ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 331 ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥ ਕਉਨੁ ਮਰੈ ਕੋ ਦੇਇ ਸੰਤਾਪੋ ॥੧॥ ਹਰਿ ਠਗ ਜਗ ਕਉ ਠਗਉਰੀ ਲਾਈ ॥ ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥ ਕਉਨ ਕੋ ਪੁਰਖੁ ਕਉਨ ਕੀ ਨਾਰੀ ॥ ਇਆ ਤਤ ਲੇਹੁ ਸਰੀਰ ਬਿਚਾਰੀ ॥੨॥ ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥ {ਪੰਨਾ 331} ਪਦ ਅਰਥ: ਕਉਨ ਕੋ = ਕਿਸ ਦਾ? ਕਾ ਕੋ = ਕਿਸ ਦਾ? ਕੋ = ਕੌਣ? ਦੇਇ = ਦੇਂਦਾ ਹੈ। ਸੰਤਾਪੋ = ਕਲੇਸ਼।1। ਕਉ = ਨੂੰ। ਠਗਉਰੀ = ਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ, ਉਹ ਬੂਟੀ ਜੋ ਠੱਗ ਲੋਕ ਵਰਤਦੇ ਹਨ ਕਿਸੇ ਨੂੰ ਠੱਗਣ ਲਈ। ਬਿਓਗ = ਵਿਛੋੜਾ। ਜੀਅਉ = ਮੈਂ ਜੀਵਾਂ। ਮੇਰੀ ਮਾਈ = ਹੇ ਮੇਰੀ ਮਾਂ!।1। ਰਹਾਉ। ਪੁਰਖੁ = ਮਨੁੱਖ, ਮਰਦ, ਖਸਮ। ਨਾਰੀ = ਇਸਤ੍ਰੀ, ਵਹੁਟੀ। ਇਆ = ਇਸ ਦਾ। ਇਆ ਤਤ = ਇਸ ਅਸਲੀਅਤ ਦਾ। ਸਰੀਰ = ਮਨੁੱਖਾ ਜਨਮ।2। ਕਹਿ = ਕਹੈ, ਆਖਦਾ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ, ਇਕ-ਮਿਕ ਹੋ ਗਿਆ।3। ਅਰਥ: ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ) । ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ।1। ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ) , ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ।1। ਰਹਾਉ। ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ) = ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ।2। ਕਬੀਰ ਆਖਦਾ ਹੈ– ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ, (ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ) , ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ।3। 39। ਸ਼ਬਦ ਦਾ ਭਾਵ: ਪਰਮਾਤਮਾ ਨੇ ਆਪ ਇਹ ਮਾਇਆ ਦਾ ਮੋਹ ਬਣਾਇਆ ਹੈ। ਸਾਰੇ ਜੀਵ ਇਸ ਪਿਉ-ਪੁੱਤਰ ਤੇ ਖ਼ਸਮ-ਵਹੁਟੀ ਆਦਿਕ ਵਾਲੇ ਸੰਬੰਧ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਭੁਲਾ ਕੇ ਦੁਖੀ ਹੁੰਦੇ ਰਹਿੰਦੇ ਹਨ, ਪਰ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ, ਉਸ ਨੂੰ ਇਹ ਮੋਹ ਨਹੀਂ ਵਿਆਪਦਾ। 39। ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥ ਸਾਧੂ ਸੰਗਤਿ ਦੀਓ ਰਲਾਇ ॥ ਪੰਚ ਦੂਤ ਤੇ ਲੀਓ ਛਡਾਇ ॥ ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥ ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥ ਸਤਿਗੁਰ ਕੀਨੋ ਪਰਉਪਕਾਰੁ ॥ ਕਾਢਿ ਲੀਨ ਸਾਗਰ ਸੰਸਾਰ ॥ ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥ ਮਾਇਆ ਤਪਤਿ ਬੁਝਿਆ ਅੰਗਿਆਰੁ ॥ ਮਨਿ ਸੰਤੋਖੁ ਨਾਮੁ ਆਧਾਰੁ ॥ ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥ ਜਤ ਪੇਖਉ ਤਤ ਅੰਤਰਜਾਮੀ ॥੩॥ ਅਪਨੀ ਭਗਤਿ ਆਪ ਹੀ ਦ੍ਰਿੜਾਈ ॥ ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥ ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥ ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥ {ਪੰਨਾ 331} ਪਦ ਅਰਥ: ਮੋ ਕਉ = ਮੈਨੂੰ, ਮੇਰੇ ਵਾਸਤੇ। ਰਾਜਾ = ਪ੍ਰਕਾਸ਼ ਰੂਪ, ਹਰ ਥਾਂ ਚਾਨਣ ਕਰਨ ਵਾਲਾ। ਸਹਾਈ = ਮਦਦਗਾਰ। ਕਟਿ = ਦੂਰ ਕਰ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਾਈ = ਹਾਸਲ ਕਰ ਲਈ ਹੈ।1। ਰਹਾਉ। ਪੰਚ ਦੂਤ = (ਕਾਮ ਆਦਿਕ) ਪੰਜ ਵੈਰੀ। ਤੇ = ਤੋਂ। ਰਸਨਾ = ਜੀਭ (ਨਾਲ) । ਜਪਉ = ਮੈਂ ਜਪਦਾ ਹਾਂ। ਅਮੋਲ = {ਅ-ਮੋਲ} ਮੁੱਲ ਦੇਣ ਤੋਂ ਬਿਨਾ, ਬਿਨਾ ਦੰਮਾਂ ਦੇ।1। ਸਾਗਰ = ਸਮੁੰਦਰ। ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਨਿਤਾ ਨਿਤ = ਹਰ ਵੇਲੇ।2। ਤਪਤਿ = ਤਪਸ਼, ਸੜਨ। ਮਨਿ = ਮਨ ਵਿਚ। ਆਧਾਰੁ = ਆਸਰਾ। ਜਲਿ = ਜਲ ਵਿਚ। ਥਲਿ = ਧਰਤੀ ਤੇ। ਪੂਰਿ ਰਹੇ = ਹਰ ਥਾਂ ਮੌਜੂਦ ਹਨ। ਜਤ = ਜਿੱਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਓਧਰ ਹੀ।3। ਦ੍ਰਿੜਾਈ = ਦਿੜ੍ਹ ਕਰਾਈ ਹੈ, ਪੱਕੀ ਕੀਤੀ ਹੈ। ਪੂਰਬ ਲਿਖਤ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖਾ। ਮੇਰੇ ਭਾਈ = ਹੇ ਪਿਆਰੇ ਵੀਰ! ਸਾਜ = ਬਣਤਰ, ਸਬੱਬ। ਕੋ = ਦਾ।4। ਅਰਥ: ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ, (ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ।1। ਰਹਾਉ। (ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ, ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ। ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ।1। ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ, ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ, ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ, ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ।2। (ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ, ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ; (ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ। ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ; ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ।3। ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ। ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ) । ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ। ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ।4। 40। ਸ਼ਬਦ ਦਾ ਭਾਵ: ਜਿਸ ਜੀਵ ਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਮਾਇਆ ਵਾਲੀ ਤਪਸ਼ ਮਿਟ ਜਾਂਦੀ ਹੈ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਨਜ਼ਰ ਆਉਂਦਾ ਹੈ। 40। ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥ ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥ ਕਹੁ ਰੇ ਪੰਡੀਆ ਕਉਨ ਪਵੀਤਾ ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥ ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥ {ਪੰਨਾ 331} ਪਦ ਅਰਥ: ਜਲਿ = ਪਾਣੀ ਵਿਚ। ਸੂਤਕੁ = {ਸੂਤ = ਕੁ। ਸੂਤ = ਜੰਮਿਆ ਹੋਇਆ। ਸੂਤਕ = ਜੰਮਣ ਨਾਲ ਸੰਬੰਧ ਰੱਖਣ ਵਾਲੀ ਅਪਵਿੱਤ੍ਰਤਾ। ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਬਾਲ ਜੰਮ ਪਏ ਤਾਂ 13 ਦਿਨ ਉਹ ਘਰ ਅਪਵਿੱਤ੍ਰ ਮੰਨਿਆ ਜਾਂਦਾ ਹੈ, ਬ੍ਰਾਹਮਣ ਇਹਨਾਂ 13 ਦਿਨਾਂ ਵਾਸਤੇ ਉਸ ਘਰ ਵਿਚ ਰੋਟੀ ਨਹੀਂ ਖਾਂਦੇ। ਇਸੇ ਤਰ੍ਹਾਂ ਕਿਸੇ ਪ੍ਰਾਣੀ ਦੇ ਮਰਨ ਤੇ ਭੀ 'ਕ੍ਰਿਆ-ਕਰਮ' ਦੇ ਦਿਨ ਤਕ ਉਹ ਘਰ ਅਪਵਿੱਤ੍ਰ ਰਹਿੰਦਾ ਹੈ} ਅਪਵਿੱਤ੍ਰਤਾ, ਭਿੱਟ। ਫੁਨਿ = ਫਿਰ, ਭੀ। ਪਰਜ = ਪਰਜਾ, ਲੁਕਾਈ, ਦੁਨੀਆ। ਬਿਗੋਈ = ਵਿਗੁੱਚ ਰਹੀ ਹੈ, ਖ਼ੁਆਰ ਹੋ ਰਹੀ ਹੈ। ਓਪਤਿ = ਪੈਦਾਇਸ਼, ਉਤਪੱਤੀ।1। ਰੇ ਪੰਡੀਆ = ਹੇ ਪੰਡਿਤ! ਗਿਆਨੁ = ਵਿਚਾਰ। ਜਪਹੁ = ਦ੍ਰਿੜ੍ਹ ਕਰੋ, ਗਹੁ ਨਾਲ ਸੋਚੋ।1। ਰਹਾਉ। ਨੈਨਹੁ = ਅੱਖਾਂ ਵਿਚ। ਬੈਨਹੁ = ਬਚਨਾਂ ਵਿਚ। ਸ੍ਰਵਨੀ = ਕੰਨਾਂ ਵਿਚ। ਪਰੈ = ਪੈਂਦੀ ਹੈ। ਰਸੋਈ = ਰੋਟੀ ਪਕਾਣ ਵਾਲੇ ਕਮਰੇ ਵਿਚ।2। ਬਿਧਿ = ਤਰੀਕਾ, ਵਿਓਂਤ। ਸਭੁ ਕੋਊ = ਹਰੇਕ ਜੀਵ। ਇਕੁ ਕੋਈ = ਕੋਈ ਇਕ, ਕੋਈ ਵਿਰਲਾ। ਤਿਨੈ = ਉਹਨਾਂ ਮਨੁੱਖਾਂ ਨੂੰ।3। ਅਰਥ: (ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ) ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ) ; (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ।1। (ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ, ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?।1। ਰਹਾਉ। (ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ, ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ।2। ਨੋਟ: ਇਸ 'ਬੰਦ' ਵਿਚ ਪਰਾਏ ਰੂਪ, ਨਿੰਦਾ ਆਦਿਕ ਦੇ ਸੂਤਕ ਦਾ ਜ਼ਿਕਰ ਨਹੀਂ ਹੈ, ਕਿਉਂਕਿ ਅਖ਼ੀਰ ਵਿਚ 'ਰਸੋਈ' ਦਾ ਸੂਤਕ ਭੀ ਦੱਸਿਆ ਗਿਆ ਹੈ; ਸੋ, ਸਥੂਲ ਤੇ ਸੂਖਮ ਜੀਵਾਂ ਦੇ ਸੂਤਕ ਦਾ ਜ਼ਿਕਰ ਹੀ ਪ੍ਰਤੀਤ ਹੁੰਦਾ ਹੈ। (ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ। ਕਬੀਰ ਆਖਦਾ ਹੈ– ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ।3। 41। ਸ਼ਬਦ ਦਾ ਭਾਵ: ਜੇ ਜੀਵਾਂ ਦੇ ਜੰਮਣ ਮਰਨ ਨਾਲ ਘਰ ਭਿੱਟੇ ਜਾਣ ਤਾਂ ਜਗਤ ਵਿਚ ਸੁੱਚਾ ਕੋਈ ਭੀ ਥਾਂ ਨਹੀਂ ਹੋ ਸਕਦਾ, ਕਿਉਂਕਿ ਹਰ ਵੇਲੇ ਹਰ ਥਾਂ ਜਨਮ ਮਰਨ ਦਾ ਸਿਲਸਿਲਾ ਜਾਰੀ ਹੈ। ਜੋ ਮਨੁੱਖ ਪ੍ਰਭੂ ਦਾ ਭਜਨ ਕਰਦਾ ਹੈ, ਉਸ ਨੂੰ ਸੂਤਕ ਦਾ ਭਰਮ ਨਹੀਂ ਰਹਿੰਦਾ। 41। ਗਉੜੀ ॥ ਝਗਰਾ ਏਕੁ ਨਿਬੇਰਹੁ ਰਾਮ ॥ ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥ ਕਹਿ ਕਬੀਰ ਹਉ ਭਇਆ ਉਦਾਸੁ ॥ ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥ {ਪੰਨਾ 331} ਪਦ ਅਰਥ: ਝਗਰਾ = ਮਨ ਵਿਚ ਪੈ ਰਿਹਾ ਝਗੜਾ, ਸ਼ੰਕਾ। ਰਾਮ = ਹੇ ਪ੍ਰਭੂ! ਜਉ = ਜੇ। ਜਨ = ਸੇਵਕ। ਸੌ = ਨਾਲ। ਕਾਮੁ = ਕੰਮ।1। ਰਹਾਉ। ਬਡਾ = ਵੱਡਾ, ਸਤਕਾਰ-ਜੋਗ। ਕਿ = ਜਾਂ। ਜਾ ਸਉ = ਜਿਸ (ਪ੍ਰਭੂ) ਨਾਲ। ਮਾਨਿਆ = ਮੰਨ ਗਿਆ ਹੈ, ਪਤੀਜ ਗਿਆ ਹੈ, ਟਿਕ ਗਿਆ ਹੈ। ਰਾਮੁ = ਪ੍ਰਭੂ। ਰਾਮਹਿ = ਪ੍ਰਭੂ ਨੂੰ। ਜਾਨਿਆ = (ਜਿਸ ਨੇ) ਪਛਾਣ ਲਿਆ ਹੈ। ਕੈ = ਜਾਂ।1। ਬ੍ਰਹਮਾ = ਬ੍ਰਹਮਾ ਆਦਿਕ ਦੇਵਤੇ। ਜਾਸੁ = (XÔX) ਜਿਸ ਦਾ। ਉਪਾਇਆ = ਪੈਦਾ ਕੀਤਾ ਹੋਇਆ।2। ਕਹਿ = ਕਹੈ, ਆਖਦਾ ਹੈ। ਹਉ = ਮੈਂ। ਉਦਾਸੁ = ਦੁਚਿੱਤਾ (undecided) । ਕਿ = ਜਾਂ। ਤੀਰਥੁ = ਧਰਮ-ਅਸਥਾਨ।3। 42। ਅਰਥ: ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ ਤਾਂ) ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ) ।1। ਰਹਾਉ। ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ) ? ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ) , ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ?।1। ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ? ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ?।2। ਕਬੀਰ ਆਖਦਾ ਹੈ– ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ।3। 42। ਨੋਟ: ਇਸ ਸ਼ਬਦ ਦੀ ਰਾਹੀਂ ਕਬੀਰ ਜੀ ਨੇ ਧਾਰਮਿਕ ਰਸਤੇ ਵਿਚ ਵਾਪਰਨ ਵਾਲੇ ਕਈ ਭੁਲੇਖੇ ਦੂਰ ਕੀਤੇ ਹਨ– (1) 'ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ' = ਇਹ ਖ਼ਿਆਲ ਹਉਮੈ ਵਲ ਲੈ ਜਾਂਦਾ ਹੈ। ਇਸ 'ਮੈਂ' ਨੂੰ, ਇਸ 'ਮਨ' ਨੂੰ ਬੇਅੰਤ ਪ੍ਰਭੂ ਵਿਚ ਲੀਨ ਕਰਨਾ ਹੀ ਸਹੀ ਰਸਤਾ ਹੈ। (2) ਪ੍ਰਭੂ ਨਾਲ ਮਿਲਾਪ ਤਦੋਂ ਹੀ ਸੰਭਵ ਹੋ ਸਕੇਗਾ ਜੇ ਸਤਿਗੁਰੂ ਅੱਗੇ ਆਪਾ ਵਾਰਿਆ ਜਾਏ। (3) ਸਭ ਦੇਵਤਿਆਂ ਦਾ ਸਿਰਤਾਜ ਸਿਰਜਣ-ਹਾਰ ਪ੍ਰਭੂ ਆਪ ਹੀ ਹੈ। (4) ਨਿਰਾ 'ਗਿਆਨ' ਕਾਫ਼ੀ ਨਹੀਂ, ਗਿਆਨ-ਦਾਤੇ ਸਤਿਗੁਰੂ ਨਾਲ ਪਿਆਰ ਬਣਾਉਣਾ ਜ਼ਰੂਰੀ ਹੈ। (5) ਅਸਲੀ ਤੀਰਥ 'ਸਤਿਗੁਰੂ' ਹੈ। ਅਸਲ ਸ਼ਿਰੋਮਣੀ ਵਿਚਾਰ, ਮੁੱਖ-ਭਾਵ, ਸ਼ਬਦ ਦੀ ਅਖ਼ੀਰਲੀ ਤੁਕ ਵਿਚ ਹੈ। ਸ਼ਬਦ ਦਾ ਭਾਵ: ਅਸਲ ਤੀਰਥ 'ਸਤਿਗੁਰੂ' ਹੈ, ਜਿਸ ਨਾਲ ਪਿਆਰ ਕਰਨ ਦਾ ਸਦਕਾ ਉਹ ਗਿਆਨ ਪ੍ਰਾਪਤ ਹੁੰਦਾ ਹੈ ਜੋ ਪ੍ਰਭੂ ਵਿਚ ਜੋੜ ਦੇਂਦਾ ਹੈ। 42। ਰਾਗੁ ਗਉੜੀ ਚੇਤੀ ॥ ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥ ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥ ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥ ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥ {ਪੰਨਾ 331} ਪਦ ਅਰਥ: ਗ੍ਯ੍ਯਾਨ = ਸਮਝ {ਨੋਟ: ਅੱਖਰ 'ਗ' ਦੇ ਹੇਠਾਂ ਅੱਧਾ ਅੱਖਰ 'ਯ' ਹੈ}। ਆਂਧੀ = ਹਨੇਰੀ, ਝੱਖੜ। ਸਭੈ = ਸਾਰੀ ਦੀ ਸਾਰੀ। ਟਾਟੀ = ਛੱਪਰ। ਰਹੈ ਨ = ਟਿਕੀ ਨਹੀਂ ਰਹਿ ਸਕਦੀ। ਮਾਇਆ ਬਾਂਧੀ = ਮਾਇਆ ਨਾਲ ਬੱਝੀ ਹੋਈ, ਮਾਇਆ ਦੇ ਆਸਰੇ ਖਲੋਤੀ ਹੋਈ।1। ਰਹਾਉ। ਦੁਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਤੱਕਣਾ। ਥੂਨਿ = ਥੰਮ੍ਹੀ। ਬਲੇਂਡਾ = ਵਲਾ। ਛਾਨਿ = ਛੰਨ, ਛੱਪਰ, ਕੁੱਲੀ। ਧਰ = ਧਰਤੀ। ਫੂਟਾ = ਟੁੱਟ ਗਿਆ।1। ਬਰਖੈ = ਵਰ੍ਹਦਾ ਹੈ। ਤਿਹਿ = ਉਸ (ਮੀਂਹ) ਵਿਚ। ਭੀਨਾ = ਭਿੱਜ ਗਿਆ। ਮਨਿ = ਮਨ ਵਿਚ। ਪ੍ਰਗਾਸਾ = ਪ੍ਰਕਾਸ਼, ਚਾਨਣ। ਉਦੈ = ਚੜ੍ਹਿਆ ਹੋਇਆ। ਚੀਨਾ = ਵੇਖ ਲਿਆ।2। ਅਰਥ: ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ।1। ਰਹਾਉ। (ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ = ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ) । ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ। (ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ।1। ਕਬੀਰ ਆਖਦਾ ਹੈ– (ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ) । ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ।2। 43। ਸ਼ਬਦ ਦਾ ਭਾਵ: ਜਿਤਨਾ ਚਿਰ ਮਨੁੱਖ ਮਾਇਆ ਦੇ ਬੰਧਨਾਂ ਵਿਚ ਜਕੜਿਆ ਰਹਿੰਦਾ ਹੈ, ਇਸ ਦਾ ਡੋਲਦਾ ਮਨ ਪ੍ਰਭੂ ਨੂੰ ਵਿਸਾਰ ਕੇ ਹੋਰ ਹੋਰ ਆਸਰੇ-ਪਰਨੇ ਤੱਕਦਾ ਹੈ; ਮੋਹ ਦੇ ਕਾਰਨ ਤ੍ਰਿਸ਼ਨਾ-ਲਾਲਚ ਦੀ ਹੀ ਸਾਰੀ ਜੀਵਨ-ਉਸਾਰੀ ਬਣਾਈ ਰੱਖਦਾ ਹੈ। ਪਰ, ਸਤਿਗੁਰੂ ਦੇ ਗਿਆਨ ਦੀ ਬਰਕਤਿ ਨਾਲ ਇਹ ਕੁਚੱਜੀ ਬਣਤਰ ਮੁੱਕ ਜਾਂਦੀ ਹੈ। ਫਿਰ, ਜਿਉਂ ਜਿਉਂ ਨਾਮ ਸਿਮਰਦਾ ਹੈ, ਸਮਝ ਉੱਚੀ ਹੁੰਦੀ ਹੈ, ਤੇ ਨਾਮ-ਰਸ ਦਾ ਆਨੰਦ ਆਉਂਦਾ ਹੈ। 43। |
Sri Guru Granth Darpan, by Professor Sahib Singh |