ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 321 ਪਉੜੀ ॥ ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥ ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥ ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥ ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥ ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥ {ਪੰਨਾ 321} ਪਦ ਅਰਥ: ਧੋਹੁ = ਠੱਗੀ, ਧੋਖਾ। ਲਬਿ = ਲੱਬ ਦੇ ਕਾਰਨ। ਮੋਹਿ = ਮੋਹ ਵਿਚ (ਪੈ ਕੇ) । ਵਿਗੁਤੇ = ਖ਼ੁਆਰ ਹੁੰਦੇ ਹਨ। ਭਲੇਰਿਆ = ਭੈੜੇ, ਮੰਦੇ। ਮਦਿ = ਮਦ ਵਿਚ, ਨਸ਼ੇ ਵਿਚ। ਮੁਤੇ = (ਨਿਖਸਮੇ) ਛੱਡੇ ਹੋਏ। ਪਾਇਨਿ = ਪਾਂਦੇ ਹਨ। ਜੁਤੇ = ਜੁੱਟ ਕੀਤੇ ਜਾਂਦੇ ਹਨ। ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਵਿਸਾਰ ਦਿੱਤਾ ਜਾਏ। ਰੁਤੇ = ਰੁਤਿ, ਸਮਾ। ਅਰਥ: ਖਸਮ (ਪ੍ਰਭੂ) ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ, ਜੋ ਮਨੁੱਖ ਲੱਬ ਵਿਚ ਤੇ ਮੋਹ ਵਿਚ ਫਸੇ ਹੋਏ ਹਨ ਉਹ ਖ਼ੁਆਰ ਹੁੰਦੇ ਹਨ, ਮਾਇਆ ਦੇ ਨਸ਼ੇ ਵਿਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ, ਮੁੜ ਮੁੜ ਜੂਨਾਂ ਵਿਚ ਧੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿਚ (ਨਿਖਸਮੇ) ਛੱਡੇ ਜਾਂਦੇ ਹਨ, ਆਪਣੇ (ਮੰਦੇ) ਕੀਤੇ (ਕੰਮਾਂ) ਦਾ ਫਲ ਪਾਂਦੇ ਹਨ, ਦੁੱਖਾਂ ਨਾਲ ਜੁੱਟ ਕੀਤੇ ਜਾਂਦੇ ਹਨ। ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ (ਜੀਵ ਲਈ) ਸਾਰੀ ਰੁੱਤ ਮੰਦੀ ਹੀ ਜਾਣੋ।12। ਨੋਟ: ਗੁਰੂ ਅਰਜਨ ਸਾਹਿਬ ਦੀ ਗੂਜਰੀ ਰਾਗ ਦੀ ਵਾਰ ਦੀ ਪਉੜੀ ਨੰ: 20 ਵਿਚ ਇਸ ਪਉੜੀ ਦੇ ਕਈ ਲਫ਼ਜ਼ ਤੇ ਖ਼ਿਆਲ ਸਾਂਝੇ ਮਿਲਦੇ ਹਨ। ਇਹ ਦੋਵੇਂ ਵਾਰਾਂ ਅੱਗੜ ਪਿੱਛੜ ਲਿਖੀਆਂ ਗਈਆਂ ਜਾਪਦੀਆਂ ਹਨ। ਦੋਹਾਂ ਹੀ ਵਾਰਾਂ ਵਿਚ ਸਲੋਕ ਲਹਿੰਦੀ ਬੋਲੀ ਦੇ ਹੀ ਹਨ। ਸਲੋਕ ਮਃ ੫ ॥ ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥ ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥ {ਪੰਨਾ 321} ਪਦ ਅਰਥ: ਸੁਖੁ ਸੋਇ = ਉਹੀ ਸੁਖ, ਭਾਵ, ਇਕ-ਸਾਰ ਸੁਖ। ਨਾਮਿ = (ਅਧਿਕਰਣ ਕਾਰਕ, ਇਕ-ਵਚਨ) । ਨਾਮਿ ਸਲਾਹਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਸਲਾਹਿਆ ਜਾਏ, ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕੀਤੀ ਜਾਏ। ਸੀਤਲੁ = ਠੰਢਾ। ਅਰਥ: ਹੇ ਨਾਨਕ! ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਢੇ-ਠਾਰ ਰਹਿੰਦੇ ਹਨ ਤੇ ਇਹ ਸੁਖ ਇਕ-ਸਾਰ ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਬਣਿਆ ਰਹਿੰਦਾ ਹੈ।1। ਮਃ ੫ ॥ ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥ ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥ {ਪੰਨਾ 321} ਪਦ ਅਰਥ: ਲਾਲਚਿ = ਲਾਲਚ ਨਾਲ। ਅਟਿਆ = ਲਿੱਬੜਿਆ ਹੋਇਆ। ਸੁਆਰਥੁ = ਆਪਣੇ ਅਸਲੀ ਭਲੇ ਦਾ ਕੰਮ। ਕੋਇ = ਕੋਈ ਭੀ ਜੀਵ। ਭੇਟੈ = ਮਿਲਦਾ ਹੈ। ਸੋਇ = ਉਹ ਪ੍ਰਭੂ। ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ। ਅਰਥ: (ਜਗਤ ਮਾਇਆ ਦੇ) ਲਾਲਚ ਨਾਲ ਲਿੱਬੜਿਆ ਹੋਇਆ ਸਦਾ (ਭਟਕਦਾ) ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ। (ਪਰ) ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ।2। ਪਉੜੀ ॥ ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥ ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥ ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥ ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥ ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥ {ਪੰਨਾ 321} ਪਦ ਅਰਥ: ਵਸਤੂ = ਚੀਜ਼ਾਂ। ਸਾਦੁ = ਸੁਆਦ। ਸਾਧੀ = ਸਾਧੀ, ਸਾਧ ਜਨਾਂ ਨੇ। ਚਖਿ ਡਿਠਾ = ਚੱਖ ਵੇਖਿਆ ਹੈ। ਪਾਰਬ੍ਰਹਮਿ = ਪਾਰਬ੍ਰਹਮ ਨੇ। ਜਿਸੁ = ਜਿਸ (ਦੇ ਭਾਗਾਂ ਵਿਚ) । ਤਿਸੈ ਮਨਿ = ਉਸ ਦੇ ਮਨ ਵਿਚ। ਵੁਠਾ = ਆ ਵੱਸਿਆ। ਨਿਰੰਜਨੁ = ਨਿਰ-ਅੰਜਨ, ਮਾਇਆ-ਰਹਿਤ। ਰਵਿ ਰਹਿਆ = ਹਰ ਥਾਂ ਵਿਆਪਕ (ਦਿੱਸਦਾ) ਹੈ। ਦੁਯਾ = ਦੂਜਾ। ਕੁਠਾ = ਨਾਸ ਹੋ ਜਾਂਦਾ ਹੈ। ਕਰ = (ਦੋਵੇਂ) ਹੱਥ। ਤੁਠਾ = ਪ੍ਰਸੰਨ ਹੋ ਕੇ। ਅਰਥ: (ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ (ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ, (ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ, ਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ। (ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ। ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ।13। ਸਲੋਕ ਮਃ ੫ ॥ ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥ ਗਾਲ੍ਹ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥ {ਪੰਨਾ 321} ਪਦ ਅਰਥ: ਜਾਚੜੀ = ਜਾਚਨਾ, ਮੰਗ। ਸਾਰੁ = ਸ੍ਰੇਸ਼ਟ, ਸਭ ਤੋਂ ਚੰਗੀ। ਜਾਚੰਦੀ = ਮੰਗਦੀ ਹੈ। ਹੇਕੜੋ = ਇਕ ਰੱਬ ਨੂੰ। ਗਾਲ੍ਹ੍ਹੀ ਬਿਆ = ਹੋਰ ਗੱਲਾਂ। ਵਿਕਾਰ = ਬੇ-ਕਾਰ, ਵਿਅਰਥ। ਧਣੀ = ਮਾਲਕ। ਅਰਥ: ਉਹ ਤਰਲਾ ਸਭ ਤੋਂ ਚੰਗਾ ਹੈ ਜੋ (ਭਾਵ, ਜਿਸ ਦੀ ਰਾਹੀਂ ਮਨੁੱਖ) ਇਕ ਪ੍ਰਭੂ (ਦੇ ਨਾਮ) ਨੂੰ ਮੰਗਦਾ ਹੈ। ਹੇ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ।1। ਮਃ ੫ ॥ ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥ ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥ {ਪੰਨਾ 321} ਪਦ ਅਰਥ: ਨੀਹਿ = ਨਿਹੁਂ ਵਿਚ, ਪ੍ਰੇਮ ਵਿਚ। ਜਿ ਮੰਨੁ = ਜਿਸ ਦਾ ਮਨ। ਥਿਓ = ਹੁੰਦਾ ਹੈ। ਪਾਧਰੁ = ਰਸਤਾ। ਪਧਰੋ = ਸਿੱਧਾ। ਅਰਥ: ਅਜੇਹਾ (ਰੱਬ ਦੀ) ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਵਿੰਨ੍ਹਿਆ ਹੋਵੇ, ਹੇ ਨਾਨਕ! ਅਜੇਹਾ ਸੰਤ (ਹੋਰਨਾਂ ਨੂੰ ਭੀ ਰੱਬ ਨਾਲ) ਜੋੜਨ ਤੇ ਸਮਰੱਥ ਹੁੰਦਾ ਹੈ ਤੇ (ਰੱਬ ਨੂੰ ਮਿਲਣ ਲਈ) ਸਿੱਧਾ ਰਾਹ ਵਿਖਾ ਦੇਂਦਾ ਹੈ।2। ਪਉੜੀ ॥ ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥ ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥ ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥ ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥ ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥ ਪਦ ਅਰਥ: ਜੀਅੜੇ = ਹੇ ਜਿੰਦੇ! ਕਿਲਵਿਖ = ਪਾਪ। ਭਾਵੰਦੁ = ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਨਿ = ਜਿਸ (ਪਰਮੇਸਰ) ਨੇ। ਅਰਥ: ਹੇ ਮੇਰੀ ਜਿੰਦੇ! ਉਸ ਪਰਮੇਸਰ ਨੂੰ ਸਿਮਰ ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ। ਪਰਮੇਸ਼ਰ ਨੂੰ ਸਿਮਰਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। ਗੁਰੂ ਨੇ ਪ੍ਰਭੂ (ਨੂੰ ਮਿਲਣ) ਦਾ ਰਾਹ ਦੱਸਿਆ ਹੈ। ਗੁਰੂ ਦਾ ਉਪਦੇਸ਼ ਸਦਾ ਚੇਤੇ ਕਰਨਾ ਚਾਹੀਦਾ ਹੈ, (ਗੁਰੂ ਦਾ ਉਪਦੇਸ਼ ਸਦਾ ਚੇਤੇ ਕੀਤਿਆਂ) ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿਚ ਪਿਆਰਾ ਲੱਗਦਾ ਹੈ। ਹੇ ਨਾਨਕ! ਜਿਸ ਪਰਮੇਸ਼ਰ ਨੇ (ਇਹ) ਜਿੰਦ ਦਿੱਤੀ ਹੈ, ਉਸ ਨੂੰ (ਸਦਾ) ਸਿਮਰ।14। ਸਲੋਕ ਮਃ ੫ ॥ ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥ ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥ {ਪੰਨਾ 321} ਪਦ ਅਰਥ: ਵਤ = ਵੱਤਰ, ਫਬਵਾਂ ਸਮਾਂ। ਤਿਸਹਿ = ਉਸ ਨੂੰ ਹੀ, ਤਿਸ ਹੀ। ਅਰਥ: (ਇਹ ਮਨੁੱਖਾ ਜਨਮ) ਸੱਚੇ ਪ੍ਰਭੂ ਦਾ ਨਾਮ (ਰੂਪ ਬੀਜ ਬੀਜਣ) ਲਈ ਫਬਵਾਂ ਸਮਾਂ ਮਿਲਿਆ ਹੈ, ਜੋ ਮਨੁੱਖ ('ਨਾਮ'-ਬੀਜ) ਬੀਜਦਾ ਹੈ ਉਹ (ਇਸ ਦਾ ਫਲ) ਖਾਂਦਾ ਹੈ। ਹੇ ਨਾਨਕ! ਇਹ ਚੀਜ਼ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੇ ਭਾਗਾਂ ਵਿਚ ਲਿਖੀ ਹੋਵੇ।1। ਮਃ ੫ ॥ ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥ {ਪੰਨਾ 321} ਪਦ ਅਰਥ: ਤੁਸਿ = ਤ੍ਰੁੱਠ ਕੇ, ਖ਼ੁਸ਼ ਹੋ ਕੇ। ਤਿਤੁ = {ਅਧਿਕਰਣ ਕਾਰਕ, ਇਕ-ਵਚਨ}। ਜਿਤੁ ਖਾਧੈ = {ਪੂਰਨ ਕਾਰਦੰਤਕ} ਜਿਸ ਦੇ ਖਾਧਿਆਂ, ਜੇ ਇਸ ਨੂੰ ਖਾਧਾ ਜਾਏ। ਤ੍ਰਿਪਤੀਐ = ਰੱਜ ਜਾਂਦਾ ਹੈ। ਸਾਹਿਬ ਦਾਤਿ = ਮਾਲਕ ਦੀ ਬਖ਼ਸ਼ਸ਼। ਅਰਥ: ਜੇ ਮੰਗਣਾ ਹੈ ਤਾਂ ਸਿਰਫ਼ ਪ੍ਰਭੂ ਦਾ ਨਾਮ ਮੰਗੋ (ਇਹ 'ਨਾਮ' ਉਸ ਨੂੰ ਹੀ ਮਿਲਦਾ ਹੈ) ਜਿਸ ਨੂੰ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਜੇ ਇਹ (ਨਾਮ-ਵਸਤ) ਖਾਧੀ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ, ਪਰ ਹੇ ਨਾਨਕ! ਹੈ ਇਹ (ਨਿਰੋਲ) ਮਾਲਕ ਦੀ ਬਖ਼ਸ਼ਸ਼ ਹੀ।2। ਪਉੜੀ ॥ ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥ ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥ ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥ ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥ ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥ {ਪੰਨਾ 321} ਪਦ ਅਰਥ: ਲਾਹਾ = ਨਫ਼ਾ, ਲਾਭ। ਸੇ = ਉਹ ਬੰਦੇ। ਰਾਸਿ = ਪੂੰਜੀ। ਦੁਤੀਆ = {ਸੰ: ਦ੍ਵਿਤੀਯ} ਦੂਜਾ, ਕਿਸੇ ਹੋਰ ਦਾ। ਭਾਉ = ਪਿਆਰ। ਸਰੇਵਿਆ = ਸਿਮਰਿਆ। ਸਾਸੁ = ਸੁਆਸ, ਸਾਹ। ਕੰਠਿ = ਗਲ ਨਾਲ। ਜਨ = ਜਨਾਂ ਨੂੰ, ਸੇਵਕਾਂ ਨੂੰ। ਬਲਿ ਜਾਸੁ = ਸਦਕੇ ਹੁੰਦਾ ਹਾਂ। ਅਰਥ: ਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ। ਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ। ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ (ਉਹਨਾਂ) ਨੂੰ ਨਾਸਵੰਤ (ਦਿੱਸਦਾ) ਹੈ। ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ, ਪਰਮਾਤਮਾ ਨੇ ਆਪਣੇ ਸੇਵਕਾਂ ਨੂੰ ("ਦੁਤੀਆ ਭਾਵ" ਵਲੋਂ) ਆਪ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ। ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ।15। ਸਲੋਕ ਮਃ ੫ ॥ ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥ ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥ ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥ ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥ ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥ {ਪੰਨਾ 321} ਪਦ ਅਰਥ: ਪਾਰਬ੍ਰਹਮਿ = ਪਰਮਾਤਮਾ ਨੇ। ਮੀਹੁ = ਨਾਮ ਦੀ ਵਰਖਾ। ਵੁਠਾ = ਵੱਸਿਆ, (ਮੀਂਹ) ਪਿਆ। ਸਹਜਿ ਸੁਭਾਇ = ਆਪਣੇ ਆਪ। ਪ੍ਰਿਥਮੀ = ਹਿਰਦਾ-ਰੂਪ ਧਰਤੀ। ਅੰਨੁ = ਧੰਨੁ = (ਜਿਵੇਂ ਸਰੀਰ ਦਾ ਆਸਰਾ ਅੰਨ ਹੈ, ਤਿਵੇਂ ਹਿਰਦੇ ਦੇ ਆਸਰੇ ਲਈ) ਸਿਫ਼ਤਿ-ਸਾਲਾਹ ਰੂਪ ਅੰਨ। ਤਿਪਤਿ ਆਘਾਇ ਰਜੀ = ਚੰਗੀ ਤਰ੍ਹਾਂ ਰੱਜ ਗਈ। ਦਾਲਦੁ = ਦਲਿੱਦ੍ਰ। ਬਿਲਾਇ ਗਇਆ = ਦੂਰ ਹੋ ਜਾਂਦਾ ਹੈ। ਪੂਰਬਿ = ਮੁੱਢ ਤੋਂ। ਤਿਸੈ ਰਜਾਏ = ਉਸ (ਪ੍ਰਭੂ) ਦੀ ਰਜ਼ਾ ਅਨੁਸਾਰ। ਅਰਥ: ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ (ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ-ਰੂਪ ਧਰਤੀ ਤੇ) ਆਪਣੇ ਆਪ ਨਾਮ ਦੀ ਵਰਖਾ ਹੋਣ ਲੱਗ ਪਈ, ਉਸ (ਹਿਰਦੇ-ਧਰਤੀ) ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਅੰਨ ਬਹੁਤ ਪੈਦਾ ਹੋ ਜਾਂਦਾ ਹੈ, (ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਜਾਂਦਾ ਹੈ) , ਉਹ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦਾ ਦੁੱਖ-ਦਲਿੱਦ੍ਰ ਦੂਰ ਹੋ ਜਾਂਦਾ ਹੈ, ਪਰ ਇਹ 'ਨਾਮ' ਰੂਪ ਅੰਨ ਪੂਰਬਲੇ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਤੇ ਮਿਲਦਾ ਹੈ ਪਰਮਾਤਮਾ ਦੀ ਰਜ਼ਾ ਅਨੁਸਾਰ। (ਮਾਇਆ ਵਿਚ ਮੋਏ ਹੋਏ ਜਿਸ ਕਿਸੇ ਨੂੰ) ਜਿੰਦ ਪਾਈ ਹੈ ਪਰਮੇਸ਼ਰ ਨੇ ਹੀ (ਪਾਈ ਹੈ) , ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ।1। |
Sri Guru Granth Darpan, by Professor Sahib Singh |