ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 327 ਗਉੜੀ ਕਬੀਰ ਜੀ ॥ ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ ਸਬਦਿ ਅਤੀਤਿ ਅਨਾਹਦਿ ਰਾਤਾ ॥ ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥ ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥ ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥ ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥ ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥ ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥ ਉਲਟੀ ਗੰਗਾ ਜਮੁਨ ਮਿਲਾਵਉ ॥ ਬਿਨੁ ਜਲ ਸੰਗਮ ਮਨ ਮਹਿ ਨ੍ਹ੍ਹਾਵਉ ॥ ਲੋਚਾ ਸਮਸਰਿ ਇਹੁ ਬਿਉਹਾਰਾ ॥ ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥ ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥ ਕਹੈ ਕਬੀਰ ਨਿਰੰਜਨ ਧਿਆਵਉ ॥ ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥ {ਪੰਨਾ 327} ਪਦ ਅਰਥ: ਪਿੰਡ = ਸਰੀਰ, ਸਰੀਰ ਦਾ ਮੋਹ, ਦੇਹ-ਅੱਧਿਆਸ। ਪਿੰਡਿ ਮੂਐ = ਸਰੀਰ ਦੇ ਮੋਇਆਂ, ਸਰੀਰ ਦਾ ਮੋਹ ਮੋਇਆਂ, ਦੇਹ-ਅੱਧਿਆਸ ਦੂਰ ਹੋਇਆਂ। ਜੀਉ = ਆਤਮਾ। ਕਿਹ ਘਰਿ = ਕਿਸ ਘਰ ਵਿਚ, ਕਿੱਥੇ? ਸਬਦਿ = (ਗੁਰੂ ਦੇ) ਸ਼ਬਦ ਦੁਆਰਾ, ਸ਼ਬਦ ਦੀ ਬਰਕਤਿ ਨਾਲ। ਅਤੀਤਿ = ਅਤੀਤ ਵਿਚ, ਉਸ ਪ੍ਰਭੂ ਵਿਚ ਜੋ ਅਤੀਤ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ। ਅਨਾਹਦਿ = ਅਨਾਹਦ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਰੱਤਾ ਰਹਿੰਦਾ ਹੈ, ਮਸਤ ਰਹਿੰਦਾ ਹੈ। ਜਿਨਿ = ਜਿਸ ਮਨੁੱਖ ਨੇ। ਤਿਨਹਿ = ਉਸੇ (ਮਨੁੱਖ) ਨੇ। ਗੂੰਗੇ ਮਨੁ = ਗੁੰਗੇ ਦਾ ਮਨ।1। ਕਥੈ = ਦੱਸ ਸਕਦਾ ਹੈ। ਬਨਵਾਰੀ = ਜਗਤ-ਰੂਪ ਬਨ ਦਾ ਮਾਲਕ ਪ੍ਰਭੂ (ਆਪ ਹੀ ਆਪਣੀ ਕਿਰਪਾ ਕਰ ਕੇ) । ਮਨ ਰੇ = ਹੇ ਮਨ! ਪਵਨ ਦ੍ਰਿੜੁ = ਸੁਆਸਾਂ ਨੂੰ ਸਾਂਭ (ਭਾਵ, ਸੁਆਸਾਂ ਨੂੰ ਖ਼ਾਲੀ ਨਾਹ ਜਾਣ ਦੇ) ਸੁਆਸ ਸੁਆਸ ਨਾਮ ਜਪ। ਸੁਖਮਨ ਨਾਰੀ = (ਇਹੀ ਹੈ) ਸੁਖਮਨਾ ਨਾੜੀ (ਦਾ ਅੱਭਿਆਸ) {ਪ੍ਰਾਣਾਯਾਮ ਕਰਨ ਵਾਲੇ ਜੋਗੀ ਤਾਂ ਖੱਬੀ ਨਾਸ ਦੇ ਰਸਤੇ ਸੁਆਸ ਉਤਾਂਹ ਖਿੱਚ ਕੇ ਦੋਹਾਂ ਭਰਵੱਟਿਆਂ ਦੇ ਵਿਚਕਾਰ ਮੱਥੇ ਵਿਚ ਸੁਖਮਨ ਨਾੜੀ ਵਿਚ ਟਿਕਾਂਦੇ ਹਨ। ਤੇ, ਫਿਰ ਸੱਜੀ ਨਾਸ ਦੇ ਰਸਤੇ ਉਤਾਰ ਦੇਂਦੇ ਹਨ। ਕਬੀਰ ਜੀ ਇਸ ਸਾਧਨ ਦੇ ਥਾਂ ਗੁਰੂ ਦੀ ਸ਼ਰਨ ਪੈ ਕੇ ਸੁਆਸ ਸੁਆਸ ਨਾਮ ਜਪਣ ਦੀ ਹਿਦਾਇਤ ਕਰਦੇ ਹਨ}।1। ਰਹਾਉ। ਕਰਹੁ = ਧਾਰਨ ਕਰੋ। ਜਿ = ਕਿ। ਬਹੁਰਿ = ਫੇਰ, ਦੂਜੀ ਵਾਰ। ਪਦੁ = ਦਰਜਾ, ਟਿਕਾਣਾ। ਰਮਹੁ = ਮਾਣੋ। ਨ ਰਵਨਾ = ਮਾਣਨ ਦੀ ਲੋੜ ਨਾਹ ਰਹੇ।2। ਉਲਟੀ = ਉਲਟਾਈ ਹੈ, ਮਨ ਦੀ ਬਿਰਤੀ ਦੁਨੀਆ ਵਲੋਂ ਪਰਤਾਈ ਹੈ। ਗੰਗਾ ਜਮੁਨ ਮਿਲਾਵਉ = (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ (ਭਾਵ, ਜੋ ਸੰਗਮ ਮੈਂ ਆਪਣੇ ਅੰਦਰ ਬਣਾਇਆ ਹੋਇਆ ਹੈ ਉਥੇ ਤ੍ਰਿਬੇਣੀ ਵਾਲਾ ਪਾਣੀ ਨਹੀਂ ਹੈ) । ਨ੍ਹ੍ਹਾਵਉ = ਮੈਂ ਨ੍ਹਾ ਰਿਹਾ ਹਾਂ, ਇਸ਼ਨਾਨ ਕਰ ਰਿਹਾ ਹਾਂ {ਨੋਟ: ਅੱਖਰ 'ਨ' ਦੇ ਹੇਠਾਂ ਅੱਧਾ 'ਹ' ਹੈ}। ਲੋਚਾ = ਅੱਖਾਂ ਨਾਲ। ਸਮਸਰਿ = ਇਕੋ ਜਿਹਾ (ਸਭ ਨੂੰ ਵੇਖਦਾ ਹਾਂ) । ਬਿਉਹਾਰਾ = ਵਰਤਣ, ਵਰਤਾਰਾ, ਅਮਲ। ਤਤੁ = ਅਸਲੀਅਤ, ਪਰਮਾਤਮਾ। ਬੀਚਾਰਿ = ਸਿਮਰ ਕੇ। ਅਵਰਿ = ਹੋਰ। ਬੀਚਾਰਾ = ਵਿਚਾਰਾਂ, ਸੋਚਾਂ।3। ਅਪੁ = ਜਲ। ਤੇਜੁ = ਅੱਗ। ਬਾਇ = ਹਵਾ। ਐਸੀ = ਇਹੋ ਜਿਹੀ। ਰਹਤ = ਰਹਣੀ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਰਹਉ = ਮੈਂ ਰਹਿੰਦਾ ਹਾਂ। ਹਰਿ ਪਾਸਾ = ਹਰੀ ਦੇ ਪਾਸ, ਪ੍ਰਭੂ ਦੇ ਚਰਨਾਂ ਵਿਚ ਜੁੜ ਕੇ। ਧਿਆਵਉ = ਮੈਂ ਸਿਮਰ ਰਿਹਾ ਹਾਂ। ਤਿਤੁ ਘਰਿ = ਉਸ ਘਰ ਵਿਚ। ਜਾਉ = ਮੈਂ ਚਲਾ ਗਿਆ ਹਾਂ, ਅੱਪੜ ਗਿਆ ਹਾਂ। ਜਿ = ਕਿ। ਨ ਆਵਉ = ਨਹੀਂ ਆਵਾਂਗਾ, ਆਉਣਾ ਨਹੀਂ ਪਵੇਗਾ।4। 18। ਅਰਥ: (ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?) । (ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ। (ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ, ਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ।1। ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ, ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ।1। ਰਹਾਉ। ਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ) ; ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ; ਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ; ਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ।2। ਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ) ; (ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ; (ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ = ਇਹ ਮੇਰੀ ਵਰਤਣ ਹੈ। ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ।3। ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ, ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ) । ਕਬੀਰ ਆਖਦਾ ਹੈ– ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ, ਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ।4। 18। ਸ਼ਬਦ ਦਾ ਭਾਵ: ਪ੍ਰਭੂ ਦੀ ਕਿਰਪਾ ਨਾਲ ਜੋ ਮਨੁੱਖ ਪੂਰਨ ਗੁਰੂ ਦਾ ਉਪਦੇਸ਼ ਲੈ ਕੇ ਸਿਮਰਨ ਕਰਦਾ ਹੈ, ਉਹ ਸਦਾ ਆਪਣੇ ਅੰਤਰ-ਆਤਮੇ ਨਾਮ-ਅੰਮ੍ਰਿਤ ਵਿਚ ਚੁੱਭੀ ਲਾਈ ਰੱਖਦਾ ਹੈ ਤੇ ਸਦਾ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। 18। ਗਉੜੀ ਕਬੀਰ ਜੀ ਤਿਪਦੇ ॥ ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥ ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥ ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥ ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥ ਰਾਮ ਭਗਤਿ ਬੈਠੇ ਘਰਿ ਆਇਆ ॥੨॥ ਕਹੁ ਕਬੀਰ ਚੰਚਲ ਮਤਿ ਤਿਆਗੀ ॥ ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥ {ਪੰਨਾ 327} ਪਦ ਅਰਥ: ਕੰਚਨ ਸਿਉ = ਸੋਨੇ ਨਾਲ, ਸੋਨਾ ਦੇ ਕੇ, ਸੋਨ ਦੇ ਵੱਟੇ। ਪਾਈਐ ਨਹੀ = ਨਹੀਂ ਮਿਲਦਾ। ਤੋਲਿ = ਸਾਵਾਂ ਤੋਲ ਕੇ। ਦੇ = ਦੇ ਕੇ। ਮੋਲਿ = ਮੁੱਲ ਦੇ ਥਾਂ, ਮੁੱਲ ਵਜੋਂ।1। ਮੋਹਿ = ਮੈਂ। ਅਪੁਨਾ ਕਰਿ = ਨਿਸ਼ਚੇ ਨਾਲ ਆਪਣਾ। ਸਹਜ ਸੁਭਾਇ = ਸੁਤੇ ਹੀ, ਬਿਨਾ ਯਤਨ ਕਰਨ ਦੇ। ਮਾਨਿਆ = ਪਤੀਜ ਗਿਆ ਹੈ।1। ਰਹਾਉ। ਬ੍ਰਹਮੈ = ਬ੍ਰਹਮਾ ਨੇ। ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ। ਭਗਤਿ = ਭਗਤੀ (ਕਰਨ ਦੇ ਕਾਰਨ) । ਬੈਠੇ = ਬੈਠਿਆਂ ਹੀ, ਸਹਜਿ-ਸੁਭਾਇ ਹੀ, ਕੋਈ ਜਤਨ ਕਰਨ ਤੋਂ ਬਿਨਾ ਹੀ। ਘਰਿ = ਘਰ ਵਿਚ, ਹਿਰਦੇ ਵਿਚ।2। ਚੰਚਲ = ਛੋਹਰ-ਛਿੰਨੀ। ਮਤਿ = ਅਕਲ, ਬੁੱਧੀ। ਤਿਆਗੀ = ਛੱਡ ਦਿੱਤੀ ਹੈ। ਕੇਵਲ = ਨਿਰੀ। ਨਿਜ ਭਾਗੀ = ਮੇਰੇ ਹਿੱਸੇ ਆਈ ਹੈ।3। ਅਰਥ: ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ।1। ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ; ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ।1। ਰਹਾਉ। ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ, ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ।2। ਹੇ ਕਬੀਰ! (ਹੁਣ) ਆਖ– ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ, (ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ।3। 19। ਸ਼ਬਦ ਦਾ ਭਾਵ: ਧਨ-ਪਦਾਰਥ ਆਦਿਕ ਦੇ ਵੱਟੇ ਰੱਬ ਦਾ ਨਾਮ ਨਹੀਂ ਮਿਲ ਸਕਦਾ। ਜਿਸ ਮਨੁੱਖ ਨੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੂੰ ਆਤਮਕ ਅਡੋਲਤਾ ਵਿਚ ਆ ਮਿਲਿਆ ਹੈ; ਉਹ ਮਨੁੱਖ ਮਨ ਦੀ ਚੰਚਲਤਾ ਛੱਡ ਕੇ ਸਦਾ ਸਿਮਰਨ ਵਿਚ ਜੁੜਿਆ ਰਹਿੰਦਾ ਹੈ। 19। ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤਿਪਦੇ' ਦੇ ਹੇਠ ਨਿੱਕਾ ਜਿਹਾ ਅੰਕ '15' ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਨੰ: 19 ਤੋਂ 33 ਤਕ ਦੇ 15 ਸ਼ਬਦ ਤਿੰਨ ਤਿੰਨ 'ਬੰਦਾਂ' ਵਾਲੇ ਹਨ। ਗਉੜੀ ਕਬੀਰ ਜੀ ॥ ਜਿਹ ਮਰਨੈ ਸਭੁ ਜਗਤੁ ਤਰਾਸਿਆ ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥ ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥ ਮਰਨੋ ਮਰਨੁ ਕਹੈ ਸਭੁ ਕੋਈ ॥ ਸਹਜੇ ਮਰੈ ਅਮਰੁ ਹੋਇ ਸੋਈ ॥੨॥ ਕਹੁ ਕਬੀਰ ਮਨਿ ਭਇਆ ਅਨੰਦਾ ॥ ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥ {ਪੰਨਾ 327} ਪਦ ਅਰਥ: ਜਿਹ ਮਰਨੈ = ਜਿਸ ਮੌਤ ਨੇ। ਤਰਾਸਿਆ = ਡਰਾ ਦਿੱਤਾ ਹੈ। ਗੁਰ ਸਬਦਿ = ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ। ਪ੍ਰਗਾਸਿਆ = ਪਰਗਟ ਹੋ ਗਿਆ ਹੈ, ਉਸ ਦਾ ਅਸਲੀ ਰੂਪ ਦਿੱਸ ਪਿਆ ਹੈ, ਮਲੂਮ ਹੋ ਗਿਆ ਹੈ ਕਿ ਅਸਲ ਵਿਚ ਇਹ ਕੀਹ ਹੈ।1। ਮਰਉ = ਮੈਂ ਮਰਾਂ, ਜਨਮ ਮਰਨ ਵਿਚ ਪਵਾਂ। ਮਰਨਿ = ਮਰਨ ਵਿਚ, ਮੌਤ ਵਿਚ, ਸੰਸਾਰਕ ਮੋਹ ਦੀ ਮੌਤ ਵਿਚ, ਆਪਾ-ਭਾਵ ਦੀ ਮੌਤ ਵਿਚ। ਮਰਿ ਮਰਿ ਜਾਤੇ = ਸਦਾ ਮਰਦੇ-ਖਪਦੇ ਹਨ।1। ਰਹਾਉ। ਮਰਨੋ ਮਰਨੁ = ਮੌਤ ਆ ਜਾਣੀ ਹੈ, ਮਰ ਜਾਣਾ ਹੈ। ਸਭੁ ਕੋਈ = ਹਰੇਕ ਜੀਵ। ਸਹਜੇ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਥਿਰ-ਚਿੱਤ ਹੋ ਕੇ। ਮਰੈ = ਮਰਦਾ ਹੈ, ਮਾਇਆ ਵਲੋਂ ਮਰਦਾ ਹੈ, ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਬੇਪਰਵਾਹ ਹੋ ਜਾਂਦਾ ਹੈ। ਅਮਰੁ = ਮਰਨ ਤੋਂ ਰਹਿਤ, ਸਦਾ ਜ਼ਿੰਦਾ। ਸੋਈ = ਉਹ ਮਨੁੱਖ।2। ਮਨਿ = ਮਨ ਵਿਚ। ਭਇਆ = ਹੋਇਆ ਹੈ, ਉਪਜਿਆ ਹੈ, ਪੈਦਾ ਹੋ ਗਿਆ ਹੈ। ਅਨੰਦਾ = ਖ਼ੁਸ਼ੀ, ਖਿੜਾਉ। ਭਰਮੁ = ਭੁਲੇਖਾ, ਸ਼ੱਕ। ਰਹਿਆ = ਬਾਕੀ ਰਹਿ ਗਿਆ ਹੈ, ਟਿਕ ਗਿਆ ਹੈ। ਪਰਮਾਨੰਦਾ = ਪਰਮ ਅਨੰਦ, ਪਰਮ ਸੁਖ, ਵੱਡੀ ਤੋਂ ਵੱਡੀ ਖ਼ੁਸ਼ੀ।3। ਅਰਥ: ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ।1। ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ। (ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ।1। ਰਹਾਉ। (ਦੁਨੀਆ ਵਿਚ) ਹਰੇਕ ਜੀਵ 'ਮੌਤ, ਮੌਤ' ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ) , (ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ।2। ਹੇ ਕਬੀਰ! ਆਖ– (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ।3। 20। ਸ਼ਬਦ ਦਾ ਭਾਵ: ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ; ਬਾਕੀ ਸਾਰਾ ਜਹਾਨ ਮੌਤ ਤੋਂ ਡਰ ਰਿਹਾ ਹੈ। 20। ਗਉੜੀ ਕਬੀਰ ਜੀ ॥ ਕਤ ਨਹੀ ਠਉਰ ਮੂਲੁ ਕਤ ਲਾਵਉ ॥ ਖੋਜਤ ਤਨ ਮਹਿ ਠਉਰ ਨ ਪਾਵਉ ॥੧॥ ਲਾਗੀ ਹੋਇ ਸੁ ਜਾਨੈ ਪੀਰ ॥ ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ ॥ ਏਕ ਭਾਇ ਦੇਖਉ ਸਭ ਨਾਰੀ ॥ ਕਿਆ ਜਾਨਉ ਸਹ ਕਉਨ ਪਿਆਰੀ ॥੨॥ ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥ ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥ {ਪੰਨਾ 327} ਪਦ ਅਰਥ: ਕਤ = ਕਿਤੇ। ਠਉਰ = ਥਾਂ। ਮੂਲੁ = ਜੜ੍ਹੀ ਬੂਟੀ, ਦਵਾਈ। ਕਤ = ਕਿੱਥੇ? ਲਾਵਉ = ਮੈਂ ਲਾਵਾਂ ਖੋਜਤ = ਭਾਲ ਕਰ ਕਰ ਕੇ। ਤਨ ਮਹਿ = ਸਰੀਰ ਵਿਚ। ਨ ਪਾਵਉ = ਮੈਂ ਨਹੀਂ ਲੱਭ ਸਕਦਾ।1। ਸੁ = ਉਹ ਮਨੁੱਖ। ਲਾਗੀ ਹੋਇ = (ਜਿਸ ਨੂੰ) ਲੱਗੀ ਹੋਈ ਹੋਵੇ। ਪੀਰ = ਪੀੜ। ਰਾਮ ਭਗਤਿ = ਪ੍ਰਭੂ ਦੀ ਭਗਤੀ। ਅਨੀਆਲੇ = ਅਣੀਆਂ ਵਾਲੇ, ਤ੍ਰਿਖੇ।1। ਰਹਾਉ। ਏਕ ਭਾਇ = ਇਕ (ਪ੍ਰਭੂ) ਦੇ ਪਿਆਰ ਵਿਚ {ਭਾਉ = ਪਿਆਰ। ਭਾਇ = ਪਿਆਰ ਵਿਚ}। ਦੇਖਉ = ਮੈਂ ਵੇਖਦਾ ਹਾਂ। ਸਭ ਨਾਰੀ = ਸਾਰੀਆਂ ਜੀਵ-ਇਸਤ੍ਰੀਆਂ। ਕਿਆ ਜਾਨਉ = ਮੈਂ ਕੀਹ ਜਾਣਾ, ਮੈਨੂੰ ਕੀਹ ਪਤਾ? ਸਹ ਪਿਆਰੀ = ਪਤੀ ਦੀ ਪਿਆਰੀ।2। ਜਾ ਕੈ ਮਸਤਕਿ = ਜਿਸ ਦੇ ਮੱਥੇ ਉੱਤੇ। ਭਾਗੁ = ਚੰਗੇ ਲੇਖ। ਤਾ ਕਉ = ਉਸ ਜੀਵ-ਇਸਤ੍ਰੀ ਨੂੰ। ਸਭ ਪਰਹਰਿ = ਸਾਰੀਆਂ ਨੂੰ ਛੱਡ ਕੇ। ਸੁਹਾਗੁ = ਪਤੀ ਪਰਮਾਤਮਾ।3। ਅਰਥ: ਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ) ; (ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ? (ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ।1। ਪ੍ਰਭੂ ਦੀ ਭਗਤੀ ਅਣੀਆਂ ਵਾਲੇ ਤੀਰ ਹਨ, ਜਿਸ ਨੂੰ (ਇਹਨਾਂ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ) ।1। ਰਹਾਉ। ਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ, (ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ।2। ਹੇ ਕਬੀਰ! ਆਖ– ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ) , ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ।3। 21। ਸ਼ਬਦ ਦਾ ਭਾਵ: ਵੇਖਣ ਨੂੰ ਤਾਂ ਸਭ ਜੀਵ ਪ੍ਰਭੂ ਨੂੰ ਮਿਲਣ ਦਾ ਉੱਦਮ ਕਰ ਰਹੇ ਹਨ; ਪਰ ਪ੍ਰਭੂ ਮਿਲਦਾ ਉਸੇ ਵਡਭਾਗੀ ਨੂੰ ਹੈ, ਜਿਸ ਦਾ ਹਿਰਦਾ ਪ੍ਰੇਮ ਨਾਲ ਵਿੱਝ ਜਾਂਦਾ ਹੈ। 21। |
Sri Guru Granth Darpan, by Professor Sahib Singh |