ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 333

ਗਉੜੀ ਬੈਰਾਗਣਿ ਤਿਪਦੇ ॥ ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥ ਮੇਰੇ ਮਨ ਮਨ ਹੀ ਉਲਟਿ ਸਮਾਨਾ ॥ ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥ ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥ ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥ ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥ {ਪੰਨਾ 333}

ਪਦ ਅਰਥ: ਉਲਟਤ = ਉਲਟਾਂਦਿਆਂ ਹੀ, ਪਰਤਾਂਦਿਆਂ ਹੀ। ਪਵਨ = ਹਵਾ, (ਮਨ ਦੀ) ਹਵਾ, ਮਨ ਦੀ ਚੰਚਲਤਾ, ਭਟਕਣਾ, ਵਿਕਾਰਾਂ ਵਲ ਦੌੜ। ਖਟੁ = ਛੇ। ਚਕ੍ਰ ਖਟੁ = ਛੇ ਚੱਕਰ {ਜੋਗੀ ਲੋਕ ਸਰੀਰ ਵਿਚ ਛੇ ਚੱਕ੍ਰ ਮੰਨਦੇ ਹਨ– (1) ਮੂਲਾਧਾਰ (ਗੁਦਾ ਮੰਡਲ ਦਾ ਚੱਕਰ) , (2) ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ) , (3) ਮਣਿਪੁਰ ਚੱਕ੍ਰ (ਧੁੰਨੀ ਦੇ ਕੋਲ) , (4) ਅਨਾਹਤ ਚੱਕ੍ਰ (ਹਿਰਦੇ ਵਿਚ) , (5) ਵਿਸ਼ੁੱਧ ਚੱਕ੍ਰ (ਗਲੇ ਵਿਚ) , (6) ਆਗਿਆ ਚੱਕ੍ਰ (ਭਰਵੱਟਿਆਂ ਦੇ ਵਿਚਕਾਰ) । ਜਦੋਂ ਜੋਗੀ ਲੋਕ ਸਮਾਧੀ ਲਾਣ ਲੱਗਦੇ ਹਨ, ਤਾਂ ਪ੍ਰਾਣਾਯਾਮ ਨਾਲ ਸੁੱਧ ਕੀਤੀ ਹੋਈ ਪੌਣ ਨੂੰ ਗੁਦਾ ਦੇ ਨੇੜੇ ਇਕ ਕੁੰਡਲਨੀ ਨਾੜੀ ਵਿਚ ਚੜ੍ਹਾਉਂਦੇ ਹਨ, ਉਹ ਨਾੜੀ ਗੁਦਾ ਦੇ ਚੱਕ੍ਰ ਤੋਂ ਲੈ ਕੇ ਦਸਮ-ਦੁਆਰ ਤਕ ਅਪੜਦੀ ਹੈ। ਵਿਚਕਾਰਲੇ ਚੱਕ੍ਰਾਂ ਨਾਲ ਭੀ ਉਸ ਨਾੜੀ ਦਾ ਮੇਲ ਹੁੰਦਾ ਹੈ। ਸੋ, ਜੋਗੀ ਪਵਣ ਨੂੰ ਮੂਲਾਧਾਰ ਚੱਕ੍ਰ ਤੋਂ ਖਿੱਚ ਕੇ, ਵਿਚਕਾਰਲੇ ਚੱਕ੍ਰਾਂ ਵਿਚੋਂ ਦੀ ਲੰਘਾ ਦੇ ਦਸਮ-ਦੁਆਰ ਵਿਚ ਲੈ ਜਾਂਦੇ ਹਨ ਅਤੇ ਉੱਥੇ ਰੋਕ ਲੈਂਦੇ ਹਨ। ਜਿਤਨਾ ਚਿਰ ਸਮਾਧੀ ਲਾਈ ਰੱਖਣੀ ਹੋਵੇ, ਉਤਨਾ ਚਿਰ ਪ੍ਰਾਣਾਂ ਨੂੰ ਹੇਠ ਉਤਰਨ ਨਹੀਂ ਦੇਂਦੇ। } ਭੇਦੇ = ਵਿੰਨ੍ਹੇ ਜਾਂਦੇ ਹਨ। ਸੁੰਨ = ਸੁੰਞ, ਅਫੁਰ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਇਸ ਵਿਚ ਕੋਈ ਮਾਇਕ ਫੁਰਨਾ ਨਹੀਂ ਉਠਦਾ। ਅਨੁਰਾਗੀ = ਅਨੁਰਾਗ ਕਰਨ ਵਾਲਾ, ਪ੍ਰੇਮ ਕਰਨ ਵਾਲਾ, ਪ੍ਰੇਮੀ, ਆਸ਼ਿਕ। ਸੁੰਨ ਅਨੁਰਾਗੀ = ਸੁੰਨ ਦਾ ਪ੍ਰੇਮੀ, ਅਫੁਰ ਅਵਸਥਾ ਦਾ ਪ੍ਰੇਮੀ। ਜੀਵੈ = ਜੰਮਦਾ। ਤਾਸੁ = ਉਸ (ਪ੍ਰਭੂ) ਨੂੰ। ਖੋਜੁ = ਲੱਭ। ਬੈਰਾਗੀ = ਵੈਰਾਗਵਾਨ (ਹੋ ਕੇ) , ਵਿਕਾਰਾਂ ਵਲੋਂ ਉਪਰਾਮ ਹੋ ਕੇ, ਨਫ਼ਸਾਨੀ ਖ਼ਾਹਸ਼ਾਂ ਵਲੋਂ ਹਟ ਕੇ।1।

ਮੇਰੇ ਮਨ = ਹੇ ਮੇਰੇ ਮਨ! ਮਨ ਹੀ ਉਲਟਿ = ਮਨ (ਦੀ ਪਵਨ) ਨੂੰ ਉਲਟਾ ਕੇ ਹੀ, ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਪਰਤਾ ਕੇ ਹੀ। ਸਮਾਨਾ = (ਪ੍ਰਭੂ ਵਿਚ) ਲੀਨ ਹੋ ਸਕੀਦਾ ਹੈ। ਪਰਸਾਦਿ = ਕਿਰਪਾ ਨਾਲ। ਭਈ ਅਵਰੈ = ਹੋਰ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਨਾਤਰੁ = ਨਹੀਂ ਤਾਂ, ਇਸ ਤੋਂ ਪਹਿਲਾਂ ਤਾਂ। ਥਾ = ਸੀ। ਬੇਗਾਨਾ = ਬਿਗਾਨਾ, ਓਪਰਾ, ਨਾਵਾਕਿਫ਼, (ਪ੍ਰਭੂ ਤੋਂ) ਵੱਖਰਾ।1। ਰਹਾਉ।

ਨਿਵਰੈ = ਨਿਅਰੈ, ਨੇੜੇ। ਜਿਨਿ = ਜਿਸ ਮਨੁੱਖ ਨੇ। ਜੈਸਾ ਕਰਿ = ਜਿਉਂ ਕਾ ਤਿਉਂ ਸਮਝ ਕੇ, ਸਹੀ ਤਰੀਕੇ ਨਾਲ, ਅਸਲ ਸਰੂਪ ਨੂੰ। ਅਲਉਤੀ = ਮਿਸਰੀ। ਬਰੇਡਾ = ਸ਼ਰਬਤ।2।

ਨਿਰਗੁਨ ਕਥਾ = ਉਸ ਸਰੂਪ (ਦੇ ਦੀਦਾਰ) ਦਾ ਬਿਆਨ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ; ਉਸ ਸਰੂਪ ਦਾ ਜ਼ਿਕਰ ਜਿਸ ਦੀ ਉਪਮਾ ਮਾਇਕ ਜਗਤ ਵਿਚੋਂ ਕਿਸੇ ਚੀਜ਼ ਨਾਲ ਦਿੱਤੀ ਨਾਹ ਜਾ ਸਕੇ। ਕਾਇ ਸਿਉ = ਕਿਸ ਬੰਦੇ ਨਾਲ? ਕੋਇ = ਕੋਈ ਵਿਰਲਾ। ਬਿਬੇਕੀ = ਵਿਚਾਰਵਾਨ। ਜਿਨਿ = ਜਿਸ ਮਨੁੱਖ ਨੇ। ਪਲੀਤਾ = (ਪ੍ਰੇਮ ਦਾ) ਪਲੀਤਾ। ਤਿਨਿ = ਉਸੇ ਮਨੁੱਖ ਨੇ। ਝਲ = ਝਲਕ, ਚਮਤਕਾਰ।3।

ਨੋਟ: 'ਰਹਾਉ' ਦੀ ਤੁਕ ਵਿਚ ਅਤੇ ਪਹਿਲੇ 'ਬੰਦ' ਵਿਚ 'ਮਨ' ਨੂੰ ਸੰਬੋਧਨ ਕੀਤਾ ਗਿਆ ਹੈ।

ਅਰਥ: ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ) ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।1। ਰਹਾਉ।

(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ। ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।1।

(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ-ਸੰਗ ਜਾਪਦਾ ਹੈ (ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ।2।

ਹੇ ਕਬੀਰ! ਆਖ– (ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ) ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ।3। 3। 47।

ਸ਼ਬਦ ਦਾ ਭਾਵ: ਜਦੋਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਦੀ ਸਮਝ ਵਿਚ ਤਬਦੀਲੀ ਆਉਂਦੀ ਹੈ, ਤਾਂ ਉਸ ਦਾ ਮਨ ਵਿਕਾਰਾਂ ਵਲੋਂ ਹਟਦਾ ਹੈ, ਤੇ ਸੁਰਤ ਪ੍ਰਭੂ ਦਾ ਸਿਫ਼ਤਿ-ਸਾਲਾਹ ਵਿਚ ਜੁੜਦੀ ਹੈ। ਜਿਉਂ ਜਿਉਂ ਪ੍ਰਭੂ ਦੀ ਯਾਦ ਤੇ ਪ੍ਰਭੂ ਦਾ ਪਿਆਰ ਹਿਰਦੇ ਵਿਚ ਵਧਦਾ ਹੈ, ਜੀਵਨ ਵਿਚ ਇਕ ਅਜੀਬ ਸਰੂਰ ਪੈਦਾ ਹੁੰਦਾ ਹੈ। ਪਰ ਉਹ ਸਰੂਰ ਬਿਆਨ ਨਹੀਂ ਹੋ ਸਕਦਾ। 47।

ਨੋਟ: ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਪਹਿਲੀ ਤੁਕ ਵਿਚ ਦਿੱਤੇ ਹੋਏ ਛੇ ਚੱਕ੍ਰਾਂ ਦੇ ਵਿੰਨ੍ਹਣ ਤੋਂ ਇਹ ਮਤਲਬ ਕਦੇ ਭੀ ਨਹੀਂ ਨਿਕਲ ਸਕਦਾ ਕਿ ਕਬੀਰ ਜੀ ਜੋਗ-ਸਮਾਧੀ ਦੀ ਪ੍ਰੋੜ੍ਹਤਾ ਕਰ ਰਹੇ ਹਨ। ਉਹ ਤਾਂ ਸਗੋਂ ਕਹਿ ਰਹੇ ਹਨ ਕਿ ਗੁਰੂ ਦੀ ਸ਼ਰਨ ਆ ਕੇ ਮਨ ਨੂੰ ਮਾਇਆ ਵਲੋਂ ਰੋਕਣ ਵਾਲੇ ਮਨੁੱਖ ਦੇ ਛੇ ਚੱਕ੍ਰ ਵਿੱਝ ਗਏ ਸਮਝੋ। ਨਰਮ ਜਿਹੇ ਲਫ਼ਜ਼ਾਂ ਵਿਚ ਕਹਿ ਦਿੱਤਾ ਹੈ ਕਿ ਇਹਨਾਂ ਛੇ ਚੱਕ੍ਰਾਂ ਨੂੰ ਵਿੰਨ੍ਹਣ ਦੀ ਲੋੜ ਹੀ ਨਹੀਂ ਹੈ।

ਗਉੜੀ ॥ ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥ ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥ ਸਹਜ ਕੀ ਅਕਥ ਕਥਾ ਹੈ ਨਿਰਾਰੀ ॥ ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥ ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥ ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥ ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥ ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥ {ਪੰਨਾ 333}

ਨੋਟ: ਟੀਕਾਕਾਰ ਸੱਜਣਾਂ ਨੇ ਇਸ ਸ਼ਬਦ ਬਾਰੇ ਵਖੋ-ਵਖ ਖ਼ਿਆਲ ਦਿੱਤੇ ਹਨ। ਕਿਸੇ ਨੇ ਲਿਖਿਆ ਹੈ ਕਿ ਇੱਥੇ ਗੁਰਾਂ ਦੇ ਰਹਿਣ ਦੇ ਅਸਥਾਨ ਦਾ ਜ਼ਿਕਰ ਹੈ; ਕਿਸੇ ਨੇ ਇਸ ਸ਼ਬਦ ਵਿਚ ਸਹਿਜ-ਸਰੂਪ ਪਰਮਾਤਮਾ ਦਾ ਬਿਆਨ ਸਮਝਿਆ ਹੈ; ਅਤੇ ਕਈ ਸੱਜਣ ਇੱਥੇ ਸਹਿਜ ਜਾਂ ਚੌਥੀ ਅਵਸਥਾ ਦਾ ਹਾਲ ਬਿਆਨ ਕੀਤਾ ਮੰਨਦੇ ਹਨ।

ਪਰ ਸ਼ਬਦ ਦਾ ਅਰਥ ਕਰਨ ਵੇਲੇ ਕਿਸੇ ਸੱਜਣ ਨੇ ਭੀ ਹਰੇਕ ਲਫ਼ਜ਼ ਦੇ ਅਰਥ ਦੇਣ ਤੋਂ ਅਗਾਂਹ ਕਬੀਰ ਜੀ ਦਾ ਭਾਵ ਸਮਝਾਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਰੇ ਟੀਕਾਕਾਰ ਇਉਂ ਹੀ ਲਿਖਦੇ ਤੁਰੇ ਗਏ ਹਨ:

"ਉੱਥੇ ਵਰਖਾ-ਰੁੱਤ ਨਹੀਂ ਹੈ, ਨਾਹ ਸਮੁੰਦਰ ਹੈ, ਨਾਹ ਧੁੱਪ ਹੈ, ਨਾਹ ਛਾਂ। ......ਉਹ ਨਾਹ ਹੌਲੀ ਲਗਦੀ ਹੈ, ਨਾਹ ਭਾਰੀ। ਹੇਠਾਂ ਉਤਾਂਹ ਦਿਸ਼ਾ ਦਾ ਉੱਥੇ ਵਿਚਾਰ ਨਹੀਂ ਹੈ। ਨਾਹ ਰਾਤ ਹੈ ਨਾਹ ਦਿਨ, ਨਾਹ ਪਾਣੀ ਹੈ ਨਾਹ ਹਵਾ। ਸਤਿਗੁਰ ਉੱਥੇ ਵੱਸਦਾ ਹੈ। ....... "

ਇਸ ਅਰਥ ਵਿਚੋਂ ਇਹ ਸਮਝ ਨਹੀਂ ਪੈ ਸਕਦੀ ਕਿ ਕਬੀਰ ਜੀ ਦਾ ਅਸਲ ਭਾਵ ਕੀਹ ਹੈ, ਤੇ ਅਸਲੀ ਜੀਵਨ ਵਿਚ ਇਹ ਸ਼ਬਦ ਸਾਡੀ ਕੀਹ ਅਗਵਾਈ ਕਰ ਸਕਦਾ ਹੈ।

ਹਰੇਕ ਸ਼ਬਦ ਦਾ ਮੁਖ ਭਾਵ 'ਰਹਾਉ' ਦੀਆਂ ਤੁਕਾਂ ਵਿਚ ਹੁੰਦਾ ਹੈ। ਇਥੇ ਸਾਫ਼ ਤੌਰ ਤੇ 'ਸਹਜ' ਅਵਸਥਾ ਦਾ ਜ਼ਿਕਰ ਹੈ। ਸੋ, ਇਹ ਆਖਣਾ ਗ਼ਲਤ ਹੈ, ਕਿ ਇਸ ਸ਼ਬਦ ਵਿਚ ਪਰਮਾਤਮਾ ਦੇ ਸਰੂਪ ਦਾ ਵਰਨਣ ਹੈ, ਜਾਂ ਗੁਰਾਂ ਦੇ ਰਹਿਣ ਦੇ ਅਸਥਾਨ ਦਾ ਬਿਆਨ ਹੈ।

ਫਿਰ ਭੀ ਸਹਿਜ-ਅਵਸਥਾ ਬਾਬਤ ਇਹ ਆਖਣਾ ਕਿ 'ਓਥੇ ਧੁੱਪ ਨਹੀਂ, ਓਥੇ ਛਾਂ ਨਹੀਂ, ਉਥੇ ਮੀਂਹ ਨਹੀਂ, ਉਹ ਹੌਲੀ ਨਹੀਂ ਉਹ ਭਾਰੀ ਨਹੀਂ, ਉਥੇ ਦਿਨ ਨਹੀਂ ਉਥੇ ਰਾਤ ਨਹੀਂ, ਉਥੇ ਹਵਾ ਨਹੀਂ, ਉਥੇ ਪਾਣੀ ਨਹੀਂ, ਉਥੇ ਅੱਗ ਨਹੀਂ। ' ਇਹ ਇਕ ਅਜੀਬ ਜਿਹੀ ਗੱਲ ਜਾਪਦੀ ਹੈ। ਮਹਾਂਪੁਰਖਾਂ ਦੀ ਇਹ ਬਾਣੀ ਹਰੇਕ ਮਨੁੱਖ-ਮਾਤ੍ਰ ਦੇ ਜੀਵਨ-ਸਫ਼ਰ ਵਿਚ ਰਹਿਬਰੀ ਦਾ ਕੰਮ ਕਰਦੀ ਹੈ। ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਚਾਹੇ ਕਿਤਨੀ ਭੀ ਉੱਚੀ ਤੇ ਡੂੰਘੀ ਆਤਮ-ਉਡਾਰੀ ਹੋਵੇ, ਫਿਰ ਭੀ ਇਸ ਨੂੰ ਪੜ੍ਹਨ ਵਾਲੇ ਨੇ ਪਹਿਲੀ ਗੱਲ ਇਹ ਵੇਖਣੀ ਹੈ ਕਿ ਮੈਨੂੰ ਇਸ ਵਿਚੋਂ ਜੀਵਨ-ਸਫ਼ਰ ਲਈ ਕਿਹੜਾ ਰਾਹ ਮਿਲਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਤੇ 'ਸਹਿਜ' ਅਵਸਥਾ ਦਾ ਜ਼ਿਕਰ ਹੈ। ਨਾਮ-ਸਿਮਰਨ ਅਤੇ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਇਹ ਅਵਸਥਾ ਮਿਲਦੀ ਹੈ; ਜਿਵੇਂ:

'ਰਸਨਾ ਗੁਣ ਗੋਪਾਲ ਨਿਧਿ ਗਾਇਣ ॥ ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥1॥ਰਹਾਉ॥ {ਟੋਡੀ ਮ: 5

ਭਾਵ = ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨੁੱਖ ਦੇ ਮਨ ਵਿਚ ਸਹਿਜ ਅਵਸਥਾ ਪੈਦਾ ਹੁੰਦੀ ਹੈ, ਮਨ ਵਿਚ ਸ਼ਾਂਤੀ ਉਪਜਦੀ ਹੈ, ਮਨ ਵਿਚ ਰਹੱਸ (ਖਿੜਾਉ) ਪੈਦਾ ਹੁੰਦਾ ਹੈ।

ਇਥੋਂ ਇਹ ਗੱਲ ਸਾਫ਼ ਹੋ ਗਈ ਕਿ ਸਹਿਜ ਅਵਸਥਾ ਕੋਈ ਐਸੀ ਅਵਸਥਾ ਹੈ ਜਿਸ ਵਿਚ ਸ਼ਾਂਤੀ-ਖਿੜਾਓ ਦਾ ਹੋਣਾ ਜ਼ਰੂਰੀ ਹੈ।

ਇਸੇ ਤਰ੍ਹਾਂ: ਸਸੂ ਤੇ ਪਿਰਿ ਕੀਨੀ ਵਾਖਿ। ਦੇਰ ਜਿਠਾਣੀ ਮੁਈ ਦੂਖਿ ਸੰਤਾਪਿ। ਘਰ ਕੇ ਜਿਠੇਰੇ ਕੀ ਚੂਕੀ ਕਾਣਿ। ਪਿਰਿ ਰਖਿਆ ਕੀਨੀ ਸੁਘੜ ਸੁਜਾਣਿ।1। ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰਿ ਮੋਕਉ ਹਰਿ ਨਾਮੁ ਦਿਵਾਇਆ। ਰਹਾਉ। ਪ੍ਰਥਮੈ ਤਿਆਗੀ ਹਉਮੈ ਪ੍ਰੀਤਿ। ਦੁਤੀਆ ਤਿਆਗੀ ਲੋਗਾ ਰੀਤਿ। ਤ੍ਰੈਗੁਣ ਤਿਆਗਿ ਦੁਰਜਨ ਮੀਤ ਸਮਾਨੇ। ਤੁਰੀਆ ਗੁਣੁ ਮਿਲਿ ਸਾਧ ਪਛਾਨੇ।2। ਸਹਜ ਗੁਛਾ ਮਹਿ ਆਸਣ ਬਾਧਿਆ। ਜੋਤਿ ਸਰੂਪ ਅਨਾਹਦੁ ਵਾਜਿਆ। ਮਹਾ ਅਨੰਦੁ ਗੁਰ ਸਬਦੁ ਵੀਚਾਰਿ। ਪ੍ਰਿਅ ਸਿਉ ਰਾਤੀ ਧਨ ਸੁਹਾਗਣਿ ਨਾਰਿ।3।4।

{ਆਸਾ ਮ: 5

ਭਾਵ = ਜਦੋਂ ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ ਤਾਂ ਪ੍ਰਭੂ ਨਾਲ ਪ੍ਰੇਮ ਕਰਨ ਦਾ ਅਜਿਹਾ ਸੁਆਦ ਆਇਆ ਕਿ ਮਾਇਆ ਵਲੋਂ ਮੋਹ ਟੁੱਟ ਗਿਆ; ਹਉਮੈ ਤੇ ਲੋਕਲਾਜ ਆਦਿਕ ਮੁੱਕ ਗਏ, ਮਨ ਸਹਿਜ ਅਵਸਥਾ ਵਿਚ ਟਿਕ ਗਿਆ। ਜਿਉਂ ਜਿਉਂ ਸਤਿਗੁਰੂ ਦੇ ਸ਼ਬਦ ਵਿਚ ਚਿੱਤ ਜੋੜਿਆ; ਅਨੰਦ ਹੀ ਅਨੰਦ ਪੈਦਾ ਹੁੰਦਾ ਗਿਆ।

ਮੁੱਕਦੀ ਗੱਲ, ਜਿਸ ਕਿਸੇ ਭੀ ਸ਼ਬਦ ਵਿਚ 'ਸਹਿਜ' ਅਵਸਥਾ ਦੀ ਖਿੱਚੀ ਹੋਈ ਤਸਵੀਰ ਵੇਖੋਗੇ, ਓਥੇ ਸ਼ਾਂਤੀ, ਠੰਢ, ਹਉਮੈ ਦਾ ਤਿਆਗ, ਖਿੜਾਓ ਆਦਿਕ ਦਾ ਜ਼ਿਕਰ ਦਿੱਸੇਗਾ। ਨਹੀਂ ਤਾਂ ਹੋਰ ਉਹ ਕਿਹੜਾ ਸਰੂਪ ਹੈ 'ਸਹਿਜ' ਦਾ, ਜੋ ਇਨਸਾਨੀ ਸਮਝ ਵਿਚ ਆ ਸਕੇ ਤੇ ਮਨੁੱਖ ਦੇ ਅਮਲੀ ਜੀਵਨ ਵਿਚ ਆ ਸਕੇ? ਸਤਿਗੁਰੂ ਦੀ ਬਾਣੀ ਨੇ ਇਨਸਾਨ ਦੇ ਜੀਵਨ ਵਿਚ ਤਬਦੀਲੀ ਪੈਦਾ ਕਰਨੀ ਹੈ; ਨਿਰਾ ਦਿਮਾਗ਼ੀ ਤੌਰ ਤੇ ਨਹੀਂ ਸਗੋਂ ਅਮਲੀ ਜੀਵਨ ਵਿਚ ਭੀ। ਸਾਧਾਰਨ ਤੌਰ ਤੇ ਆਸ਼ਾ-ਤ੍ਰਿਸ਼ਨਾ ਦਾ ਮਾਰਿਆ ਹੋਇਆ ਜੀਵ ਦਰ ਦਰ ਤੇ ਭਟਕਦਾ ਹੈ, ਚੰਚਲ ਮਨ ਇਸ ਨੂੰ ਹਰ ਪਾਸੇ ਭਜਾਈ ਫਿਰਦਾ ਹੈ। ਇਥੋਂ ਦੀਆਂ ਤਾਂਘਾਂ ਅਜੇ ਮੁੱਕਦੀਆਂ ਨਹੀਂ, ਪਰਲੋਕ ਦੇ ਭੀ ਕਈ ਨਕਸ਼ੇ ਖੜੇ ਕਰ ਲੈਂਦਾ ਹੈ। ਸੁਰਗ ਆਦਿਕ ਦੀਆਂ ਆਸਾਂ ਬਣਾ ਕੇ ਕਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ। ਉਹਨਾਂ ਦੇਵਤਿਆਂ ਦੇ ਰਹਿਣ ਦੇ ਅਜਬ ਅਜਬ ਟਿਕਾਣੇ ਇਸ ਨੇ ਮੰਨ ਰੱਖੇ ਹਨ ਕਈ 'ਲੋਕ' ਤੇ ਕਈ 'ਪੁਰੀਆਂ' ਇਸ ਦੇ ਮਨ ਨੂੰ ਖਿੱਚ ਪਾਂਦੀਆਂ ਹਨ। ਕਦੇ ਬ੍ਰਾਹਮਣਾਂ ਪੰਡਿਤਾਂ ਪਾਸੋਂ ਕਥਾ ਕਹਾਣੀਆਂ ਸੁਣ ਵੇਖੋ, ਇੰਦਰ-ਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਵਿਸ਼ਨੂੰ-ਪੁਰੀ, ਸੂਰਜ-ਲੋਕ, ਚੰਦਰ-ਲੋਕ, ਪਿਤਰ-ਲੋਕ ਆਦਿਕ ਦੇ ਹੀ ਜ਼ਿਕਰ ਹੋਣਗੇ। ਸੁਣ ਸੁਣ ਕੇ ਸ੍ਰੋਤਾ-ਗਣਾਂ ਦੇ ਮੂੰਹ ਵਿਚ ਪਾਣੀ ਭਰ ਆਉਂਦਾ ਹੈ ਕਿ ਕਿਵੇਂ ਸਾਨੂੰ ਭੀ ਉਥੇ ਅੱਪੜਨਾ ਨਸੀਬ ਹੋਵੇ। ਤੀਰਥ ਯਾਤਰਾ, ਦਾਨ-ਪੁੰਨ ਆਦਿਕ ਸਾਰੇ ਕਰਮ-ਕਾਂਡ ਦਾ ਨਿਸ਼ਾਨਾ ਇਹੀ 'ਪੁਰੀਆਂ' ਤੇ 'ਲੋਕ' ਹਨ। ਇਹ ਗੱਲ ਉਥੇ ਕੋਈ ਵਿਰਲਾ ਸੋਚਦਾ ਹੈ ਕਿ ਜਿਹੜਾ ਜੀਵਨ ਜੀਉ ਰਹੇ ਹਾਂ, ਇਸ ਦਾ ਕੀਹ ਹਾਲ ਹੈ, ਇਥੇ ਮਨ ਨੂੰ ਕੋਈ ਠੰਢ-ਸ਼ਾਂਤੀ ਮਿਲਦੀ ਹੈ ਕਿ ਨਹੀਂ? ਤੇ ਜਿਹੜੇ ਨਿਸ਼ਾਨੇ ਇਹਨਾਂ ਧਾਰਮਿਕ ਬੰਦਿਆਂ ਨੇ ਬਣਾਏ ਹੁੰਦੇ ਹਨ ਉਹਨਾਂ ਦੀ ਅਸਲੀਅਤ ਇਉਂ ਦੱਸੀ ਜਾ ਰਹੀ ਹੈ:

"ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥ ਓਛੇ ਤਪ ਕਰਿ ਬਾਹਰਿ ਐਬੋ ॥1॥ ਕਿਆ ਮਾਂਗਉ ਕਿਛੁ ਥਿਰੁ ਨਾਹੀ ॥ ਰਾਮ ਨਾਮ ਰਖੁ ਮਨ ਮਾਹੀ ॥1॥ਰਹਾਉ॥........ਕਹਤ ਕਬੀਰ ਅਵਰ ਨਾਹੀ ਕਾਮਾ ॥ ਹਮਰੈ ਮਨ ਧਨ ਰਾਮ ਕੋ ਨਾਮਾ ॥4॥4॥ {ਧਨਾਸਰੀ ਕਬੀਰ ਜੀ

ਭਾਵ = ਤਪ ਆਦਿਕ ਕਰ ਕੇ ਇੰਦ੍ਰ-ਪੁਰੀ ਸ਼ਿਵ-ਪੁਰੀ ਆਦਿਕ ਵਿਚ ਅੱਪੜਨ ਦੀ ਤਾਂਘ ਛੱਡ ਦਿਉ। ਤੁਹਾਡੇ ਸ਼ਾਸਤ੍ਰ ਹੀ ਆਖਦੇ ਹਨ ਕਿ ਤਪਾਂ ਦਾ ਪ੍ਰਭਾਵ ਮੁੱਕਣ ਤੇ ਇਹਨਾਂ ਪੁਰੀਆਂ ਵਿਚੋਂ ਭੀ ਧੱਕਾ ਮਿਲ ਜਾਇਗਾ। ਸਦਾ ਸਾਥ ਨਿਭਾਉਣ ਵਾਲੀ ਰਾਸ-ਪੂੰਜੀ ਪ੍ਰਭੂ ਦਾ ਨਾਮ ਹੀ ਹੈ। ਅਤੇ;

ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥1॥ਰਹਾਉ॥ ਇੰਦ੍ਰਪੁਰੀ ਮਹਿ ਸਰਪਰ ਮਰਣਾ ॥ ਬ੍ਰਹਮਪੁਰੀ ਨਿਹਚਲੁ ਨਹੀ ਰਹਿਣਾ ॥ ਸਿਵਪੁਰੀ ਕਾ ਹੋਇਗਾ ਕਾਲਾ ॥ ਤ੍ਰੈਗੁਣ ਮਾਇਆ ਬਿਨਸਿ ਬਿਤਾਲਾ ॥2॥...ਸਹਜ ਸਿਫਤਿ ਭਗਤਿ ਤਤੁ ਗਿਆਨਾ ॥ ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥ ਤਹਾ ਸੰਗਤਿ ਸਾਧ ਗੁਣ ਰਸੈ ॥ ਅਨਭਉ ਨਗਰੁ ਤਹਾ ਸਦ ਫਸੈ ॥6॥4॥

{ਗਉੜੀ ਮਹਲਾ 5, ਅਸਟਪਦੀਆਂ

ਭਾਵ = ਸਹਿਜ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ = ਇਹ ਸਦਾ ਅਟੱਲ ਰਹਿਣ ਵਾਲੀ ਬਖ਼ਸ਼ਸ਼ ਹੈ। ਇਸ ਦੇ ਮੁਕਾਬਲੇ ਤੇ ਇੰਦ੍ਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਆਦਿਕ ਸਭ ਤੁੱਛ ਹਨ।

"ਸਹਿਜ" ਇਨਸਾਨੀ ਮਨ ਦੀ ਇਕ ਖ਼ਾਸ ਹਾਲਤ ਦਾ ਨਾਮ ਹੈ, ਪੂਰਨ ਖਿੜਾਉ ਤੇ ਅਡੋਲਤਾ ਦਾ ਨਾਮ ਹੈ, ਜਿੱਥੇ ਅੱਪੜਿਆਂ ਦੁਨੀਆ ਦੇ ਵੱਡੇ ਤੋਂ ਵੱਡੇ ਲਾਲਚ ਮਨੁੱਖ ਨੂੰ ਡੇਗ ਨਹੀਂ ਸਕਦੇ। ਸੋ, ਕਬੀਰ ਜੀ ਦੇ ਇਸ ਸ਼ਬਦ ਵਿਚ ਚੂੰਕਿ 'ਸਹਿਜ' ਅਵਸਥਾ ਦਾ ਹੀ ਜ਼ਿਕਰ ਹੈ, ਇਸ ਦਾ ਅਰਥ ਕਰਨ ਲੱਗਿਆਂ ਇਹੀ ਖ਼ਿਆਲ ਰੱਖਣਾ ਹੈ ਕਿ ਇੱਥੇ ਮਨੁੱਖ ਦੀ ਇਕ ਉੱਚੀ ਆਤਮਕ ਅਵਸਥਾ ਦਾ ਹਾਲ ਹੈ, ਜੋ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ। ਸ਼ਬਦ ਵਿਚ ਜੋ ਪਾਵਸ, ਸਿੰਧ ਆਦਿਕ ਲਫ਼ਜ਼ ਵਰਤੇ ਗਏ ਹਨ, ਇਹਨਾਂ ਦੇ ਕੋਈ ਹੋਰ ਡੂੰਘੇ ਅਰਥ ਹਨ, ਜੋ "ਸਹਿਜ" ਦੇ ਨਾਲ ਢੁਕ ਸਕਦੇ ਹੋਣ।

ਪਦ ਅਰਥ: ਤਹ = ਉੱਥੇ, ਉਸ ਅਵਸਥਾ ਵਿਚ, ਸਹਿਜ ਅਵਸਥਾ ਵਿਚ। ਪਾਵਸ = ਵਰਖਾ, {ਨੋਟ: ਵਰਖਾ ਦਾ ਰਾਜਾ ਇੰਦ੍ਰ ਮੰਨਿਆ ਗਿਆ ਹੈ। ਇਸ ਵਾਸਤੇ ਇਥੇ ਇਸ ਦਾ ਢੁਕਵਾਂ ਅਰਥ ਹੈ 'ਇੰਦ੍ਰਪੁਰੀ', ਜਿਥੇ ਵਰਖਾ ਦੀ ਕੋਈ ਥੁੜ ਹੀ ਨਹੀਂ ਹੋ ਸਕਦੀ} ਇੰਦ੍ਰਪੁਰੀ। ਸਿੰਧੁ = ਸਮੁੰਦਰ {ਨੋਟ: ਪੁਰਾਣਾਂ ਅਨੁਸਾਰ ਵਿਸ਼ਨੂ ਭਗਵਾਨ ਖੀਰ ਸਮੁੰਦਰ ਵਿਚ ਨਿਵਾਸ ਰੱਖਦੇ ਹਨ}, ਖੀਰ ਸਮੁੰਦਰ, ਵਿਸ਼ਨੂਪੁਰੀ। ਧੂਪ = ਧੁੱਪ, ਧੁੱਪ ਦਾ ਸੋਮਾ ਸੂਰਜ, ਸੂਰਜਲੋਕ। ਛਹੀਆ = ਛਾਂ, ਚੰਦ੍ਰਲੋਕ। ਉਤਪਤਿ = ਪੈਦਾਇਸ਼ {ਨੋਟ: ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਨੂੰ ਮੰਨਿਆ ਗਿਆ ਹੈ, ਸੋ} ਬ੍ਰਹਮਪੁਰੀ। ਪਰਲਉ = ਨਾਸ, {ਸ਼ਿਵ, ਸਾਰੀ ਸ੍ਰਿਸ਼ਟੀ ਦਾ ਨਾਸ ਕਰਨ ਵਾਲਾ ਹੈ, ਸੋ} ਸ਼ਿਵਪੁਰੀ। ਸਮਾਧਿ = ਟਿਕਾਉ, ਜੁੜੀ ਹੋਈ ਸੁਰਤ। ਸੁੰਨ = ਸੁੰਞ, ਮਨ ਦੀ ਉਹ ਹਾਲਤ ਜਿਥੇ ਕੋਈ ਮਾਇਕ ਫੁਰਨਾ ਨਾ ਉਠੇ; ਮਾਇਕ ਫੁਰਨਿਆਂ ਵਲੋਂ ਸੁੰਞ ਵਾਲੀ ਆਤਮਕ ਅਵਸਥਾ। ਸੁੰਨ ਸਮਾਧਿ = ਮਨ ਦੀ ਉਹ ਟਿਕਵੀਂ ਹਾਲਤ ਜਿੱਥੇ ਵਿਕਾਰਾਂ ਵਾਲੇ ਕੋਈ ਫੁਰਨੇ ਨਹੀਂ ਉਠਦੇ। ਦੋਉ = ਦ੍ਵੈਤ, ਵਿਤਕਰਾ, ਮੇਰ-ਤੇਰ।1।

ਸਹਜ = {sh jwXqy eiq shjz} ਜੋ ਜੀਵ ਦੇ ਨਾਲ ਹੀ ਜੰਮਦਾ ਹੈ, ਜੋ ਆਤਮਾ ਦਾ ਆਪਣਾ ਅਸਲਾ ਹੈ, ਰੱਬੀ ਅਸਲਾ, ਸ਼ਾਂਤੀ, ਅਡੋਲਤਾ। ਅਕਥ = ਜੋ ਮੁਕੰਮਲ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਨਿਰਾਰੀ = ਨਿਰਾਲੀ, ਅਨੋਖੀ। ਤੁਲਿ = ਤੱਕੜੀ ਉੱਤੇ। ਤੁਲਿ ਨਹੀ ਬਢੈ = ਤੋਲੀ ਨਹੀਂ ਜਾ ਸਕਦੀ, ਮਿਤ ਨਹੀਂ ਪਾਈ ਜਾ ਸਕਦੀ। ਜਾਇ ਨ ਮੁਕਾਤੀ = ਮੁਕਾਈ ਨਹੀਂ ਜਾ ਸਕਦੀ, ਉਸ ਦਾ ਅੰਤ ਨਹੀਂ ਪੈ ਸਕਦਾ।1। ਰਹਾਉ।

ਅਰਧ = ਨੀਵਾਂ। ਉਰਧ = ਉੱਚਾ। ਅਰਧ ਉਰਧ ਦੋਊ = ਅਰਧ ਉਰਧ ਦਾ ਵਿਤਕਰਾ, ਨੀਵੇਂ ਉੱਚੇ ਦਾ ਵਿਤਕਰਾ, ਇਹ ਖ਼ਿਆਲ ਕਿ ਫਲਾਣਾ ਉੱਚੀ ਜਾਤ ਆਦਿਕ ਦਾ ਹੈ ਤੇ ਫਲਾਣਾ ਨੀਵੀਂ ਦਾ। ਰਾਤਿ ਦਿਨਸੁ ਤਹ ਨਾਹੀ = ਉਸ ਸਹਿਜ ਅਵਸਥਾ ਵਿਚ ਜੀਵਾਂ ਦੀ ਰਾਤ ਵਾਲੀ ਹਾਲਤ ਭੀ ਨਹੀਂ ਤੇ ਦਿਨ ਵਾਲੀ ਭੀ ਨਹੀਂ। ਜੀਵ ਰਾਤ ਸੌਂ ਕੇ ਗੁਜ਼ਾਰ ਦੇਂਦੇ ਹਨ ਤੇ ਦਿਨ ਮਾਇਆ ਦੀ ਭਟਕਣਾ ਵਿਚ = ਇਹ ਦੋਵੇਂ ਗੱਲਾਂ ਸਹਿਜ ਅਵਸਥਾ ਵਿਚ ਨਹੀਂ ਹੁੰਦੀਆਂ। ਗ਼ਫ਼ਲਤ ਦੀ ਨੀਂਦ ਤੇ ਮਾਇਆ ਵਲ ਭਟਕਣਾ = ਇਹਨਾਂ ਦੋਹਾਂ ਦਾ ਉੱਥੇ ਅਭਾਵ ਹੈ। ਜਲੁ = ਪਾਣੀ, (ਸੰਸਾਰ-ਸਮੁੰਦਰ ਦੇ ਵਿਕਾਰਾਂ ਦਾ) ਜਲ। ਪਵਨੁ = ਹਵਾ, ਮਨ ਦੀ ਚੰਚਲਤਾ। ਪਾਵਕੁ = ਅੱਗ, ਤ੍ਰਿਸ਼ਨਾ ਦੀ ਅੱਗ।2।

ਅਗਮ = ਜਿਸ ਤਕ ਪਹੁੰਚ ਨਾਹ ਹੋ ਸਕੇ, ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ। ਨਿਰੰਤਰਿ = {ਅੰਤਰ-ਵਿੱਥ} ਵਿੱਛ ਤੋਂ ਬਿਨਾ, ਇਕ-ਰਸ, ਸਦਾ ਹੀ।3।

ਅਰਥ: ਮਨੁੱਖ ਦੇ ਮਨ ਦੀ ਅਡੋਲਤਾ ਇਕ ਐਸੀ ਹਾਲਤ ਹੈ ਜੋ (ਨਿਰਾਲੀ) ਆਪਣੇ ਵਰਗੀ ਆਪ ਹੀ ਹੈ, (ਇਸ ਵਾਸਤੇ) ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਅਵਸਥਾ ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਸਾਵੀਂ ਤੋਲੀ-ਮਿਣੀ ਨਹੀਂ ਜਾ ਸਕਦੀ। (ਦੁਨੀਆ ਵਿਚ ਕੋਈ ਐਸਾ ਸੁਖ-ਐਸ਼੍ਵਰਜ ਨਹੀਂ ਹੈ ਜਿਸ ਦੇ ਟਾਕਰੇ ਤੇ ਇਹ ਆਖਿਆ ਜਾ ਸਕੇ ਕਿ 'ਸਹਿਜ' ਅਵਸਥਾ ਇਸ ਤੋਂ ਘਟੀਆ ਹੈ ਜਾਂ ਵਧੀਆ ਹੈ) । ਇਹ ਨਹੀਂ ਕਿਹਾ ਜਾ ਸਕਦਾ ਕਿ (ਦੁਨੀਆ ਦੇ ਵਧੀਆ ਤੋਂ ਵਧੀਆ ਕਿਸੇ ਸੁਖ ਨਾਲੋਂ) ਇਹ ਹੌਲੇ ਮੇਲ ਦੀ ਹੈ ਜਾਂ ਚੰਗੀ ਹੈ (ਭਾਵ, ਦੁਨੀਆ ਦਾ ਕੋਈ ਭੀ ਸੁਖ ਇਸ ਅਵਸਥਾ ਨਾਲ ਬਰਾਬਰੀ ਨਹੀਂ ਕਰ ਸਕਦਾ) ।1। ਰਹਾਉ।

(ਉਹ ਅਡੋਲ ਅਵਸਥਾ ਐਸੀ ਹੈ ਕਿ) ਉਸ ਵਿਚ (ਅੱਪੜ ਕੇ ਮਨੁੱਖ ਨੂੰ) ਇੰਦ੍ਰਪੁਰੀ, ਵਿਸ਼ਨੂੰ-ਪੁਰੀ, ਸੂਰਜ-ਲੋਕ, ਚੰਦ੍ਰ-ਲੋਕ, ਬ੍ਰਹਮ-ਪੁਰੀ, ਸ਼ਿਵ-ਪੁਰੀ = (ਕਿਸੇ ਦੀ ਭੀ ਤਾਂਘ) ਨਹੀਂ ਰਹਿੰਦੀ। ਨਾਹ (ਹੋਰ ਹੋਰ) ਜੀਊਣ (ਦੀ ਲਾਲਸਾ) , ਨਾਹ ਮੌਤ (ਦਾ ਡਰ) , ਨਾਹ ਕੋਈ ਦੁਖ, ਨਾਹ ਸੁਖ (ਭਾਵ, ਦੁੱਖ ਤੋਂ ਘਬਰਾਹਟ ਜਾਂ ਸੁਖ ਦੀ ਤਾਂਘ) , ਸਹਿਜ ਅਵਸਥਾ ਵਿਚ ਅੱਪੜਿਆਂ ਕੋਈ ਭੀ ਨਹੀਂ ਪੁਂਹਦਾ। ਉਹ ਮਨ ਦੀ ਇਕ ਅਜਿਹੀ ਟਿਕਵੀਂ ਹਾਲਤ ਹੁੰਦੀ ਹੈ ਕਿ ਉਸ ਵਿਚ ਵਿਕਾਰਾਂ ਦਾ ਕੋਈ ਫੁਰਨਾ ਉਠਦਾ ਹੀ ਨਹੀਂ, ਨਾਹ ਹੀ ਕੋਈ ਮੇਰ-ਤੇਰ ਰਹਿ ਜਾਂਦੀ ਹੈ।1।

'ਸਹਿਜ' ਵਿਚ ਅੱਪੜਿਆਂ ਨੀਵੇਂ ਉੱਚੇ ਵਾਲਾ ਕੋਈ ਵਿਤਕਰਾ ਨਹੀਂ ਰਹਿੰਦਾ; (ਇੱਥੇ ਅੱਪੜਿਆ ਮਨੁੱਖ) ਨਾਹ ਗ਼ਫ਼ਲਤ ਦੀ ਨੀਂਦ (ਸੌਂਦਾ ਹੈ) , ਨਾਹ ਮਾਇਆ ਦੀ ਭਟਕਣਾ (ਵਿਚ ਭਟਕਦਾ ਹੈ) (ਕਿਉਂਕਿ) ਉਸ ਅਵਸਥਾ ਵਿਚ ਵਿਸ਼ੇ-ਵਿਕਾਰ, ਚੰਚਲਤਾ ਅਤੇ ਤ੍ਰਿਸ਼ਨਾ = ਇਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿੰਦਾ। (ਬੱਸ!) ਸਤਿਗੁਰੂ ਹੀ ਸਤਿਗੁਰੂ ਉਸ ਅਵਸਥਾ ਸਮੇ (ਮਨੁੱਖ ਦੇ ਹਿਰਦੇ ਵਿਚ) ਟਿਕੇ ਹੁੰਦੇ ਹਨ।2।

ਤਦੋਂ ਅਪਹੁੰਚ ਤੇ ਅਗੋਚਰ ਪਰਮਾਤਮਾ (ਭੀ ਮਨੁੱਖ ਦੇ ਹਿਰਦੇ ਵਿਚ) ਇੱਕ-ਰਸ ਸਦਾ (ਪਰਗਟ ਹੋਇਆ) ਰਹਿੰਦਾ ਹੈ, (ਪਰ) ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ।

ਹੇ ਕਬੀਰ! (ਤੂੰ ਭੀ) ਆਖ– ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਮੈਂ (ਆਪਣੇ ਗੁਰੂ ਦੀ) ਸੁਹਣੀ ਸੰਗਤ ਵਿਚ ਹੀ ਜੁੜਿਆ ਰਹਾਂ।3।4। 48।

ਗਉੜੀ ॥ ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥ ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥ ਐਸਾ ਨਾਇਕੁ ਰਾਮੁ ਹਮਾਰਾ ॥ ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥ ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥ ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥ ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥ ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥ {ਪੰਨਾ 333}

ਪਦ ਅਰਥ: ਬੈਲ = ਬਲਦ। ਬਿਸਾਹੇ = ਖ਼ਰੀਦੇ ਹਨ। ਪਵਨੁ = ਸੁਆਸ। ਪੂਜੀ = ਰਾਸ। ਪਰਗਾਸਿਓ = ('ਸਾਰਾ ਸੰਸਾਰ') ਪਰਗਟ ਹੋਇਆ ਹੈ, ਜੰਮਿਆ ਹੈ। ਗੂਣਿ = ਛੱਟ, ਜਿਸ ਵਿਚ ਸੌਦਾ ਪਾਇਆ ਹੁੰਦਾ ਹੈ। ਘਟ ਭੀਤਰਿ = ਹਿਰਦੇ ਵਿਚ। ਇਨ ਬਿਧਿ = ਇਸ ਤਰੀਕੇ ਨਾਲ। ਟਾਂਡ = ਮਾਲ, ਸੌਦਾ, ਵਪਾਰ ਦੇ ਮਾਲ ਨਾਲ ਲੱਦਿਆ ਹੋਇਆ ਬੈਲਾਂ ਦਾ ਵੱਗ। ਬਿਸਾਹਿਓ = ਖ਼ਰੀਦਿਆ ਹੈ।1।

ਨਾਇਕੁ = ਸ਼ਾਹ।1। ਰਹਾਉ।

ਜਗਾਤੀ = ਮਸੂਲੀਏ। ਮਤ ਤਰੰਗ = ਮਨ ਦੇ ਤਰੰਗ, ਮਨ ਦੀਆਂ ਲਹਿਰਾਂ। ਬਟਵਾਰਾ = ਡਾਕੂ, ਲੁਟੇਰੇ। ਪੰਚ ਤਤੁ = ਪੰਜ ਤੱਤੀ ਸਰੀਰ। ਦਾਨੁ = ਬਖ਼ਸ਼ਸ਼, ਰੱਬ ਵਲੋਂ ਮਿਲੀ ਹੋਈ ਸੁਆਸਾਂ ਦੀ ਪੂੰਜੀ-ਰੂਪ ਬਖ਼ਸ਼ਸ਼। ਨਿਬੇਰਹਿ = ਮੁਕਾਉਂਦੇ ਹਨ। ਟਾਂਡਾ = ਲੱਦਿਆ ਹੋਇਆ ਵਪਾਰ ਦਾ ਮਾਲ। ਉਤਰਿਓ ਪਾਰਾ = ਅਗਲੇ ਪਾਸੇ ਲੰਘ ਜਾਂਦਾ ਹੈ।2।

ਅਬ = ਹੁਣ (ਜਦੋਂ ਰਾਮ ਦੇ ਨਾਮ ਦੀ ਘਾਟੀ ਚੜ੍ਹਨੀ ਸ਼ੁਰੂ ਕੀਤੀ) । ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ। ਬੈਲੁ ਇਕੁ = (ਪਾਪ ਤੇ ਪੁੰਨ ਦੋ ਬੈਲਾਂ ਵਿਚੋਂ) ਇੱਕ ਬੈਲ, ਪਾਪ-ਰੂਪ ਬੈਲ। ਚਲੋ = ਤੁਰ ਪਿਆ (=ਚਲ੍ਯ੍ਯੋ) ; ਨੋਟ: ਅੱਖਰ 'ਲ' ਦੇ ਹੇਠ ਅੱਧਾ ਯ ਪੜ੍ਹਨਾ ਹੈ {ਇਹ ਲਫ਼ਜ਼ 'ਹੁਕਮੀ ਭਵਿਖਤ' Imperative mood ਨਹੀਂ ਹੈ, ਉਸ ਦਾ ਜੋੜ "ਚਲਹੁ" ਹੁੰਦਾ ਹੈ}। ਗੋਨਿ = (ਤ੍ਰਿਸ਼ਨਾ ਦੀ) ਛੱਟ। ਛਿਟਕਾਈ = ਸੁੱਟ ਕੇ।3।

ਅਰਥ: (ਸਾਰੇ ਸੰਸਾਰੀ ਜੀਵ-ਰੂਪ ਵਣਜਾਰਿਆਂ ਨੇ) ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ (ਭਾਵ, ਮਾਨੋ, ਜਗਤ ਵਿਚ ਵਪਾਰ ਕਰਨ ਆਏ ਹਨ) । (ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ। ਸੋ, ਇਸ ਤਰ੍ਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ।1।

ਸਾਡਾ ਪ੍ਰਭੂ ਕੁਝ ਅਜਿਹਾ ਸ਼ਾਹ ਹੈ ਕਿ ਉਸ ਨੇ ਸਾਰੇ ਜਗਤ (ਭਾਵ, ਸਾਰੇ ਸੰਸਾਰੀ ਜੀਵਾਂ) ਨੂੰ ਵਪਾਰੀ ਬਣਾ (ਕੇ ਜਗਤ ਵਿਚ) ਘੱਲਿਆ ਹੈ।1। ਰਹਾਉ।

ਕਾਮ ਅਤੇ ਕ੍ਰੋਧ ਦੋਵੇਂ (ਇਹਨਾਂ ਜੀਵ-ਵਪਾਰੀਆਂ ਦੇ ਰਾਹ ਵਿਚ ਮਸੂਲੀਏ ਬਣੇ ਹੋਏ ਹਨ (ਭਾਵ, ਸੁਆਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਅਤੇ ਕ੍ਰੋਧ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ) , ਜੀਵਾਂ ਦੇ ਮਨਾਂ ਦੇ ਤਰੰਗ ਲੁਟੇਰੇ ਬਣ ਰਹੇ ਹਨ (ਭਾਵ, ਮਨ ਦੇ ਕਈ ਕਿਸਮ ਦੇ ਤਰੰਗ ਉਮਰ ਦਾ ਕਾਫ਼ੀ ਹਿੱਸਾ ਖ਼ਰਚ ਕਰੀ ਜਾ ਰਹੇ ਹਨ) ਇਹ ਕਾਮ ਕ੍ਰੋਧ ਅਤੇ ਮਨ-ਤਰੰਗ ਮਨੁੱਖਾ-ਸਰੀਰ ਨਾਲ ਮਿਲ ਕੇ ਸਾਰੀ ਦੀ ਸਾਰੀ ਉਮਰ-ਰੂਪ ਰਾਸ ਮੁਕਾਈ ਜਾ ਰਹੇ ਹਨ, ਅਤੇ ਤ੍ਰਿਸ਼ਨਾ-ਰੂਪ ਮਾਲ (ਜੋ ਜੀਵਾਂ ਨੇ ਲੱਦਿਆ ਹੋਇਆ ਹੈ, ਹੂ-ਬ-ਹੂ) ਪਾਰਲੇ ਬੰਨੇ ਲੰਘਦਾ ਜਾ ਰਿਹਾ ਹੈ (ਭਾਵ, ਜੀਵ ਜਗਤ ਤੋਂ ਨਿਰੀ ਤ੍ਰਿਸ਼ਨਾ ਹੀ ਆਪਣੇ ਨਾਲ ਲਈ ਜਾਂਦੇ ਹਨ) ।2।

ਕਬੀਰ ਆਖਦਾ ਹੈ– ਹੇ ਸੰਤ ਜਨੋ! ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ ਕਿ ਪ੍ਰਭੂ ਦਾ ਸਿਮਰਨ-ਰੂਪ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਜੀਵ-ਵਣਜਾਰਿਆਂ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ। ਉਹ ਬੈਲ ਤ੍ਰਿਸ਼ਨਾ ਦੀ ਛੱਟ ਸੁੱਟ ਕੇ ਨੱਸ ਗਿਆ ਹੈ (ਭਾਵ, ਜੋ ਜੀਵ ਵਣਜਾਰੇ ਨਾਮ ਸਿਮਰਨ ਵਾਲੇ ਔਖੇ ਰਾਹ ਤੇ ਤੁਰਦੇ ਹਨ, ਉਹ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ।3।5। 49।

ਸ਼ਬਦ ਦਾ ਭਾਵ: ਇਹ ਜਗਤ ਵਪਾਰ ਦੀ ਮੰਡੀ ਹੈ, ਜੀਵ ਵਪਾਰੀ ਹਨ, ਹਰੇਕ ਜੀਵ ਨੂੰ ਸੁਆਸਾਂ ਦੀ ਰਾਸ ਮਿਲੀ ਹੈ। ਪਰ ਆਮ ਤੌਰ ਤੇ ਹਰ ਕੋਈ ਤ੍ਰਿਸ਼ਨਾ ਦੀ ਛੱਟ ਚੁੱਕੀ ਫਿਰਦਾ ਹੈ; ਕਾਮ ਕ੍ਰੋਧ ਅਤੇ ਹੋਰ ਮਨ-ਤਰੰਗਾਂ ਵਿਚ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ ਅਤੇ ਤ੍ਰਿਸ਼ਨਾ-ਬੱਧੇ ਹੀ ਇਥੋਂ ਤੁਰ ਜਾਂਦੇ ਹਨ। ਜਿਸ ਕਿਸੇ ਵਿਰਲੇ ਜੀਵ ਨੇ ਪ੍ਰਭੂ ਦੇ ਨਾਮ-ਸਿਮਰਨ ਦਾ ਔਖਾ ਰਾਹ ਮੱਲਿਆ ਹੈ, ਉਹ ਪਾਪਾਂ ਤੋਂ ਬਚ ਜਾਂਦਾ ਹੈ ਤੇ ਉਸ ਦੀ ਤ੍ਰਿਸ਼ਨਾ ਇੱਥੇ ਹੀ ਮੁੱਕ ਜਾਂਦੀ ਹੈ। 49।

ਗਉੜੀ ਪੰਚਪਦਾ ॥ ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥ ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥ ਕਹੁ ਡਡੀਆ ਬਾਧੈ ਧਨ ਖੜੀ ॥ ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥ ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥ ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥ ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥ ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥੩॥ ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥ ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥ ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥ ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥ {ਪੰਨਾ 333-334}

ਪਦ ਅਰਥ: ਪੇਵਕੜੈ = {ਪੇਵਕਾ = ਪਿਉ ਦਾ, ਪੇਵ ਕਾ (ਘਰ) } ਪਿਉ ਦੇ ਘਰ ਵਿਚ, ਇਸ ਸੰਸਾਰ ਵਿਚ। ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ। ਏਆਣਾ = ਅੰਞਾਣ।1।

ਕਹੁ = ਦੱਸੋ। ਡਡੀਆ = ਅੱਧੀ ਧੋਤੀ ਜੋ ਘਰ ਵਿਚ ਕੰਮ-ਕਾਜ ਕਰਨ ਵੇਲੇ ਬੰਨ੍ਹੀਦੀ ਹੈ। ਧਨ = ਇਸਤ੍ਰੀ। ਡਡੀਆ...ਖੜੀ = ਇਸਤ੍ਰੀ ਅਜੇ ਘਰ ਦੇ ਕੰਮ-ਕਾਜ ਵਾਲੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੋਈ ਹੈ, ਜੀਵ-ਇਸਤ੍ਰੀ ਅਜੇ ਲਾ-ਪ੍ਰਵਾਹ ਹੀ ਹੈ। ਪਾਹੂ = ਪ੍ਰਾਹੁਣੇ। ਘਰਿ = ਘਰ ਵਿਚ। ਮੁਕਲਾਊ = ਮੁਕਲਾਵਾ ਲੈ ਜਾਣ ਵਾਲੇ।1। ਰਹਾਉ।

ਓਹ ਖੂਹੜੀ = ਉਹ ਸੁੰਦਰ ਜਿਹੀ ਖੂਹੀ। ਜਿ ਦਿਸੈ = ਜੋ ਦਿੱਸ ਰਹੀ ਹੈ। ਉਹ...ਖੂਹੜੀ = ਇਹ ਜੋ ਸੋਹਣੀ ਖੂਹੀ ਦਿੱਸ ਰਹੀ ਹੈ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ। ਕਉਨ = ਕਿਹੜੀ ਜੀਵ-ਇਸਤ੍ਰੀ? ਲਾਜੁ = ਰੱਸੀ {ਲਫ਼ਜ਼ 'ਲਾਜੁ' ਅਤੇ 'ਲਾਜ' ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ। 'ਲਾਜੁ' ਸੰਸਕ੍ਰਿਤ ਦੇ ਲਫ਼ਜ਼ 'ਰੱਜੁ' {r^ju} ਤੋਂ ਬਣਿਆ ਹੋਇਆ ਹੈ, ਇਸ ਦੇ ਅਖ਼ੀਰ ਵਿਚ (ੁ) ਹੈ। ਸੰਸਕ੍ਰਿਤ ਵਿਚ ਇਹ ਪੁਲਿੰਗ ਸੀ, ਪੁਰਾਣੀ ਤੇ ਨਵੀਂ ਪੰਜਾਬੀ ਵਿਚ ਇਸਤ੍ਰੀ-ਲਿੰਗ ਹੈ। ਲਫ਼ਜ਼ 'ਲਾਜ' ਦਾ ਅਰਥ ਹੈ 'ਸ਼ਰਮ, ਹਯਾ'; ਇਸ ਦੇ ਅੰਤ ਵਿਚ (ੁ) ਨਹੀਂ ਹੈ}। ਵਹਾਰੀ = ਪਾ ਰਹੀ ਹੈ। ਸਿਉ = ਸਮੇਤ। ਪਨਿਹਾਰੀ = ਪਾਣੀ ਭਰਨ ਵਾਲੀ, ਵਿਸ਼ੇ ਭੋਗਣ ਵਾਲਾ ਜੀਵ।2।

ਸੋਹਾਗਣਿ = ਸੋਹਾਗ ਵਾਲੀ, ਖਸਮ ਵਾਲੀ, ਖਸਮ ਨੂੰ ਯਾਦ ਰੱਖਣ ਵਾਲੀ।3।

ਕਿਰਤ = ਕੀਤੇ ਹੋਏ (ਕੰਮ) । ਕਿਰਤ ਦੀ ਬਾਂਧੀ = ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ। ਸਭ = ਸਾਰੀ ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ। ਏਸ ਨੋ = ਇਸ ਜੀਵ ਨੂੰ। ਵਿਚਾਰੀ = ਨਿਤਾਣੀ ਜੀਵ-ਇਸਤ੍ਰੀ।4।

ਨਿਰਾਸੀ = ਆਸਾਂ ਪੂਰੀਆਂ ਹੋਣ ਤੋਂ ਬਿਨਾ ਹੀ। ਨ ਬੰਧਿ = ਨ ਬੰਧੈ, ਨਹੀਂ ਬੱਝਦੀ। ਧੀਰਾ = ਧੀਰਜ, ਟਿਕਾਉ। ਭਜੁ = ਪਉ।5।

ਅਰਥ: ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ਕਿ (ਜੀਵ-ਇਸਤ੍ਰੀ ਨੇ ਇਸ ਸੰਸਾਰ-ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ-ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ।1।

ਦੱਸੋ! (ਇਹ ਕੀਹ ਅਚਰਜ ਖੇਡ ਹੈ?) ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆਏ ਬੈਠੇ ਹਨ, ਤੇ ਇਸਤ੍ਰੀ ਅਜੇ ਘਰ ਦੇ ਕੰਮ-ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ-ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ-ਪਰਵਾਹ ਹੈ) ।1। ਰਹਾਉ।

ਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ) । ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ।2।

ਜੇ ਪ੍ਰਭੂ-ਮਾਲਕ ਦਿਆਲ ਹੋ ਜਾਏ, (ਜੀਵ-ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ-ਇਸਤ੍ਰੀ ਨੂੰ ਸੰਸਾਰ-ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ; (ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ।3।

(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, ਤਾਂ ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।4।

ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ। ਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ।5।6। 50।

ਸ਼ਬਦ ਦਾ ਭਾਵ: ਅਚਰਜ ਖੇਡ ਬਣੀ ਪਈ ਹੈ। ਜੋ ਭੀ ਜੀਵ ਇੱਥੇ ਆਉਂਦਾ ਹੈ, ਮਾਲਕ-ਪ੍ਰਭੂ ਵਲੋਂ ਗ਼ਾਫਲ ਹੋ ਕੇ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ। ਪਰ ਫਿਰ ਭੀ ਮੌਜਾਂ ਦੀਆਂ ਮਿਥੀਆਂ ਹੋਈਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ। ਉਮਰ ਮੁੱਕ ਜਾਂਦੀ ਹੈ ਤੇ ਨਿਰਾਸਤਾ ਵਿਚ ਹੀ ਤੁਰਨਾ ਪੈਂਦਾ ਹੈ। ਜਿਸ ਜੀਵ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ। 50।

TOP OF PAGE

Sri Guru Granth Darpan, by Professor Sahib Singh