ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 332

ਗਉੜੀ ਚੇਤੀ     ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥ {ਪੰਨਾ 332}

ਪਦ ਅਰਥ: ਜਸੁ = ਵਡਿਆਈ, ਸਿਫ਼ਤਿ-ਸਾਲਾਹ। ਬਾਤਨ ਹੀ = ਗੱਲਾਂ ਨਾਲ ਹੀ, ਨਿਰੀਆਂ ਸ਼ੇਖ਼ੀ ਦੀਆਂ ਗੱਲਾਂ ਨਾਲ।1।

ਸਿਉ = ਨਾਲ, ਨੂੰ। ਕਿਆ ਕਹੀਐ = ਕੀਹ ਆਖੀਏ? ਮੱਤ ਦੇਣ ਦਾ ਕੋਈ ਲਾਭ ਨਹੀਂ। ਕੀਏ = ਕੀਤੇ, ਬਣਾਏ। ਬਾਹਜ = ਸੱਖਣੇ, ਖ਼ਾਲੀ, ਬਿਨਾ। ਭਗਤਿ ਤੇ ਬਾਹਜ ਕੀਏ = ਭਗਤੀ ਤੋਂ ਸੱਖਣੇ ਰੱਖੇ। ਡਰਾਨੇ ਰਹੀਐ = ਡਰਦੇ ਰਹੀਏ, ਦੂਰ ਦੂਰ ਹੀ ਰਹਿਣਾ ਚੰਗਾ ਹੈ।1। ਰਹਾਉ।

ਨ ਦੇਹਿ = ਨਹੀਂ ਦੇਂਦੇ। ਚੁਰੂ ਭਰਿ = ਇੱਕ ਚੁਲੀ ਜਿਤਨਾ। ਤਿਹ = ਉਹਨਾਂ (ਮਨੁੱਖਾਂ) ਨੂੰ। ਜਿਹ = ਜਿਨ੍ਹਾਂ ਨੇ। ਆਨੀ = ਲੈ ਆਂਦੀ ਹੈ, ਵਗਾ ਦਿੱਤੀ ਹੈ।2।

ਕੁਟਿਲ = ਟੇਢੀਆਂ ਚਾਲਾਂ ਚੱਲਣ ਵਾਲਾ। ਕੁਟਿਲਤਾ = ਟੇਢੀਆਂ ਚਾਲਾਂ। ਆਪੁ = ਆਪਹੁ, ਆਪਣੇ ਆਪ ਤੋਂ। ਹੂ = ਭੀ। ਘਾਲਹਿ = ਘੱਲਦੇ ਹਨ। (ਆਪੁ) ਘਾਲਹਿ = ਉਹਨਾਂ ਦੇ ਆਪੇ ਤੋਂ ਘੱਲਦੇ ਹਨ, ਉਹਨਾਂ ਦੇ ਅਸਲੇ ਤੋਂ ਦੂਰ ਕਰ ਦੇਂਦੇ ਹਨ, ਕੁਰਾਹੇ ਪਾ ਦੇਂਦੇ ਹਨ, ਨਾਸ ਕਰ ਦੇਂਦੇ ਹਨ।3।

ਕੁਚਰਚਾ = ਕੋਝੀ ਚਰਚਾ, ਥੋਥੀ ਬਹਿਸ। ਛਾਡਿ = ਛੱਡ ਕੇ, ਤੋਂ ਬਿਨਾ। ਆਨ = ਕੋਈ ਹੋਰ ਗੱਲ। ਬ੍ਰਹਮਾ ਹੂ ਕੋ ਕਹਿਓ = ਬ੍ਰਹਮਾ ਦਾ ਆਖਿਆ ਭੀ, ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਗੱਲ ਭੀ। ਕੋ = ਦਾ।4।

ਖੋਵਹਿ = ਖੁੰਝਾਉਂਦੇ ਹਨ। ਮੰਦਰ = ਘਰ। ਮੈ = ਮਹਿ, ਵਿਚ।5।

ਹਸਤ = ਮਖ਼ੌਲ ਕਰਦੇ ਹਨ। ਦੇਖਿ = ਵੇਖ ਕੇ। ਲਜਾਨੇ = ਸ਼ਰਮ ਆਉਂਦੀ ਹੈ।6।

ਅਰਥ: (ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ, ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ।1।

ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ, ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ।1। ਰਹਾਉ।

(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ, ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ।2।

ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ, ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ।3।

ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ, ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ।4।

ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ, ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ।5।

ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ। ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ।6।1।14।

ਸ਼ਬਦ ਦਾ ਭਾਵ: ਸ਼ੇਖ਼ੀ-ਖ਼ੋਰੇ ਬੰਦਿਆਂ ਉੱਤੇ ਕਿਸੇ ਦੀ ਸਿੱਖਿਆ ਦਾ ਅਸਰ ਨਹੀਂ ਹੋ ਸਕਦਾ, ਉਹ ਸਗੋਂ ਹੋਰਨਾਂ ਨੂੰ ਭੀ ਵਿਗਾੜਨ ਦੇ ਜਤਨ ਕਰਦੇ ਹਨ। ਅਜਿਹੇ ਬੰਦਿਆਂ ਤੋਂ ਪਰੇ ਹੀ ਰਹਿਣਾ ਚੰਗਾ ਹੁੰਦਾ ਹੈ। 44।

ਨੋਟ: ਇਸ ਸ਼ਬਦ ਦੇ 6 'ਬੰਦ' ਹਨ; ਅਗਲੇ ਅੰਕ ਨੰ: 1 ਦਾ ਭਾਵ ਇਹ ਹੈ ਕਿ ਇਹ 'ਗਉੜੀ ਚੇਤੀ' ਦਾ ਪਹਿਲਾ ਸ਼ਬਦ ਹੈ। ਕਬੀਰ ਜੀ ਦੇ ਸ਼ਬਦਾਂ ਦੇ ਸਿਲਸਿਲੇ ਵਿਚ ਇਹ 44ਵਾਂ ਸ਼ਬਦ ਹੈ।

ਰਾਗੁ ਗਉੜੀ ਬੈਰਾਗਣਿ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ ਮੋ ਕਉ ਕੁਸਲੁ ਬਤਾਵਹੁ ਕੋਈ ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥ {ਪੰਨਾ 332}

ਪਦ ਅਰਥ: ਜੀਵਤ = ਜੀਊਂਦੇ। ਪਿਤਰ = ਵੱਡੇ ਵਡੇਰੇ, ਪਿਉ ਬਾਬਾ ਪੜਦਾਦਾ ਆਦਿਕ ਵਡੇਰੇ ਜੋ ਮਰ ਕੇ ਪਰਲੋਕ ਵਿਚ ਜਾ ਚੁਕੇ ਹਨ। ਸਿਰਾਧ = ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖੁਆਇਆ ਹੋਇਆ ਭੋਜਨ {ਮਰ ਚੁੱਕੇ ਬਜ਼ੁਰਗਾਂ ਲਈ ਹਿੰਦੂ ਲੋਕ ਸਾਲ ਦੇ ਸਾਲ ਅੱਸੂ ਦੇ ਮਹੀਨੇ ਸਰਾਧ ਕਰਦੇ ਹਨ; ਬ੍ਰਾਹਮਣਾਂ ਨੂੰ ਭੋਜਨ ਖਿਲਾਂਦੇ ਹਨ। ਨਿਸ਼ਚਾ ਇਹ ਹੁੰਦਾ ਹੈ ਕਿ ਇਹ ਖੁਆਇਆ ਹੋਇਆ ਭੋਜਨ ਪਿਤਰਾਂ ਨੂੰ ਅੱਪੜ ਜਾਇਗਾ। ਸਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤਕ ਰਹਿੰਦੇ ਹਨ; ਅਖ਼ੀਰਲਾ ਸਰਾਧ ਕਾਵਾਂ ਕੁੱਤਿਆਂ ਦਾ ਭੀ ਹੁੰਦਾ ਹੈ। ਚੰਦ ਦੇ ਮਹੀਨੇ ਦੇ ਹਿਸਾਬ ਜਿਸ ਤਰੀਕ (ਥਿਤ=ਤਿਥਿ) ਨੂੰ ਕੋਈ ਮਰੇ, ਸਰਾਧਾਂ ਦੇ ਦਿਨੀਂ ਉਸੇ ਥਿਤ ਤੇ ਉਸ ਦਾ ਸ਼ਰਾਧ ਕਰਾਉਂਦੇ ਹਨ। ਬ੍ਰਾਹਮਣਾਂ ਨੂੰ ਖੁਆ ਕੇ ਕਾਵਾਂ ਕੁੱਤਿਆਂ ਨੂੰ ਭੀ ਸਰਾਧ ਦਾ ਭੋਜਨ ਖੁਆਉਂਦੇ ਹਨ}। ਬਪੁਰੇ = ਵਿਚਾਰੇ। ਕੂਕਰ = ਕੁੱਤੇ।1।

ਕੁਸਲੁ = ਸੁਖ-ਸਾਂਦ, ਅਨੰਦ।1। ਰਹਾਉ।

ਕਰਿ = ਬਣਾ ਕੇ। ਜੀਉ ਦੇਹੀ = ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ। {ਨੋਟ: ਵਿਆਹ-ਸ਼ਾਦੀਆਂ ਸਮੇ ਪੁਰਾਣੇ ਖ਼ਿਆਲਾਂ ਵਾਲੇ ਹਿੰਦੂ ਸੱਜਣ ਆਪਣੇ ਘਰਾਂ ਵਿਚ ਲੜਕੇ ਲੜਕੀ ਨੂੰ ਮਾਈਏਂ ਪਾਣ ਵਾਲੇ ਦਿਨ 'ਵੱਡੇ ਅੱਡਦੇ' ਹਨ (ਭਾਵ) ਘਰ ਵਿਚ ਇਕ ਨਿਵੇਕਲੇ ਥਾਂ ਪੋਚਾ ਦੇ ਕੇ ਮਿੱਟੀ ਦੇ 'ਵੱਡੇ' ਬਣਾ ਕੇ ਉਹਨਾਂ ਦੇ ਅੱਗੇ ਪਾਣੀ ਦਾ ਘੜਾ ਭਰ ਕੇ ਰੱਖਦੇ ਹਨ। ਵਿਆਹ ਵਾਲੇ ਕੁੜੀ ਤੇ ਮੁੰਡਾ ਮੱਥਾ ਟੇਕਦੇ ਹਨ, ਤੇ ਇਸ ਤਰ੍ਹਾਂ ਆਪਣੇ ਪਿਤਰਾਂ ਪਾਸੋਂ 'ਕੁਸ਼ਲ' ਦੀ ਅਸੀਸ ਲੈਂਦੇ ਹਨ}।

ਸਰਜੀਉ = ਜਿੰਦ ਵਾਲੇ, ਜੀਊਂਦੇ ਜੀਵ। ਨਿਰਜੀਉ = ਨਿਰਜਿੰਦ ਦੇਵਤਿਆਂ ਤੇ ਪਿਤਰਾਂ ਨੂੰ ਜੋ ਮਿੱਟੀ ਦੇ ਬਣਾਏ ਹੁੰਦੇ ਹਨ। ਕਾਲ = ਸਮਾਂ। ਗਤਿ = ਹਾਲਤ, ਅਵਸਥਾ। ਰਾਮ ਨਾਮ ਕੀ ਗਤਿ = ਉਹ ਆਤਮਕ ਅਵਸਥਾ ਜੋ ਪ੍ਰਭੂ ਦਾ ਨਾਮ ਸਿਮਰਿਆਂ ਬਣਦੀ ਹੈ। ਸੰਸਾਰੀ ਭੈ = ਸੰਸਾਰੀ ਡਰ ਵਿਚ, ਲੋਕਾਚਾਰੀ ਰਸਮਾਂ ਦੇ ਡਰ ਵਿਚ, ਲੋਕਲਾਜ ਵਿਚ।3।

ਡੋਲਹਿ = ਡੋਲਦੇ ਹਨ, ਸਹਿਮੇ ਰਹਿੰਦੇ ਹਨ। ਅਕੁਲੁ = {ਅ-ਕੁਲੁ} ਉਹ ਪ੍ਰਭੂ ਜੋ ਕਿਸੇ ਕੁਲ-ਜਾਤ ਵਿਚ ਨਹੀਂ ਜੰਮਦਾ। ਬਿਖਿਆ = ਮਾਇਆ।4।

ਅਰਥ: ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ।1।

ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ। ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ।1। ਰਹਾਉ।

ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ, (ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ।2।

ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ, ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ (ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ।3।

ਕਬੀਰ ਆਖਦਾ ਹੈ– (ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ, ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ।4।1। 45।

ਸ਼ਬਦ ਦਾ ਭਾਵ: ਘਰ ਵਿਚ ਹਰ ਤਰ੍ਹਾਂ ਦਾ ਸੁਖ-ਆਨੰਦ ਬਣੇ ਰਹਿਣ ਦੀ ਖ਼ਾਤਰ ਭਰਮੀ ਲੋਕ ਪਿਤਰਾਂ ਨਿਮਿਤ ਸਰਾਧ ਕਰਦੇ ਹਨ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਦੇ ਅੱਗੇ ਕੁਰਬਾਨੀ ਦੇਂਦੇ ਹਨ; ਵਿਆਹਾਂ-ਸ਼ਾਦੀਆਂ ਸਮੇ 'ਵੱਡੇ ਅੱਡਦੇ ਹਨ', ਪਰ ਫਿਰ ਭੀ ਸਹਿਮ ਬਣਿਆ ਹੀ ਰਹਿੰਦਾ ਹੈ, ਕਿਉਂਕਿ ਸੁਖ ਅਨੰਦ ਦੇ ਸੋਮੇ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ। 45।

ਗਉੜੀ ॥ ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥ ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥ ਮੇਰੇ ਰਾਮ ਐਸਾ ਖੀਰੁ ਬਿਲੋਈਐ ॥ ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥ ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥ ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥ ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥ ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥ ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥ ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥ {ਪੰਨਾ 332-333}

ਪਦ ਅਰਥ: ਜੀਵਤ ਮਰੈ = ਜੀਊਂਦਾ ਹੀ ਮਰ ਜਾਂਦਾ ਹੈ, ਨਫ਼ਸਾਨੀ ਖ਼ਾਹਸ਼ਾਂ ਵਲੋਂ ਮਰਦਾ ਹੈ, ਮਨ ਨੂੰ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ। ਮਰੈ ਮਰੈ = ਮੁੜ ਮੁੜ ਮਰਦਾ ਹੈ, ਮੁੜ ਮੁੜ ਜਤਨ ਕਰ ਕੇ (ਨਫ਼ਸਾਨੀ ਖ਼ਾਹਸ਼ਾਂ ਵਲੋਂ) ਮਰਦਾ ਹੈ। ਐਸੇ = ਇਉਂ। ਫੁਨਿ = ਫਿਰ। ਜੀਵੈ = ਜੀਊ ਪੈਂਦਾ ਹੈ। ਸੁੰਨਿ = ਸੁੰਨ ਵਿਚ, ਸੁੰਞ ਵਿਚ, ਉਸ ਹਾਲਤ ਵਿਚ ਜਿਥੇ ਵਿਕਾਰਾਂ ਵਲੋਂ ਸੁੰਞ ਹੈ, ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਅੰਜਨ = ਕਾਲਖ, ਮਾਇਆ, ਦੁਨੀਆ। ਨਿਰੰਜਨਿ = ਨਿਰੰਜਨ ਵਿਚ, ਅੰਜਨ-ਰਹਿਤ ਪ੍ਰਭੂ ਵਿਚ। ਬਹੁੜਿ = ਮੁੜ ਕੇ, ਫਿਰ। ਭਵਜਲਿ = ਭਵਜਲ ਵਿਚ, ਘੁੰਮਣਘੇਰ ਵਿਚ।1।

ਮੇਰੇ ਰਾਮ = ਹੇ ਪਿਆਰੇ ਪ੍ਰਭੂ! ਖੀਰੁ = ਦੁੱਧ। ਬਿਲੋਈਐ = ਰਿੜਕਿਆ ਜਾਂਦਾ ਹੈ। ਮਨੂਆ = ਕਮਜ਼ੋਰ ਮਨ। ਅਸਥਿਰੁ ਰਾਖਹੁ = (ਹੇ ਮੇਰੇ ਰਾਮ! ਤੂੰ) ਅਡੋਲ ਰੱਖ। ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) । ਪੀਓਈਐ = ਪੀ ਲਈਦਾ ਹੈ।1। ਰਹਾਉ।

ਕੈ = ਦੀ ਰਾਹੀਂ। ਗੁਰ ਕੈ ਬਾਣਿ = ਗੁਰੂ ਦੇ (ਸ਼ਬਦ-ਰੂਪ) ਤੀਰ ਨਾਲ। ਬਜਰ = ਕਰੜੀ। ਕਲ = (ਮਨੋ-) ਕਲਪਣਾ। ਛੇਦੀ = ਵਿੱਝ ਗਈ। ਪਦੁ ਪਰਗਾਸਾ = ਪਰਕਾਸ਼ ਦਾ ਦਰਜਾ, ਉਹ ਹਾਲਤ ਜਿਥੇ ਸਹੀ ਸਮਝ ਪੈਦਾ ਹੋ ਜਾਂਦੀ ਹੈ। ਸਕਤਿ = ਮਾਇਆ। ਅਧੇਰਾ = ਹਨੇਰਾ। ਜੇਵੜੀ = ਰੱਸੀ। ਭ੍ਰਮੁ = ਭੁਲੇਖਾ। ਸਿਵ ਘਰਿ = ਸ਼ਿਵ ਦੇ ਘਰ ਵਿਚ, ਸਦਾ ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ। ਨਿਹਚਲੁ ਬਾਸਾ = ਅਟੱਲ ਟਿਕਾਣਾ।2।

ਤਿਨਿ = ਉਸ ਮਨੁੱਖ ਨੇ (ਜਿਸ ਨੇ 'ਗੁਰ ਕੈ ਬਾਣਿ ਬਜਰ ਕਲ ਛੇਦੀ') । ਬਾਣ = ਤੀਰ। ਬੇਧਿਆ = ਵਿੰਨ੍ਹ ਲਿਆ ਹੈ। ਭਾਈ = ਹੇ ਸੱਜਣ! ਦਹਦਿਸ = ਦਸੀਂ ਪਾਸੀਂ। ਬੂਡੀ = ਗੁੱਡੀ। ਪਵਨੁ = ਹਵਾ। ਝੁਲਾਵੈ = ਝਕੋਲੇ ਦੇਂਦੀ ਹੈ, ਉਡਾਉਂਦੀ ਹੈ। ਡੋਰਿ = ਸੁਰਤ ਦੀ ਡੋਰੀ।3।

ਉਨਮਨਿ = ਉਨਮਨ ਵਿਚ, ਬਿਰਹੋਂ ਅਵਸਥਾ ਵਿਚ, ਉਸ ਹਾਲਤ ਵਿਚ ਜਿਥੇ ਮਨ ਪ੍ਰਭੂ ਨੂੰ ਮਿਲਣ ਲਈ ਬੇਤਾਬ ਹੋ ਜਾਂਦਾ ਹੈ। ਦੁਬਿਧਾ = {ਦੁ-ਬਿਧਾ=ਦੋ ਕਿਸਮਾਂ ਦਾ, ਦੋ ਤਰ੍ਹਾਂ ਦੇ ਆਸਰੇ ਤੱਕਣ ਵਾਲੀ ਹਾਲਤ} ਦੁਚਿਤਾ-ਪਨ। ਭਾਗੀ = ਭੱਜ ਜਾਂਦੀ ਹੈ। ਕਬੀਰ = ਹੇ ਕਬੀਰ! ਅਨਭਉ = ਆਪਣੇ ਅੰਦਰੋਂ ਪੈਦਾ ਹੋਇਆ ਗਿਆਨ। ਇਕ ਅਨਭਉ = ਅਸਚਰਜ ਹੱਡ-ਬੀਤਿਆ ਚਮਤਕਾਰਾ। ਨਾਮਿ = ਨਾਮ ਵਿਚ।4।

ਅਰਥ: ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ।1।

ਹੇ ਪਿਆਰੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ।

ਹੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ) ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ।1। ਰਹਾਉ।

ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ) । (ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ।2।

ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ) ; (ਦੁਨੀਆ ਦੇ ਕੰਮ-ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ-ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ-ਨਿਰਬਾਹ ਦੀ ਖ਼ਾਤਰ ਉਹ ਕਿਰਤ-ਕਾਰ ਕਰਦਾ ਹੈ) , ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ।3।

ਹੇ ਕਬੀਰ! ਆਖ– ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ। ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ।4।2। 46।

ਸ਼ਬਦ ਦਾ ਭਾਵ: ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਮਨ ਨੂੰ ਵਿਕਾਰਾਂ ਵਲੋਂ ਰੋਕ ਲੈਂਦਾ ਹੈ। ਉਹ ਨਿਰਬਾਹ ਲਈ ਕਿਰਤ-ਕਾਰ ਤਾਂ ਕਰਦਾ ਹੈ, ਪਰ ਉਸ ਦੀ ਸੁਰਤ ਸਦਾ-ਪ੍ਰਭੂ ਚਰਨਾਂ ਵਿਚ ਹੀ ਰਹਿੰਦੀ ਹੈ। 46।

TOP OF PAGE

Sri Guru Granth Darpan, by Professor Sahib Singh