ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 326

ਗਉੜੀ ਕਬੀਰ ਜੀ ॥ ਅਸਥਾਵਰ ਜੰਗਮ ਕੀਟ ਪਤੰਗਾ ॥ ਅਨਿਕ ਜਨਮ ਕੀਏ ਬਹੁ ਰੰਗਾ ॥੧॥ ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥ ਜੋਗੀ ਜਤੀ ਤਪੀ ਬ੍ਰਹਮਚਾਰੀ ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥ ਸਾਕਤ ਮਰਹਿ ਸੰਤ ਸਭਿ ਜੀਵਹਿ ॥ ਰਾਮ ਰਸਾਇਨੁ ਰਸਨਾ ਪੀਵਹਿ ॥੩॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥ ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥ {ਪੰਨਾ 326}

ਪਦ ਅਰਥ: ਅਸਥਾਵਰ = ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ। ਜੰਗਮ = ਤੁਰਨ ਵਾਲੇ ਪਸ਼ੂ-ਪੰਛੀ। ਕੀਟ = ਕੀੜੇ। ਪਤੰਗਾ = ਖੰਭਾਂ ਵਾਲੇ ਕੀੜੇ। ਬਹੁ ਰੰਗਾ = ਬਹੁਤ ਕਿਸਮਾਂ ਦੇ। ਕੀਏ = ਅਸਾਂ ਕੀਤੇ, ਅਸਾਂ ਧਾਰੇ।1।

ਬਸਾਏ = ਵਸਾਏ, ਆਬਾਦ ਕੀਤੇ। ਘਰ = (ਭਾਵ) ਜੂਨਾਂ, ਸਰੀਰ। ਰਾਮ = ਹੇ ਰਾਮ! ਗਰਭ ਹੋਇ ਆਏ = ਜੂਨਾਂ ਵਿਚ ਪੈਂਦੇ ਗਏ।1। ਰਹਾਉ।

ਸਾਕਤ = (ਰੱਬ ਨਾਲੋਂ) ਟੁੱਟੇ ਹੋਏ ਮਨੁੱਖ। (ਮਰਹਿ = ਮਰਦੇ ਰਹਿੰਦੇ ਹਨ, ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਜੀਵਹਿ = ਜ਼ਿੰਦਾ ਹਨ। ਰਸਾਇਨੁ = {ਰਸ ਅਇਨੁ। ਅਇਨੁ = ਅਯਨ, ਘਰ} ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ। ਰਸਨਾ = ਜੀਭ (ਨਾਲ) ।3।

ਪ੍ਰਭ = ਹੇ ਪ੍ਰਭੂ! ਹਾਰਿ = ਹਾਰ ਕੇ, ਜੂਨਾਂ ਵਿਚ ਪੈ ਪੈ ਕੇ ਥੱਕ ਕੇ। ਪਰੇ = ਡਿੱਗੇ ਹਾਂ (ਤੇਰੇ ਦਰ ਤੇ) । ਪੂਰਾ = ਗਿਆਨ।4।13।

ਅਰਥ: ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ।1।

ਹੇ ਰਾਮ! ਜਦੋਂ ਅਸੀਂ ਜੂਨਾਂ ਵਿਚ ਪੈਂਦੇ ਗਏ ਤਾਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ।1। ਰਹਾਉ।

ਕਦੇ ਅਸੀਂ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ; ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ।2।

ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ।3।

(ਸੋ) ਹੇ ਕਬੀਰ! (ਪਰਮਾਤਮਾ ਦੇ ਅੱਗੇ ਇਸ ਤਰ੍ਹਾਂ) ਅਰਦਾਸ ਕਰ = ਹੇ ਪ੍ਰਭੂ! ਅਸੀਂ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ, ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼।4।13।

ਸ਼ਬਦ ਦਾ ਭਾਵ: ਪ੍ਰਭੂ ਤੋਂ ਵਿੱਛੜ ਕੇ ਜੀਵ ਨੂੰ ਕਈ ਜਨਮਾਂ ਵਿਚ ਭੌਣਾ ਪੈਂਦਾ ਹੈ। ਤਦੋਂ ਹੀ ਖ਼ਲਾਸੀ ਹੁੰਦੀ ਹੈ ਜਦੋਂ ਅੰਦਰੋਂ ਹਉਮੈ ਦੂਰ ਕਰ ਕੇ ਨਾਮ ਜਪੇ।13।

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥ ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ ਹੀਗੈ ਮਰੈ ॥੧॥ ਮਾਤਾ ਭੈਸਾ ਅੰਮੁਹਾ ਜਾਇ ॥ ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥ ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥੩॥ ਰਾਮ ਰਮਤ ਮਤਿ ਪਰਗਟੀ ਆਈ ॥ ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥ {ਪੰਨਾ 326}

ਨੋਟ: ਇਸ ਸ਼ਬਦ ਦਾ ਸਿਰਲੇਖ ਦੱਸਦਾ ਹੈ ਕਿ ਇਹ ਸ਼ਬਦ ਇਕੱਲੇ ਕਬੀਰ ਜੀ ਦਾ ਨਹੀਂ ਹੈ, ਇਸ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਹਿੱਸਾ ਹੈ ਤੇ ਕੁਦਰਤੀ ਤੌਰ ਤੇ ਉਹ ਅਖ਼ੀਰਲਾ ਬੰਦ ਹੀ ਹੋ ਸਕਦਾ ਹੈ ਤੀਜੇ ਬੰਦ ਵਿਚ ਕਬੀਰ ਜੀ ਦਾ ਨਾਮ ਆਉਂਦਾ ਹੈ ਤੇ ਇਥੇ ਉਹ ਆਪਣਾ ਮਜ਼ਮੂਨ ਮੁਕਾ ਦੇਂਦੇ ਹਨ। ਸ਼ੁਰੂ ਵਿਚ ਲਿਖਦੇ ਹਨ ਕਿ ਜਗਤ ਵਿਚ ਇਕ ਅਜੀਬ ਤਮਾਸ਼ਾ ਹੋ ਰਿਹਾ ਹੈ– ਜੀਵ, ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ (ਭਾਵ, ਵਿਅਰਥ ਤੇ ਉਲਟਾ ਕੰਮ ਕਰ ਰਿਹਾ ਹੈ ਜਿਸ ਵਿਚੋਂ ਕੋਈ ਲਾਭ ਨਹੀਂ ਹੋਣਾ) । ਲਾਭ ਵਾਲਾ ਕੰਮ ਤਾਂ ਇਹ ਹੈ ਜਿਵੇਂ ਸਿਖ ਰੋਜ਼ ਅਰਦਾਸ ਕਰਦਾ ਹੈ– 'ਮਨ ਨੀਵਾਂ, ਮੱਤ ਉੱਚੀ, ਮੱਤ ਕਾ ਰਾਖਾ ਵਾਹਿਗੁਰੂ', ਭਾਵ, ਵਾਹਿਗੁਰੂ ਦੇ ਸਿਮਰਨ ਵਿਚ ਜੁੜੀ ਰਹੇ ਬੁੱਧੀ, ਤੇ ਇਹੋ ਜਿਹੀ ਬੁੱਧੀ ਦੇ ਅਧੀਨ ਰਹੇ ਮਨ। ਪਰ ਕਬੀਰ ਜੀ ਕਹਿੰਦੇ ਹਨ ਕਿ ਜਗਤ ਵਿਚ ਉਲਟੀ ਖੇਡ ਹੋ ਰਹੀ ਹੈ। ਬੁਧੀ ਮਨ ਨੂੰ ਚੁੰਘਦੀ ਫਿਰਦੀ ਹੈ, ਬੁੱਧੀ ਵਿਕਾਰੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ। ਲੋਕਾਂ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀਂ ਆ ਰਹੀ, ਪਰ ਕਬੀਰ ਨੇ ਇਹ ਤਮਾਸ਼ਾ ਸਮਝ ਲਿਆ ਹੈ।

ਕਬੀਰ ਜੀ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਸ ਤਮਾਸ਼ੇ ਦੀ ਸਮਝ ਕਿਵੇਂ ਆਈ ਹੈ ਤੇ ਹੋਰਨਾਂ ਲੋਕਾਂ ਨੂੰ ਭੀ ਕਿਵੇਂ ਆ ਸਕਦੀ ਹੈ। ਇਸ ਘੁੰਡੀ ਨੂੰ ਖੋਲ੍ਹਣ ਲਈ ਗੁਰੂ ਅਰਜਨ ਸਾਹਿਬ ਨੇ ਅਖ਼ੀਰਲਾ ਬੰਦ ਨੰ: 4 ਆਪਣੇ ਵਲੋਂ ਲਿਖ ਕੇ ਨਾਲ ਰਲਾ ਦਿੱਤਾ ਹੈ। ਅੰਕ 4 ਦੇ ਅੱਗੇ ਅੰਕ ਨੰ: 1 ਭੀ ਇਸ ਸ਼ਬਦ ਦਾ ਅਨੋਖਾ-ਪਨ ਦੱਸਣ ਵਾਸਤੇ ਹੀ ਹੈ। ਇਹਨਾਂ 35 ਸ਼ਬਦਾਂ ਵਿਚ ਸਿਰਫ਼ ਇਹੀ ਸ਼ਬਦ ਹੈ ਜਿਸ ਵਿਚ ਉਪਰ ਲਿਖੀ ਇਹ ਅਨੋਖੀ ਗੱਲ ਆਈ ਹੈ।

ਇਸ ਸ਼ਬਦ ਦੇ ਇਸ ਅਨੋਖੇ ਸਿਰਲੇਖ ਤੋਂ ਇਕ ਗੱਲ ਹੋਰ ਭੀ ਸਾਫ਼ ਹੋ ਗਈ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਆਪ 'ਬੀੜ' ਵਿਚ ਦਰਜ ਕਰਾਈ ਸੀ।

ਪਦ ਅਰਥ: ਅਚਰਜੁ = ਅਨੋਖਾ ਕੌਤਕ, ਅਜੀਬ ਤਮਾਸ਼ਾ। ਦਧਿ = ਦਹੀਂ। ਭੋਲੈ = ਭੁਲੇਖੇ। ਬਿਰੋਲੈ = ਰਿੜਕ ਰਿਹਾ ਹੈ। ਨੀਰੁ = ਪਾਣੀ।1। ਰਹਾਉ।

ਗਦਹਾ = ਖੋਤਾ, ਮੂਰਖ ਮਨ। ਹਰੀ ਅੰਗੂਰੀ = ਵਿਕਾਰਾਂ ਦੀ ਸੱਜਰੀ ਅੰਗੂਰੀ, ਮਨ-ਭਾਉਂਦੇ ਵਿਕਾਰ। ਚਰੈ = ਚੁਗਦਾ ਹੈ, ਮਾਣਦਾ ਹੈ। ਉਠਿ = ਉਠ ਕੇ। ਹਾਸੈ = ਹੱਸਦਾ ਹੈ। ਮਰੈ = (ਜੰਮਦਾ) ਮਰਦਾ ਹੈ।1।

ਮਾਤਾ = ਮਸਤਿਆ ਹੋਇਆ। ਭੈਸਾ = ਸੰਢਾ। ਅੰਮੁਹਾ = ਅਮੋੜ। ਅੰਮੁਹਾ = ਜਾਇ = ਅਮੋੜ-ਪੁਣਾ ਕਰਦਾ ਹੈ। ਰਸਾਤਲਿ = ਨਰਕ ਵਿਚ। ਪਾਇ = ਪੈਂਦਾ ਹੈ।2।

ਪਰਗਟੁ ਭਈ = ਸਮਝ ਵਿਚ ਆ ਗਈ ਹੈ। ਲੇਲਾ = (ਭਾਵ) ਮਨ। ਭੇਡ = (ਭਾਵ) ਮੱਤ, ਬੁੱਧੀ।3।

ਰਾਮ ਰਮਤ = ਪ੍ਰਭੂ ਨੂੰ ਸਿਮਰਦਿਆਂ। ਮਤਿ = ਬੁੱਧੀ। ਪਰਗਟੀ ਆਈ = ਜਾਗ ਪਈ ਹੈ। ਗੁਰਿ = ਗੁਰੂ ਨੇ।4।

ਅਰਥ: ਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ।1। ਰਹਾਉ।

ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ, ਇਸੇ ਤਰ੍ਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।1।

ਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ, ਕੁੱਟਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ।2।

ਹੇ ਕਬੀਰ! ਆਖ– (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ (ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ।3।

(ਇਹ ਸਮਝ ਕਿਸ ਨੇ ਪਾਈ ਹੈ?) ਹੇ ਕਬੀਰ ਆਖ– ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ, (ਜਿਸ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ) ।4।1।14।

ਸ਼ਬਦ ਦਾ ਭਾਵ: ਜਦ ਤਾਈਂ ਮਨੁੱਖ ਗੁਰੂ ਤੋਂ ਬੇਮੁਖ ਹੈ ਤੇ ਨਾਮ ਨਹੀਂ ਜਪਦਾ, ਤਦ ਤਕ ਇਸ ਦੀ ਅਕਲ ਭ੍ਰਿਸ਼ਟੀ ਰਹਿੰਦੀ ਹੈ, ਵਿਕਾਰੀ ਮਨ ਦੇ ਪਿਛੇ ਲਗੀ ਫਿਰਦੀ ਹੈ। ਗੁਰੂ ਦੀ ਮਿਹਰ ਨਾਲ ਨਾਮ ਜਪੀਏ ਤਾਂ ਬੁੱਧੀ ਮਨ ਦੇ ਪਿਛੇ ਤੁਰਨੋਂ ਹਟ ਜਾਂਦੀ ਹੈ।14।

ਗਉੜੀ ਕਬੀਰ ਜੀ ਪੰਚਪਦੇ ॥ ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥੧॥ ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥ ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥ ਬਹੁਤੁ ਬਰਸ ਤਪੁ ਕੀਆ ਕਾਸੀ ॥ ਮਰਨੁ ਭਇਆ ਮਗਹਰ ਕੀ ਬਾਸੀ ॥੩॥ ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥ ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥ {ਪੰਨਾ 326}

ਪਦ ਅਰਥ: ਮੀਨਾ = ਮੱਛ। ਪੂਰਬ ਜਨਮ = ਪਿਛਲੇ ਜਨਮਾਂ ਦਾ। ਹਉ = ਮੈਂ। ਹੀਨਾ = ਸੱਖਣਾ।1।

ਕਵਨ = ਕਿਹੜੀ, ਕਿਹੋ ਜਿਹੀ? ਗਤਿ = ਹਾਲਤ, ਹਾਲ। ਮੋਰੀ = ਮੇਰੀ। ਤਜੀਲੇ = ਮੈਂ ਛੱਡ ਦਿੱਤਾ ਹੈ। ਬਨਾਰਸਿ = ਕਾਂਸ਼ੀ ਨਗਰੀ। ਥੋਰੀ = ਥੋੜੀ।1। ਰਹਾਉ।

ਸਗਲ ਜਨਮੁ = ਸਾਰੀ ਉਮਰ। ਸਿਵਪੁਰੀ = ਸ਼ਿਵ ਦੀ ਨਗਰੀ ਕਾਂਸ਼ੀ ਵਿਚ। ਗਵਾਇਆ = ਵਿਅਰਥ ਗੁਜ਼ਾਰ ਦਿੱਤਾ। ਮਰਤੀ ਬਾਰ = ਮਰਨ ਵੇਲੇ। ਉਠਿ = ਉੱਠ ਕੇ, ਛੱਡ ਕੇ।2।

ਬਹੁਤੁ ਬਰਸ = ਕਈ ਸਾਲਾਂ ਤਕ। ਕਾਸ਼ੀ = ਕਾਂਸ਼ੀ ਵਿਚ। ਮਰਨੁ = ਮੌਤ। ਬਾਸੀ = ਵਾਸ, ਵਸੇਬਾ।3।

ਸਮ = ਇਕੋ ਜਿਹੇ। ਬੀਚਾਰੀ = ਸਮਝੇ ਹਨ। ਓਛੀ = ਹੋਛੀ, ਅਧੂਰੀ। ਕੈਸੇ = ਕਿਸ ਤਰ੍ਹਾਂ? ਉਤਰਸਿ = ਤੂੰ ਉਤਰੇਂਗਾ। ਪਾਰੀ = ਪਾਰ।4।

ਗੁਰ ਗਜਿ = ਗਣੇਸ਼। ਸਭੁ ਕੋ = ਹਰੇਕ ਮਨੁੱਖ। ਜਾਨੈ = ਪਛਾਣਦਾ ਹੈ (ਭਾਵ, ਸਮਝਦਾ ਹੈ ਕਿ ਇਹ ਗਣੇਸ਼ ਤੇ ਸ਼ਿਵ ਹੀ ਮੁਕਤੀ ਦੇਣ ਵਾਲੇ ਤੇ ਖੋਹਣ ਵਾਲੇ ਹਨ) । ਮੁਆ ਕਬੀਰੁ = ਕਬੀਰ ਮਰ ਗਿਆ ਹੈ ਆਪਾ ਭਾਵ ਤੋਂ, ਕਬੀਰ ਦੀ ਮੈਂ-ਮੇਰੀ ਮਿਟ ਗਈ ਹੈ। ਰਮਤ = ਸਿਮਰ ਸਿਮਰ ਕੇ।5।15।

ਅਰਥ: (ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ; ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ।1।

ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ? ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ?।1। ਰਹਾਉ।

(ਹੇ ਰਾਮ! ਮੈਨੂੰ ਲੋਕ ਆਖਦੇ ਹਨ–) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ (ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ।2।

(ਹੇ ਪ੍ਰਭੂ! ਲੋਕ ਕਹਿੰਦੇ ਹਨ–) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?) ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ।3।

(ਹੇ ਰਾਮ! ਲੋਕ ਬੋਲੀ ਮਾਰਦੇ ਹਨ–) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ, ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ?।4।

(ਹੇ ਕਬੀਰ!) ਆਖ– ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ) ; ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ।5।15।

ਸ਼ਬਦ ਦਾ ਭਾਵ: ਕਿਸੇ ਖ਼ਾਸ ਦੇਸ ਜਾਂ ਨਗਰੀ ਵਿਚੋਂ ਮੁਕਤੀ ਨਹੀਂ ਮਿਲ ਸਕਦੀ। ਮੁਕਤ ਉਹੀ ਹੈ ਜੋ ਪ੍ਰਭੂ ਦਾ ਭਜਨ ਕਰ ਕੇ ਆਪਣੇ ਅੰਦਰੋਂ 'ਮੈਂ-ਮੇਰੀ' ਮਿਟਾ ਚੁਕਿਆ ਹੈ।15।

ਨੋਟ: ਆਮ ਲੋਕਾਂ ਵਿਚ ਇਹ ਵਹਿਮ ਪੈਦਾ ਕੀਤਾ ਗਿਆ ਹੋਇਆ ਹੈ ਕਿ ਬਨਾਰਸ ਆਦਿਕ ਤੀਰਥ ਉੱਤੇ ਸਰੀਰ ਤਿਆਗਿਆਂ ਜੀਵ ਨੂੰ ਮੁਕਤੀ ਮਿਲ ਜਾਂਦੀ ਹੈ। ਕਬੀਰ ਜੀ ਲੋਕਾਂ ਦੇ ਇਸ ਭਰਮ ਨੂੰ ਦੂਰ ਕਰਨ ਲਈ ਅਖ਼ੀਰਲੀ ਉਮਰੇ ਬਨਾਰਸ ਛੱਡ ਆਏ ਤੇ ਮਗਹਰ ਆ ਵੱਸੇ। ਮਗਹਰ ਬਾਰੇ ਇਹ ਵਹਿਮ ਹੈ ਕਿ ਇਹ ਧਰਤੀ ਸਰਾਪੀ ਹੋਈ ਹੈ। ਜੋ ਇੱਥੇ ਮਰਦਾ ਹੈ, ਉਹ ਖੋਤੇ ਦੀ ਜੂਨੇ ਪੈਂਦਾ ਹੈ। ਮਗਹਰ ਗੋਰਖਪੁਰ ਤੋਂ 15 ਮੀਲਾਂ ਤੇ ਹੈ।

ਗਉੜੀ ਕਬੀਰ ਜੀ ॥ ਚੋਆ ਚੰਦਨ ਮਰਦਨ ਅੰਗਾ ॥ ਸੋ ਤਨੁ ਜਲੈ ਕਾਠ ਕੈ ਸੰਗਾ ॥੧॥ ਇਸੁ ਤਨ ਧਨ ਕੀ ਕਵਨ ਬਡਾਈ ॥ ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥ ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥ ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥ ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥ ਮਰਤੀ ਬਾਰ ਕਸਿ ਬਾਧਿਓ ਚੋਰ ॥੩॥ ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥ ਰਾਮੈ ਰਾਮ ਰਮਤ ਸੁਖੁ ਪਾਵੈ ॥੪॥ ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥ ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥ ਕਹਤ ਕਬੀਰ ਚੇਤਿ ਰੇ ਅੰਧਾ ॥ ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥ {ਪੰਨਾ 326}

ਪਦ ਅਰਥ: ਚੋਆ = ਅਤਰ। ਮਰਦਨ = ਮਾਲਸ਼। ਅੰਗਾ = (ਸਰੀਰ ਦੇ) ਅੰਗਾਂ ਨੂੰ। ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ।1।

ਕਵਨ ਬਡਾਈ = ਕਿਹੜੀ ਵਡਿਆਈ ਹੈ? ਕੀਹ ਮਾਣ ਕਰਨਾ ਹੋਇਆ? ਧਰਨਿ = ਧਰਤੀ ਤੇ। ਪਰੈ = ਪਿਆ ਰਹਿ ਜਾਂਦਾ ਹੈ। ਉਰਵਾਰਿ = ਉਰਲੇ ਪਾਸੇ ਹੀ, ਇਥੇ ਹੀ। ਨ ਜਾਈ = (ਨਾਲ) ਨਹੀਂ ਜਾਂਦਾ।1। ਰਹਾਉ।

ਦਿਨ = ਦਿਨੇ, ਸਾਰਾ ਦਿਨ। ਕਾਮ = ਕੰਮ-ਕਾਰ। ਕਰਹਿ = ਕਰਦੇ ਹਨ। ਜਿ = ਜੋ ਮਨੁੱਖ। ਇਕੁ ਖਿਨੁ = ਰਤਾ ਭਰ ਭੀ, ਪਲ ਮਾਤ੍ਰ ਭੀ। ਨ ਲੈਹਿ = ਨਹੀਂ ਲੈਂਦੇ।2।

ਹਾਥਿ = (ਉਹਨਾਂ ਦੇ) ਹੱਥ ਵਿਚ। ਤ = ਤਾਂ। ਡੋਰ = (ਬਾਜਾਂ ਦੀਆਂ) ਡੋਰਾਂ। ਮੁਖਿ = ਮੂੰਹ ਵਿਚ। ਤੰਬੋਰ = ਪਾਨ। ਕਸਿ = ਕੱਸ ਕੇ, ਘੁੱਟ ਕੇ। ਚੋਰ = ਚੋਰਾਂ ਵਾਂਗ।3।

ਗੁਰਮਤਿ = ਗੁਰੂ ਦੀ ਮੱਤ ਲੈ ਕੇ। ਰਸਿ ਰਸਿ = ਸੁਆਦ ਲੈ ਲੈ ਕੇ, ਬੜੇ ਪ੍ਰੇਮ ਨਾਲ। ਰਾਮੈ ਰਾਮ = ਕੇਵਲ ਰਾਮ ਨੂੰ। ਰਮਤ = ਸਿਮਰ ਸਿਮਰ ਕੇ।4।

ਦ੍ਰਿੜਾਈ = (ਹਿਰਦੇ ਵਿਚ) ਪੱਕਾ ਕਰਾਉਂਦਾ ਹੈ, ਜਪਾਉਂਦਾ ਹੈ। ਹਰਿ ਹਰਿ ਸੁਗੰਧ = ਹਰੀ ਦੇ ਨਾਮ ਦੀ ਖ਼ੁਸ਼ਬੋ। ਬਸਾਈ = ਵਸਾਉਂਦਾ ਹੈ।5।

ਰੇ ਅੰਧਾ = ਹੇ ਅੰਨ੍ਹੇ ਮਨੁੱਖ! ਚੇਤਿ = ਯਾਦ ਕਰ। ਸਤਿ = ਸਦਾ ਅਟੱਲ ਰਹਿਣ ਵਾਲਾ। ਝੂਠਾ = ਨਾਸ ਹੋ ਜਾਣ ਵਾਲਾ, ਥਿਰ ਨਾਹ ਰਹਿਣ ਵਾਲਾ।6। 16।

ਅਰਥ: (ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ, ਉਹ ਸਰੀਰ (ਆਖ਼ਰ ਨੂੰ) ਲੱਕੜਾਂ ਵਿਚ ਪਾ ਕੇ ਸਾੜਿਆ ਜਾਂਦਾ ਹੈ।1।

ਇਸ ਸਰੀਰ ਤੇ ਧਨ ਉੱਤੇ ਕੀਹ ਮਾਣ ਕਰਨਾ ਹੋਇਆ? ਇਹ ਇੱਥੇ ਹੀ ਧਰਤੀ ਤੇ ਪਏ ਰਹਿ ਜਾਂਦੇ ਹਨ (ਜੀਵ ਦੇ ਨਾਲ) ਨਹੀਂ ਜਾਂਦੇ।1। ਰਹਾਉ।

ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ (ਭਾਵ, ਰਾਤ ਤਾਂ ਸੁੱਤਿਆਂ ਗੁਜ਼ਾਰ ਦੇਂਦੇ ਹਨ) , ਤੇ ਦਿਨੇ (ਦੁਨਿਆਵੀ) ਕੰਮ-ਧੰਧੇ ਕਰਦੇ ਰਹਿੰਦੇ ਹਨ, ਪਰ ਇਕ ਪਲ ਮਾਤ੍ਰ ਭੀ ਪ੍ਰਭੂ ਦਾ ਨਾਮ ਨਹੀਂ ਜਪਦੇ।2।

ਜੋ ਮਨੁੱਖ ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ, ਤੇ ਜਿਨ੍ਹਾਂ ਦੇ ਹੱਥ ਵਿਚ (ਬਾਜਾਂ ਦੀਆਂ) ਡੋਰਾਂ ਹਨ (ਭਾਵ, ਜੋ ਸ਼ਿਕਾਰ ਆਦਿਕ ਸ਼ੁਗਲ ਵਿਚ ਰੁੱਝੇ ਰਹਿੰਦੇ ਹਨ) , ਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ।3।

ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਬੜੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਕੇਵਲ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਮਾਣਦਾ ਹੈ।4।

ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਦੇ ਹਿਰਦੇ ਵਿਚ ਆਪਣਾ ਨਾਮ ਟਿਕਾਉਂਦਾ ਹੈ, ਉਸ ਵਿਚ ਉਹ 'ਨਾਮ' ਦੀ ਖ਼ੁਸ਼ਬੋ ਦਾ ਵਾਸ ਕਰਾ ਦੇਂਦਾ ਹੈ।5।

ਕਬੀਰ ਆਖਦਾ ਹੈ– ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ; ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ।6। 16।

ਸ਼ਬਦ ਦਾ ਭਾਵ: ਇਹ ਸਰੀਰ, ਇਹ ਧਨ ਪਦਾਰਥ, ਇਹ ਰਾਜ ਰੰਗ = ਕੋਈ ਭੀ ਅੰਤ ਵੇਲੇ ਮਨੁੱਖ ਦੇ ਕੰਮ ਨਹੀਂ ਆ ਸਕਦੇ। ਸਗੋਂ ਜਿਉਂ ਜਿਉਂ ਜੀਵ ਇਹਨਾਂ ਪਦਾਰਥਾਂ ਦੇ ਮੋਹ ਵਿਚ ਰੁੱਝਦੇ ਹਨ, ਤਿਉਂ ਤਿਉਂ ਅਖ਼ੀਰ ਵੇਲੇ ਵਧੀਕ ਦੁੱਖੀ ਹੁੰਦੇ ਹਨ। ਪ੍ਰਭੂ ਦਾ ਇਕ 'ਨਾਮ' ਹੀ ਸਦਾ ਸਹਾਈ ਹੈ। ਜਿਸ ਉੱਤੇ ਪ੍ਰਭੂ ਮੇਹਰ ਕਰੇ, ਉਸ ਨੂੰ 'ਨਾਮ' ਗੁਰੂ-ਦਰ ਤੋਂ ਮਿਲਦਾ ਹੈ।

ਨੋਟ: ਦੁਨੀਆ ਦੀ ਅਸਾਰਤਾ ਦੇ ਸਧਾਰਨ ਬਿਆਨ ਵਿਚ, ਮਰੇ ਮਨੁੱਖ ਦੇ ਸਿਰਫ਼ ਸਾੜੇ ਜਾਣ ਦਾ ਹੀ ਜ਼ਿਕਰ ਸਾਬਤ ਕਰਦਾ ਹੈ ਕਿ ਕਬੀਰ ਜੀ ਹਿੰਦੂ-ਘਰ ਵਿਚ ਜੰਮੇ-ਪਲੇ ਸਨ। 'ਬੋਲੀ' ਭੀ ਸਾਰੀ ਹਿੰਦੂਆਂ ਵਾਲੀ ਹੀ ਵਰਤਦੇ ਹਨ।

ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥ ਜਮ ਤੇ ਉਲਟਿ ਭਏ ਹੈ ਰਾਮ ॥ ਦੁਖ ਬਿਨਸੇ ਸੁਖ ਕੀਓ ਬਿਸਰਾਮ ॥ ਬੈਰੀ ਉਲਟਿ ਭਏ ਹੈ ਮੀਤਾ ॥ ਸਾਕਤ ਉਲਟਿ ਸੁਜਨ ਭਏ ਚੀਤਾ ॥੧॥ ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥ ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥ ਤਨ ਮਹਿ ਹੋਤੀ ਕੋਟਿ ਉਪਾਧਿ ॥ ਉਲਟਿ ਭਈ ਸੁਖ ਸਹਜਿ ਸਮਾਧਿ ॥ ਆਪੁ ਪਛਾਨੈ ਆਪੈ ਆਪ ॥ ਰੋਗੁ ਨ ਬਿਆਪੈ ਤੀਨੌ ਤਾਪ ॥੨॥ ਅਬ ਮਨੁ ਉਲਟਿ ਸਨਾਤਨੁ ਹੂਆ ॥ ਤਬ ਜਾਨਿਆ ਜਬ ਜੀਵਤ ਮੂਆ ॥ ਕਹੁ ਕਬੀਰ ਸੁਖਿ ਸਹਜਿ ਸਮਾਵਉ ॥ ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥ {ਪੰਨਾ 326-327}

ਪਦ ਅਰਥ: ਉਲਟਿ = ਪਲਟ ਕੇ, ਬਦਲ ਕੇ। ਬਿਨਸੇ = ਨਾਸ ਹੋ ਗਏ ਹਨ, ਦੂਰ ਹੋ ਗਏ ਹਨ। ਬਿਸਰਾਮ = ਡੇਰਾ, ਟਿਕਾਣਾ। ਭਏ ਹੈ– ਹੋ ਗਏ ਹਨ, ਬਣ ਗਏ ਹਨ। ਮੀਤਾ = ਮਿੱਤਰ, ਸੱਜਣ। ਸਾਕਤ = ਰੱਬ ਵਲੋਂ ਟੁੱਟੇ ਹੋਏ ਜੀਵ। ਸੁਜਨ = ਭਲੇ, ਗੁਰਮੁਖ। ਚੀਤਾ = ਅੰਤਰ ਆਤਮੇ।

ਮੋਹਿ = ਮੈਂ। ਕੁਸਲ = ਸੁਖ-ਸਾਂਦ, ਅਨੰਦ। ਜਾਨਿਆ = ਜਾਣ ਲਿਆ।1। ਰਹਾਉ।

ਤਨ ਮਹਿ = ਸਰੀਰ ਵਿਚ। ਹੋਤੀ = ਹੁੰਦੀਆਂ ਸਨ। ਕੋਟਿ ਉਪਾਧਿ = ਕ੍ਰੋੜਾਂ ਬਖੇੜੇ (ਵਿਕਾਰਾਂ ਦੇ) । ਉਲਟਿ = ਪਲਟ ਕੇ। ਭਈ = ਹੋ ਗਏ ਹਨ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ, ਪ੍ਰਭੂ ਦੇ ਨਾਮ-ਰਸ ਵਿਚ। ਸਮਾਧਿ = ਸਮਾਧੀ ਲਾਈ ਰੱਖਣ ਦੇ ਕਾਰਨ, ਜੁੜੇ ਰਹਿਣ ਕਰਕੇ। ਆਪੁ = ਆਪਣੇ ਆਪ ਨੂੰ। ਆਪੈ ਆਪ = ਪ੍ਰਭੂ ਹੀ ਪ੍ਰਭੂ (ਦਿੱਸ ਰਿਹਾ ਹੈ) । ਨ ਬਿਆਪੈ = ਪੋਹ ਨਹੀਂ ਸਕਦਾ, ਆਪਣਾ ਦਬਾਅ ਨਹੀਂ ਪਾ ਸਕਦਾ।2।

ਉਲਟਿ = ਆਪਣੇ ਪਹਿਲੇ ਸੁਭਾ ਵਲੋਂ ਹਟ ਕੇ, ਵਿਕਾਰਾਂ ਵਾਲੀ ਵਾਦੀ ਛੱਡ ਕੇ। ਸਨਾਤਨੁ = ਪੁਰਾਣਾ, ਪੁਰਾਤਨ, ਮੁੱਢਲਾ, ਜੋ ਇਹ ਪਹਿਲਾਂ ਪਹਿਲ ਸੀ; (ਭਾਵ, ਆਪਣੇ ਅਸਲੇ ਦਾ ਰੂਪ, ਪ੍ਰਭੂ ਦਾ ਰੂਪ) । ਜਾਨਿਆ = ਸਮਝ ਪਈ ਹੈ। ਜੀਵਤ ਮੂਆ = ਜੀਉਂਦਾ ਹੀ ਮਰ ਗਿਆ, ਦੁਨੀਆ ਵਿਚ ਵੱਸਦਾ ਹੋਇਆ ਭੀ ਦੁਨੀਆ ਵਲੋਂ ਨਿਰ-ਚਾਹ ਹੋ ਗਿਆ ਹਾਂ, ਲੀਨ ਹੋ ਗਿਆ ਹਾਂ, ਮਸਤ ਹਾਂ। ਡਰਉ = ਡਰਦਾ ਹਾਂ। ਅਵਰ = ਹੋਰਨਾਂ ਨੂੰ।3। 17।

ਅਰਥ: ਜਮਾਂ ਤੋਂ ਬਦਲ ਕੇ ਪ੍ਰਭੂ (ਦਾ ਰੂਪ) ਹੋ ਗਏ ਹਨ (ਭਾਵ, ਪਹਿਲਾਂ ਜੋ ਮੈਨੂੰ ਜਮ-ਰੂਪ ਦਿੱਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦੇਂਦੇ ਹਨ) , ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ (ਮੇਰੇ ਅੰਦਰ) ਡੇਰਾ ਆਣ ਜਮਾਇਆ ਹੈ। ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ (ਭਾਵ, ਜੋ ਇੰਦ੍ਰੇ ਪਹਿਲਾਂ ਵਿਕਾਰਾਂ ਵਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਭਲੇ ਪਾਸੇ ਲਿਆ ਰਹੇ ਹਨ) ; ਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ, ਹੁਣ ਉਲਟ ਕੇ ਅੰਤਰ-ਆਤਮੇ ਗੁਰਮੁਖ ਬਣ ਗਏ ਹਨ।1।

ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ; ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਤਦੋਂ ਦੀ (ਮੇਰੇ ਅੰਦਰ) ਠੰਢ ਪੈ ਗਈ ਹੈ।1। ਰਹਾਉ।

(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ; ਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ। (ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ; ਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ।2।

ਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ; (ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ।

ਹੇ ਕਬੀਰ! (ਹੁਣ ਬੇਸ਼ੱਕ) ਆਖ– ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ; ਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ।3। 17।

ਸ਼ਬਦ ਦਾ ਭਾਵ: ਜਦੋਂ ਨਾਮ ਸਿਮਰ ਸਿਮਰ ਕੇ ਪ੍ਰਭੂ ਦੇ ਚਰਨਾਂ ਵਿਚ ਜੀਵ ਦਾ ਚਿੱਤ ਜੁੜ ਜਾਏ, ਤਦੋਂ ਇਹ ਸੁਖੀ ਹੋ ਜਾਂਦਾ ਹੈ, ਮਨ ਮਾਇਆ ਦੇ ਵਿਕਾਰਾਂ ਵਲੋਂ ਹਟ ਜਾਂਦਾ ਹੈ, ਤੇ ਮਾਇਆ ਵਿਚ ਵਰਤਦਾ ਹੋਇਆ ਭੀ ਮਾਇਆ ਦੇ ਮੋਹ ਵਿਚ ਨਹੀਂ ਫਸਦਾ। 17।

ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤੁਕੇ' ਦੇ ਹੇਠ ਇਕ ਨਿੱਕਾ ਜਿਹਾ ਅੰਕ '2' ਹੈ। ਇਹ ਦੋ ਸ਼ਬਦ (ਨੰ: 17 ਅਤੇ 18) ਐਸੇ ਹਨ, ਜਿਨ੍ਹਾਂ ਦੇ ਹਰੇਕ 'ਬੰਦ' ਵਿਚ ਚਾਰ ਚਾਰ ਤੁਕਾਂ ਹਨ।

TOP OF PAGE

Sri Guru Granth Darpan, by Professor Sahib Singh