ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 324 ਗਉੜੀ ਕਬੀਰ ਜੀ ॥ ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥ ਹਮ ਅਪਤਹ ਅਪੁਨੀ ਪਤਿ ਖੋਈ ॥ ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥ ਹਮ ਮੰਦੇ ਮੰਦੇ ਮਨ ਮਾਹੀ ॥ ਸਾਝ ਪਾਤਿ ਕਾਹੂ ਸਿਉ ਨਾਹੀ ॥੨॥ ਪਤਿ ਅਪਤਿ ਤਾ ਕੀ ਨਹੀ ਲਾਜ ॥ ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥ ਕਹੁ ਕਬੀਰ ਪਤਿ ਹਰਿ ਪਰਵਾਨੁ ॥ ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥ {ਪੰਨਾ 324} ਪਦ ਅਰਥ: ਹਮ = ਅਸਾਂ। ਏਕੋ ਏਕੁ ਕਰਿ = ਇਹ ਨਿਸ਼ਚਾ ਕਰ ਕੇ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ। ਜਾਨਿਆ = ਸਮਝਿਆ ਹੈ। ਲੋਗਹੁ = ਲੋਕਾਂ ਨੇ। ਕਾਹੇ = ਕਿਉਂ? ਦੁਖੁ ਮਾਨਿਆ = ਇਸ ਗੱਲ ਨੂੰ ਮਾੜਾ ਸਮਝਿਆ ਹੈ, ਇਸ ਗੱਲ ਦਾ ਦੁੱਖ ਕੀਤਾ ਹੈ।1। ਅਪਤਹ = ਬੇ-ਪਤਾ, ਨਿਰਲੱਜ, ਜਿਸ ਦੀ ਕੋਈ ਇੱਜ਼ਤ ਨ ਰਹਿ ਜਾਏ। ਖੋਈ = ਗਵਾ ਲਈ ਹੈ। ਖੋਜਿ = ਖੋਜ ਤੇ, ਪਿੱਛੇ, ਰਾਹ ਤੇ। ਮਤਿ ਪਰਹੁ = ਨਾਹ ਤੁਰੋ।1। ਰਹਾਉ। ਮਾਹੀ = ਵਿਚ। ਮੰਦੇ = ਭੈੜੇ। ਸਾਝ ਪਾਤਿ = ਭਾਈਚਾਰਾ, ਮੇਲ-ਮੁਲਾਕਾਤ। ਕਾਹੂ ਸਿਉ = ਕਿਸੇ ਨਾਲ।2। ਪਤਿ ਅਪਤਿ = ਆਦਰ ਨਿਰਾਦਰੀ। ਲਾਜ = ਪਰਵਾਹ। ਜਾਨਹੁਗੇ = ਤੁਹਾਨੂੰ ਸਮਝ ਆਵੇਗੀ। ਪਾਜ = ਵਿਖਾਵਾ।3। ਪਤਿ = (ਅਸਲ) ਇੱਜ਼ਤ। ਪਰਵਾਨੁ = ਕਬੂਲ। ਤਿਆਗਿ = ਛੱਡ ਕੇ। ਭਜੁ = ਸਿਮਰ।4।3। ਅਰਥ: ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ, ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ।1। ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ। (ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ।1। ਰਹਾਉ। ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?) ; ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ।2। ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ; ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ।3। ਹੇ ਕਬੀਰ! ਆਖ– (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ। (ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ।4।3। ਭਾਵ: ਦੁਨੀਆ ਦੇ ਬੰਦੇ ਲੋਕ-ਲਾਜ ਪਿੱਛੇ ਮਰਦੇ ਮਰਦੇ ਭਗਤ ਜਨਾਂ ਨੂੰ ਕੁਤਰਕਾਂ ਕਰਦੇ ਹਨ, ਕਿਉਂਕਿ ਬੰਦਗੀ ਵਾਲੇ ਮਨੁੱਖ ਲੋਕ-ਲਾਜ ਛੱਡ ਕੇ ਸਭ ਜੀਆਂ ਨਾਲ ਇਕੋ ਜਿਹਾ ਵਰਤਾਉ ਰੱਖਦੇ ਹਨ। ਪਰ ਦੁਨੀਆ ਦੇ ਇਹ ਆਦਰ ਜਾਂ ਨਿਰਾਦਰੀ ਪ੍ਰਭੂ ਦੀ ਹਜ਼ੂਰੀ ਵਿਚ ਕਿਸੇ ਲੇਖੇ ਨਹੀਂ ਹਨ। ਉੱਥੇ ਤਾਂ ਬੰਦਗੀ ਕਬੂਲ ਹੈ।3। ਗਉੜੀ ਕਬੀਰ ਜੀ ॥ ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥ ਕਿਆ ਨਾਗੇ ਕਿਆ ਬਾਧੇ ਚਾਮ ॥ ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ ਮੂਡ ਮੁੰਡਾਏ ਜੌ ਸਿਧਿ ਪਾਈ ॥ ਮੁਕਤੀ ਭੇਡ ਨ ਗਈਆ ਕਾਈ ॥੨॥ ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥ ਕਹੁ ਕਬੀਰ ਸੁਨਹੁ ਨਰ ਭਾਈ ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥ {ਪੰਨਾ 324} ਪਦ ਅਰਥ: ਨਗਨ ਫਿਰਤ = ਨੰਗੇ ਫਿਰਦਿਆਂ। ਜੌ = ਜੇ ਕਰ। ਜੋਗੁ = (ਪਰਮਾਤਮਾ ਨਾਲ) ਮਿਲਾਪ। ਸਭੁ ਮਿਰਗੁ = ਹਰੇਕ ਪਸ਼ੂ (ਹਰਨ ਆਦਿਕ) । ਬਨ = ਜੰਗਲ। ਹੋਗੁ = ਹੋ ਜਾਇਗਾ।1। ਬਾਧੇ ਚਾਮ = (ਮ੍ਰਿਗ ਸ਼ਾਲਾ ਆਦਿਕ) ਚੰਮ (ਸਰੀਰ ਤੇ) ਪਹਿਨਿਆਂ। ਕਿਆ = ਕੀਹ ਲਾਭ ਹੋ ਸਕਦਾ ਹੈ? ਨਹੀ ਚੀਨਸਿ = ਤੂੰ ਨਹੀਂ ਪਛਾਣ ਕਰਦਾ। ਆਤਮ ਰਾਮ = ਪਰਮਾਤਮਾ।1। ਰਹਾਉ। ਮੂੰਡ = ਸਿਰ। ਜੌ = ਜੇਕਰ। ਕਾਈ = ਕੋਈ। ਸਿਧਿ = ਸਫਲਤਾ।2। ਬਿੰਦੁ = ਵੀਰਜ। ਰਾਖਿ = ਰੱਖ ਕੇ, ਸਾਂਭ ਕੇ। ਬਿੰਦੁ ਰਾਖਿ = ਵੀਰਜ ਸਾਂਭਿਆਂ, ਬਾਲ-ਜਤੀ ਰਿਹਾਂ {ਨੋਟ: ਲਫ਼ਜ਼ 'ਬਿੰਦੁ' ਸਦਾ ੁ ਅੰਤ ਹੈ, ਉਂਞ ਇਹ ਇਸਤ੍ਰੀ-ਲਿੰਗ ਹੈ}। ਭਾਈ = ਹੇ ਭਾਈ! ਹੇ ਸੱਜਣ! ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ, ਮੁਕਤੀ।3। ਨਰ ਭਾਈ = ਹੇ ਭਰਾਵੋ! ਕਿਨਿ = ਕਿਸ ਨੇ? (ਭਾਵ, ਕਿਸੇ ਨੇ ਨਹੀਂ) ।4। 4। ਅਰਥ: ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ।1। (ਹੇ ਭਾਈ!) ਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ, ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?।1। ਰਹਾਉ। ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ (ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ।2। ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ?।3। ਹੇ ਕਬੀਰ! (ਬੇ-ਸ਼ੱਕ) ਆਖ– ਹੇ ਭਰਾਵੋ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ।4। 4। ਸ਼ਬਦ ਦਾ ਭਾਵ: ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਬਣੇ ਰਹਿਣਾ = ਇਹੋ ਜਿਹਾ ਕੋਈ ਸਾਧਨ ਮਨੁੱਖ ਨੂੰ ਸੰਸਾਰ-ਸਾਗਰ ਤੋਂ ਪਾਰ ਨਹੀਂ ਕਰ ਸਕਦਾ। ਕੇਵਲ ਪਰਮਾਤਮਾ ਦਾ ਨਾਮ ਹੀ ਬੇੜਾ ਪਾਰ ਕਰ ਸਕਦਾ ਹੈ।4। ਗਉੜੀ ਕਬੀਰ ਜੀ ॥ ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥ ਜਿਉ ਭਏ ਦਾਦੁਰ ਪਾਨੀ ਮਾਹੀ ॥੧॥ ਜਉ ਪੈ ਰਾਮ ਰਾਮ ਰਤਿ ਨਾਹੀ ॥ ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥ ਕਾਇਆ ਰਤਿ ਬਹੁ ਰੂਪ ਰਚਾਹੀ ॥ ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥ ਚਾਰਿ ਚਰਨ ਕਹਹਿ ਬਹੁ ਆਗਰ ॥ ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥ ਕਹੁ ਕਬੀਰ ਬਹੁ ਕਾਇ ਕਰੀਜੈ ॥ ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥ {ਪੰਨਾ 324} ਪਦ ਅਰਥ: ਸੰਧਿਆ = ਸ਼ਾਮ ਵੇਲੇ। ਪ੍ਰਾਤ = ਸਵੇਰੇ। ਕਰਾਹੀ = ਕਰਹੀ, ਕਰਦੇ ਹਨ। ਭਏ = ਹੁੰਦੇ ਹਨ। ਦਾਦੁਰ = ਡੱਡੂ। ਮਾਹੀ = ਵਿਚ।1। ਜਉ ਪੈ = ਜੇਕਰ {ਵੇਖੋ, ਸਿਰੀ ਰਾਗ ਰਵਿਦਾਸ ਜੀ: 'ਜਉ ਪੈ ਹਮ ਨ ਪਾਪ ਕਰੰਤਾ'}। ਰਤਿ = ਪਿਆਰ। ਤੇ ਸਭ = ਉਹ ਸਾਰੇ (ਜੀਵ) । ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ।1। ਰਹਾਉ। ਕਾਇਆ = ਸਰੀਰ। ਰਤਿ = ਮੋਹ, ਪਿਆਰ। ਬਹੁ ਰੂਪ = ਕਈ ਭੇਖ। ਰਚਾਹੀ = ਰਚਦੇ ਹਨ, ਬਣਾਉਂਦੇ ਹਨ। ਸੁਪਨੈ ਭੀ = ਸੁਪਨੇ ਵਿਚ ਭੀ, ਕਦੇ ਭੀ। ਦਇਆ = ਤਰਸ।2। ਚਾਰਿ ਚਰਨ = ਚਾਰ ਵੇਦ। ਕਹਹਿ = ਉਚਾਰਦੇ ਹਨ, ਪੜ੍ਹਦੇ ਹਨ। ਬਹੁ = ਬਹੁਤੇ। ਆਗਰ = ਸਿਆਣੇ ਮਨੁੱਖ। ਸਾਧੂ = ਸੰਤ ਜਨ। ਕਲਿ ਸਾਗਰ = ਝਗੜਿਆਂ ਦਾ ਸਮੁੰਦਰ, ਸੰਸਾਰ।3। ਬਹੁ ਕਾਇ ਕਰੀਜੈ = ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰਨੀਆਂ ਹੋਈਆਂ? ਭਾਵ, ਮੁੱਕਦੀ ਗੱਲ ਇਹ ਹੈ; ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ। ਸਰਬਸੁ = (svLÔv) ਆਪਣਾ ਸਭ ਕੁਝ, ਸਭ ਪਦਾਰਥਾਂ ਦਾ ਮੋਹ। ਛੋਡਿ = ਛੱਡ ਕੇ। ਮਹਾ ਰਸੁ = ਸਭ ਤੋਂ ਉੱਚਾ ਨਾਮ ਰਸ। ਪੀਜੈ = ਪੀਵੀਏ।4।5। ਅਰਥ: (ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ (ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ।1। ਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।1। ਰਹਾਉ। (ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ; ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ।2। ਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?) । ਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ।3। ਹੇ ਕਬੀਰ! ਆਖ– ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ।4।5। ਭਾਵ: ਤੀਰਥਾਂ ਦੇ ਇਸ਼ਨਾਨ, ਕਈ ਤਰ੍ਹਾਂ ਦੇ ਭੇਖ, ਵੇਦ ਆਦਿਕ ਧਰਮ ਪੁਸਤਕਾਂ ਦੇ ਨਿਰੇ ਪਾਠ = ਅਜਿਹਾ ਕੋਈ ਕਰਮ ਭੀ ਸੱਚਾ ਸੁਖ ਨਹੀਂ ਦੇ ਸਕਦਾ। ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਨਹੀਂ, ਉਸ ਨੇ ਜਮਾਂ ਦੇ ਹੀ ਵੱਸ ਪੈਣਾ ਹੈ। ਉੱਦਮਾਂ ਦੇ ਸਿਰ ਉੱਦਮ ਇਹੀ ਹੈ ਕਿ ਮੋਹ ਤਿਆਗ ਕੇ ਪ੍ਰਭੂ ਦਾ ਸਿਮਰਨ ਕਰੀਏ।5। ਕਬੀਰ ਜੀ ਗਉੜੀ ॥ ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਰੇ ਜਨ ਮਨੁ ਮਾਧਉ ਸਿਉ ਲਾਈਐ ॥ ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥ ਪਰਹਰੁ ਲੋਭੁ ਅਰੁ ਲੋਕਾਚਾਰੁ ॥ ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥ ਕਰਮ ਕਰਤ ਬਧੇ ਅਹੰਮੇਵ ॥ ਮਿਲਿ ਪਾਥਰ ਕੀ ਕਰਹੀ ਸੇਵ ॥੩॥ ਕਹੁ ਕਬੀਰ ਭਗਤਿ ਕਰਿ ਪਾਇਆ ॥ ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥ {ਪੰਨਾ 324} ਪਦ ਅਰਥ: ਜਾ ਕੈ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ। ਕਿਆ = ਕਾਹਦਾ? ਕਿਸ ਅਰਥ? ਕਿਸ ਭਾ? ਕਿਸੇ ਅਰਥ ਨਹੀਂ।1। ਰੇ ਜਨ = ਹੇ ਭਾਈ! ਮਾਧਉ = ਮਾਧਵ {ਮਾ = ਮਾਇਆ। ਧਵ = ਪਤੀ} ਮਾਇਆ ਦਾ ਪਤੀ ਪ੍ਰਭੂ। ਸਿਉ = ਨਾਲ। ਚਤੁਰਾਈ = ਸਿਆਣਪਾਂ ਨਾਲ। ਚਤੁਰਭੁਜੁ = {ਚਾਰ ਬਾਹਵਾਂ ਵਾਲਾ} ਪਰਮਾਤਮਾ। ਨ ਪਾਈਐ = ਨਹੀਂ ਮਿਲਦਾ।1। ਰਹਾਉ। ਪਰਹਰੁ = {ਸੰ: ਪਰਿ+ਹ੍ਰਿ=ਤਿਆਗ ਦੇਣਾ} ਛੱਡ ਦੇਹ। ਲੋਕਾਚਾਰੁ = ਲੋਕਾਂ ਨੂੰ ਹੀ ਵਿਖਾਉਣ ਵਾਲਾ ਕੰਮ, ਵਿਖਾਵਾ, ਲੋਕ-ਪਤੀਆਵਾ।2। ਕਰਮ = ਕਰਮ-ਕਾਂਡ, ਧਾਰਮਿਕ ਰਸਮਾਂ। ਅਹੰਮੇਵ = {ਅਹੰ = ਮੈਂ। ਏਵ = ਹੀ। } 'ਮੈਂ ਮੈਂ' ਦਾ ਖ਼ਿਆਲ; ਅਹੰਕਾਰ। ਬਧੇ = ਬੱਝ ਗਏ ਹਨ। ਮਿਲਿ = ਮਿਲ ਕੇ। ਕਰਹੀ = ਕਰਹਿ, ਕਰਦੇ ਹਨ। ਸੇਵ = ਸੇਵਾ।3। ਕਰਿ = ਕਰ ਕੇ, ਕਰਨ ਨਾਲ। ਪਾਇਆ = ਮਿਲਦਾ ਹੈ। ਭੋਲੇ ਭਾਇ = ਭੋਲੇ ਸੁਭਾਉ ਨਾਲ। ਰਘੁਰਾਇਆ = ਪ੍ਰਭੂ।4। ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ, ਉਸ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?।2। ਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ (ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ।1। ਰਹਾਉ। (ਹੇ ਭਾਈ!) ਲਾਲਚ, ਵਿਖਾਵਾ, ਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ।2। ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ, ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ।3। ਹੇ ਕਬੀਰ! ਆਖ– ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ, ਭੋਲੇ ਸੁਭਾਉ ਨਾਲ ਮਿਲਦਾ ਹੈ।4।6। ਸ਼ਬਦ ਦਾ ਭਾਵ: ਮਾਇਆ ਦੀ ਖ਼ਾਤਰ ਤੇ ਲੋਕ-ਵਿਖਾਵੇ ਦੀ ਖ਼ਾਤਰ ਮਨੁੱਖ ਜਪ, ਤਪ ਆਦਿਕ ਕਰਮ ਕਰਦੇ ਹਨ, ਤੇ ਸਿਆਣੇ ਬਣ ਬਣ ਕੇ ਵਿਖਾਉਂਦੇ ਹਨ– ਇਹ ਰੱਬ ਨੂੰ ਮਿਲਣ ਦਾ ਰਾਹ ਨਹੀਂ ਹੈ। ਜੇ ਪ੍ਰਭੂ ਨੂੰ ਮਿਲਣਾ ਹੈ ਤਾਂ ਉਸ ਦੀ ਭਗਤੀ ਕਰੋ ਤੇ ਬਾਲ-ਬੁੱਧ ਰਹੋ।6। ਨੋਟ: ਭੋਲੇ ਸੁਭਾਉ (innocence) ਅਤੇ ਅਗਿਆਨਤਾ, ਨਾਵਾਕਫ਼ੀਅਤ (ignorance) ਵਿਚ ਫ਼ਰਕ ਸਮਝਣ ਦੀ ਲੋੜ ਹੈ। ਕਿਸੇ 'ਮੂਰਤੀ' ਦੀ ਬਾਬਤ ਕਦੇ ਇਹ ਸਮਝ ਲੈਣਾ ਕਿ ਇਹ ਪਰਮਾਤਮਾ ਹੈ– ਇਹ ਭੋਲਾ ਸੁਭਾਉ ਨਹੀਂ ਹੈ, ਇਹ ਨਾਵਾਕਫ਼ੀਅਤ ਹੈ, ਇਹ ਅੰਞਾਣਪੁਣਾ ਹੈ, ਇਹ ਅਗਿਆਨਤਾ ਹੈ। ਭੋਲਾ-ਪਣ ਛੋਟੇ ਬਾਲਕ ਦਾ ਸੁਭਾਉ ਹੈ; ਕਿਸੇ ਨਾਲ ਵੈਰ ਦੀ ਪੱਕੀ ਗੰਢ ਨਾਹ ਬੰਨ੍ਹ ਲੈਣੀ, ਇਹ ਭੋਲਾਪਣ ਹੈ; ਸਭ ਬੰਦੇ ਇਕੋ ਜਿਹੇ ਜਾਪਣੇ, ਉੱਚੇ ਨੀਵੇਂ ਦਾ ਵਿਤਕਰਾ ਨਾਹ ਹੋਣਾ = ਇਹ ਭੋਲਾ-ਪਣ ਹੈ। ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324} ਪਦ ਅਰਥ: ਗਰਭ ਵਾਸ = ਮਾਂ ਦੇ ਪੇਟ ਦਾ ਵਸੇਬਾ। ਜਾਤੀ = ਜਾਣੀ (ਕਿਸੇ ਨੇ ਭੀ) । ਬ੍ਰਹਮ ਬਿੰਦੁ = ਪਰਮਾਤਮਾ ਦੀ ਅੰਸ਼। ਬਿੰਦੁ ਤੇ = ਬਿੰਦ ਤੋਂ {ਨੋਟ: ਲਫ਼ਜ਼ 'ਬਿੰਦੁ' ਸਦਾ ੁ ਅੰਤ ਰਹਿੰਦਾ ਹੈ, 'ਸੰਬੰਧਕ' (Preposition) ਦੇ ਨਾਲ ਭੀ ਇਹ (ੁ) ਕਾਇਮ ਰਹਿੰਦਾ ਹੈ}। ਉਤਪਾਤੀ = ਉਤਪੱਤੀ, ਹੋਂਦ, ਜਨਮ।1। ਕਹੁ = ਦੱਸ। ਰੇ = ਹੇ! ਕਬ ਕੇ ਹੋਏ = ਕਦੋਂ ਦੇ ਬਣ ਗਏ ਹਨ (ਭਾਵ, ਮਾਂ ਦੇ ਪੇਟ ਵਿਚ ਤਾਂ ਸਭ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੁਸੀ ਕਦੋਂ ਦੇ ਬ੍ਰਾਹਮਣ ਬਣ ਗਏ ਹੋ?) । ਕਹਿ ਕਹਿ = ਆਖ ਆਖ ਕੇ (ਭਾਵ, ਬ੍ਰਾਹਮਣ-ਪੁਣੇ ਦਾ ਮਾਣ ਕਰ ਕੇ, ਅਹੰਕਾਰ ਨਾਲ ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ) । ਮਤ ਖੋਏ = ਨਾਹ ਗਵਾਓ।1। ਰਹਾਉ। ਜੌ = ਜੇਕਰ। ਬ੍ਰਹਮਣੀ ਜਾਇਆ = ਬ੍ਰਾਹਮਣੀ ਤੋਂ ਜੰਮਿਆ ਹੋਇਆ। ਤਉ = ਤਾਂ। ਆਨ ਬਾਟ = (ਕਿਸੇ) ਹੋਰ ਰਾਹੇ। ਕਾਹੇ = ਕਿਉਂ? ਆਇਆ = ਜੰਮ ਪਿਆ।2। ਕਤ = ਕਿਵੇਂ? ਹਮ = ਅਸੀ। ਸੂਦ = ਸ਼ੂਦਰ, ਨੀਵੀਂ ਜਾਤ ਦੇ। ਹਮ = ਅਸਾਡੇ (ਸਰੀਰ ਵਿਚ) ।3। ਜੋ = ਜੋ ਮਨੁੱਖ। ਬ੍ਰਹਮੁ = ਪਰਮਾਤਮਾ ਨੂੰ। ਬਿਚਾਰੈ = ਵਿਚਾਰਦਾ ਹੈ, ਸਿਮਰਦਾ ਹੈ, ਚੇਤੇ ਕਰਦਾ ਹੈ। ਸੋ = ਉਹ ਮਨੁੱਖ। ਕਹੀਅਤੁ ਹੈ– ਆਖੀਦਾ ਹੈ। ਹਮਾਰੈ = ਅਸਾਡੇ ਮਤ ਵਿਚ।4।7। ਅਰਥ: ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ; ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।1। ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ।1। ਰਹਾਉ। ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ?।2। (ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ) ? ਅਸੀਂ ਕਿਵੇਂ ਸ਼ੂਦਰ (ਰਹਿ ਗਏ) ? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ?।2। ਹੇ ਕਬੀਰ! ਆਖ– ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ।4।7। ਭਾਵ: ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਹਨ, ਉਹ ਮਨੁੱਖਾ ਜਨਮ ਅਜਾਈਂ ਗਵਾਉਂਦੇ ਹਨ। ਸਾਰੇ ਜੀਵ ਪਰਮਾਤਮਾ ਦੀ ਅੰਸ਼ ਹਨ। ਉੱਚਾ ਉਹੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ।7। |
Sri Guru Granth Darpan, by Professor Sahib Singh |