ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 330 ਗਉੜੀ ਕਬੀਰ ਜੀ ॥ ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥ ਇਸੁ ਤਨ ਧਨ ਕੋ ਕਿਆ ਗਰਬਈਆ ॥ ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥ ਕਹਤ ਕਬੀਰ ਸੁਨਹੁ ਮਨ ਮੇਰੇ ॥ ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥ ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥ {ਪੰਨਾ 330} ਪਦ ਅਰਥ: ਜਿਹ ਸਿਰਿ = ਜਿਸ ਸਿਰ ਤੇ। ਰਚਿ ਰਚਿ = ਸੰਵਾਰ ਸੰਵਾਰ ਕੇ। ਬਾਧਤ = ਬੰਨ੍ਹਦਾ ਹੈ। ਸੋ ਸਿਰੁ = ਉਸ ਸਿਰ ਨੂੰ। ਚੁੰਚ = ਚੁੰਝ।1। ਕੋ = ਦਾ। ਕਿਆ = ਕੀਹ? ਗਰਬਈਆ = ਮਾਣ, ਅਹੰਕਾਰ। ਕਾਹੇ = ਕਿਉਂ? ਦ੍ਰਿੜੀਆ = ਦਿੜ੍ਹ ਕਰਦਾ, ਜਪਦਾ।1। ਰਹਾਉ। ਅਰਥ: ਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ, (ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ।1। (ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ? ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ?।1। ਰਹਾਉ। ਕਬੀਰ ਆਖਦਾ ਹੈ– ਹੇ ਮੇਰੇ ਮਨ! ਸੁਣ, (ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ।2। 35। ਸ਼ਬਦ ਦਾ ਭਾਵ: ਇਸ ਧਨ ਦਾ ਜਾਂ ਇਸ ਸਰੀਰ ਦਾ ਮਾਣ ਕਰਨਾ ਬੇ-ਸਮਝੀ ਹੈ, ਕੋਈ ਭੀ ਇਸ ਜੀਵ ਦੇ ਨਾਲ ਨਹੀਂ ਨਿਭਦਾ। ਪ੍ਰਭੂ ਦਾ ਨਾਮ ਹੀ ਸੱਚਾ ਸਾਥੀ ਹੈ। 35। ਨੋਟ: ਇਸ ਸਾਰੇ ਸੰਗ੍ਰਹਿ ਵਿਚ ਮੁਖ਼ਤਲਿਫ਼ ਬੰਦਾਂ ਵਾਲੇ 35 ਸ਼ਬਦ ਹਨ; ਜਿਨ੍ਹਾਂ ਦਾ ਵੇਰਵਾ ਇਉਂ ਹੈ: ਚਾਰ ਬੰਦਾਂ ਵਾਲੇ ਸ਼ਬਦ 14 . . . . . . . . 1 ਤੋਂ 14 ਤਕ, ਪੰਜ ਬੰਦਾਂ ਵਾਲੇ ਸ਼ਬਦ 2 . . . . . . . . . 15 ਤੋਂ 16 ਤਕ, ਤਿੰਨ ਬੰਦਾਂ ਵਾਲੇ ਚਾਰ-ਤੁਕੀਏ ਸ਼ਬਦ 2 . . 17 ਤੋਂ 18, ਤਿੰਨ ਬੰਦਾਂ ਵਾਲੇ ਸ਼ਬਦ 15 . . . . . . . . .19 ਤੋਂ 33, ਦੋ ਬੰਦਾਂ ਵਾਲੇ ਸ਼ਬਦ 2 . . . . . . . . . . . 34 ਤੇ 35। . . . . . . . . ਜੋੜ . . . . . . . . . . . .35 ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸੁਖੁ ਮਾਂਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥ ਬਿਖਿਆ ਅਜਹੁ ਸੁਰਤਿ ਸੁਖ ਆਸਾ ॥ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥ ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥ ਸਨਕਾਦਿਕ ਨਾਰਦ ਮੁਨਿ ਸੇਖਾ ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਤਨ ਛੂਟੇ ਮਨੁ ਕਹਾ ਸਮਾਈ ॥੪॥ ਗੁਰ ਪਰਸਾਦੀ ਜੈਦੇਉ ਨਾਮਾਂ ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ ਇਸੁ ਮਨ ਕਉ ਨਹੀ ਆਵਨ ਜਾਨਾ ॥ ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥ ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥ ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥ ਇਸ ਮਨ ਕਾ ਕੋਈ ਜਾਨੈ ਭੇਉ ॥ ਇਹ ਮਨਿ ਲੀਣ ਭਏ ਸੁਖਦੇਉ ॥੮॥ ਜੀਉ ਏਕੁ ਅਰੁ ਸਗਲ ਸਰੀਰਾ ॥ ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥ {ਪੰਨਾ 330} ਪਦ ਅਰਥ: ਅਸਟਪਦੀ = {ਅਸਟ-ਅੱਠ। ਪਦ = ਬੰਦ, Stanza} ਅੱਠ ਬੰਦਾਂ ਵਾਲਾ ਸ਼ਬਦ। ਹਮਹੁ = ਸਾਨੂੰ। ਨ ਭਾਵੈ = ਚੰਗਾ ਨਹੀਂ ਲੱਗਦਾ। ਮਾਂਗਿਆ ਨ ਭਾਵੈ = ਮੰਗਣਾ ਚੰਗਾ ਨਹੀਂ ਲੱਗਦਾ, ਮੰਗਣ ਦੀ ਲੋੜ ਨਹੀਂ।1। ਬਿਖਿਆ = ਮਾਇਆ। ਸੁਰਤਿ = ਧਿਆਨ। ਹੋਈ ਹੈ– ਹੋਵੇਗਾ, ਹੋ ਸਕਦਾ ਹੈ। ਰਾਜਾ = ਜੋਤਿ-ਰੂਪ।1। ਰਹਾਉ। ਡਰਨਾ = ਡਰ ਗਏ, ਕੰਨਾਂ ਨੂੰ ਹੱਥ ਲਾਏ। ਹਮਹੁ = ਅਸਾਂ (ਸੰਸਾਰੀ ਜੀਵਾਂ) ਨੇ।2। ਸਨਕਾਦਿਕ = ਸਨਕ ਆਦਿਕ, ਸਨਕ ਅਤੇ ਹੋਰ, ਬ੍ਰਹਮਾ ਦੇ ਚਾਰੇ ਪੁੱਤਰ (ਸਨਕ, ਸਨੰਦਨ, ਸਤਾਤਨ, ਸਨਤਕੁਮਾਰ) । ਸੇਖਾ = ਸ਼ੇਸ ਨਾਗ। ਤਿਨ ਭੀ = ਇਹਨਾਂ ਨੇ ਭੀ। ਪੇਖਾ = ਵੇਖਿਆ।3। ਤਨ ਛੂਟੇ = ਸਰੀਰ ਨਾਲੋਂ ਵਿਛੋੜਾ ਹੋਣ ਤੇ।4। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਨਾਮਾਂ = ਨਾਮਦੇਵ ਜੀ। ਪ੍ਰੇਮਿ = ਪ੍ਰੇਮ ਨਾਲ, ਪਿਆਰ ਨਾਲ। ਇਨਹੀ = ਇਹਨਾਂ (ਜੈਦੇਵ ਤੇ ਨਾਮਦੇਵ ਜੀ) ਨੇ। ਜਾਨਾਂ ਹੈ– ਸਮਝਿਆ ਹੈ।5। ਤਿਨਿ = ਉਸ ਮਨੁੱਖ ਨੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।6। ਰੂਪ = ਸ਼ਕਲ। ਰੇਖਿਆ = ਨਿਸ਼ਾਨ, ਚਿਹਨ, ਲਕੀਰ। ਨ ਕਾਈ = ਕੋਈ ਨਹੀਂ।7। ਕੋਈ = ਜੇ ਕੋਈ, ਜੋ ਮਨੁੱਖ। ਭੇਉ = ਭੇਦ। ਇਹ ਮਨਿ = ਇਸ ਮਨ ਵਿਚ। ਲੀਣ = ਸਮਾਇਆ ਹੋਇਆ। ਸੁਖਦੇਉ = ਸੁਖ-ਸਰੂਪ ਪ੍ਰਭੂ।8। ਜੀਉ ਏਕੁ = ਇੱਕ ਆਤਮਾ, ਇੱਕ ਰੱਬੀ ਜੋਤਿ। ਸਗਲ = ਸਾਰੇ। ਰਵਿ ਰਹੇ = ਰਮ ਰਹੇ, ਸਿਮਰ ਰਿਹਾ ਹੈ।9। ਅਰਥ: ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ, ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ।1। ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ; ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ?।1। ਰਹਾਉ। ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ; (ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ।2। ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ = ਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ।3। ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ।4। ਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ "ਤਨ ਛੂਟੇ ਮਨੁ ਕਹਾ ਸਮਾਈ") ।5। ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ; ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ।6। (ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ। ਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ।7। ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ, ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ।8। ਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ।9।1। 36। ਸ਼ਬਦ ਦਾ ਭਾਵ: ਜਦ ਤਕ ਮਾਇਕ ਸੁਖਾਂ ਦੀ ਲਾਲਸਾ ਮਨ ਵਿਚ ਟਿਕੀ ਰਹਿੰਦੀ ਹੈ, ਤਦ ਤਕ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ। ਗਉੜੀ ਗੁਆਰੇਰੀ ॥ ਅਹਿਨਿਸਿ ਏਕ ਨਾਮ ਜੋ ਜਾਗੇ ॥ ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥ ਸਾਧਕ ਸਿਧ ਸਗਲ ਮੁਨਿ ਹਾਰੇ ॥ ਏਕ ਨਾਮ ਕਲਿਪ ਤਰ ਤਾਰੇ ॥੧॥ ਜੋ ਹਰਿ ਹਰੇ ਸੁ ਹੋਹਿ ਨ ਆਨਾ ॥ ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥ {ਪੰਨਾ 330} ਪਦ ਅਰਥ: ਅਹਿ = ਦਿਨ। ਨਿਸਿ = ਰਾਤ। ਜੋ ਜਾਗੇ = ਜੋ ਮਨੁੱਖ ਜਾਗ ਪੈਂਦੇ ਹਨ (ਭਾਵ, ਮਾਇਆ ਦੀ ਨੀਂਦ ਵਿਚੋਂ ਉੱਠ ਖਲੋਂਦੇ ਹਨ) । ਕੇਤਕ = ਕਈ ਮਨੁੱਖ। ਸਿਧ = ਪੁੱਗੇ ਹੋਏ, ਜਿਨ੍ਹਾਂ ਦੀ ਘਾਲ ਸਫਲ ਹੋ ਗਈ ਹੈ। ਲਿਵ ਲਾਗੇ = ਲਿਵ ਲਗਾ ਕੇ, ਸੁਰਤ ਜੋੜ ਕੇ।1। ਰਹਾਉ। ਸਾਧਕ = ਸਾਧਨ ਕਰਨ ਵਾਲੇ। ਸਗਲ = ਸਾਰੇ। ਹਾਰੇ = ਥੱਕ ਗਏ ਹਨ। ਕਲਿਪ ਤਰ = ਕਲਪ ਰੁੱਖ, {ਪੁਰਾਤਨ ਹਿੰਦੂ ਪੁਸਤਕਾਂ ਵਿਚ ਇਹ ਗੱਲ ਮੰਨੀ ਗਈ ਹੈ ਕਿ ਸ੍ਵਰਗ ਵਿਚ ਪੰਜ ਰੁੱਖ ਹਨ, ਜਿਨ੍ਹਾਂ ਵਿਚੋਂ ਇਕ ਕਲਪ-ਰੁੱਖ ਹੈ; ਇਸ ਦੇ ਹੇਠ ਜਾ ਕੇ ਜੋ ਮਨੋ-ਕਾਮਨਾ ਕਰੀਏ ਉਹ ਪੂਰੀ ਕਰਾ ਦੇਂਦਾ ਹੈ}। ਤਾਰੇ = ਤਾਰ ਲੈਂਦਾ ਹੈ, ਬੇੜਾ ਪਾਰ ਕਰ ਦੇਂਦਾ ਹੈ।1। ਹਰਿ ਹਰੇ = ਹਰੀ ਹਰੀ ਹੀ, ਪ੍ਰਭੂ ਪ੍ਰਭੂ ਹੀ (ਜਪਦੇ ਹਨ) । ਹੋਹਿ ਨ = ਨਹੀਂ ਹੁੰਦੇ। ਆਨਾ = (ਪ੍ਰਭੂ ਤੋਂ) ਵੱਖਰੇ। ਪਛਾਨਾ = ਪਛਾਣ ਲਿਆ ਹੈ।2। ਅਰਥ: ਬਥੇਰੇ ਉਹ ਮਨੁੱਖ (ਜੀਵਨ-ਸਫ਼ਰ ਦੀ ਦੌੜ ਵਿਚ) ਪੁੱਗ ਗਏ ਹਨ ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿਚ ਸੁਚੇਤ ਰਹੇ ਹਨ, ਜਿਨ੍ਹਾਂ ਨੇ (ਨਾਮ ਵਿਚ ਹੀ) ਸੁਰਤ ਜੋੜੀ ਰੱਖੀ ਹੈ।1। ਰਹਾਉ। (ਜੋਗ-) ਸਾਧਨ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ ਲੋਕ (ਸੰਸਾਰ-ਸਮੁੰਦਰ ਤੋਂ ਤਰਨ ਦੇ ਹੋਰ ਹੋਰ ਵਸੀਲੇ ਲੱਭ ਲੱਭ ਕੇ) ਥੱਕ ਗਏ ਹਨ; ਕੇਵਲ ਪ੍ਰਭੂ ਦਾ ਨਾਮ ਹੀ ਕਲਪ-ਰੁੱਖ ਹੈ ਜੋ (ਜੀਵਾਂ ਦਾ) ਬੇੜਾ ਪਾਰ ਕਰਦਾ ਹੈ।1। ਕਬੀਰ ਆਖਦਾ ਹੈ– ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ, ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ) ।2। 37। ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਜਪਣ ਵਾਲੇ ਬੰਦੇ ਪਰਮਾਤਮਾ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਮਨੁੱਖ ਨੂੰ ਵਾਸ਼ਨਾ ਤੋਂ ਬਚਾਉਂਦਾ ਹੈ, ਹੋਰ ਕੋਈ ਵਸੀਲਾ ਨਹੀਂ ਹੈ। 37। ਗਉੜੀ ਭੀ ਸੋਰਠਿ ਭੀ ॥ ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥ ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ ਜਾ ਕੋ ਠਾਕੁਰੁ ਊਚਾ ਹੋਈ ॥ ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥ ਸੋ ਸਾਹਿਬੁ ਰਹਿਆ ਭਰਪੂਰਿ ॥ ਸਦਾ ਸੰਗਿ ਨਾਹੀ ਹਰਿ ਦੂਰਿ ॥੨॥ ਕਵਲਾ ਚਰਨ ਸਰਨ ਹੈ ਜਾ ਕੇ ॥ ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥ ਸਭੁ ਕੋਊ ਕਹੈ ਜਾਸੁ ਕੀ ਬਾਤਾ ॥ ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥ ਕਹੈ ਕਬੀਰੁ ਪੂਰਨ ਜਗ ਸੋਈ ॥ ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥ {ਪੰਨਾ 330} ਨੋਟ: ਇਹ ਸ਼ਬਦ ਗਉੜੀ ਰਾਗਨੀ ਵਿਚ ਭੀ ਗਾਉਣਾ ਹੈ ਤੇ ਸੋਰਠਿ ਰਾਗਨੀ ਵਿਚ ਭੀ। ਪਦ ਅਰਥ: ਨਿਲਜ = ਬੇ-ਸ਼ਰਮ। ਤੋੁਹਿ = ਤੈਨੂੰ। ਤਜਿ = ਛੱਡ ਕੇ। ਕਤ = ਕਿੱਥੇ? ਕਾਹੂ ਕੇ = ਕਿਸ ਦੇ ਪਾਸ?।1। ਰਹਾਉ। ਜਾ ਕੋ = ਜਿਸ ਦਾ। ਪਰ ਘਰ = ਪਰਾਏ ਘਰਾਂ ਵਿਚ। ਜਾਤ = ਜਾਂਦਾ। ਨ ਸੋਹੀ = ਨਹੀਂ ਸੋਭਦਾ।1। ਭਰਪੂਰਿ = ਸਭ ਥਾਈਂ ਮੌਜੂਦ, ਵਿਆਪਕ।2। ਕਵਲਾ = ਲੱਛਮੀ, ਮਾਇਆ। ਜਾ ਕੇ = ਜਿਸ (ਪ੍ਰਭੂ) ਦੇ। ਕਹੁ = ਦੱਸ, ਆਖ। ਜਨ = ਹੇ ਮਨੁੱਖ! ਕਾ ਨਾਹੀ = ਕਿਹੜੀ ਸ਼ੈ ਨਹੀਂ? ਤਾ ਕੇ = ਉਸ (ਪ੍ਰਭੂ) ਦੇ।3। ਸਭੁ ਕੋਊ = ਹਰੇਕ ਜੀਵ। ਜਾਸੁ ਕੀ = ਜਿਸ (ਪ੍ਰਭੂ) ਦੀਆਂ। ਸੰਮ੍ਰਥੁ = ਸਮਰਥਾ ਵਾਲਾ, ਸੱਤਿਆ ਵਾਲਾ। ਨਿਜ ਪਤਿ = ਅਸਾਡਾ ਖਸਮ। ਦਾਤਾ = ਦੇਣ ਵਾਲਾ।4। ਪੂਰਨ = ਭਰਿਆ ਹੋਇਆ, ਸਭ ਗੁਣਾਂ ਵਾਲਾ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਸੋਈ = ਉਹੀ ਮਨੁੱਖ। ਜਾ ਕੈ ਹਿਰਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਅਵਰੁ = (ਪ੍ਰਭੂ ਤੋਂ ਬਿਨਾ) ਕੋਈ ਹੋਰ।5। ਨੋਟ: ਪਹਿਲੀ ਹੀ ਤੁਕ ਦੇ ਲਫ਼ਜ਼ "ਤੋੁਹਿ" ਦੇ ਅੱਖਰ 'ਤ' ਨਾਲ ਦੋ ਲਗਾਂ ਵਰਤੀਆਂ ਗਈਆਂ ਹਨ (ੋ) ਅਤੇ (ੁ) । ਲਫ਼ਜ਼ ਦੀ ਅਸਲੀ ਲਗ (ੋ) ਹੈ, ਪਰ ਇੱਥੇ (ੁ) ਪੜ੍ਹਨਾ ਹੈ, ਭਾਵ, ਲਫ਼ਜ਼ 'ਤੋਹਿ' ਨੂੰ ਇੱਥੇ 'ਤੁਹਿ' ਪੜ੍ਹਨਾ ਹੈ। ਅਰਥ: ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ? ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ।1। ਰਹਾਉ। ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ, ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ।1। (ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ, ਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ।2। ਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ, ਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ?।3। ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ, ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ।4। ਕਬੀਰ ਆਖਦਾ ਹੈ– ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ।5। 38। ਸ਼ਬਦ ਦਾ ਭਾਵ: ਪ੍ਰਭੂ ਸਭ ਜੀਵਾਂ ਨੂੰ ਪਾਲਣ ਵਾਲਾ ਹੈ, ਹਰੇਕ ਦੇ ਅੰਗ-ਸੰਗ ਹੈ, ਉਸ ਦੇ ਘਰ ਵਿਚ ਕੋਈ ਕਮੀ ਨਹੀਂ। ਉਸ ਨੂੰ ਵਿਸਾਰ ਕੇ ਕੋਈ ਹੋਰ ਆਸਰਾ ਤੱਕਣਾ ਬੜੀ ਹਾਣਤ ਵਾਲੀ ਗੱਲ ਹੈ। 38। |
Sri Guru Granth Darpan, by Professor Sahib Singh |