ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 323

ਸਲੋਕ ਮਃ ੫ ॥ ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥ ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥ {ਪੰਨਾ 323}

ਪਦ ਅਰਥ: ਧੰਧੜੇ = ਕੋਝੇ ਧੰਧੇ। ਕੁਲਾਹ = (ਕੁ+ਲਾਹ) ਘਾਟੇ ਵਾਲੇ। ਚਿਤਿ = ਚਿੱਤ ਵਿਚ। ਹੇਕੜੋ = ਇੱਕ ਪਰਮਾਤਮਾ। ਤੰਨ = ਸਰੀਰ। ਫੁਟੰਨਿ = ਫੁੱਟ ਜਾਂਦੇ ਹਨ, ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ।

ਅਰਥ: ਉਹ ਕੋਝੇ ਧੰਧੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪਰਮਾਤਮਾ ਚਿੱਤ ਵਿਚ ਨਾ ਆਵੇ, (ਕਿਉਂਕਿ) ਹੇ ਨਾਨਕ! ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਭੁੱਲ ਜਾਂਦਾ ਹੈ।1।

ਮਃ ੫ ॥ ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥ ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥ ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥ ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥ {ਪੰਨਾ 323}

ਪਦ ਅਰਥ: ਪਰਤੇਹੁ = ਪਰੇਤ ਤੋਂ, ਭੂਤ ਤੋਂ। ਕੀਤੋਨੁ = ਉਸ ਨੇ ਬਣਾ ਦਿੱਤਾ। ਤਿਨਿ = ਉਸ ਨੇ। ਉਬਾਰਿਅਨੁ = ਉਸ ਨੇ ਬਚਾ ਲਏ। ਪ੍ਰਭਿ = ਪ੍ਰਭੂ ਨੇ। ਪਛਾੜਿਅਨੁ = ਧਰਤੀ ਤੇ ਪਟਕਾ ਕੇ ਮਾਰੇ ਉਸ ਨੇ। ਸਾਜਿ = ਪੈਦਾ ਕਰ ਕੇ।

ਅਰਥ: ਉਸ ਸਿਰਜਣਹਾਰ ਨੇ (ਨਾਮ ਦੀ ਦਾਤਿ ਦੇ ਕੇ ਜੀਵ ਨੂੰ) ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ। ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ (ਵਿਕਾਰਾਂ ਤੋਂ) ਬਚਾ ਲਏ ਹਨ। ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਉਸ ਨੇ (ਮਾਨੋ) ਪਟਕਾ ਕੇ ਧਰਤੀ ਤੇ ਮਾਰਿਆ ਹੈ। ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ('ਨਾਮ' ਵਿਚ ਜੋੜ ਕੇ) ਸੰਵਾਰ ਦਿੱਤੇ ਹਨ।2।

ਪਉੜੀ ॥ ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥ ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥ ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥ ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥ ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥ {ਪੰਨਾ 323}

ਪਦ ਅਰਥ: ਅਗਮੁ = ਪਹੁੰਚ ਤੋਂ ਪਰੇ। ਅਗੋਚਰੁ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਪਰਣਾ = ਆਸਰਾ। ਹਸਤ = ਹੱਥ। ਦੇਇ = ਦੇ ਕੇ। ਭਰਣ ਪੋਖਣੁ = ਪਾਲਣਾ।

ਅਰਥ: ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ। ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ। ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ। ਉਹ ਪ੍ਰਭੂ ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰਦੇ ਹਨ।

ਹੇ ਦਾਸ ਨਾਨਕ! (ਆਖ–) 'ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀਂ ਜੀਵ ਤੇਰੀ ਸ਼ਰਨ ਹਾਂ'। 20।

ਸਲੋਕ ਮਃ ੫ ॥ ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥ ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥ {ਪੰਨਾ 323}

ਪਦ ਅਰਥ: ਕਾ = ਕੋਈ, ਕਿਸੇ ਤਰ੍ਹਾਂ ਦੀ। ਸਭੋ ਕੋਇ = ਹਰੇਕ ਜੀਵ।

ਅਰਥ: ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭੂ ਹੈ ਉਹਨਾਂ ਨੂੰ (ਮਾਇਆ ਦੀ) ਕੋਈ ਭੁੱਖ ਨਹੀਂ ਰਹਿ ਜਾਂਦੀ। ਹੇ ਨਾਨਕ! ਪਰਮਾਤਮਾ ਦੀ ਚਰਨੀਂ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ।1।

ਮਃ ੫ ॥ ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥ ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥ {ਪੰਨਾ 323}

ਪਦ ਅਰਥ: ਜਾਚਿਕੁ = ਮੰਗਤਾ। ਜਜਮਾਨੁ = ਦੱਛਨਾ ਦੇਣ ਵਾਲਾ। ਨ ਮੂਲਿ = ਰਤਾ ਭੀ ਨਹੀਂ।

ਅਰਥ: (ਜੋ ਮਨੁੱਖ) ਮੰਗਤਾ (ਬਣ ਕੇ ਮਾਲਕ-ਪ੍ਰਭੂ ਤੋਂ) ਸਦਾ ਨਾਮ ਮੰਗਦਾ ਹੈ (ਉਸ ਦੀ ਅਰਜ਼) ਮਾਲਕ ਕਬੂਲ ਕਰਦਾ ਹੈ। ਹੇ ਨਾਨਕ! ਜਿਸ ਮਨੁੱਖ ਦਾ ਜਜਮਾਨ (ਆਪ) ਪਰਮੇਸਰ ਹੈ ਉਸ ਨੂੰ ਰਤਾ ਭੀ (ਮਾਇਆ ਦੀ) ਭੁੱਖ ਨਹੀਂ ਰਹਿੰਦੀ।2।

ਪਉੜੀ ॥ ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥ ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥ ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥ ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥ ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ {ਪੰਨਾ 323}

ਪਦ ਅਰਥ: ਸਚੁ = ਪ੍ਰਭੂ ਦਾ ਸਦਾ-ਥਿਰ ਨਾਮ। ਜੋੜੇ = ਪੁਸ਼ਾਕੇ। ਏ = ਇਹ ਪ੍ਰੀਤ। ਹਸਤੀ = ਹਾਥੀ। ਮਿਲਖ = ਜ਼ਮੀਨਾਂ। ਘਣੀ = ਬੜੀਆਂ। ਢਾਢੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ। ਦਰਿ ਪ੍ਰਭ = ਪ੍ਰਭੂ ਦੇ ਦਰ ਤੇ।

ਅਰਥ: (ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ। ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ। ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ, ਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ। ਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ। 21।1।

ਸੁਧੁ ਕੀਚੇ = ਸੁੱਧ ਕਰ ਲੈਣਾ।

ਨੋਟ: ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਇਹ ਲਫ਼ਜ਼ ਹਾਸ਼ੀਏ ਤੋਂ ਬਾਹਰ ਹਨ। ਉਂਞ 'ਵਾਰ' ਦੇ ਮੁੱਕਣ ਤੇ ਬਾਕੀ ਕਾਫ਼ੀ ਪੱਤ੍ਰਾ ਖ਼ਾਲੀ ਪਿਆ ਹੈ। ਇਸ ਦਾ ਭਾਵ ਇਹ ਹੈ ਕਿ ਇਹਨਾਂ ਲਫ਼ਜ਼ਾਂ ਦਾ 'ਬਾਣੀ' ਨਾਲ ਕੋਈ ਸੰਬੰਧ ਨਹੀਂ ਹੈ। ਲਫ਼ਜ਼ 'ਸੁਧੁ ਕੀਚੇ' ਸਿਰਫ਼ ਇਸ 'ਵਾਰ' ਨਾਲ ਹੈ। ਬਾਕੀ 'ਵਾਰਾਂ' ਨਾਲ ਲਫ਼ਜ਼ 'ਸੁਧੁ' ਹਾਸ਼ੀਏ ਤੋਂ ਬਾਹਰ ਵਰਤਿਆ ਹੈ।

ਰਾਗੁ ਗਉੜੀ ਭਗਤਾਂ ਕੀ ਬਾਣੀ ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥ ਅਬ ਮੋਹਿ ਜਲਤ ਰਾਮ ਜਲੁ ਪਾਇਆ ॥ ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥ ਮਨੁ ਮਾਰਣ ਕਾਰਣਿ ਬਨ ਜਾਈਐ ॥ ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥ ਜਿਹ ਪਾਵਕ ਸੁਰਿ ਨਰ ਹੈ ਜਾਰੇ ॥ ਰਾਮ ਉਦਕਿ ਜਨ ਜਲਤ ਉਬਾਰੇ ॥੨॥ ਭਵ ਸਾਗਰ ਸੁਖ ਸਾਗਰ ਮਾਹੀ ॥ ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥ ਕਹਿ ਕਬੀਰ ਭਜੁ ਸਾਰਿੰਗਪਾਨੀ ॥ ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥ {ਪੰਨਾ 323}

ਪਦ ਅਰਥ: ਮੋਹਿ = ਮੈਂ। ਜਲਤ = ਸੜਦਿਆਂ, ਤਪਦਿਆਂ। ਰਾਮ ਜਲੁ = ਪ੍ਰਭੂ ਦੇ ਨਾਮ ਦਾ ਪਾਣੀ। ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਤਨੁ = ਸਰੀਰ। ਬੁਝਾਇਆ = ਬੁਝਾ ਦਿੱਤਾ ਹੈ, ਠੰਡ ਪਾ ਦਿੱਤੀ ਹੈ।1। ਰਹਾਉ।

ਮਾਰਣ ਕਾਰਣਿ = ਮਾਰਨ ਵਾਸਤੇ, ਕਾਬੂ ਕਰਨ ਲਈ। ਬਨ = ਜੰਗਲਾਂ ਵਲ। ਜਾਈਐ = ਜਾਈਦਾ ਹੈ। ਸੋ ਜਲੁ = ਉਹ (ਨਾਮ-ਰੂਪ) ਪਾਣੀ (ਜੋ ਮਨ ਨੂੰ ਮਾਰ ਸਕੇ) । ਭਗਵੰਤ = ਪਰਮਾਤਮਾ।1।

ਜਿਹ ਪਾਵਕ = (ਵਿਸ਼ਿਆਂ ਦੀ) ਜਿਸ ਅੱਗ ਨੇ। ਪਾਵਕ = ਅੱਗ। ਸੁਰਿ = ਦੇਵਤੇ। ਨਰ = ਮਨੁੱਖ। ਹੈ ਜਾਰੇ = ਜਾਰੇ ਹੈਂ, ਸਾੜ ਦਿੱਤੇ ਹਨ। ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਜਨ = ਸੇਵਕ। ਉਬਾਰੇ = ਬਚਾ ਲਏ ਹਨ।2।

ਭਵ ਸਾਗਰ = ਸੰਸਾਰ-ਸਮੁੰਦਰ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮਾਹੀ = ਵਿਚ। ਪੀਵਿ ਰਹੇ = ਲਗਾਤਾਰ ਪੀ ਰਹੇ ਹਨ। ਨਿਖੁਟਤ ਨਾਹੀ = ਮੁੱਕਦਾ ਨਹੀਂ।3।

ਭਜੁ = ਸਿਮਰ। ਸਾਰਿੰਗ ਪਾਨੀ = ਪਰਮਾਤਮਾ (ਜਿਸ ਦੇ ਹੱਥ ਵਿਚ 'ਸਾਰਿੰਗ' ਧਨੁਖ ਹੈ) । ਸਾਰਿੰਗ = ਵਿਸ਼ਨੂੰ ਦੇ ਧਨੁਖ ਦਾ ਨਾਮ ਹੈ। ਪਾਨੀ = ਹੱਥ। ਤਿਖਾ = ਤ੍ਰੇਹ, ਤ੍ਰਿਸ਼ਨਾ। ਬੁਝਾਨੀ = ਬੁਝਾ ਦਿੱਤੀ ਹੈ, ਸ਼ਾਂਤ ਕਰ ਦਿੱਤੀ ਹੈ। ਕਹਿ = ਕਹੈ, ਆਖਦਾ ਹੈ।4।

ਅਰਥ: (ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ, ਉਸ ਨਾਮ-ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ।1। ਰਹਾਉ।

ਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ, ਪਰ ਉਹ (ਨਾਮ-ਰੂਪ) ਅੰਮ੍ਰਿਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ।1।

(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ, ਪ੍ਰਭੂ ਦੇ (ਨਾਮ-) ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ।2।

(ਉਹ ਭਗਤ ਜਨ ਜਿਨ੍ਹਾਂ ਨੂੰ 'ਰਾਮ-ਉਦਕ' ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ) ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ।3।

ਕਬੀਰ ਆਖਦਾ ਹੈ– (ਹੇ ਮਨ!) ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਦੇ ਨਾਮ-ਅੰਮ੍ਰਿਤ ਨੇ ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ।4।1।

ਸ਼ਬਦ ਦਾ ਭਾਵ: ਸੰਸਾਰ-ਸਮੁੰਦਰ ਵਿਚ ਜੀਵਾਂ ਦੇ ਮਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਤਪਾ ਰਹੀ ਹੈ; ਤੀਰਥ ਆਦਿਕਾਂ ਦਾ ਇਸ਼ਨਾਨ ਇਸ ਅੱਗ ਨੂੰ ਬੁਝਾ ਨਹੀਂ ਸਕਦਾ। ਪਰਮਾਤਮਾ ਦਾ ਨਾਮ ਅੰਮ੍ਰਿਤ ਹੀ ਤਪੇ ਹੋਏ ਹਿਰਦਿਆਂ ਨੂੰ ਠੰਢਾ ਕਰ ਕੇ ਸੁਖ ਦੇ ਸਕਦਾ ਹੈ।1।

ਗਉੜੀ ਕਬੀਰ ਜੀ ॥ ਮਾਧਉ ਜਲ ਕੀ ਪਿਆਸ ਨ ਜਾਇ ॥ ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥ ਤੂੰ ਜਲਨਿਧਿ ਹਉ ਜਲ ਕਾ ਮੀਨੁ ॥ ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥ ਤੂੰ ਪਿੰਜਰੁ ਹਉ ਸੂਅਟਾ ਤੋਰ ॥ ਜਮੁ ਮੰਜਾਰੁ ਕਹਾ ਕਰੈ ਮੋਰ ॥੨॥ ਤੂੰ ਤਰਵਰੁ ਹਉ ਪੰਖੀ ਆਹਿ ॥ ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥ ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥ ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥ {ਪੰਨਾ 323-324}

ਪਦ ਅਰਥ: ਮਾਧਉ = ਹੇ ਮਾਧਵ! ਹੇ ਮਾਇਆ ਦੇ ਪਤੀ ਪ੍ਰਭੂ! {ਮਾ = ਮਾਇਆ; ਧਵ = ਪਤੀ}। ਪਿਆਸ = ਤ੍ਰੇਹ। ਨ ਜਾਇ = ਮੁੱਕਦੀ ਨਹੀਂ। ਜਲ ਮਹਿ = ਨਾਮ-ਰੂਪ ਪਾਣੀ ਵਿਚ; ਨਾਮ-ਰੂਪ ਪਾਣੀ ਪੀਂਦਿਆਂ ਪੀਂਦਿਆਂ, ਨਾਮ ਜਪਦਿਆਂ ਜਪਦਿਆਂ। ਅਗਨਿ = ਤਾਂਘ-ਰੂਪ ਅੱਗ। ਉਠੀ = ਪੈਦਾ ਹੋ ਗਈ ਹੈ। ਅਧਿਕਾਇ = ਵਧੀਕ।1। ਰਹਾਉ।

ਜਲ ਨਿਧਿ = ਸਮੁੰਦਰ {ਨਿਧਿ = ਖ਼ਜ਼ਾਨਾ}। ਮੀਨੁ = ਮੱਛ। ਰਹਉ = ਰਹਉਂ, ਮੈਂ ਰਹਿੰਦਾ ਹਾਂ। ਜਲਹਿ ਬਿਨੁ = ਜਲ ਤੋਂ ਬਿਨਾ। ਖੀਨੁ = ਕਮਜ਼ੋਰ, ਮੁਰਦਾ।1।

ਪਿੰਜਰੁ = ਪਿੰਜਰਾ। ਹਉ = ਮੈਂ। ਸੂਅਟਾ = ਕਮਜ਼ੋਰ ਜਿਹਾ ਤੋਤਾ {ਸੂਅ = ਸ਼ੁਕ, ਤੋਤਾ। ਪਿਛੇਤਰ = 'ਟਾ' ਛੋਟਾ-ਪਣ ਜ਼ਾਹਰ ਕਰਨ ਵਾਸਤੇ ਹੈ, ਜਿਵੇਂ 'ਚਮਰੇਟਾ' ਦਾ ਭਾਵ ਹੈ ਗ਼ਰੀਬ ਚਮਾਰ}। ਤੋਰ = ਤੇਰਾ। ਮੰਜਾਰੁ = ਬਿੱਲਾ। ਕਹਾ ਕਰੈ = ਕੀਹ ਕਰ ਸਕਦਾ ਹੈ? ਕੀਹ ਵਿਗਾੜ ਸਕਦਾ ਹੈ? ਮੋਰ = ਮੇਰਾ।2।

ਤਰਵਰੁ = ਸੋਹਣਾ ਰੁੱਖ {ਤਰ = ਰੁੱਖ। ਵਰ = ਸੋਹਣਾ, ਸ੍ਰੇਸ਼ਟ}। ਆਹਿ = ਹਾਂ। ਮੰਦ ਭਾਗੀ = ਮੰਦੇ ਭਾਗਾਂ ਵਾਲੇ ਨੂੰ। ਨਾਹਿ = ਨਹੀਂ।3।

ਨਉਤਨੁ = ਨਵਾਂ। ਚੇਲਾ = ਸਿੱਖ। ਕਹਿ = ਕਹੈ, ਆਖਦਾ ਹੈ। ਅੰਤ ਕੀ ਬੇਲਾ = ਅਖ਼ੀਰ ਦੇ ਵੇਲੇ (ਭਾਵ, ਇਸ ਮਨੁੱਖਾ ਜਨਮ ਵਿਚ ਜੋ ਕਈ ਜੂਨਾਂ ਵਿਚ ਭਟਕ ਕੇ ਅਖ਼ੀਰ ਵਿਚ ਮਿਲਿਆ ਹੈ) ।4।2।

ਅਰਥ: ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ) , ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ।1। ਰਹਾਉ।

ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ। ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ।1।

ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ, (ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ?।2।

ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ। (ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ।3।

ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ) । ਕਬੀਰ ਆਖਦਾ ਹੈ– ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ।4।2।

ਸ਼ਬਦ ਦਾ ਭਾਵ: ਮਨੁੱਖ ਜਿਉਂ ਜਿਉਂ ਨਾਮ ਜਪਦਾ ਹੈ, ਤਿਉਂ ਤਿਉਂ ਉਸ ਨੂੰ ਨਾਮ ਦਾ ਵਧੀਕ ਰਸ ਆਉਂਦਾ ਹੈ, ਤੇ ਉਹ ਪ੍ਰਭੂ ਨੂੰ ਆਪਣੀ ਓਟ ਆਸਰਾ ਸਮਝਦਾ ਹੈ। ਪ੍ਰਭੂ ਭੀ ਉਸ ਦੇ ਸਿਰ ਤੇ ਹੱਥ ਰੱਖਦਾ ਹੈ, ਤੇ ਉਸ ਨੂੰ ਪਰਤੱਖ ਦੀਦਾਰ ਦੇਂਦਾ ਹੈ।2।

TOP OF PAGE

Sri Guru Granth Darpan, by Professor Sahib Singh