ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 325 ਗਉੜੀ ਕਬੀਰ ਜੀ ॥ ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥ ਜਉ ਪੈ ਰਸਨਾ ਰਾਮੁ ਨ ਕਹਿਬੋ ॥ ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥ ਜਸ ਦੇਖੀਐ ਤਰਵਰ ਕੀ ਛਾਇਆ ॥ ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥ ਜਸ ਜੰਤੀ ਮਹਿ ਜੀਉ ਸਮਾਨਾ ॥ ਮੂਏ ਮਰਮੁ ਕੋ ਕਾ ਕਰ ਜਾਨਾ ॥੩॥ ਹੰਸਾ ਸਰਵਰੁ ਕਾਲੁ ਸਰੀਰ ॥ ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥ {ਪੰਨਾ 325} ਪਦ ਅਰਥ: ਅੰਧਕਾਰ = ਹਨੇਰਾ, ਅਗਿਆਨਤਾ ਦਾ ਹਨੇਰਾ, ਪਰਮਾਤਮਾ ਨੂੰ ਭੁੱਲਣ-ਰੂਪ ਹਨੇਰਾ। ਸੁਖਿ = ਸੁਖ ਵਿਚ। ਕਬਹਿ = ਕਦੇ। ਸੋਈ ਹੈ– ਸਵੀਂਦਾ, ਸੌਂ ਸਕੀਦਾ। ਰੰਕੁ = ਕੰਗਾਲ। ਦੋਊ = ਦੋਵੇਂ। ਰੋਈ ਹੈ– ਰੋਂਦੇ ਹਨ, ਦੁਖੀ ਹੁੰਦੇ ਹਨ। ਮਿਲਿ = ਮਿਲ ਕੇ, ਰਲ ਕੇ। ਦੋਊ ਮਿਲਿ = ਦੋਵੇਂ ਹੀ।1। ਜਉਪੈ = ਜੇ ਕਰ, ਜਦ ਤਾਈਂ। ਰਸਨਾ = ਜੀਭ (ਨਾਲ) । ਕਹਿਬੋ = ਕਹਿੰਦੇ, ਸਿਮਰਦੇ, ਉੱਚਾਰਦੇ। ਉਪਜਤ = ਜੰਮਦੇ। ਬਿਨਸਤ = ਮਰਦੇ। ਰੋਵਤ = ਰੋਂਦੇ। ਰਹਿਬੋ = ਰਹੋਗੇ।1। ਰਹਾਉ। ਜਸ = ਜਿਵੇਂ। ਤਰਵਰ = ਰੁੱਖ। ਕਹੁ = ਦੱਸੋ। ਕਾਂ ਕੀ = ਕਿਸ ਦੀ (ਭਾਵ, ਕਿਸੇ ਹੋਰ ਦੀ, ਬਿਗਾਨੀ) ।2। ਜਸ = ਜਿਵੇਂ। ਜੰਤੀ = (ਰਾਗ ਦਾ) ਸਾਜ਼। ਜੀਉ = ਜਿੰਦ, ਰਾਗ ਦੀ ਜਿੰਦ, ਆਵਾਜ਼। ਮਰਮੁ = ਭੇਤ। ਮੂਏ ਮਰਮੁ = ਮਰ ਗਏ ਪ੍ਰਾਣੀ ਦਾ ਭੇਤ (ਕਿ ਉਹ ਕਿੱਥੇ ਗਿਆ ਹੈ) । ਕੋ = ਕੋਈ ਮਨੁੱਖ। ਕਾ ਕਰਿ = ਕਿਵੇਂ?।3। ਸਰਵਰੁ = ਸਰੋਵਰ, ਤਲਾਬ। ਕਾਲੁ = ਮੌਤ। ਰਸਾਇਨ = {ਰਸ-ਅਇਨ। ਅਇਨ = ਅਯਨ, ਘਰ} ਸਭ ਰਸਾਂ ਦਾ ਘਰ, ਨਾਮ-ਅੰਮ੍ਰਿਤ।4। ਅਰਥ: (ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ; ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ।1। (ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ, ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ।1। ਰਹਾਉ। ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ) ; ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ।2। ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ, ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ?।3। ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ। ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ।4।8। ਭਾਵ: ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਨਿਰਾ ਦੁੱਖ ਹੀ ਦੁੱਖ ਹੈ। ਇਹ ਮਾਇਆ ਤੇ ਇਹ ਸਰੀਰ ਭੀ ਅੰਤ ਸਾਥ ਨਹੀਂ ਦੇਂਦੇ। ਨਾਮ ਹੀ ਅਸਲ ਸਾਥੀ ਤੇ ਸੁਖਾਂ ਦਾ ਮੂਲ ਹੈ।8। ਗਉੜੀ ਕਬੀਰ ਜੀ ॥ ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥ ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥ ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥ ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥ ਤਟਿ ਤੀਰਥਿ ਨਹੀ ਮਨੁ ਪਤੀਆਇ ॥ ਚਾਰ ਅਚਾਰ ਰਹੇ ਉਰਝਾਇ ॥੨॥ ਪਾਪ ਪੁੰਨ ਦੁਇ ਏਕ ਸਮਾਨ ॥ ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥ ਕਬੀਰ ਨਿਰਗੁਣ ਨਾਮ ਨ ਰੋਸੁ ॥ ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥ {ਪੰਨਾ 325} ਪਦ ਅਰਥ: ਜੋਤਿ = (ਰੱਬੀ) ਨੂਰ, ਪਰਮਾਤਮਾ। ਕੀ = ਦੀ (ਬਣਾਈ ਹੋਈ) । ਜਾਤਿ = ਪੈਦਾਇਸ਼, ਸ੍ਰਿ੍ਰਸ਼ਟੀ। ਜਾਤਿ ਕੀ ਜੋਤਿ = (ਇਸ) ਸ੍ਰਿਸ਼ਟੀ (ਦੇ ਜੀਵਾਂ) ਦੀ ਹੈ ਜੋ ਬੁੱਧ। ਤਿਤੁ = ਉਸ (ਬੁੱਧ) ਵਿਚ। ਕੰਚੂਆ = ਕੱਚ।1। ਕਵਨੁ = ਕਿਹੜਾ? ਘਰੁ = ਟਿਕਾਣਾ। ਨਿਰਭਉ = ਡਰ ਤੋਂ ਖ਼ਾਲੀ। ਭਜਿ ਜਾਇ = ਦੂਰ ਹੋ ਜਾਏ। ਅਭੈ = {ਅ-ਭੈ} ਨਿਡਰ।1। ਰਹਾਉ। ਤਟਿ = ਤਟ ਉਤੇ, ਕੰਢੇ ਤੇ (ਕਿਸੇ ਪਵਿੱਤ੍ਰ ਨਦੀ ਦੇ) ਕਿਨਾਰੇ ਤੇ। ਤੀਰਥਿ = ਤੀਰਥ ਉਤੇ। ਪਤੀਆਇ = ਪਤੀਜਦਾ, ਧੀਰਜ ਕਰਦਾ, ਟਿਕਾਣੇ ਆਉਂਦਾ। ਚਾਰ = ਚੰਗੇ (ਕੰਮ) । ਅਚਾਰ = {ਅ-ਚਾਰ} ਮੰਦੇ ਕੰਮ। ਰਹੇ ਉਰਝਾਇ = ਉਲਝ ਰਹੇ ਹਨ, ਫਸ ਰਹੇ ਹਨ।2। ਦੁਇ = ਦੋਵੇਂ। ਏਕ ਸਮਾਨ = ਇਕੋ ਜਿਹੇ (ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿਚ ਹੀ ਰੱਖਦੇ ਹਨ) । ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਦਰ ਹੀ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾਉਣ ਵਾਲਾ (ਨੀਵੇਂ ਤੋਂ ਉੱਚਾ ਕਰਨ ਵਾਲਾ ਪ੍ਰਭੂ) । ਤਜਹੁ = ਛੱਡ ਦਿਓ। ਆਨ = ਹੋਰ।3। ਨਿਰਗੁਣ = {ਨਿਰ-ਗੁਣ} ਤਿੰਨਾਂ ਗੁਣਾਂ ਤੋਂ ਰਹਿਤ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਹੈ। ਨਿਰਗੁਣ ਨਾਮ = ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਦਾ ਨਾਮ। ਨ ਰੋਸੁ = ਨਾਹ ਰੁੱਸ, ਨਾਹ ਭੁਲਾ। ਇਸੁ = ਇਸ (ਮਨ) ਨੂੰ। ਪਰਚਾਇ = ਰੁਝ ਕੇ, ਲਾ ਕੇ। ਪਰਚਿ ਰਹੁ = ਪਤੀਜਿਆ ਰਹੁ, ਰੁੱਝਿਆ ਰਹੁ। ਏਸੁ = ਇਸ (ਨਾਮ) ਵਿਚ।4।9। ਅਰਥ: ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ।1। ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ? (ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ?।1। ਰਹਾਉ। ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ, ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ।2। (ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ) , (ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ।3। ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ; ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ।4।9। ਸ਼ਬਦ ਦਾ ਭਾਵ: ਤੀਰਥਾਂ ਉੱਤੇ ਜਾ ਕੇ ਭੀ ਲੋਕ ਪੁੰਨ-ਪਾਪ ਆਦਿਕ ਕਰਮਾਂ ਵਿਚ ਰੁੱਝੇ ਰਹਿੰਦੇ ਹਨ, ਮਨ ਨੂੰ ਨਿਰਭੈਤਾ ਇਸ ਤਰ੍ਹਾਂ ਭੀ ਨਹੀਂ ਮਿਲਦੀ। ਪ੍ਰਭੂ ਦਾ ਇਕ ਨਾਮ ਹੀ ਹੈ ਜਿਸ ਵਿਚ ਜੁੜੇ ਰਿਹਾਂ ਮਨ ਅਡੋਲ ਰਹਿ ਸਕਦਾ ਹੈ ਤੇ ਉਹ ਨਾਮ ਮਨੁੱਖ ਦੇ ਅੰਦਰ ਹੀ ਹੈ।9। ਗਉੜੀ ਕਬੀਰ ਜੀ ॥ ਜੋ ਜਨ ਪਰਮਿਤਿ ਪਰਮਨੁ ਜਾਨਾ ॥ ਬਾਤਨ ਹੀ ਬੈਕੁੰਠ ਸਮਾਨਾ ॥੧॥ ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥ ਕਹਨ ਕਹਾਵਨ ਨਹ ਪਤੀਅਈ ਹੈ ॥ ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥ ਜਬ ਲਗੁ ਮਨਿ ਬੈਕੁੰਠ ਕੀ ਆਸ ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥ ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥ {ਪੰਨਾ 325} ਪਦ ਅਰਥ: ਜੋ ਜਨ = ਜਿਹੜੇ ਮਨੁੱਖ। ਪਰਮਿਤਿ = {ਮਿਤਿ = ਅੰਦਾਜ਼ਾ, ਮਿਣਤੀ, ਹੱਦ-ਬੰਨਾ} ਜੋ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਪਰਮਨੁ = ਜੋ ਮਨੁ ਦੀ ਕਲਪਣਾ ਤੋਂ ਪਰੇ ਹੈ, ਜਿਸ ਦਾ ਸਹੀ ਮੁਕੰਮਲ ਸਰੂਪ ਮਨ ਦੀ ਵਿਚਾਰ ਵਿਚ ਨਹੀਂ ਆ ਸਕਦਾ। ਜਾਨਾ = ਜਾਣ ਲਿਆ ਹੈ। ਬਾਤਨ ਹੀ = ਨਿਰੀਆਂ ਗੱਲਾਂ ਨਾਲ ਹੀ। ਸਮਾਨਾ = ਸਮਾਏ ਹਨ, ਅੱਪੜੇ ਹਨ।1। ਨਾ ਜਾਨਾ = ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ। ਕਹਾ ਹੀ = ਕਿਥੇ ਹੈ? ਜਾਨੁ ਜਾਨੁ = ਚੱਲਣਾ ਹੈ, ਚੱਲਣਾ ਹੈ। ਤਹਾ ਹੀ = ਓਥੇ।1। ਰਹਾਉ। ਕਹਨ ਕਹਾਵਨ = ਆਖਣ ਅਖਾਉਣ ਨਾਲ, ਆਖਣ ਸੁਣਨ ਨਾਲ। ਪਤੀਅਈ ਹੈ– ਪਤੀਜ ਸਕੀਦਾ, ਤਸੱਲੀ ਹੋ ਸਕਦੀ, ਪਰਚ ਸਕੀਦਾ। ਤਉ = ਤਦੋਂ ਹੀ। ਮਾਨੈ = ਮੰਨਦਾ ਹੈ, ਪਤੀਜਦਾ ਹੈ। ਜਾ ਤੇ = ਜਦੋਂ। ਜਈ ਹੈ– ਦੂਰ ਹੋ ਜਾਏ।2। ਮਨਿ = ਮਨ ਵਿਚ। ਚਰਨ ਨਿਵਾਸੁ = (ਪ੍ਰਭੂ ਦੇ) ਚਰਨਾਂ ਵਿਚ ਨਿਵਾਸ।3। ਕਾਹਿ = ਕਿਵੇਂ? ਕਹੀਐ = ਸਮਝਾ ਕੇ ਦੱਸੀਏ। ਆਹਿ = ਹੈ।4।10। ਅਰਥ: ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ, ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ।1। ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ, ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ।1। ਰਾਹਉ। ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ; ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ।2। (ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ, ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ।3। ਹੇ ਕਬੀਰ! ਆਖ– ਇਹ ਗੱਲ ਕਿਵੇਂ ਸਮਝਾ ਕੇ ਦੱਸੀਏ (ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ।4।10। ਭਾਵ: ਅਸਲ ਬੈਕੁੰਠ ਸਾਧ-ਸੰਗਤ ਹੈ, ਇੱਥੇ ਹੀ ਮਨ ਦੀ ਹਉਮੈ ਦੂਰ ਹੋ ਸਕਦੀ ਹੈ, ਇੱਥੇ ਹੀ ਮਨ ਪ੍ਰਭੂ ਦੇ ਚਰਨਾਂ ਵਿਚ ਜੁੜ ਸਕਦਾ ਹੈ।10। ਗਉੜੀ ਕਬੀਰ ਜੀ ॥ ਉਪਜੈ ਨਿਪਜੈ ਨਿਪਜਿ ਸਮਾਈ ॥ ਨੈਨਹ ਦੇਖਤ ਇਹੁ ਜਗੁ ਜਾਈ ॥੧॥ ਲਾਜ ਨ ਮਰਹੁ ਕਹਹੁ ਘਰੁ ਮੇਰਾ ॥ ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥ ਅਨਿਕ ਜਤਨ ਕਰਿ ਕਾਇਆ ਪਾਲੀ ॥ ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥ ਚੋਆ ਚੰਦਨੁ ਮਰਦਨ ਅੰਗਾ ॥ ਸੋ ਤਨੁ ਜਲੈ ਕਾਠ ਕੈ ਸੰਗਾ ॥੩॥ ਕਹੁ ਕਬੀਰ ਸੁਨਹੁ ਰੇ ਗੁਨੀਆ ॥ ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥ {ਪੰਨਾ 325} ਪਦ ਅਰਥ: ਉਪਜੈ = ਉੱਗਦਾ ਹੈ, ਮੁੱਢ ਬੱਝਦਾ ਹੈ। ਨਿਪਜੈ = ਨਿੰਮਦਾ ਹੈ, ਵਜੂਦ ਵਿਚ ਆਉਂਦਾ ਹੈ। ਨਿਪਜਿ = ਬਣ ਕੇ, ਵਜੂਦ ਵਿਚ ਆ ਕੇ। ਸਮਾਈ = ਨਾਸ ਹੋ ਜਾਂਦਾ ਹੈ। ਨੈਨਹੁ ਦੇਖਤ = ਅੱਖੀਂ ਵੇਖਦਿਆਂ। ਜਾਈ = ਚਲਾ ਜਾਂਦਾ ਹੈ, ਤੁਰਿਆ ਜਾ ਰਿਹਾ ਹੈ।1। ਲਾਜ = ਸ਼ਰਮ। ਕਹਹੁ = ਤੁਸੀ ਆਖਦੇ ਹੋ। ਅੰਤ ਕੀ ਬਾਰ = ਜਿਸ ਵੇਲੇ ਮੌਤ ਆਵੇਗੀ।1। ਰਹਾਉ। ਕਾਇਆ = ਸਰੀਰ। ਮਰਤੀ ਬਾਰ = ਮਰਨ ਵੇਲੇ। ਜਾਲੀ = ਸਾੜੀਦੀ ਹੈ।2। ਚੋਆ = ਅਤਰ। ਮਰਦਨ = ਮਾਲਸ਼। ਅੰਗਾ = ਸਰੀਰ ਦੇ ਅੰਗਾਂ ਨੂੰ। ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ।3। ਰੇ ਗੁਨੀਆ = ਹੇ ਵਿਚਾਰਵਾਨ ਮਨੁੱਖ! ਬਿਨਸੈਗੋ = ਨਾਸ ਜੋ ਜਾਇਗਾ।4।11। ਅਰਥ: (ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ। (ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ।1। (ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ? (ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ।1। ਰਹਾਉ। ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ; ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ।2। (ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ, ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ।3। ਹੇ ਕਬੀਰ! ਆਖ– ਹੇ ਵਿਚਾਰਨ ਮਨੁੱਖ! ਚੇਤੇ ਰੱਖ; ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ।4।11। ਸ਼ਬਦ ਦਾ ਭਾਵ: ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾ ਸਕਦੀ; ਹੋਰ ਤਾਂ ਹੋਰ, ਇਹ ਸਰੀਰ ਭੀ ਇੱਥੇ ਹੀ ਨਾਸ ਹੋ ਜਾਂਦਾ ਹੈ। ਤਾਂ ਤੇ, ਧਨ-ਪਦਾਰਥ ਨੂੰ ਆਪਣਾ ਆਖ ਆਖ ਕੇ ਮੋਹ ਵਿਚ ਫਸਣਾ ਨਹੀਂ ਚਾਹੀਦਾ।11। ਨੋਟ: ਸਧਾਰਨ ਤੌਰ ਤੇ ਜਗਤ ਦੀ ਅਸਾਰਤਾ ਦਾ ਜ਼ਿਕਰ ਕਰਦਿਆਂ, ਕਬੀਰ ਜੀ ਆਖਦੇ ਹਨ ਕਿ ਮਰਨ ਤੇ ਸਰੀਰ ਸਾੜ ਦੇਈਦਾ ਹੈ। ਸਰੀਰ ਨੂੰ ਸਾੜਨ ਸੰਬੰਧੀ ਇਹ ਸੁਭਾਵਿਕ ਬਚਨ ਜ਼ਾਹਰ ਕਰਦੇ ਹਨ ਕਿ ਕਬੀਰ ਜੀ ਹਿੰਦੂ ਘਰ ਵਿਚ ਜੰਮੇ-ਪਲੇ ਸਨ, ਮੁਸਲਮਾਨ ਨਹੀਂ ਸਨ। ਬਾਬਾ ਫ਼ਰੀਦ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਉਹ ਹਰ ਥਾਂ ਮੁਸਲਮਾਨੀ ਬੋਲੀ ਹੀ ਵਰਤਦੇ ਹਨ, ਕਿਉਂਕਿ ਉਹ ਮੁਸਲਮਾਨ ਸਨ। ਗਉੜੀ ਕਬੀਰ ਜੀ ॥ ਅਵਰ ਮੂਏ ਕਿਆ ਸੋਗੁ ਕਰੀਜੈ ॥ ਤਉ ਕੀਜੈ ਜਉ ਆਪਨ ਜੀਜੈ ॥੧॥ ਮੈ ਨ ਮਰਉ ਮਰਿਬੋ ਸੰਸਾਰਾ ॥ ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥ ਇਆ ਦੇਹੀ ਪਰਮਲ ਮਹਕੰਦਾ ॥ ਤਾ ਸੁਖ ਬਿਸਰੇ ਪਰਮਾਨੰਦਾ ॥੨॥ ਕੂਅਟਾ ਏਕੁ ਪੰਚ ਪਨਿਹਾਰੀ ॥ ਟੂਟੀ ਲਾਜੁ ਭਰੈ ਮਤਿ ਹਾਰੀ ॥੩॥ ਕਹੁ ਕਬੀਰ ਇਕ ਬੁਧਿ ਬੀਚਾਰੀ ॥ ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥ {ਪੰਨਾ 325} ਪਦ ਅਰਥ: ਅਵਰ = ਹੋਰ। ਕਰੀਜੈ = ਕਰੀਏ, ਕਰਨਾ ਚਾਹੀਦਾ ਹੈ। ਜੀਜੈ = ਜੀਉਂਦੇ ਰਹਿਣਾ ਹੋਵੇ।1। ਮਰਉ = (ਆਤਮਕ ਮੌਤ) ਮਰਾਂਗਾ, ਮੁਰਦਾ (-ਦਿਲ) ਹੋਵਾਂਗਾ। ਮਰਿਬੋ = ਮਰੇਗਾ (ਭਾਵ, ਪਰਮਾਤਮਾ ਵਲੋਂ ਮੁਰਦਾ ਰਹੇਗਾ) । ਮੋਹਿ = ਮੈਨੂੰ। ਸੰਸਾਰਾ = ਦੁਨੀਆ, ਜਗਤ ਦੇ ਧੰਧਿਆਂ ਵਿਚ ਫਸੇ ਹੋਏ ਜੀਵ। ਜੀਆਵਨਹਾਰਾ = (ਸੱਚੀ) ਜ਼ਿੰਦਗੀ ਦੇਣ ਵਾਲਾ।1। ਰਹਾਉ। ਇਆ ਦੇਹੀ = ਇਸ ਸਰੀਰ ਨੂੰ। ਪਰਮਲ = ਖ਼ੁਸ਼ਬੋਆਂ। ਮਹਕੰਦਾ = ਮਹਿਕਾਉਂਦਾ ਹੈ। ਤਾ ਸੁਖ = ਇਹਨਾਂ ਸੁਖਾਂ ਵਿਚ। ਪਰਮਾਨੰਦਾ = ਉੱਚੇ ਤੋਂ ਉੱਚਾ ਅਨੰਦ-ਦਾਤਾ। ਕੂਅਟਾ = {ਕੂਪ+ਟਾ। ਸੰਸਕ੍ਰਿਤ ਲਫ਼ਜ਼ 'ਕੂਪ' ਤੋਂ 'ਕੂਆ' ਪ੍ਰਾਕ੍ਰਿਤ-ਰੂਪ ਹੈ; 'ਟਾ' ਵਰਤਿਆਂ 'ਅਲਪਾਰਥਕ' ਨਾਂਵ ਬਣਾਇਆ ਹੈ, ਜਿਵੇਂ 'ਚਮਾਰ' ਤੋਂ 'ਚਮਰੱਟਾ'} ਨਿੱਕਾ ਜਿਹਾ ਖੂਹ, ਖੂਹੀ, ਸਰੀਰ-ਰੂਪ ਖੂਹੀ, ਸਰੀਰ ਦਾ ਮੋਹ-ਰੂਪ ਖੂਹੀ, ਦੇਹ-ਅੱਧਿਆਸ। ਪਹਿਹਾਰੀ = ਪਾਣੀ ਭਰਨ ਵਾਲੀਆਂ, ਚਰਖੜੀਆਂ, ਪੰਜੇ ਇੰਦਰੇ, ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿਚੋਂ ਸੱਤਿਆ ਖਿੱਚੀ ਜਾਂਦੇ ਹਨ। ਮਤਿ ਹਾਰੀ = ਹਾਰੀ ਹੋਈ ਮਤ, ਦੁਰਮਤ, ਭੈੜੀ ਮੱਤ, ਅਵਿੱਦਿਆ ਵਿਚ ਫਸੀ ਹੋਈ ਮੱਤ। ਭਰੈ = ਭਰ ਰਹੀ ਹੈ ਪਾਣੀ। ਲਾਜੁ = ਲੱਜ {ਇਹ ਲਫ਼ਜ਼ ਆਮ ਤੌਰ ਤੇ ੁ ਅੰਤ ਵਰਤੀਦਾ ਹੈ। ਸੰਸਕ੍ਰਿਤ ਲਫ਼ਜ਼ (r^ju) 'ਰੱਜੁ' ਤੋਂ ਬਣਿਆ ਹੈ ਜਿਸ ਦੇ ਅੰਤ ਵਿਚ ੁ ਹੈ। ਪਿਛਲੇ ਸ਼ਬਦ ਵਿਚ ਦਾ ਲਫ਼ਜ਼ 'ਲਾਜ' ਮੁਕਤਾ-ਅੰਤ ਹੈ, ਉਹ ਸੰਸਕ੍ਰਿਤ ਲਫ਼ਜ਼ (l^jw) ਤੋਂ 'ਲੱਜਾ' ਤੋਂ ਬਣਿਆ ਹੈ}। ਟੂਟੀ ਲਾਜੁ ਭਰੈ = ਟੁੱਟੀ ਹੋਈ ਲੱਜ ਵਰਤ ਕੇ ਪਾਣੀ ਭਰ ਰਹੀ ਹੈ, (ਭਾਵ, ਪਾਣੀ ਭਰਨ ਦੇ ਵਿਅਰਥ ਜਤਨ ਕਰ ਰਹੀ ਹੈ, ਪਾਣੀ ਨਹੀਂ ਮਿਲਦਾ) । ਲੱਜ ਟੁੱਟੀ ਹੋਈ ਹੈ, ਗਿਆਨ ਦੀ ਅਣਹੋਂਦ ਹੈ।3। ਨੋਟ: ਸਰੀਰ ਦਾ ਮੋਹ ਖੂਹੀ ਹੈ, ਵਿਸ਼ੇ-ਵਿਕਾਰਾਂ ਵਿਚ ਫਸੀ ਹੋਈ ਬੁੱਧੀ ਪਾਣੀ ਭਰਨ ਵਾਲੀ ਹੈ, ਇੰਦਰੇ ਚਰੱਖੜੀਆਂ ਦਾ ਕੰਮ ਦੇ ਰਹੇ ਹਨ, ਪਰ ਲੱਜ ਕੋਈ ਨਹੀਂ ਹੈ। ਜਿਵੇਂ, ਕੋਈ ਇਸਤ੍ਰੀ ਖੂਹੀ ਤੋਂ ਪਾਣੀ ਭਰਨ ਜਾਏ, ਚਰੱਖੜੀ ਭੀ ਖੂਹੀ ਤੇ ਲੱਗੀ ਹੋਈ ਹੋਵੇ, ਪਰ ਲੱਜ ਨਾਹ ਹੋਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ, ਉਸ ਦਾ ਜਤਨ ਵਿਅਰਥ ਹੁੰਦਾ ਹੈ। ਤਿਵੇਂ ਦੁਰਮਤ ਇਹਨਾਂ ਇੰਦ੍ਰਿਆਂ ਦੀ ਰਾਹੀਂ ਇਸ ਸਰੀਰ ਵਿਚੋਂ ਵਿਸ਼ੇ-ਵਿਕਾਰਾਂ ਦਾ ਆਨੰਦ ਲੈਣ ਦਾ ਵਿਅਰਥ ਹੀ ਜਤਨ ਕਰਦੀ ਹੈ। ਜਦ ਤਾਈਂ ਸਰੀਰ ਦੇ ਮੋਹ ਵਿਚ ਜੀਵ ਲੱਗਾ ਹੋਇਆ ਹੈ ਸੁਖ ਦੀ ਥਾਂ ਦੁਖ ਹੀ ਮਿਲਦਾ ਹੈ। ਅਰਥ: ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ? (ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ।1। ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ। ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ।1। ਰਹਾਉ। (ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ; ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ।2। (ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ, ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ।3। ਹੇ ਕਬੀਰ! ਆਖ– (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ) , ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ।4।12। ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਜ਼ਿੰਦਗੀ-ਦਾਤਾ ਪ੍ਰਭੂ ਮਿਲ ਪਏ ਉਹ ਵਿਸ਼ੇ ਵਿਕਾਰਾਂ ਦਾ ਸੁਖ ਮਾਣਨ ਵਿਚ ਲੱਗ ਕੇ ਪ੍ਰਭੂ ਵਲੋਂ ਮੁਰਦਾ ਨਹੀਂ ਹੁੰਦਾ। ਮੁਰਦਾ ਉਹੀ ਹੈ ਜੋ ਰੱਬ ਤੋਂ ਵਿੱਛੜਿਆ ਹੋਇਆ ਹੈ।12। |
Sri Guru Granth Darpan, by Professor Sahib Singh |