ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 328 ਗਉੜੀ ਕਬੀਰ ਜੀ ॥ ਜਾ ਕੈ ਹਰਿ ਸਾ ਠਾਕੁਰੁ ਭਾਈ ॥ ਮੁਕਤਿ ਅਨੰਤ ਪੁਕਾਰਣਿ ਜਾਈ ॥੧॥ ਅਬ ਕਹੁ ਰਾਮ ਭਰੋਸਾ ਤੋਰਾ ॥ ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥ ਤੀਨਿ ਲੋਕ ਜਾ ਕੈ ਹਹਿ ਭਾਰ ॥ ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥ ਕਹੁ ਕਬੀਰ ਇਕ ਬੁਧਿ ਬੀਚਾਰੀ ॥ ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥ {ਪੰਨਾ 328} ਪਦ ਅਰਥ: ਜਾ ਕੈ = ਜਿਸ ਦੇ ਹਿਰਦੇ-ਰੂਪ ਘਰ ਵਿਚ। ਹਰਿ ਸਾ = ਪਰਮਾਤਮਾ ਵਰਗਾ (ਭਾਵ, ਪਰਮਾਤਮਾ ਆਪ) । ਠਾਕੁਰੁ = ਮਾਲਿਕ। ਭਾਈ = ਹੇ ਵੀਰ! ਅਨੰਤ = ਅਨੇਕਾਂ ਵਾਰੀ। ਪੁਕਾਰਣਿ ਜਾਈ = ਸੱਦਣ ਲਈ ਜਾਂਦੀ ਹੈ, (ਭਾਵ, ਆਪਣਾ ਆਪ ਭੇਟਾ ਕਰਦੀ ਹੈ) ।1। ਅਬ = ਹੁਣ। ਕਹੁ = ਆਖ। ਰਾਮ = ਹੇ ਪ੍ਰਭੂ! ਤੋਰਾ = ਤੇਰਾ। ਕਾਹੂ ਕਾ = ਕਿਸੇ ਹੋਰ ਦਾ। ਕਵਨੁ = ਕਿਹੜਾ, ਕੀਹ? ਨਿਹੋਰਾ = ਅਹਿਸਾਨ।1। ਰਹਾਉ। ਜਾ ਕੈ ਭਾਰ = ਜਿਸ (ਪ੍ਰਭੂ) ਦੇ ਆਸਰੇ। ਕਾਹੇ ਨ = ਕਿਉਂ ਨ? ਪ੍ਰਤਿਪਾਰ = ਪਾਲਣਾ।2। ਬੁਧਿ = ਅਕਲ, ਸੋਚ। ਬੀਚਾਰੀ = ਵਿਚਾਰੀ ਹੈ, ਸੋਚੀ ਹੈ। ਜਉ = ਜੇ ਕਰ। ਬਿਖੁ = ਵਿਹੁ, ਜ਼ਹਿਰ। ਮਹਤਾਰੀ = ਮਾਂ। ਬਸੁ = ਵੱਸ, ਜ਼ੋਰ।3। ਅਰਥ: ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ, ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ।1। (ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ– ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ।1। ਰਹਾਉ। ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ, ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ?।2। ਹੇ ਕਬੀਰ! ਆਖ– ਅਸਾਂ ਇਕ ਸੋਚ ਸੋਚੀ ਹੈ (ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ।3। 22। ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਪ੍ਰਭੂ-ਪਿਤਾ ਉਤੇ ਪੂਰਾ ਸਿਦਕ ਹੈ, ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ। 22। ਗਉੜੀ ਕਬੀਰ ਜੀ ॥ ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥ ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥ ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥ ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥ ਸਾਹਨਿ ਸਤੁ ਕਰੈ ਜੀਅ ਅਪਨੈ ॥ ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥ ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥ ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥ {ਪੰਨਾ 328} ਪਦ ਅਰਥ: ਹੋਇ ਕੈਸੇ = ਕਿਵੇਂ ਹੋ ਸਕਦੀ ਹੈ? ਕਿਵੇਂ ਅਖਵਾ ਸਕਦੀ ਹੈ? ਸਤ = ਸੁੱਚਾ ਆਚਰਨ। ਨਾਰਿ = ਇਸਤ੍ਰੀ। ਪੰਡਿਤ = ਹੇ ਪੰਡਿਤ! ਬੀਚਾਰਿ = ਵਿਚਾਰ ਕਰ ਕੇ।1। ਬਧੈ = ਬਣ ਸਕਦਾ ਹੈ। ਸਨੇਹੁ = ਪਿਆਰ। ਰਸੁ = ਮਾਇਆ ਦਾ ਸੁਆਦ।1। ਰਹਾਉ। ਸਾਹਨਿ = ਸ਼ਾਹਣੀ, ਸ਼ਾਹ ਦੀ ਵਹੁਟੀ, ਪ੍ਰਭੂ-ਸ਼ਾਹ ਦੀ ਇਸਤ੍ਰੀ, ਮਾਇਆ। ਸਤੁ ਕਰੈ = ਸੱਤ ਸਮਝਦਾ ਹੈ। ਜੀਅ = ਹਿਰਦੇ ਵਿਚ। ਰਮਯੇ ਕਉ = ਰਾਮ ਨੂੰ।2। ਸਉਪਿ = ਸੌਂਪੇ, ਹਵਾਲੇ ਕਰ ਦੇਵੇ। ਸੁਹਾਗਨਿ = ਸੁਹਾਗ ਵਾਲੀ, ਭਾਗਾਂ ਵਾਲੀ।3। ਅਰਥ: ਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ, ਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ?।1। (ਇਸੇ ਤਰ੍ਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ? ਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ।1। ਰਹਾਉ। ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ ਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ।2। ਕਬੀਰ ਆਖਦਾ ਹੈ– ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ।3। 23। ਸ਼ਬਦ ਦਾ ਭਾਵ: ਮਾਇਆ ਦਾ ਮੋਹ ਤਿਆਗਿਆਂ ਹੀ ਪ੍ਰਭੂ-ਚਰਨਾਂ ਵਿਚ ਪਿਆਰ ਬਣ ਸਕਦਾ ਹੈ; ਦੋਵੇਂ ਇਕੱਠੇ ਨਹੀਂ ਟਿਕ ਸਕਦੇ। 23। ਗਉੜੀ ਕਬੀਰ ਜੀ ॥ ਬਿਖਿਆ ਬਿਆਪਿਆ ਸਗਲ ਸੰਸਾਰੁ ॥ ਬਿਖਿਆ ਲੈ ਡੂਬੀ ਪਰਵਾਰੁ ॥੧॥ ਰੇ ਨਰ ਨਾਵ ਚਉੜਿ ਕਤ ਬੋੜੀ ॥ ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥ ਸੁਰਿ ਨਰ ਦਾਧੇ ਲਾਗੀ ਆਗਿ ॥ ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥ ਚੇਤਤ ਚੇਤਤ ਨਿਕਸਿਓ ਨੀਰੁ ॥ ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥ {ਪੰਨਾ 328} ਪਦ ਅਰਥ: ਬਿਖਿਆ = ਮਾਇਆ। ਸਗਲ = ਸਾਰਾ। ਬਿਆਪਿਆ = ਗ੍ਰੱਸਿਆ ਹੋਇਆ, ਦਬਿਆ ਹੋਇਆ।1। ਨਾਵ = ਬੇੜੀ। ਚਉੜਿ = ਖੁਲ੍ਹੇ ਥਾਂ, ਰੜੇ ਵਿਚ ਹੀ। ਬੋੜੀ = ਡੋਬੀ। ਬਿਖਿਆ ਸੰਗਿ = ਮਾਇਆ ਨਾਲ।1। ਰਹਾਉ। ਸੁਰਿ = ਦੇਵਤੇ। ਨਰ = ਮਨੁੱਖ। ਦਾਧੇ = ਸੜ ਗਏ। ਨਿਕਟਿ = ਨੇੜੇ। ਪੀਵਸਿ ਨ = ਨਹੀਂ ਪੀਂਦਾ। ਝਾਗਿ = ਔਖ ਨਾਲ ਲੰਘ ਕੇ, ਉੱਦਮ ਕਰ ਕੇ।2। ਚੇਤਤ ਚੇਤਤ = ਯਾਦ ਕਰਦਿਆਂ ਕਰਦਿਆਂ, ਸਿਮਰਨ ਕਰਨ ਨਾਲ। ਨਿਕਸਿਓ = ਨਿਕਲ ਆਇਆ। ਨਿਰਮਲੁ = ਸਾਫ਼। ਕਥਤ = ਆਖਦਾ ਹੈ।3। ਅਰਥ: ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ; ਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ।1। ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ? ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ।1। ਰਹਾਉ। (ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ। (ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ।2। ਕਬੀਰ ਆਖਦਾ ਹੈ– (ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ, ਤੇ ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ।3। 24। ਸ਼ਬਦ ਦਾ ਭਾਵ: ਉਹ ਤ੍ਰਿਸ਼ਨਾ ਦੀ ਅੱਗ ਜਿਸ ਵਿਚ ਸਾਰਾ ਜਗਤ ਸੜ ਰਿਹਾ ਹੈ, ਕੇਵਲ ਪ੍ਰਭੂ ਦੇ ਨਾਮ-ਰੂਪ ਅੰਮ੍ਰਿਤ ਨਾਲ ਹੀ ਬੁੱਝ ਸਕਦੀ ਹੈ। ਸੋ, ਹਰ ਵੇਲੇ ਨਾਮ ਹੀ ਸਿਮਰੋ। 34। ਗਉੜੀ ਕਬੀਰ ਜੀ ॥ ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥ ਬਿਧਵਾ ਕਸ ਨ ਭਈ ਮਹਤਾਰੀ ॥੧॥ ਜਿਹ ਨਰ ਰਾਮ ਭਗਤਿ ਨਹਿ ਸਾਧੀ ॥ ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥ ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥ ਕਹੁ ਕਬੀਰ ਜੈਸੇ ਸੁੰਦਰ ਸਰੂਪ ॥ ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥ ਪਦ ਅਰਥ: ਜਿਹ ਕੁਲਿ = ਜਿਸ ਕੁਲ ਵਿਚ। ਬਿਧਵਾ = ਠੰਡੀ। ਕਸ = ਕਿਉਂ? ਮਹਤਾਰੀ = ਮਾਂ।1। ਰਾਮ ਭਗਤਿ = ਪ੍ਰਭੂ ਦੀ ਬੰਦਗੀ। ਸਾਧੀ = ਕੀਤੀ। ਜਨਮਤ = ਜੰਮਦਾ ਹੀ। ਅਪਰਾਧੀ = ਪਾਪੀ।1। ਰਹਾਉ। ਮੁਚੁ ਮੁਚੁ = ਬਹੁਤ ਸਾਰੇ। ਕੀਨ = ਕਿਉਂ? ਬੁਡਭੁਜ ਰੂਪ = ਡੁਡੇ ਵਾਂਗ। ਮਝਿਆ = ਵਿਚ।2। ਕੁਬਜ = ਕੁੱਬਾ। ਕੁਰੂਪ = ਕੋਝੇ ਰੂਪ ਵਾਲੇ, ਬਦ-ਸ਼ਕਲ।3। ਅਰਥ: ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ) ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ?।1। (ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ? (ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ।2। ਹੇ ਕਬੀਰ! (ਬੇਸ਼ੱਕ) ਆਖ– ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ (ਪਰ ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ।3। 25। ਸ਼ਬਦ ਦਾ ਭਾਵ: ਜੋ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹ ਬਾਹਰੋਂ ਵੇਖਣ ਨੂੰ ਭਾਵੇਂ ਸੋਹਣਾ ਹੋਵੇ, ਪਰ ਉਸ ਦਾ ਆਤਮਾ ਮਲੀਨ ਹੋਣ ਕਰਕੇ ਜਗਤ ਵਿਚ ਉਸ ਦਾ ਆਉਣਾ ਵਿਅਰਥ ਹੈ। 25। ਗਉੜੀ ਕਬੀਰ ਜੀ ॥ ਜੋ ਜਨ ਲੇਹਿ ਖਸਮ ਕਾ ਨਾਉ ॥ ਤਿਨ ਕੈ ਸਦ ਬਲਿਹਾਰੈ ਜਾਉ ॥੧॥ ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥ ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥ ਜਿਹ ਘਟ ਰਾਮੁ ਰਹਿਆ ਭਰਪੂਰਿ ॥ ਤਿਨ ਕੀ ਪਗ ਪੰਕਜ ਹਮ ਧੂਰਿ ॥੨॥ ਜਾਤਿ ਜੁਲਾਹਾ ਮਤਿ ਕਾ ਧੀਰੁ ॥ ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥ {ਪੰਨਾ 328} ਪਦ ਅਰਥ: ਲੇਹਿ = ਲੈਂਦੇ ਹਨ। ਸਦ = ਸਦਾ। ਬਲਿਹਾਰੈ ਜਾਉ = ਮੈਂ ਸਦਕੇ ਜਾਂਦਾ ਹਾਂ।1। ਨਿਰਮਲੁ = ਪਵਿੱਤਰ। ਭਾਈ = ਭਰਾ, ਵੀਰ। ਭਾਵੈ = ਪਿਆਰਾ ਲੱਗਦਾ ਹੈ।1। ਰਹਾਉ। ਜਿਹ ਘਟ = ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ। ਰਹਿਆ ਭਰਪੂਰਿ = ਨਕਾ-ਨਕ ਭਰਿਆ ਹੋਇਆ ਹੈ, ਪਰਗਟ ਹੋ ਪਿਆ ਹੈ। ਪਗ = ਪੈਰ। ਪੰਕਜ = {ਪੰਕ = ਚਿੱਕੜ। ਜ = ਜੰਮਿਆ ਹੋਇਆ। ਪੰਕਜ = ਚਿੱਕੜ ਵਿਚੋਂ ਜੰਮਿਆ ਹੋਇਆ} ਕਉਲ ਫੁੱਲ। ਧੂਰਿ = ਧੂੜ।2। ਧੀਰੁ = ਧੀਰਜ ਵਾਲਾ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ਰਹਿ ਕੇ। ਰਮੈ = ਸਿਮਰਦਾ ਹੈ।3। ਅਰਥ: ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ, ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ।1। ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ, ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ।1। ਰਹਾਉ। ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ, ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ।2। ਕਬੀਰ ਭਾਵੇਂ ਜਾਤ ਦਾ ਜੁਲਾਹ ਹੈ, ਪਰ ਮੱਤ ਦਾ ਧੀਰਜ ਵਾਲਾ ਹੈ (ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ।3। 26। ਸ਼ਬਦ ਦਾ ਭਾਵ: ਕਿਸੇ ਭੀ ਜਾਤ ਦਾ ਹੋਵੇ, ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। 26। ਗਉੜੀ ਕਬੀਰ ਜੀ ॥ ਗਗਨਿ ਰਸਾਲ ਚੁਐ ਮੇਰੀ ਭਾਠੀ ॥ ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥ ਉਆ ਕਉ ਕਹੀਐ ਸਹਜ ਮਤਵਾਰਾ ॥ ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥ ਸਹਜ ਕਲਾਲਨਿ ਜਉ ਮਿਲਿ ਆਈ ॥ ਆਨੰਦਿ ਮਾਤੇ ਅਨਦਿਨੁ ਜਾਈ ॥੨॥ ਚੀਨਤ ਚੀਤੁ ਨਿਰੰਜਨ ਲਾਇਆ ॥ ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥ {ਪੰਨਾ 328} ਪਦ ਅਰਥ: ਗਗਨ = ਅਕਾਸ਼, ਦਸਮ-ਦੁਆਰ। ਗਗਨਿ = ਅਕਾਸ਼ ਵਿਚੋਂ, ਦਸਮ ਦੁਆਰ ਵਿਚੋਂ। ਗਗਨਿ ਭਾਠੀ = ਦਸਮ ਦੁਆਰ-ਰੂਪ ਭੱਠੀ ਵਿਚੋਂ। ਰਸਾਲ = ਰਸੀਲਾ, ਸੁਆਦਲਾ। ਚੁਐ = ਚੋ ਰਿਹਾ ਹੈ (ਅੰਮ੍ਰਿਤ) । ਸੰਚਿ = ਇਕੱਠਾ ਕਰ ਕੇ। ਕਾਠੀ = ਲੱਕੜੀਆਂ। ਤਨੁ = ਸਰੀਰ, ਸਰੀਰ ਦੀ ਮਮਤਾ, ਦੇਹ-ਅੱਧਿਆਸ।1। ਉਆ ਕਉ = ਉਸ ਮਨੁੱਖ ਨੂੰ। ਸਹਜ = ਕੁਦਰਤੀ ਤੌਰ ਤੇ। ਮਤਵਾਰਾ = ਮਤਵਾਲਾ, ਮਸਤ। ਗਿਆਨ ਬੀਚਾਰਾ = ਗਿਆਨ ਦੇ ਵਿਚਾਰ ਦੀ ਰਾਹੀਂ।1। ਰਹਾਉ। ਸਹਜ = ਸਹਿਜ ਅਵਸਥਾ, ਅਡੋਲਤਾ। ਕਲਾਲਨਿ = ਸ਼ਰਾਬ ਪਿਲਾਉਣ ਵਾਲੀ। ਜਉ = ਜਦੋਂ। ਮਾਤੇ = ਮਸਤ ਹੋ ਕੇ। ਅਨਦਿਨੁ = ਹਰ ਰੋਜ਼। ਜਾਈ = ਲੰਘਦਾ ਹੈ, ਬੀਤਦਾ ਹੈ।2। ਚੀਨਤ = ਵੇਖ ਵੇਖ ਕੇ, ਪਰਖ ਪਰਖ ਕੇ, ਅਨੰਦ ਮਾਣ ਕੇ। ਤੌ = ਤਦੋਂ। ਅਨਭਉ = ਪ੍ਰਕਾਸ਼, ਗਿਆਨ, ਅੰਦਰਲਾ ਚਾਨਣ।3। ਅਰਥ: ਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ) , ਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ।1। ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ।1। ਰਹਾਉ। ਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ ਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ। ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ।2। ਹੇ ਕਬੀਰ! ਆਖ– (ਇਸ ਤਰ੍ਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ, ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ।3। 27। ਸ਼ਬਦ ਦਾ ਭਾਵ: (ਸਿਮਰਨ ਦੀ ਬਰਕਤ) : ਨਾਮ ਸਿਮਰਦਿਆਂ ਸਿਮਰਦਿਆਂ ਮਨ ਮਾਇਆ ਵਿਚ ਡੋਲਣੋਂ ਹਟ ਜਾਂਦਾ ਹੈ, ਨਾਮ ਵਿਚ ਜੁੜੇ ਰਹਿਣ ਦੀ ਲਗਨ ਵਧਦੀ ਜਾਂਦੀ ਹੈ, ਸਰੀਰ ਦਾ ਮੋਹ ਮਿਟ ਜਾਂਦਾ ਹੈ, ਤੇ ਮਨੁੱਖਾ ਜੀਵਨ ਦੀ ਅਸਲੀਅਤ ਦੀ ਅਸਲ ਸੂਝ ਪੈ ਜਾਂਦੀ ਹੈ। 27। ਨੋਟ: ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੁੰਦਾ ਹੈ। ਇੱਥੇ ਕਿਹਾ ਹੈ ਕਿ ਜੋ ਮਨੁੱਖ ਸਦਾ ਨਾਮ ਸਿਮਰਦਾ ਹੈ ਉਹ ਇਕ ਐਸੀ ਦਸ਼ਾ ਵਿਚ ਅੱਪੜਦਾ ਹੈ ਜਿੱਥੇ ਉਸ ਦਾ ਮਨ ਮਾਇਆ ਵਿਚ ਡੋਲਦਾ ਨਹੀਂ। ਇਸ ਅਵਸਥਾ ਵਿਚ ਜਿਉਂ ਜਿਉਂ ਉਹ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਤਿਉਂ ਤਿਉਂ ਹੁਲਾਰਾ ਆਉਂਦਾ ਹੈ, ਮਸਤੀ ਜਿਹੀ ਚੜ੍ਹਦੀ ਹੈ। ਜੋਗੀ ਲੋਕ ਸ਼ਰਾਬ ਪੀ ਕੇ ਸਮਾਧੀ ਲਾਂਦੇ ਸਨ, ਪਰ ਕਬੀਰ ਜੀ ਨੇ ਉਸ ਸਾਧਨ ਦੀ ਇੱਥੇ ਨਿਖੇਧੀ ਕੀਤੀ ਹੈ; ਤੇ ਸਿਮਰਨ ਨੂੰ ਹੀ ਪ੍ਰਭੂ-ਚਰਨਾਂ ਵਿਚ ਜੁੜਨ ਦਾ ਸਭ ਤੋਂ ਉੱਚਾ ਵਸੀਲਾ ਦੱਸਿਆ ਹੈ। |
Sri Guru Granth Darpan, by Professor Sahib Singh |