ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 320

ਪਉੜੀ ॥ ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥ ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥ ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥ ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥ ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥ {ਪੰਨਾ 320}

ਪਦ ਅਰਥ: ਸਰੇਵਹੁ = ਸੇਵਹੁ। ਦੈ = (ਸਲੋਕ ਨੰ: 2 ਵਿਚ ਵੇਖੋ ਲਫ਼ਜ਼ 'ਸੰਦੜੈ') । ਸੁਹੇਲਿਆ = ਸੁਖੀ। ਗਡਿ = ਗੱਡ ਕੇ। ਅਹਲੈ = ਨਾਹ ਹਿੱਲਣ ਵਾਲਾ। ਬੰਧਹੁ = ਬਣਾਓ। ਝਲੈ = ਝੱਲਦਾ ਹੈ, ਆਸਰਾ ਦੇਂਦਾ ਹੈ। ਤਿਸੁ = ਉਸ ਪ੍ਰਭੂ ਦੀ।

ਅਰਥ: ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ) । (ਇਸ ਤਰ੍ਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ। (ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ, ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ।

ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ।8।

ਸਲੋਕ ਮਃ ੫ ॥ ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥ ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥ ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥ ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥ {ਪੰਨਾ 320}

ਪਦ ਅਰਥ: ਜਾਚਕੁ = ਮੰਗਤਾ। ਦਾਨੁ = ('ਅਪਾਰ ਸ਼ਬਦ' ਦਾ) ਖ਼ੈਰ। ਪਿਆਰਿਆ = ਹੇ ਪਿਆਰੇ! ਚਿਤਾਰਿਆ = ਚੇਤੇ ਕਰਦਾ ਹਾਂ। ਅਤੁਲ = ਜੋ ਤੋਲਿਆ ਨਾਹ ਜਾ ਸਕੇ, ਬੇਅੰਤ। ਸਾਰਿਆ = ਸੰਵਾਰ ਦਿੱਤਾ ਹੈ। ਸਭੁ ਕਿਛੁ = ਹਰੇਕ ਕਾਰਜ।

ਅਰਥ: (ਹੇ ਪ੍ਰਭੂ!) ਮੈਂ ਮੰਗਤਾ (ਤੇਰੇ 'ਅਪਾਰ ਸ਼ਬਦ' ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ। ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ। ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ।

ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ।1।

ਮਃ ੫ ॥ ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥ {ਪੰਨਾ 320}

ਪਦ ਅਰਥ: ਸਿਖਹੁ = ਸਿੱਖ ਲਓ, ਚੇਤੇ ਰੱਖਣ ਦੀ ਆਦਤ ਬਣਾਓ। ਟੇਕ = ਆਸਰਾ। ਜਨਮ ਮਰਨ = ਸਾਰੀ ਉਮਰ। ਊਜਲ = ਰੌਸ਼ਨ, ਖਿੜਿਆ ਹੋਇਆ।

ਅਰਥ: ਹੇ ਪਿਆਰੇ ਸੱਜਣੋ! (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ) ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ (ਬਣਦੀ) ਹੈ। ਹੇ ਨਾਨਕ! (ਇਸ ਬਾਣੀ ਦੀ ਰਾਹੀਂ) ਇਕ ਪ੍ਰਭੂ ਨੂੰ ਸਿਮਰਿਆਂ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ।2।

ਪਉੜੀ ॥ ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥ ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥ {ਪੰਨਾ 320}

ਪਦ ਅਰਥ: ਓਥੈ = ਉਸ ('ਸਚ ਧਰਮ ਕੇ ਘਰ' ਵਿਚ) ਉਸ ਸਤਸੰਗ ਵਿਚ {ਨੋਟ: ਇਸ 'ਅਸਥਾਨ' ਦਾ ਜ਼ਿਕਰ ਪਿਛਲੀ ਪਉੜੀ ਦੀ ਤੀਜੀ ਤੁਕ ਵਿਚ ਆ ਚੁਕਾ ਹੈ। ਪੜਨਾਂਵ 'ਓਥੇ' ਸਾਫ਼ ਦੱਸਦਾ ਹੈ ਕਿ ਜਿਸ ਥਾਂ ਵਲ ਇਥੇ ਇਸ਼ਾਰਾ ਹੈ, ਉਸ ਦਾ ਜ਼ਿਕਰ ਪਿਛਲੀ ਪਉੜੀ ਵਿਚ ਚਾਹੀਦਾ ਹੈ}। ਜਮ ਕੈ ਪੰਥਿ = ਜਮ ਦੇ ਰਾਹ ਤੇ। ਜਰਣੇ = ਜਰਨ ਦੀ ਤਾਕਤ, ਜਿਗਰਾ। ਅਮਿਉ = ਅੰਮ੍ਰਿਤ। ਝਰਣੇ = ਫੁਹਾਰੇ। ਪੇਖਿ = ਵੇਖ ਕੇ। ਧਰਣੇ = ਧਾਰਨ ਕੀਤਾ ਹੈ। ਸੁਖੀਆ = ਸੁਖੀ ਕਰਨ ਵਾਲਾ।

ਅਰਥ: ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ। (ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ। ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ। (ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ।

ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ।9।

ਸਲੋਕ ਮਃ ੫ ॥ ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥ ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥ {ਪੰਨਾ 320}

ਪਦ ਅਰਥ: ਸਤਿਗੁਰਿ = {ਅਧਿਕਰਣ ਕਾਰਕ, ਇਕ-ਵਚਨ}। ਸਤਿਗੁਰਿ ਪੂਰੈ ਸੇਵਿਐ = {ਪੂਰਬ ਪੂਰਨ ਕਾਰਦੰਤਕ} ਜੇ ਪੂਰੇ ਗੁਰੂ ਦੀ ਸੇਵਾ ਕੀਤੀ ਜਾਏ। ਨਾਮਿ = {ਅਧਿਕਰਣ ਕਾਰਕ, ਇਕ-ਵਚਨ}। ਨਾਮਿ ਅਰਾਧਿਐ = {ਪੂਰਬ ਪੂਰਨ ਕਾਰਦੰਤਕ} ਜੇ ਨਾਮ ਸਿਮਰਿਆ ਜਾਏ। ਕਾਰਜੁ = ਜ਼ਿੰਦਗੀ ਦਾ ਮਨੋਰਥ। ਰਾਸਿ ਆਵੈ = ਸਫਲ ਹੋ ਜਾਂਦਾ ਹੈ।

ਅਰਥ: ਹੇ ਨਾਨਕ! ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਤੇ ਜੇ ਨਾਮ ਸਿਮਰੀਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ।1।

ਮਃ ੫ ॥ ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥ ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥ {ਪੰਨਾ 320}

ਪਦ ਅਰਥ: ਸੰਕਟ = ਦੁੱਖ। ਮੰਗਲ = ਖ਼ੁਸ਼ੀਆਂ। ਬਿਸ੍ਰਾਮ = ਟਿਕਾਣਾ। ਨਿਮਖ = ਅੱਖ ਦੇ ਝਮਕਣ ਜਿਤਨੇ ਸਮੇ ਲਈ। ਨ ਬਿਸਰਉ = ਵਿਸਰ ਨਾਹ ਜਾਏ।

ਅਰਥ: ਹੇ ਨਾਨਕ! ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ।2।

ਪਉੜੀ ॥ ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥ ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥ ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥ ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥ ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥ {ਪੰਨਾ 320}

ਪਦ ਅਰਥ: ਕਿਆ ਗਣੀ = ਕੀ ਬਿਆਨ ਕਰਾਂ? ਬਿਆਨ ਨਹੀਂ ਹੋ ਸਕਦੀ। ਗਰਭਿ = ਗਰਭ ਵਿਚ। ਦਧਾ = ਸੜਦਾ। ਭੇਟਿਆ = (ਜਿਸ ਨੂੰ) ਮਿਲਿਆ। ਸਮਧਾ = ਸਮਾਧੀ ਵਾਲਾ, ਟਿਕਾਉ ਵਾਲਾ। ਅਗਮ = ਅਪਹੁੰਚ। ਅਗਧਾ = ਅਗਾਧ, ਅਥਾਹ।

ਅਰਥ: ਜਿਨ੍ਹਾਂ (ਗੁਰਮੁਖਾਂ) ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿਚ ਬੱਝਾ ਹੋਇਆ ਮੁਕਤ ਹੋ ਜਾਂਦਾ ਹੈ (ਭਾਵ, ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ) , ਉਹ ਅਬਿਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾਂ ਵਿਚ ਪੈ ਪੈ ਕੇ ਨਹੀਂ ਸੜਦਾ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ। ਹੇ ਨਾਨਕ! ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ।10।

ਸਲੋਕ ਮਃ ੫ ॥ ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥ ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥ {ਪੰਨਾ 320}

ਪਦ ਅਰਥ: ਨ ਕਰਹੀ = ਤੂੰ ਨਹੀਂ ਕਰਦਾ। ਅਵਤਾ = ਅਵੈੜਾ, ਆਪ-ਹੁਦਰਾ। ਲੋਇ = ਲੋਕ ਵਿਚ, ਜਗਤ ਵਿਚ। ਨਾਇ = {ਅਧਿਕਰਣ ਕਾਰਕ, ਇਕ-ਵਚਨ) । ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ) , ਜੇ ਨਾਮ ਵਿਸਾਰ ਦਿੱਤਾ ਜਾਏ। ਕਿਨੇਹਾ ਹੋਇ = ਕੋਈ ਨਹੀਂ ਹੋ ਸਕਦਾ।

ਅਰਥ: (ਹੇ ਜੀਵ!) ਤੂੰ ਆਪਣਾ (ਅਸਲ) ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ। ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ।1।

ਮਃ ੫ ॥ ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥ ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥ {ਪੰਨਾ 320}

ਪਦ ਅਰਥ: ਬਿਖੈ = ਬਿਖ ਦੀ, ਜ਼ਹਿਰ ਦੀ, ਮਾਇਆ ਰੂਪ ਜ਼ਹਿਰ ਦੀ। ਸਗਲ = ਸਾਰੇ ਜੀਵ। ਜਗਤਿ = ਜਗਤ ਵਿਚ। ਰਹੀ ਲਪਟਾਇ = ਚੰਬੜ ਰਹੀ ਹੈ। ਜਨਿ = ਜਨ ਨੇ, ਸੇਵਕ ਨੇ।

ਅਰਥ: (ਮਾਇਆ) ਜ਼ਹਿਰ ਦੀ ਕੁੱੜਤਣ ਸਾਰੇ ਜੀਵਾਂ ਵਿਚ ਹੈ, ਜਗਤ ਵਿਚ ਸਭ ਨੂੰ ਚੰਬੜੀ ਹੋਈ ਹੈ। ਹੇ ਨਾਨਕ! (ਸਿਰਫ਼ ਪ੍ਰਭੂ ਦੇ) ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ।2।

ਪਉੜੀ ॥ ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥ ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥ ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥ ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥ ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥ {ਪੰਨਾ 320}

ਪਦ ਅਰਥ: ਇਹ ਨਿਸਾਣੀ = ਇਹ ਨਿਸ਼ਾਨੀ। ਜਿਸੁ ਭੇਟਤ = ਜਿਸ (ਸਾਧੂ) ਨੂੰ ਮਿਲਿਆਂ। ਕੰਕਰੁ = (ਕਿੰਕਰ) ਦਾਸ, ਸੇਵਕ। ਬਹੁੜਿ = ਮੁੜ। ਬਿਖੁ = ਜ਼ਹਿਰ। ਗੁੰਫਹੁ = ਗੁੰਦੋ। ਮਨਿ = ਮਨ ਵਿਚ। ਪਰਹਰੀਐ = ਦੂਰ ਹੋ ਜਾਂਦੀ ਹੈ। ਨਰਹਰੀਐ = ਨਰਹਰਿ, ਕਰਤਾਰ।

ਅਰਥ: ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ, ਜਮ ਦਾ ਸੇਵਕ (ਭਾਵ, ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ; ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ।

ਹੇ ਭਾਈ! (ਸਾਧੂ ਗੁਰਮੁਖ ਨੇ ਮਿਲ ਕੇ) ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ। ਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ।11।

ਸਲੋਕ ਮਃ ੫ ॥ ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥ ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥ {ਪੰਨਾ 320}

ਅਰਥ: ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ। ਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ (ਨਾਮ ਤੋਂ ਵਾਂਜੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ) ।1।

ਮਃ ੫ ॥ ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥ ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥ {ਪੰਨਾ 320}

ਪਦ ਅਰਥ: ਦ੍ਰਿਸਟੀ ਆਇਆ = ਦਿੱਸ ਪਿਆ ਹੈ। ਪੂਰਨ = ਹਰ ਥਾਂ ਮੌਜੂਦ। ਅਗਮ = ਅਪਹੁੰਚ। ਬਿਸਮਾਦ = ਅਚਰਜ। ਪਰਸਾਦਿ = ਕਿਰਪਾ ਨਾਲ।

ਅਰਥ: ਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ, ਉਸ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ।2।

TOP OF PAGE

Sri Guru Granth Darpan, by Professor Sahib Singh