ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 329 ਗਉੜੀ ਕਬੀਰ ਜੀ ॥ ਮਨ ਕਾ ਸੁਭਾਉ ਮਨਹਿ ਬਿਆਪੀ ॥ ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥ ਕਵਨੁ ਸੁ ਮੁਨਿ ਜੋ ਮਨੁ ਮਾਰੈ ॥ ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥ ਮਨ ਅੰਤਰਿ ਬੋਲੈ ਸਭੁ ਕੋਈ ॥ ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥ ਕਹੁ ਕਬੀਰ ਜੋ ਜਾਨੈ ਭੇਉ ॥ ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥ {ਪੰਨਾ 329} ਪਦ ਅਰਥ: ਮਨਹਿ ਬਿਆਪੀ = (ਸਾਰੇ) ਮਨ ਉੱਤੇ ਪ੍ਰਭਾਵ ਪਾ ਰੱਖਦਾ ਹੈ, (ਸਾਰੇ) ਮਨ ਨੂੰ ਵੇੜ੍ਹੀ ਰੱਖਦਾ ਹੈ। ਮਨਹਿ ਮਾਰਿ = ਮਨ ਨੂੰ ਮਾਰ ਕੇ। ਕਵਨ ਸਿਧਿ = ਕਿਹੜੀ ਸਫਲਤਾ? ਥਾਪੀ = ਮਿਥ ਲਈ ਹੈ, ਖੱਟ ਲਈ ਹੈ। ਸੁਭਾਉ = {ਸ੍ਵ = ਭਾਵ} ਨਿਜ ਦੀ ਲਗਨ, ਰੁਚੀ। ਮਾਰਿ = ਮਾਰ ਕੇ। ਕਹਹੁ = ਦੱਸੋ। ਕਿਸੁ = ਕਿਸ ਨੂੰ?।1। ਰਹਾਉ। ਮਨ ਅੰਤਰਿ = ਮਨ ਦੇ ਅੰਦਰ, ਮਨ ਦੇ ਅਸਰ ਹੇਠ, ਮਨ ਦਾ ਪ੍ਰੇਰਿਆ ਹੋਇਆ। ਸਭੁ ਕੋਈ = ਹਰੇਕ ਜੀਵ।2। ਭੇਉ = ਭੇਦ। ਮਧੁ ਸੂਦਨੁ = ਮਧੂ ਦੈਂਤ ਨੂੰ ਮਾਰਨ ਵਾਲਾ, ਪਰਮਾਤਮਾ। ਤ੍ਰਿਭਵਣ ਦੇਉ = ਤਿੰਨਾਂ ਲੋਕਾਂ ਨੂੰ ਚਾਨਣ ਕਰਨ ਵਾਲਾ।3। ਅਰਥ: (ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ, (ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ।1। ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ? ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ?।1। ਰਹਾਉ। ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ; ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ।2। ਹੇ ਕਬੀਰ! ਆਖ– ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।3। 28। ਸ਼ਬਦ ਦਾ ਭਾਵ: ਜੋ ਜੋ ਚੰਗਾ-ਮੰਦਾ ਕੰਮ ਮਨੁੱਖ ਕਰਦਾ ਰਹਿੰਦਾ ਹੈ ਉਹਨਾਂ ਸਭਨਾਂ ਦੇ ਸੰਸਕਾਰ ਮਨੁੱਖ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਹਨ, ਸੰਸਕਾਰਾਂ ਦੇ ਇਸ ਇਕੱਠ ਦਾ ਨਾਮ ਹੈ 'ਮਨ'। ਜਦੋਂ ਕੋਈ ਇਕ ਖ਼ਾਸ ਚੰਗੀ ਜਾਂ ਮੰਦੀ ਵਾਦੀ ਬਣ ਜਾਏ ਤਾਂ ਉਹ ਮਨ ਦੇ ਬਾਕੀ ਦੇ ਸੰਸਕਾਰਾਂ ਨੂੰ ਦਬਾ ਰੱਖਦੀ ਹੈ ਤੇ ਮਨੁੱਖ ਦੇ ਸਾਰੇ ਜੀਵਨ ਨੂੰ ਓਧਰ ਹੀ ਪਲਟਾ ਲੈਂਦੀ ਹੈ। ਮਨੁੱਖ ਦੀ ਸਾਰੀ ਦੌੜ-ਭੱਜ ਮਨ ਦੇ ਇਹਨਾਂ ਸੰਸਕਾਰਾਂ ਦੀ ਪ੍ਰੇਰਨਾ ਦੇ ਆਸਰੇ ਹੁੰਦੀ ਹੈ। ਜੇ ਮਨ ਨੂੰ ਮਾਰਨ ਦਾ ਜਤਨ ਕੀਤਾ ਜਾਏ, ਮਨ ਨੂੰ ਉੱਕਾ ਹੀ ਮੁਕਾ ਦੇਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਮਨੁੱਖਾ ਜੀਵਨ ਦੀ ਸਾਰੀ ਕ੍ਰਿਆ ਹੀ ਮੁੱਕ ਜਾਏ। ਸੋ, ਮਨ ਨੂੰ ਮੁਕਾਉਣਾ ਨਹੀਂ, ਇਸ ਦੀਆਂ ਉਹਨਾਂ ਰੁਚੀਆਂ ਨੂੰ ਵੱਸ ਵਿਚ ਲਿਆਉਣਾ ਹੈ ਜੋ ਮੰਦੇ ਪਾਸੇ ਲੈ ਜਾਂਦੀਆਂ ਹਨ, ਜਿਵੇਂ: ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਸੁਖੁ ਪਾਵਹੁ ਕਿਰਤੁ ਨ ਮੇਟਿਆ ਜਾਈ ॥ (ਬਸੰਤੁ ਮਹਲਾ 1) ਕਾਮ (=ਪਿਆਰ) ਤੇ ਕ੍ਰੋਧ ਨੂੰ ਮੁਕਾਉਣਾ ਨਹੀਂ, ਇਹਨਾਂ ਨੂੰ ਬਸੋਲੇ ਬਣਾਣਾ ਹੈ। ਜ਼ਿਮੀਦਾਰ ਖੇਤੀ ਵਿਚੋਂ ਗੋਡੀ ਕਰ ਕੇ ਘਾਹ-ਬੂਟ ਪੁੱਟਦਾ ਹੈ, ਪਰ ਕਮਾਦ, ਕਪਾਹ ਆਦਿ ਦੇ ਬੂਟਿਆਂ ਨੂੰ ਧਿਆਨ ਨਾਲ ਬਚਾਈ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖਾ-ਜੀਵਨ ਰੂਪ ਫ਼ਸਲ ਵਿਚੋਂ ਵਿਕਾਰਾਂ ਦੇ ਸੰਸਕਾਰਾਂ-ਰੂਪ ਨਦੀਨ ਨੂੰ ਜੜ੍ਹੋਂ ਪੁੱਟਣਾ ਹੈ; ਵਿਕਾਰਾਂ ਦੇ ਸੰਸਕਾਰਾਂ ਉਤੇ, ਮਾਨੋ, ਕ੍ਰੋਧ ਵਰਤਣਾ ਹੈ; ਪਰ ਸ਼ੁਭ ਗੁਣਾਂ ਨੂੰ ਪਿਆਰ ਕਰਨਾ ਹੈ, ਸਾਂਭ ਰੱਖਣਾ ਹੈ। 28। ਨੋਟ: ਇਸ ਸ਼ਬਦ ਵਿਚ ਜੋਗੀਆਂ ਦੇ ਸੁੰਨਮੁੰਨ ਹੋ ਕੇ ਬੈਠੇ ਰਹਿਣ ਨੂੰ ਕੋਝਾ ਉੱਦਮ ਦੱਸ ਕੇ ਕਬੀਰ ਜੀ ਆਖਦੇ ਹਨ ਕਿ ਅਸਲ ਵਿਚ ਮਨ ਨੂੰ ਵਿਕਾਰਾਂ ਵਲੋਂ ਰੋਕਣਾ ਹੈ, ਤੇ ਜਗਤ ਦੀ ਕਾਰ-ਕਿਰਤ ਭੀ ਕਰਨੀ ਹੈ। ਸੁੰਨਮੁੰਨ ਹੋ ਕੇ ਜੇ ਵਿਕਾਰਾਂ ਵੱਲੋਂ ਹਟਿਆ ਤਾਂ ਉਹ ਜੜ੍ਹ ਜਿਹਾ ਹੋ ਕੇ ਭਲੇ ਪਾਸੇ ਵਲੋਂ ਭੀ ਹਟਿਆ ਰਿਹਾ। ਗਉੜੀ ਕਬੀਰ ਜੀ ॥ ਓਇ ਜੁ ਦੀਸਹਿ ਅੰਬਰਿ ਤਾਰੇ ॥ ਕਿਨਿ ਓਇ ਚੀਤੇ ਚੀਤਨਹਾਰੇ ॥੧॥ ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥ ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥ ਸੂਰਜ ਚੰਦੁ ਕਰਹਿ ਉਜੀਆਰਾ ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥ ਕਹੁ ਕਬੀਰ ਜਾਨੈਗਾ ਸੋਇ ॥ ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥ {ਪੰਨਾ 329} ਪਦ ਅਰਥ: ਓਇ = {ਇਹ ਲਫ਼ਜ਼ 'ਓਹ' ਤੋਂ 'ਬਹੁ-ਵਚਨ' (Plural) ਹੈ}। ਦੀਸਹਿ = ਦਿੱਸ ਰਹੇ ਹਨ। ਅੰਬਰਿ = ਅੰਬਰ ਵਿਚ, ਅਕਾਸ਼ ਵਿਚ। ਕਿਨਿ = ਕਿਸ ਨੇ? ਚੀਤੇ = ਚਿੱਤਰੇ ਹਨ। ਚੀਤਨਹਾਰੇ = ਚਿੱਤ੍ਰਕਾਰ ਨੇ।1। ਅੰਬਰੁ = ਅਕਾਸ਼। ਕਾ ਸਿਉ = ਕਿਸ ਨਾਲ, ਕਿਸ ਦੇ ਆਸਰੇ? ਬੂਝਨਹਾਰੁ = ਬੁੱਝਣ ਵਾਲਾ, ਸਿਆਣਾ।1। ਰਹਾਉ। ਕਰਹਿ = ਕਰ ਰਹੇ ਹਨ। ਉਜਿਆਰਾ = ਚਾਨਣਾ। ਬ੍ਰਹਮ ਪਸਾਰਾ = ਪ੍ਰਭੂ ਦਾ ਖਿਲਾਰਾ, ਪ੍ਰਭੂ ਦੀ ਜੋਤਿ ਦਾ ਪ੍ਰਕਾਸ਼।2। ਸੋਇ = ਉਹੀ ਮਨੁੱਖ। ਹਿਰਦੈ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਰਾਮੈ = ਰਾਮ ਹੀ {ਰਾਮ ਈ=ਰਾਮੈ}।3। ਅਰਥ: ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ, ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ?।1। ਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ? ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ।1। ਰਹਾਉ। (ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ (ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ।2। ਹੇ ਕਬੀਰ! (ਬੇਸ਼ੱਕ) ਆਖ– (ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ, ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ।3। 29। ਸ਼ਬਦ ਦਾ ਭਾਵ: ਇਸ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਤੇ ਆਸਰਾ ਦੇਣ ਵਾਲਾ ਪ੍ਰਭੂ ਆਪ ਹੀ ਹੈ, ਉਸ ਦੀ ਆਪਣੀ ਹੀ ਜੋਤਿ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ, ਪਰ ਇਸ ਗੱਲ ਦੀ ਸਮਝ ਸਿਰਫ਼ ਉਸ ਮਨੁੱਖ ਨੂੰ ਹੀ ਪੈਂਦੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ। 29। ਗਉੜੀ ਕਬੀਰ ਜੀ ॥ ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥ {ਪੰਨਾ 329} ਪਦ ਅਰਥ: ਭਾਈ = ਹੇ ਭਾਈ! ਬੇਦ ਕੀ ਪੁਤ੍ਰੀ = ਵੇਦਾਂ ਦੀ ਧੀ, ਵੇਦਾਂ ਤੋਂ ਜੰਮੀ ਹੋਈ, ਵੇਦਾਂ ਦੇ ਅਧਾਰ ਤੇ ਬਣੀ ਹੋਈ। ਸਾਂਕਲ = (ਵਰਨ ਆਸ਼ਰਮਾਂ ਦੇ) ਸੰਗਲ। ਜੇਵਰੀ = (ਕਰਮ-ਕਾਂਡ ਦੀਆਂ) ਰੱਸੀਆਂ। ਲੈ ਹੈ ਆਈ = ਲੈ ਕੇ ਆਈ ਹੋਈ ਹੈ।1। ਆਪਨ ਨਗਰੁ = ਆਪਣਾ ਸ਼ਹਿਰ, ਆਪਣੇ ਸ਼ਰਧਾਲੂਆਂ ਦੀ ਵਸਤੀ, ਆਪਣੇ ਸਾਰੇ ਸ਼ਰਧਾਲੂ। ਆਪ ਤੇ = ਆਪ ਹੀ। ਮੋਹ ਕੈ = ਮੋਹ (ਦੀ ਫਾਹੀ) ਵਿਚ। ਫਾਧਿ = ਫਸਾ ਕੇ। ਕਾਲ ਸਰੁ = ਮੌਤ ਦਾ ਤੀਰ, ਜਨਮ ਮਰਨ ਦਾ ਤੀਰ। ਸਾਂਧਿਆ = ਖਿੱਚਿਆ ਹੋਇਆ ਹੈ।1। ਰਹਾਉ। ਸਾਪਨਿ = ਸੱਪਣੀ। ਜਗ = ਸੰਸਾਰ, ਆਪਣੇ ਸ਼ਰਧਾਲੂਆਂ ਨੂੰ।2। ਹਮ ਦੇਖਤ = ਅਸਾਡੇ ਵੇਖਦਿਆਂ। ਜਿਨਿ = ਜਿਸ (ਸਿੰਮ੍ਰਿਤੀ) ਨੇ। ਸਭੁ ਜਗੁ = ਸਾਰੇ ਸੰਸਾਰ ਨੂੰ। ਰਾਮ ਕਹਿ = ਰਾਮ ਰਾਮ ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ। ਛੂਟਿਆ = ਬਚ ਗਿਆ ਹਾਂ।3। ਅਰਥ: ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ।1। (ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, (ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ।1। ਰਹਾਉ। (ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ। (ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ।2। ਹੇ ਕਬੀਰ! ਆਖ– ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ।3। 30। ਸ਼ਬਦ ਦਾ ਭਾਵ: ਸਿੰਮ੍ਰਿਤੀਆਂ ਦੇ ਲੀਕੇ ਹੋਏ ਵਰਨ-ਆਸ਼ਰਮ ਤੇ ਕਰਮ-ਕਾਂਡ ਸਿੰਮ੍ਰਿਤੀ ਵਿਚ ਸ਼ਰਧਾ ਰੱਖਣ ਵਾਲਿਆਂ ਨੂੰ ਸੰਗਲ ਹੋ ਢੁਕਦੇ ਹਨ। ਉਹਨਾਂ ਨੂੰ ਇਹ ਅਜਿਹੇ ਭਰਮਾਂ-ਵਹਿਮਾਂ ਵਿਚ ਜਕੜ ਦੀਆਂ ਹਨ ਕਿ ਛੁਟਕਾਰਾ ਹੋਣਾ ਔਖਾ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਹੀ ਇਹਨਾਂ ਤੋਂ ਬਚਾਉਣ ਦੇ ਸਮਰੱਥ ਹੈ। 30। ਗਉੜੀ ਕਬੀਰ ਜੀ ॥ ਦੇਇ ਮੁਹਾਰ ਲਗਾਮੁ ਪਹਿਰਾਵਉ ॥ ਸਗਲ ਤ ਜੀਨੁ ਗਗਨ ਦਉਰਾਵਉ ॥੧॥ ਅਪਨੈ ਬੀਚਾਰਿ ਅਸਵਾਰੀ ਕੀਜੈ ॥ ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥ ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥ ਕਹਤ ਕਬੀਰ ਭਲੇ ਅਸਵਾਰਾ ॥ ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥ {ਪੰਨਾ 329} ਪਦ ਅਰਥ: ਦੇਇ = ਦੇ ਕੇ, ਪਾ ਕੇ। ਮੁਹਾਰ = ਘੋੜੇ ਦੀ ਪੂਜੀ ਜੋ ਮੂੰਹ ਤੋਂ ਤੰਗ ਨਾਲ ਹੇਠਲੇ ਪਾਸੇ ਬੱਧੀ ਹੁੰਦੀ ਹੈ {ਭਾਵ, ਮੂੰਹ+ਹਾਰ, ਮੂੰਹ ਨੂੰ ਬੰਦ ਕਰਨਾ, ਨਿੰਦਾ-ਉਸਤਿਤ ਤੋਂ ਬਚ ਕੇ ਰਹਿਣਾ}। ਲਗਾਮੁ = (ਭਾਵ) ਪ੍ਰੇਮ ਦੀ ਲਗਨ। ਲਗਾਮ ਪਹਿਰਾਵਉ = ਮੈਂ ਲਗਾਮ ਚੜ੍ਹਾਵਾਂ, ਭਾਵ, ਮਨ ਨੂੰ ਪ੍ਰੇਮ ਦੀ ਲਗਨ ਲਾਵਾਂ। ਸਗਲਤ = ਸਰਬ-ਵਿਆਪਕਤਾ। ਗਗਨ = ਅਕਾਸ਼; ਭਾਵ, ਦਸਮ-ਦੁਆਰ। ਗਗਨ ਦਉਰਾਵਉ = ਦਸਮ ਦੁਆਰ ਵਿਚ ਦੁੜਾਵਾਂ, ਮੈਂ ਪ੍ਰਭੂ ਦੇ ਦੇਸ਼ ਦੀਆਂ ਉਡਾਰੀਆਂ ਲਵਾਵਾਂ; ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਾਂ।1। ਅਪਨੈ ਬੀਚਾਰਿ = ਆਪਣੇ ਆਪ ਦੀ ਵਿਚਾਰ ਤੇ, ਆਪਣੇ ਸਰੂਪ ਦੇ ਗਿਆਨ-(ਰੂਪ ਘੋੜੇ) ਉਤੇ। ਅਸਵਾਰੀ ਕੀਜੈ = ਸਵਾਰ ਹੋ ਜਾਈਏ। ਪਾਵੜੈ = ਰਕਾਬ ਵਿਚ। ਸਹਜ = ਸ਼ਾਂਤੀ, ਅਡੋਲਤਾ। ਸਹਜ ਕੈ ਪਾਵੜੈ = ਸਹਿਜ ਅਵਸਥਾ ਦੀ ਰਕਾਬ ਵਿਚ। ਪਗੁ = ਪੈਰ, ਬੁੱਧੀ-ਰੂਪ ਪੈਰ, ਤਾਂ ਜੋ ਡਿੱਗ ਨਾ ਪਈਏ {ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ = ਇਸ ਅਰਦਾਸ ਵਿਚ ਏਹੀ ਭਾਵ ਹੈ ਕਿ ਅਕਲ ਪ੍ਰਭੂ ਦੇ ਅਧੀਨ ਰਹਿ ਕੇ ਸਹਿਜ ਅਵਸਥਾ ਵਿਚ ਟਿਕੀ ਰਹੇ ਅਤੇ ਮਨ ਉਤੇ ਕਾਬੂ ਰੱਖੇ}। ਧਰਿ ਲੀਜੈ = ਰੱਖ ਲਈਏ।1। ਰਹਾਉ। ਚਲੁ ਰੇ = ਹੇ (ਮਨ!) ਤੁਰ। ਤੁਝਹਿ = (ਹੇ ਮਨ!) ਤੈਨੂੰ। ਤਾਰਉ = ਤਰਾਵਾਂ, ਤਾਰੀਆਂ ਲਵਾਵਾਂ। ਬੈਕੁੰਠ ਤਾਰਉ = ਬੈਕੁੰਠ ਦੀਆਂ ਤਾਰੀਆਂ ਲਵਾਵਾਂ। ਹਿਚਹਿ = ਜੇ ਤੂੰ ਅੜੀ ਕਰੇਂਗਾ।2। ਭਲੇ = ਚੰਗੇ, ਸਿਆਣੇ। ਤੇ = ਤੋਂ। ਨਿਰਾਰਾ = ਨਿਰਾਲਾ, ਵੱਖਰਾ। ਰਹਹਿ = ਰਹਿੰਦੇ ਹਨ।2। ਅਰਥ: ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ = ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ।1। (ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ; ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ) , ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ।1। ਰਹਾਉ। ਚੱਲ, ਹੇ (ਮਨ-ਰੂਪ ਘੋੜੇ) ! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ; ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ।2। ਕਬੀਰ ਆਖਦਾ ਹੈ– (ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ) ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ।3। 31। ਸ਼ਬਦ ਦਾ ਭਾਵ: ਹੋਰਨਾਂ ਮਤਾਂ ਦੇ ਧਰਮ-ਪੁਸਤਕਾਂ ਨੂੰ ਨਿੰਦਣ ਦੇ ਥਾਂ, ਧਰਮ ਦਾ ਸਹੀ ਰਸਤਾ ਇਹ ਹੈ ਕਿ ਆਪਣੇ ਅਸਲੇ ਪਰਮਾਤਮਾ ਨੂੰ ਸਦਾ ਚੇਤੇ ਰੱਖੀਏ, ਤੇ ਇਸ ਤਰਾਂ ਮਨ ਨੂੰ ਵਿਕਾਰਾਂ ਵਿਚ ਨਾਹ ਡੋਲਣ ਦੇਈਏ। ਜੋ ਮਨੁੱਖ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਜੋੜਦਾ ਹੈ ਉਹ ਮਾਨੋ ਬੈਕੁੰਠ ਵਿਚ ਉਡਾਰੀਆਂ ਲਾਉਂਦਾ ਹੈ!। 31। ਗਉੜੀ ਕਬੀਰ ਜੀ ॥ ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥ ਤਿਹ ਮੁਖ ਦੇਖਤ ਲੂਕਟ ਲਾਏ ॥੧॥ ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥ ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥ ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥ ਕੋ ਜਾਰੇ ਕੋ ਗਡਿ ਲੇ ਮਾਟੀ ॥੨॥ ਕਹੁ ਕਬੀਰ ਹਰਿ ਚਰਣ ਦਿਖਾਵਹੁ ॥ ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥ {ਪੰਨਾ 329} ਪਦ ਅਰਥ: ਜਿਹ ਮੁਖਿ = ਜਿਸ ਮੂੰਹ ਨਾਲ। ਪਾਂਚਉ = ਪੰਜੇ ਹੀ। ਪਾਂਚਉ ਅੰਮ੍ਰਿਤ = ਪੰਜੇ ਹੀ ਅੰਮ੍ਰਿਤ, ਪੰਜੇ ਹੀ ਉੱਤਮ ਖਾਣੇ = ਦੁੱਧ, ਦਹੀਂ, ਘਿਉ, ਖੰਡ, ਸ਼ਹਿਦ। ਖਾਏ = ਖਾਧੇ ਹਨ। ਦੇਖਤ = ਵੇਖਦਿਆਂ ਹੀ। ਲੂਕਟ = ਲੂਕੀ, ਲੰਬੂ, ਚੁਆਤੀ।1। ਰਾਮ ਰਾਇ = ਹੇ ਸੁਹਣੇ ਰਾਮ! ਕਾਟਹੁ = ਦੂਰ ਕਰੋ। ਅਗਨਿ = ਅੱਗ। ਦਹੈ– ਸਾੜਦੀ ਹੈ। ਬਸੇਰਾ = ਵਾਸਾ।1। ਰਹਾਉ। ਬਿਗੂਤੀ = ਖ਼ਰਾਬ ਹੁੰਦੀ ਹੈ। ਬਹੁ ਬਿਧਿ ਭਾਤੀ = ਬਹੁ ਬਿਧਿ ਭਾਤੀ, ਕਈ ਤਰ੍ਹਾਂ। ਕੋ = ਕਈ ਮਨੁੱਖ। ਜਾਰੇ = ਸਾੜ ਦੇਂਦਾ ਹੈ।2। ਹਰਿ = ਹੇ ਹਰੀ! ਦਿਖਾਵਹੁ = ਦਰਸ਼ਨ ਕਰਾ ਦਿਓ। ਪਾਛੈ ਤੇ = ਉਸ ਤੋਂ ਪਿੱਛੋਂ। ਕਿਉ ਨ = ਭਾਵੇਂ ਹੀ। ਪਠਾਵਹੁ = ਘੱਲ ਦਿਓ।3। ਅਰਥ: ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ, (ਮਰਨ ਤੇ) ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ (ਬਾਲ ਕੇ) ਲਾ ਦੇਈਦੀ ਹੈ।1। ਹੇ ਮੇਰੇ ਸੁਹਣੇ ਰਾਮ! ਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ (ਭਾਵ, ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜੀਦਾ ਹੈ) = ਮੇਰਾ ਇਕ ਇਹ ਦੁੱਖ ਦੂਰ ਕਰ ਦੇਹ।1। ਰਹਾਉ। (ਮਰਨ ਪਿਛੋਂ) ਇਹ ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ। ਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ।2। ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ) ਆਖ– ਹੇ ਪ੍ਰਭੂ! (ਮੈਨੂੰ) ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਹ, ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ (ਮੇਰੇ ਪ੍ਰਾਣ ਲੈਣ ਲਈ) ਘੱਲ ਦੇਵੀਂ।3। 32। ਸ਼ਬਦ ਦਾ ਭਾਵ: ਨਿਰਾ ਇਸ ਸਰੀਰ ਨੂੰ ਪਾਲਣ ਦੇ ਆਹਰੇ ਲੱਗੇ ਰਹਿਣਾ ਜੀਵਨ-ਮਨੋਰਥ ਨਹੀਂ, ਕਿਉਂਕਿ ਮੌਤ ਆਉਣ ਤੇ ਇਸ ਸਰੀਰ ਨੇ ਆਖ਼ਰ ਖ਼ਾਕ ਵਿਚ ਰਲ ਜਾਣਾ ਹੈ। ਜੀਵ ਇੱਥੇ ਆਇਆ ਹੈ ਪ੍ਰਭੂ ਦਾ ਭਜਨ ਕਰਨ। 32। ਗਉੜੀ ਕਬੀਰ ਜੀ ॥ ਆਪੇ ਪਾਵਕੁ ਆਪੇ ਪਵਨਾ ॥ ਜਾਰੈ ਖਸਮੁ ਤ ਰਾਖੈ ਕਵਨਾ ॥੧॥ ਰਾਮ ਜਪਤ ਤਨੁ ਜਰਿ ਕੀ ਨ ਜਾਇ ॥ ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥ ਕਾ ਕੋ ਜਰੈ ਕਾਹਿ ਹੋਇ ਹਾਨਿ ॥ ਨਟ ਵਟ ਖੇਲੈ ਸਾਰਿਗਪਾਨਿ ॥੨॥ ਕਹੁ ਕਬੀਰ ਅਖਰ ਦੁਇ ਭਾਖਿ ॥ ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥ {ਪੰਨਾ 329} ਪਦ ਅਰਥ: ਆਪੇ = ਆਪ ਹੀ। ਪਾਵਕੁ = ਅੱਗ। ਪਵਨਾ = ਹਵਾ। ਜਾਰੈ = ਸਾੜਦਾ ਹੈ। ਤ = ਤਾਂ। ਕਵਨਾ = ਕੌਣ?।1। ਰਾਮ ਜਪਤ = ਪ੍ਰਭੂ ਦਾ ਸਿਮਰਨ ਕਰਦਿਆਂ। ਕੀ ਨ = ਕਿਉਂ ਨ? ਭਾਵੇਂ, ਬੇਸ਼ੱਕ। ਜਰਿ ਕੀ ਨ ਜਾਇ = ਬੇਸ਼ਕ ਸੜ ਜਾਏ।1। ਰਹਾਉ। ਕਾ ਕੋ = ਕਿਸ ਦਾ ਕੁਝ? ਕਾਹਿ = ਕਿਸ ਦਾ? ਹਾਨਿ = ਹਾਨੀ, ਨੁਕਸਾਨ। ਵਟ = ਵਟਾਉ, ਭੇਸ। ਸਾਰਿਗਪਾਨਿ = {ਸਾਰਿਗ = ਧਨਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ, ਜੋ ਸਭ ਜੀਵਾਂ ਨੂੰ ਮਾਰਨ ਵਾਲਾ ਭੀ ਹੈ} ਪਰਮਾਤਮਾ।2। ਭਾਖਿ = ਆਖ। ਅਖਰ ਦੁਇ = ਦੋਵੇਂ ਅੱਖਰ, ਦੋ ਹੀ ਗੱਲਾਂ, ਇਕ ਨਿੱਕੀ ਜਿਹੀ ਗੱਲ। ਹੋਇਗਾ ਖਸਮੁ = ਜੇ ਮਾਲਕ ਹੋਵੇਗਾ, ਜੇ ਖਸਮ ਨੂੰ ਮਨਜ਼ੂਰ ਹੋਵੇਗਾ। ਲੇਇਗਾ ਰਾਖਿ = ਬਚਾ ਲਏਗਾ।3। ਅਰਥ: ਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ। ਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ?।1। (ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ, ਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ) ।1। ਰਹਾਉ। (ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ; ਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ।2। (ਇਸ ਵਾਸਤੇ) ਹੇ ਕਬੀਰ! (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ ਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ।3। 33। ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਆਪ ਹੀ ਹਰ ਥਾਂ ਰਾਖਾ ਹੈ, ਹੋਰ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ; ਉਹ ਆਪ ਹੀ ਜਗਤ ਦੀ ਹਰੇਕ ਖੇਡ, ਖੇਡ ਰਿਹਾ ਹੈ। 33। ਗਉੜੀ ਕਬੀਰ ਜੀ ਦੁਪਦੇ ॥ ਨਾ ਮੈ ਜੋਗ ਧਿਆਨ ਚਿਤੁ ਲਾਇਆ ॥ ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥ ਕੈਸੇ ਜੀਵਨੁ ਹੋਇ ਹਮਾਰਾ ॥ ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥ ਕਹੁ ਕਬੀਰ ਖੋਜਉ ਅਸਮਾਨ ॥ ਰਾਮ ਸਮਾਨ ਨ ਦੇਖਉ ਆਨ ॥੨॥੩੪॥ {ਪੰਨਾ 329-330} ਨੋਟ: ਦੁਪਦੇ = ਦੋ ਪਦਾਂ ਵਾਲੇ ਸ਼ਬਦ {ਪਦ = ਬੰਦ=Stanza}, ਦੋ ਬੰਦਾਂ ਵਾਲੇ ਸ਼ਬਦ। ਲਫ਼ਜ਼ 'ਦੁਪਦੇ' ਦੇ ਹੇਠ ਨਿੱਕੇ ਅੰਕ '2' ਦਾ ਭਾਵ ਇਹ ਹੈ ਕਿ ਦੋ ਪਦਾਂ ਵਾਲੇ ਦੋ ਸ਼ਬਦ ਅਗਾਂਹ ਦਰਜ ਹਨ ਨੰ: 34 ਅਤੇ ਨੰ: 35। ਪਦ ਅਰਥ: ਚਿਤੁ ਲਾਇਆ = ਮਨ ਜੋੜਿਆ, ਖ਼ਿਆਲ ਕੀਤਾ, ਗਹੁ ਕੀਤਾ। ਬੈਰਾਗ = ਸੰਸਾਰ ਦੇ ਮੋਹ ਤੋਂ ਉਪਰਾਮਤਾ। ਛੂਟਸਿ = ਦੂਰ ਹੋਵੇਗੀ। ਨ ਛੂਟਸਿ = ਖ਼ਲਾਸੀ ਨਹੀਂ ਹੋਵੇਗੀ।1। ਜਬ-ਜੇ। ਅਧਾਰਾ = ਆਸਰਾ।1। ਖੋਜਉ = ਮੈਂ ਖੋਜਦਾ ਹਾਂ, ਮੈਂ ਭਾਲ ਚੁਕਿਆ ਹਾਂ। ਅਸਮਾਨ = ਅਕਾਸ਼ ਤਾਈਂ। ਆਨ = ਕੋਈ ਹੋਰ, ਪ੍ਰਭੂ ਤੋਂ ਬਿਨਾ ਕੋਈ ਦੂਜਾ। ਨ ਦੇਖਉ = ਮੈਂ ਨਹੀਂ ਵੇਖਦਾ, ਮੈਨੂੰ ਕੋਈ ਨਹੀਂ ਲੱਭਾ।2। ਅਰਥ: ਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ (ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ।1। (ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ਅਸੀਂ (ਸਹੀ ਜੀਵਨ) ਜੀਊ ਹੀ ਨਹੀਂ ਸਕਦੇ।1। ਰਹਾਉ। ਹੇ ਕਬੀਰ! ਆਖ– ਮੈਂ ਅਕਾਸ਼ ਤਕ (ਭਾਵ, ਸਾਰੀ ਦੁਨੀਆ) ਭਾਲ ਕਰ ਚੁਕਿਆ ਹਾਂ (ਪਰ ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਲੱਭਾ (ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ) ।2। 34। ਸ਼ਬਦ ਦਾ ਭਾਵ: ਪ੍ਰਭੂ ਦਾ ਇਕ ਨਾਮ ਹੀ ਐਸਾ ਹੈ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਸਹੀ ਜੀਵਨ ਦਾ ਰਾਹ ਸਿਖਾ ਸਕਦਾ ਹੈ। ਨਾਹ ਕੋਈ ਹੋਰ ਵਿਅਕਤੀ ਤੇ ਨਾਹ (ਜੋਗ ਆਦਿਕ) ਕੋਈ ਹੋਰ ਸਾਧਨ ਇਸ ਗੱਲ ਦੇ ਸਮਰੱਥ ਹੈ। 34। |
Sri Guru Granth Darpan, by Professor Sahib Singh |