ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 322

ਮਃ ੫ ॥ ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥ ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥ ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥ ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥ ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥ ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥ ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥ ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥ {ਪੰਨਾ 322}

ਪਦ ਅਰਥ: ਜੀਵਨ ਪਦੁ = ਅਸਲੀ ਜ਼ਿੰਦਗੀ ਦਾ ਦਰਜਾ। ਨਿਰਬਾਣੁ = (ਨਿਰਵਾਣ) ਵਾਸ਼ਨਾ-ਰਹਿਤ ਪ੍ਰਭੂ। ਜਾਇ = ਥਾਂ। ਕਿਨਿ ਬਿਧਿ = ਕਿਸ ਤਰ੍ਹਾਂ। ਧੀਰੀਐ = ਧੀਰਜ ਆਵੇ, ਮਨ ਟਿਕੇ। ਛਾਰੁ = ਸੁਆਹ। ਬਾਦਿ = ਵਿਅਰਥ। ਰਸ = ਚਸਕੇ। ਕਰਹਿ = ਤੂੰ ਕਰਦਾ ਹੈਂ। ਕਲ = ਸ਼ਾਂਤੀ ਦੀ ਸਾਰ। ਰੰਗਿ = ਪਿਆਰ ਵਿਚ। ਗਾਵਹੀ = ਗਾਉਂਦੇ ਹਨ। ਦੁਆਰਿ = ਦਰ ਤੇ। ਭਾਵਹੀ = ਚੰਗੇ ਲੱਗਣ।

ਅਰਥ: ਜੇ ਵਾਸ਼ਨਾ-ਰਹਿਤ ਇਕ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ, (ਪਰ ਇਸ ਅਵਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ। ਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ। (ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ।

ਹੇ ਪ੍ਰਾਣੀ! ਤੂੰ ਕੀਹ ਕਰ ਰਿਹਾ ਹੈਂ? (ਭਾਵ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ-ਰੂਪ ਤੇ ਰਸ ਸਭ ਵਿਅਰਥ ਹਨ (ਇਹਨਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ) ? (ਪਰ ਜੀਵ ਦੇ ਭੀ ਕੀਹ ਵੱਸ?) ਪ੍ਰਭੂ ਜਿਸ ਮਨੁੱਖ ਨੂੰ ਆਪ ਕੁਰਾਹੇ ਪਾਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ। ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ-ਰਹਿਤ ਪ੍ਰਭੂ ਨੂੰ ਗਾਉਂਦੇ ਹਨ। ਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ = ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ।2।

ਪਉੜੀ ॥ ਜੰਮਣੁ ਮਰਣੁ ਨ ਤਿਨ੍ਹ੍ਹ ਕਉ ਜੋ ਹਰਿ ਲੜਿ ਲਾਗੇ ॥ ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥ ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥ ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥ ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥ ਸਲੋਕੁ ਮਃ ੫ ॥ {ਪੰਨਾ 322}

ਪਦ ਅਰਥ: ਲੜਿ ਲਾਗੇ = ਆਸਰਾ ਲਿਆ। ਜੀਵਤ = ਜੀਊਂਦੇ ਹੀ, ਇਸੇ ਜ਼ਿੰਦਗੀ ਵਿਚ। ਕੀਰਤਨਿ = ਕੀਰਤਨ ਨਾਲ, ਸਿਫ਼ਤਿ-ਸਾਲਾਹ ਕਰ ਕੇ। ਜਾਗੇ = ਸੁਚੇਤ ਰਹੇ, ਵਿਕਾਰਾਂ ਵਲੋਂ ਬਚੇ ਰਹੇ। ਨਾਇ = {ਅਧਿਕਰਣ ਕਾਰਕ, ਇਕ-ਵਚਨ}। ਨਾਇ ਵਿਸਰਿਐ = {ਪੂਰਬ ਪੂਰਨ ਕਾਰਦੰਤਕ} ਜੇ ਨਾਮ ਵਿਸਰ ਜਾਏ। ਪੁਨੀਤ = ਪਵਿੱਤ੍ਰ। ਕੋਟਿ = ਕ੍ਰੋੜ। ਪਿਰਾਗ = ਪ੍ਰਯਾਗ।

ਅਰਥ: ਜੋ ਮਨੁੱਖ ਪਰਮਾਤਮਾ ਦਾ ਆਸਰਾ ਲੈਂਦੇ ਹਨ, ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ; ਉਹ ਇਸੇ ਜੀਵਨ ਵਿਚ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਓਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਅਜਿਹੇ) ਗੁਰਮੁਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਪਰ ਜੇ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਜੀਊਣਾ ਫਿਟਕਾਰ-ਜੋਗ ਹੈ ਟੁੱਟੇ ਹੋਏ ਕੱਚੇ ਧਾਗੇ ਵਾਂਗ (ਵਿਅਰਥ) ਹੈ।

ਹੇ ਨਾਨਕ! ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕ੍ਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਵਧੀਕ ਪਵਿੱਤ੍ਰ ਹੈ। 16।

ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥ ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥ {ਪੰਨਾ 322}

ਪਦ ਅਰਥ: ਧਰਣ = ਧਰਤੀ। ਸੁਵੰਨੀ = ਸੋਹਣੇ ਵੰਨ ਵਾਲੀ, ਸੋਹਣੇ ਰੰਗ ਵਾਲੀ। ਖੜ = ਘਾਹ। ਰਤਨ = ਤ੍ਰੇਲ-ਰੂਪ ਮੋਤੀ। ਜੜਾਵੀ = ਜੜਾਊ। ਮਨਿ = ਮਨ ਵਿਚ।

ਅਰਥ: ਜਿਸ ਮਨ ਵਿਚ ਪਿਆਰ-ਸਰੂਪ ਹਰੀ ਅਕਾਲ ਪੁਰਖ ਵੱਸ ਪੈਂਦਾ ਹੈ ਉਹ ਮਨ ਇਉਂ ਹੈ ਜਿਵੇਂ ਤ੍ਰੇਲ-ਮੋਤੀਆਂ ਨਾਲ ਜੜੀ ਹੋਈ ਘਾਹ ਵਾਲੀ ਧਰਤੀ ਸੋਹਣੇ ਵੰਨ ਵਾਲੀ ਹੋ ਜਾਂਦੀ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਸਤਿਗੁਰੂ ਨਾਨਕ ਤ੍ਰੁੱਠਦਾ ਹੈ, ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ।1।

ਮਃ ੫ ॥ ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥ ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥ {ਪੰਨਾ 322}

ਪਦ ਅਰਥ: ਦਹ = ਦਸ। ਦਿਸਾ = ਪਾਸੇ। ਦਹਦਿਸਾ = ਦਸੀਂ ਪਾਸੀਂ, ਹਰ ਪਾਸੇ। ਬਨਰਾਇ = ਬਨਸਪਤੀ। ਮਿਰਤਕੋ = ਮੁਰਦਾਰ। ਬਹਿਠੀ = ਬੈਠਦੀ ਹੈ। ਜਲ = (ਭਾਵ) ਦਰਿਆ ਆਦਿਕ।

ਅਰਥ: ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ ਇੱਲ ਨੇ ਜਿਥੇ ਮੁਰਦਾਰ ਆ ਵੇਖਿਆ ਓਥੇ ਆ ਬੈਠੀ (ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿੱਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ) ।2।

ਪਉੜੀ ॥ ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥ ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥ ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥ ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥ ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥ {ਪੰਨਾ 322}

ਪਦ ਅਰਥ: ਜਿਸੁ = ਜਿਸ (ਪ੍ਰਭੂ) ਪਾਸੋਂ। ਲੋੜੀਅਹਿ = ਮੰਗਦੇ ਹਨ। ਕਮਾਵਉ = ਮੈਂ ਕਮਾਵਾਂ, (ਭਾਵ,) ਸਿਮਰਨ ਕਰਾਂ। {ਇਹ ਲਫ਼ਜ਼ 'ਵਰਤਮਾਨ ਕਾਲ ਉੱਤਮ ਪੁਰਖ, ਇਕ-ਵਚਨ' ਹੈ। ਇਸ ਦਾ ਅਰਥ 'ਕਮਾਓ' ਕਰਨਾ ਗ਼ਲਤ ਹੈ, ਉਸ ਹਾਲਤ ਵਿਚ ਇਸ ਦਾ ਜੋੜ ਹੁੰਦਾ 'ਕਮਾਵਹੁ' ਜੋ ਵਿਆਕਰਨ ਅਨੁਸਾਰ 'ਹੁਕਮੀ ਭਵਿੱਖਤ, ਮਧਮ ਪੁਰਖ, ਬਹੁ-ਵਚਨ' ਹੈ}। ਦੇਖਉ = ਮੈਂ ਦੇਖਾਂ। ਧਿਆਵਉ = ਮੈਂ ਧਿਆਵਾਂ। ਸਮਾਵਉ = ਮੈਂ ਸਮਾ ਜਾਵਾਂ। ਦੇਈ = ਮੈਂ ਦੇਵਾਂ। ਜਾਵਉ = ਮੈਂ ਜਾਵਾਂ। ਸੁਣਾਵਉ = ਮੈਂ (ਹੋਰਨਾਂ ਨੂੰ ਭੀ) ਸੁਣਾਵਾਂ।

ਅਰਥ: ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ, ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ, ਉਸ ਪਾਰਬ੍ਰਹਮ ਨੂੰ ਆਪਣੇ ਅੰਗ-ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ। ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿਚ ਲੀਨ ਹੋ ਜਾਵਾਂ। ਮੈਂ ਕਿਸੇ ਭੀ ਜੀਵ ਨੂੰ ਦੁੱਖ ਨਾ ਦਿਆਂ ਤੇ (ਇਸ ਤਰ੍ਹਾਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਵਾਂ (ਭਾਵ, ਪ੍ਰਭੂ ਦੀ ਹਜ਼ੂਰੀ ਵਿਚ ਅੱਪੜਾਂ) । ਹੇ ਨਾਨਕ! ਮੈਂ ਹੋਰਨਾਂ ਨੂੰ ਭੀ ਦੱਸਾਂ ਕਿ ਕਰਤਾਰ ਅਕਾਲ ਪੁਰਖ (ਵਿਕਾਰਾਂ ਵਿਚ) ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ। 17।

ਸਲੋਕ ਦੋਹਾ ਮਃ ੫ ॥ ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥ ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥ {ਪੰਨਾ 322}

ਪਦ ਅਰਥ: ਜਿ = ਜੋ। ਕਲਾ = ਸੱਤਿਆ, ਤਾਕਤ। ਖੰਨੀਐ = ਟੋਟੇ ਟੋਟੇ ਹੋਵੇ, ਕੁਰਬਾਨ ਜਾਵੇ, ਸਦਕੇ ਹੋਵੇ। ਸੰਦੜੀ = ਦੀ। ਵਥੁ = ਵਸਤ, ਚੀਜ਼।

ਅਰਥ: ਮੈਂ ਇਕ ਉਸ (ਹਰੀ) ਨੂੰ ਹੀ ਆਪਣਾ ਮਿੱਤ੍ਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ, ਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ, ਮੇਰੀ ਜਿੰਦ ਉਸ ਤੋਂ ਸਦਕੇ ਹੈ।1।

ਮਃ ੫ ॥ ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥ ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥ {ਪੰਨਾ 322}

ਪਦ ਅਰਥ: ਕਰੁ = (ਮੇਰਾ) ਹੱਥ। ਗਹਰਿ = (ਤੂੰ) ਫੜ ਲਏਂ। ਨ ਮੂਲਿ = ਕਦੇ ਨਾ। ਛੋਡਨਿ = ਛੱਡ ਦੇਂਦੇ ਹਨ, ਵਿਸਾਰ ਦੇਂਦੇ ਹਨ। ਦੁਰਜਨਾ = ਮੰਦ-ਕਰਮੀ ਮਨੁੱਖ। ਪੜਹਿ = ਪੈਂਦੇ ਹਨ। ਸੂਲਿ = ਅਸਹਿ ਪੀੜ ਵਿਚ।

ਅਰਥ: ਹੇ ਅਤਿ ਪਿਆਰੇ (ਪ੍ਰਭੂ!) ਜੇ ਤੂੰ ਮੇਰਾ ਹੱਥ ਫੜ ਲਏਂ, ਮੈਂ ਤੈਨੂੰ ਕਦੇ ਨਾ ਛੱਡਾਂ। ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦੇਂਦੇ ਹਨ ਉਹ ਮੰਦ-ਕਰਮੀ (ਹੋ ਕੇ) ਦੋਜ਼ਕ ਦੀ ਅਸਹ ਪੀੜ ਵਿਚ ਪੈਂਦੇ ਹਨ (ਭਾਵ, ਪੀੜ ਨਾਲ ਤੜਫ਼ਦੇ ਹਨ) ।2।

ਪਉੜੀ ॥ ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥ ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥ ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥ ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥ {ਪੰਨਾ 322}

ਪਦ ਅਰਥ: ਸਭਿ = ਸਾਰੇ। ਜਿਸ ਦੈ ਘਰਿ = ਜਿਸ ਦੇ ਘਰ ਵਿਚ {'ਦੇ' ਦੇ ਥਾਂ 'ਦੈ' ਦੀ ਵਰਤੋਂ ਚੇਤੇ ਰੱਖਣ-ਜੋਗ ਹੈ, ਵੇਖੋ ਪਉੜੀ ਨੰ: 8}। ਸੰਕਟ = ਕਲੇਸ਼। ਭੇਟੀਐ = ਮਿਲੇ। ਘਣੀ = ਬਹੁਤ, ਤੀਬਰ।

ਅਰਥ: ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ। ਉਸ ਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜੀਊਂਦੇ ਹਨ (ਭਾਵ, ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੇ ਹਨ, ਕਿਉਂਕਿ ਪ੍ਰਭੂ ਉਹਨਾਂ ਦੇ) ਪਾਪਾਂ ਦੀ ਸਾਰੀ ਮੈਲ ਧੋ ਦੇਂਦਾ ਹੈ, ਪ੍ਰਭੂ ਦੇ ਸੋਹਣੇ ਚਰਨ ਉਹਨਾਂ ਦੇ ਮਨ ਵਿਚ ਵੱਸਦੇ ਹਨ, ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ ਕਰ ਦੇਂਦਾ ਹੈ। (ਪਰ ਇਹ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ ਤੇ ਨਾਹ ਦੁਖੀ ਹੁੰਦਾ ਹੈ। ਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਭੀ ਬੜੀ ਤੀਬਰ ਹੈ, ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰ ਕੇ ਦੇਂਦਾ ਹੈ। 18।

ਸਲੋਕ ਡਖਣਾ ਮਃ ੫ ॥ ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥ ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥ {ਪੰਨਾ 322}

ਪਦ ਅਰਥ: ਭੋਰੀ = ਰਤਾ ਕੁ ਭੀ। ਵਞਾਇ = (ਜੇ) ਦੂਰ ਕਰੇ। ਪਿਰੀ = ਪਿਆਰ। ਮੁਹਬਤਿ = ਪਿਆਰ। ਜਿਥਹੁ = ਜਿੱਥੇ। ਜਾਇ ਵੰਞੈ = ਜਾਇਂਗਾ। ਤਿਥਾਊ = ਓਥੇ ਹੀ। ਸੋਇ = ਉਹ ਪ੍ਰਭੂ।

ਅਰਥ: (ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ; ਤਾਂ ਜਿੱਥੇ ਜਾਇਂਗਾ ਓਥੇ ਹੀ ਉਹ ਪ੍ਰਭੂ ਹਾਜ਼ਰ (ਦਿੱਸੇਗਾ) ।1।

ਮਃ ੫ ॥ ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥ ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥ {ਪੰਨਾ 322}

ਪਦ ਅਰਥ: ਘੋੜੜਾ = ਸੋਹਣਾ ਘੋੜਾ। ਘੋੜੜੈ = ਸੋਹਣੇ ਘੋੜੇ ਤੇ। ਕੁੰਦੇ = ਬੰਦੂਕ ਦਾ ਹੱਥਾ। ਖੇਡਾਰੀ = ਖੇਡ ਜਾਣਨ ਵਾਲੇ। ਉਲਾਸਹਿ = ਉਤਸ਼ਾਹ ਵਿਚ ਲਿਆਉਂਦੇ ਹਨ। ਸੇਤੀ = ਨਾਲ।

ਅਰਥ: (ਜੋ ਮਨੁੱਖ) ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ, (ਪਰ) ਸੋਹਣੇ ਘੋੜੇ ਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ (ਹੱਥ ਵਿਚ) ਫੜਦੇ ਹਨ (ਉਹ ਹਾਸੋ-ਹੀਣੇ ਹੁੰਦੇ ਹਨ, ਉਹ, ਮਾਨੋ, ਇਹੋ ਜਿਹੇ ਹਨ ਕਿ) ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਨਾਲ (ਉੱਡਣ ਲਈ ਆਪਣੇ) ਮਨ ਨੂੰ ਉਤਸ਼ਾਹ ਦੇਂਦੇ ਹੋਣ। (ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ) ।2।

ਪਉੜੀ ॥ ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥ ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥ ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥ ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥ ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥ {ਪੰਨਾ 322}

ਪਦ ਅਰਥ: ਰਸਨਾ = ਜੀਭ ਨਾਲ। ਸ੍ਰਵਣੀ = ਕੰਨਾਂ ਨਾਲ। ਮਿਤਾ = ਹੇ ਮਿੱਤਰ! ਭਾਵਨੀ = ਸਰਧਾ, ਪ੍ਰੇਮ। ਹਸਤ = ਹੱਥ। ਅਠਸਠਿ = ਅਠਾਹਠ। ਮਜਨਾ = ਇਸ਼ਨਾਨ। ਸਭਿ = ਸਾਰੇ। ਤਿਨਿ = ਉਸ (ਮਨੁੱਖ) ਨੇ। ਬਿਖਿਆ = ਮਾਇਆ। ਉਧਾਰਿਅਨੁ = ਉਸ (ਹਰੀ) ਨੇ ਉਧਾਰੇ ਹਨ। ਦਯੁ = ਪਿਆਰਾ (ਪ੍ਰਭੂ) । ਅਮਿਤਾ = ਬੇਅੰਤ।

ਅਰਥ: ਹੇ ਮਿੱਤਰ! ਜੋ ਮਨੁੱਖ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਤੇ ਕੰਨਾਂ ਨਾਲ ਹਰਿ-ਨਾਮ ਸੁਣਦਾ ਹੈ, ਉਹ (ਮਨੁੱਖ ਸੰਸਾਰ-ਸਾਗਰ ਤੋਂ) ਬਚ ਜਾਂਦਾ ਹੈ। ਉਸ ਦੇ ਉਹ ਹੱਥ ਪਵਿੱਤ੍ਰ ਹਨ ਜੋ ਸ਼ਰਧਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਹਨ। ਉਸ ਮਨੁੱਖ ਨੇ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ। ਅਜੇਹੇ ਮਨੁੱਖ ਸੰਸਾਰ-ਸਮੁੰਦਰ (ਦੇ ਵਿਕਾਰਾਂ ਵਿਚ ਡੁੱਬਣ) ਤੋਂ ਬਚ ਜਾਂਦੇ ਹਨ, ਉਹਨਾਂ ਨੇ ਮਾਇਆ ਦਾ ਕਿਲ੍ਹਾ ਜਿੱਤ ਲਿਆ (ਸਮਝੋ) ।

ਹੇ ਨਾਨਕ! ਐਸੇ ਬੇਅੰਤ ਪ੍ਰਭੂ ਨੂੰ ਸਿਮਰ, ਜਿਸ ਨੇ ਆਪਣੇ ਲੜ ਲਾ ਕੇ (ਅਨੇਕਾਂ ਜੀਵ) ਬਚਾਏ ਹਨ। 19।

TOP OF PAGE

Sri Guru Granth Darpan, by Professor Sahib Singh