ਤ੍ਰੁੱਠ ਕੇ ਜਿਸ ਨੂੰ ਨਾਮ ਦੇਂਦਾ ਹੈ ਉਸ ਨੇ ਹਰਿ-ਨਾਮ ਦਾ ਰੰਗ ਮਾਣਿਆ ਹੈ}।

ਅਰਥ: ਇਕ ਪਰਮਾਤਮਾ ਹੀ ਸੁਖਾਂ ਦਾ ਖ਼ਜ਼ਾਨਾ ਹੈ ਜੋ (ਪਰਮਾਤਮਾ) ਅਬਿਨਾਸ਼ੀ ਸੁਣੀਦਾ ਹੈ। ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਤੇ (ਉਹ ਪ੍ਰਭੂ) ਮੌਜੂਦ ਹੈ, ਹਰੇਕ ਸਰੀਰ ਵਿਚ ਉਹ ਪ੍ਰਭੂ (ਵੱਸਦਾ) ਕਿਹਾ ਜਾਂਦਾ ਹੈ, ਉੱਚੇ ਨੀਵੇਂ ਸਾਰੇ ਜੀਵਾਂ ਵਿਚ ਇਕੋ ਜਿਹਾ ਵਰਤ ਰਿਹਾ ਹੈ। ਕੀੜੇ (ਤੋਂ ਲੈ ਕੇ) ਹਾਥੀ (ਤਕ, ਸਾਰੇ ਉਸ ਪ੍ਰਭੂ ਤੋਂ ਹੀ) ਬਣੇ ਹਨ। (ਸਾਰੇ) ਮਿੱਤਰ, ਸਾਥੀ, ਪੁੱਤਰ ਸਨਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ। ਜਿਸ ਜੀਵ ਨੂੰ (ਗੁਰੂ) ਨਾਨਕ ਤੁੱਠ ਕੇ 'ਨਾਮ' ਦੇਂਦਾ ਹੈ ਉਸ ਨੇ ਹੀ ਹਰਿ-ਨਾਮ ਦਾ ਰੰਗ ਮਾਣਿਆ ਹੈ।7।

ਸਲੋਕ ਮਃ ੫ ॥ ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥ {ਪੰਨਾ 319}

ਪਦ ਅਰਥ: ਸਾਸਿ = ਸੁਆਸ ਨਾਲ। ਗਿਰਾਸਿ = ਗਰਾਹੀ ਨਾਲ, ਖਾਂਦਿਆਂ। ਮਨਿ = ਮਨ ਵਿਚ। ਮੰਤੁ = ਮੰਤਰ। ਧੰਨੁ = ਮੁਬਾਰਿਕ। ਸੋਈ = ਉਹੀ ਬੰਦਾ।

ਅਰਥ: ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ; ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ।2।

ਮਃ ੫ ॥ ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥ ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥ {ਪੰਨਾ 319}

ਪਦ ਅਰਥ: ਅਠੇ ਪਹਰ = ਚਾਰ ਪਹਿਰ ਦਿਨ ਤੇ ਚਾਰ ਪਹਿਰ ਰਾਤ, ਦਿਨ ਰਾਤ। ਸੰਦੜੇ = ਦੇ। ਖਾਵਣ ਸੰਦੜੈ = ਖਾਣ ਦੇ। ਖਾਵਣ ਸੰਦੜੈ ਸੂਲਿ = ਖਾਣ ਦੇ ਦੁਖ ਵਿਚ {ਸੂਲਿ' ਅਧਿਕਰਣ-ਕਾਰਕ, ਇਕ-ਵਚਨ ਹੈ ਲਫ਼ਜ਼ 'ਸੂਲੁ' ਤੋਂ, ਇਸ ਲਈ 'ਸੰਦੜੇ' ਦੀ ਥਾਂ ਸੰਦੜੈ ਵਰਤਿਆ ਹੈ}। ਦੋਜਕਿ = ਦੋਜ਼ਕ ਵਿਚ। ਰਸੂਲਿ = ਪੈਗ਼ੰਬਰ ਦੀ 'ਰਾਹੀਂ, ਗੁਰੂ ਦੀ ਰਾਹੀਂ {ਨੋਟ: ਕਿਸੇ ਮੁਸਲਮਾਨ ਨਾਲ ਗੱਲ ਹੋ ਰਹੀ ਹੈ ਇਸ ਲਈ 'ਗੁਰੂ' ਦੇ ਥਾਂ ਰਸੂਲ ਵਰਤਿਆ ਹੈ}।

ਅਰਥ: ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ, ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ?।2।

TOP OF PAGE

Sri Guru Granth Darpan, by Professor Sahib Singh