ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 334

ਗਉੜੀ ॥ ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥ ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥ ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥ ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥ ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥ ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥ ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥ ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥ ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥ ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥ {ਪੰਨਾ 334}

ਪਦ ਅਰਥ: ਕਹਹਿ = ਆਖਦੇ ਹਨ। ਭਲ = ਚੰਗਾ। ਅਵਰੁ = ਕੋਈ ਹੋਰ ਸਾਧਨ। ਭਾਈ = ਹੇ ਭਾਈ! ਰੁੰਡ = ਸਿਰ ਤੋਂ ਬਿਨਾ ਨਿਰਾ ਧੜ। ਰੁੰਡਿਤ ਮੁੰਡਿਤ = ਰੋਡ-ਮੋਡ ਕੀਤੇ ਹੋਏ ਸਿਰਾਂ ਵਾਲੇ, ਸਰੇਵੜੇ ਤੇ ਸੰਨਿਆਸੀ। ਏਕ ਸਬਦੀ = ਅਲੱਖ ਅਲੱਖ ਆਖਣ ਵਾਲੇ ਅਵਧੂਤ, ਗੁਸਾਈਂ ਦੱਤ ਮਤ ਦੇ ਲੋਕ, ਜੋ ਲੱਕ ਨਾਲ ਉੱਨ ਦੇ ਰੱਸੇ ਬੰਨ੍ਹ ਰਖਦੇ ਹਨ ਤੇ ਹੱਥਾਂ ਵਿਚ ਚਿੱਪੀਆਂ ਰੱਖਦੇ ਹਨ। ਏਇ = ਇਹ ਸਾਰੇ। ਸਿਧਿ = ਸਫਲਤਾ।1।

ਭਰਮਿ = ਭਰਮ ਵਿਚ, ਭੁਲੇਖੇ ਵਿਚ। ਜਾ ਪਹਿ = ਜਿਸ ਕੋਲ। ਜਾਉ = ਮੈਂ ਜਾਂਦਾ ਹਾਂ। ਆਪੁ = ਆਪਾ-ਭਾਵ, ਹਉਮੈ। ਛੁਟਕਾਵਨਿ = ਦੂਰ ਕਰਾਣ ਲਈ। ਤੇ = ਉਹ ਸਾਰੇ। ਫੰਧਾ = ਫਾਹੀਆਂ ਵਿਚ।1। ਰਹਾਉ।

ਜਹ ਤੇ = ਜਿਸ ਥਾਂ ਤੋਂ, ਜਿਸ ਕਾਰਨ ਤੋਂ। ਉਪਜੀ = ਪੈਦਾ ਹੋਈ ਹੈ, ਇਹ ਹਉਮੈ ਵਾਲੀ ਹਾਲਤ ਪੈਦਾ ਹੋਈ ਹੈ। ਤਹੀ = ਉਸੇ ਵਿਚ, ਉਸੇ ਕਾਰਨ ਵਿਚ (ਜਿਸ ਨੇ ਹਉਮੈ ਪੈਦਾ ਕੀਤੀ) {ਨੋਟ: ਇਸ 'ਉਪਜੀ' ਹਉਮੈ ਦਾ ਕਾਰਨ 'ਰਹਾਉ' ਦੀ ਤੁਕ ਵਿਚ ਦਿੱਤਾ ਗਿਆ ਹੈ, ਉਹ ਹੈ 'ਹਰਿ ਬਿਨੁ' ਭਾਵ, ਪ੍ਰਭੂ ਤੋਂ ਵਿਛੋੜਾ}। ਸਮਾਨੀ = ਸਮਾਈ ਹੋਈ ਹੈ, ਸਾਰੀ ਲੋਕਾਈ ਟਿਕੀ ਪਈ ਹੈ। ਇਹ ਬਿਧਿ = ਇਸੇ ਕਰਕੇ। ਤਬ ਹੀ = ਤਾਹੀਏਂ। ਬਿਸਰੀ = ਭੁੱਲੀ ਹੋਈ ਹੈ, ਦੁਨੀਆ ਭੁਲੇਖੇ ਵਿਚ ਪਈ ਹੋਈ ਹੈ। ਸੂਰ = ਸੂਰਮੇ। ਦਾਤੇ = ਦਾਨ ਕਰਨ ਵਾਲੇ। ਏਹਿ = ਇਹ ਸਾਰੇ।2।

ਜਿਸਹਿ = ਜਿਸ ਨੂੰ। ਸੋਈ = ਉਹੀ ਮਨੁੱਖ। ਕਿਉ ਰਹੀਐ = ਰਿਹਾ ਨਹੀਂ ਜਾ ਸਕਦਾ, ਜੀਊਣਾ ਵਿਅਰਥ ਹੈ। ਚੂਕੈ = ਮੁੱਕ ਜਾਂਦਾ ਹੈ। ਮਾਣਕੁ = ਨਾਮ-ਰੂਪ ਲਾਲ। ਲਹੀਐ = ਮਿਲਦਾ ਹੈ।3।

ਤਜਿ = ਤਜ ਕੇ, ਛੱਡ ਕੇ। ਬਾਵੇ ਦਾਹਨੇ ਬਿਕਾਰਾ = ਖੱਬੇ ਸੱਜੇ ਪਾਸੇ ਦੇ ਵਿਕਾਰ, ਲਾਂਭ ਦੇ ਵਿਕਾਰਾਂ ਦੇ ਫੁਰਨੇ। ਹਰਿ ਪਦੁ = ਪ੍ਰਭੂ (ਦੇ ਚਰਨਾਂ ਵਿਚ ਜੁੜੇ ਰਹਿਣ) ਦਾ ਦਰਜਾ। ਦ੍ਰਿੜੁ = ਪੱਕਾ। ਕਹੁ = ਆਖ। ਕਿਆ ਕਹੀਐ = ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਹੋ ਸਕਦਾ।4।

ਅਰਥ: ਜੋਗੀ ਆਖਦੇ ਹਨ– ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ। ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ– ਅਸਾਂ ਹੀ ਸਿੱਧੀ ਲੱਭੀ ਹੈ।1।

ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ; (ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ।1। ਰਹਾਉ।

ਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ) , ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ) । ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ।2।

ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ। (ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ।3।

ਸੋ, ਹੇ ਕਬੀਰ। ਆਖ– ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ। (ਤੇ ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ।4।7। 51।

ਸ਼ਬਦ ਦਾ ਭਾਵ: ਕੋਈ ਜੋਗੀ ਹੋਵੇ, ਸਰੇਵੜਾ ਹੋਵੇ, ਸੰਨਿਆਸੀ ਹੋਵੇ, ਪੰਡਿਤ ਹੋਵੇ, ਸੂਰਮਾ ਹੋਵੇ, ਦਾਨੀ ਹੋਵੇ = ਕੋਈ ਭੀ ਹੋਵੇ, ਜੋ ਮਨੁੱਖ ਪ੍ਰਭੂ ਦੀ ਬੰਦਗੀ ਨਹੀਂ ਕਰਦਾ ਉਸ ਦੀ ਹਉਮੈ ਦੂਰ ਨਹੀਂ ਹੁੰਦੀ, ਤੇ ਹਉਮੈ ਦੂਰ ਹੋਣ ਤੋਂ ਬਿਨਾ ਉਹ ਅਜੇ ਔਝੜੇ ਭਟਕ ਰਿਹਾ ਹੈ। ਸਹੀ ਜੀਵਨ ਲਈ ਚਾਨਣ ਕਰਨ ਵਾਲਾ ਪ੍ਰਭੂ ਦਾ ਨਾਮ ਹੀ ਹੈ ਤੇ ਇਹ ਨਾਮ ਸਤਿਗੁਰੂ ਤੋਂ ਮਿਲਦਾ ਹੈ। 51।

ਰਾਗੁ ਗਉੜੀ ਪੂਰਬੀ ਕਬੀਰ ਜੀ ॥ ੴ ਸਤਿਗੁਰ ਪ੍ਰਸਾਦਿ ॥ ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥ ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥ ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥ ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥ ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥ ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥ ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥ ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥ ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥

ਪਦ ਅਰਥ: ਜਹ = ਜਿੱਥੇ, ਜਿਸ ਮਨ ਵਿਚ। ਕਛੁ = ਕੁਝ। ਅਹਾ = ਸੀ। ਪੰਚ ਤਤੁ = ਪੰਜਾਂ ਤੱਤਾਂ ਤੋਂ ਬਣੇ ਹੋਏ ਸਰੀਰ (ਦਾ ਮੋਹ) , ਦੇਹ-ਅੱਧਿਆਸ। ਇੜਾ = ਸੱਜੀ ਨਾਸ, ਸੱਜੀ ਸੁਰ। ਪਿੰਗਲਾ = ਖੱਬੀ ਸੁਰ। ਸੁਖਮਨ = ਇੜਾ ਤੇ ਪਿੰਗਲਾ ਦੇ ਵਿਚਕਾਰ (ਭਰਵੱਟਿਆਂ ਦੇ ਵਿਚਕਾਰ) ਨਾੜੀ ਦੀ ਥਾਂ ਜਿਥੇ ਜੋਗੀ ਲੋਕ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਉਂਦੇ ਹਨ। ਬੰਦੇ = ਹੇ ਬੰਦੇ! ਹੇ ਭਾਈ! {ਨੋਟ: ਕਈ ਸੱਜਣ ਇਸ ਦਾ ਅਰਥ ਕਰਦੇ ਹਨ– 'ਬੰਦ ਕਰਦਾ ਸੀ'। ਇਹ ਠੀਕ ਨਹੀਂ; ਇਸ ਹਾਲਤ ਵਿਚ ਇਸ ਲਫ਼ਜ਼ ਜਾ ਜੋੜ 'ਬੰਧੇ' ਹੁੰਦਾ) । ਅਵਗਨ = ਕੋਝੇ ਕੰਮ। ਕਤ ਜਾਹੀ = ਕਿਥੇ ਚਲੇ ਜਾਂਦੇ ਹਨ? (ਭਾਵ, ਦੂਰ ਹੋ ਜਾਂਦੇ ਹਨ) ।1।

ਤਾਗਾ = ਧਾਗਾ, ਮੋਹ ਦੀ ਤਾਰ। ਗਗਨੁ = ਅਕਾਸ਼, ਪਸਾਰਾ, ਮੋਹ ਦਾ ਪਸਾਰਾ। ਤੇਰਾ ਬੋਲਤੁ = 'ਤੇਰਾ' ਬੋਲਣ ਵਾਲਾ (ਭਾਵ, 'ਮੇਰ ਤੇਰ' ਆਖਣ ਵਾਲਾ ਮਨ, ਵਿਤਕਰੇ ਕਰਨ ਦਾ ਸੁਭਾਉ) । ਕਹਾ ਸਮਾਈ = ਕਿਥੇ ਜਾ ਲੀਨ ਹੁੰਦਾ ਹੈ? (ਭਾਵ, ਪਤਾ ਨਹੀਂ ਕਿਥੇ ਜਾਂਦਾ ਹੈ, ਨਾਸ ਹੀ ਹੋ ਜਾਂਦਾ ਹੈ, ਉਸ ਦਾ ਪਤਾ-ਥਹੁ ਹੀ ਨਹੀਂ ਰਹਿੰਦਾ ਕਿ ਕਿਥੇ ਚਲਾ ਗਿਆ ਹੈ, ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ) । ਸੰਸਾ = ਸ਼ੱਕ, ਹੈਰਾਨੀ। ਅਨਦਿਨੁ = ਹਰ ਰੋਜ਼।1। ਰਹਾਉ।

ਜਹ = ਜਿੱਥੇ, ਜਿਸ ਮਨ ਵਿਚ। ਬਰਭੰਡੁ = ਸਾਰਾ ਜਗਤ, ਦੁਨੀਆ ਦਾ ਮੋਹ। ਪਿੰਡੁ = (ਆਪਣਾ) ਸਰੀਰ, ਆਪਣੇ ਹੀ ਸਰੀਰ ਦਾ ਮੋਹ, ਦੇਹ-ਅੱਧਿਆਸ। ਤਹ = ਉਸ ਮਨ ਵਿਚ। ਰਚਨਹਾਰੁ = ਬਣਾਉਣ ਵਾਲਾ, ਮੋਹ ਦਾ ਤਾਣਾ ਤਣਨ ਵਾਲਾ, ਮੋਹ ਦਾ ਜਾਲ ਤਣਨ ਵਾਲਾ ਮਨ। ਅਤੀਤਾ = ਮਾਇਆ ਦੇ ਮੋਹ ਤੋਂ ਨਿਰਲੇਪ। ਕਿਸੁ ਮਾਹੀ = ਕਿਸ ਨੂੰ?।2।

ਜਬ ਲਗੁ = ਜਦ ਤਕ। ਬਿਨਾਸੀ = ਨਾਸ-ਵੰਤ, ਨਾਸਵੰਤ ਸਰੀਰ ਨਾਲ ਇੱਕ-ਰੂਪ, ਸਰੀਰ ਨਾਲ ਪਿਆਰ ਕਰਨ ਵਾਲਾ, ਦੇਹ-ਅੱਧਿਆਸੀ। ਕਾਹੂ ਕੈ = ਕਿਸ ਦੇ ਪਾਸ? ਕਿਸ ਦੇ ਘਰ? ਕੌ = ਕੌਣ?।3।

ਜਹਾ = ਅਤੇ ਉੱਥੇ, ਉਸ ਪ੍ਰਭੂ ਵਿਚ। ਉਆ ਕਾ = ਉਸ (ਪ੍ਰਭੂ) ਦਾ। ਮਰਮੁ = ਭੇਦ, ਅੰਤ। ਓਹੀ = ਉਹ (ਪ੍ਰਭੂ) ਆਪ ਹੀ।4।

ਨੋਟ: ਇਸ ਸ਼ਬਦ ਨੂੰ ਸਹੀ ਤਰ੍ਹਾਂ ਸਮਝਣ ਦੀ ਕੁੰਜੀ ਸ਼ਬਦ ਦੇ ਬੰਦ ਨੰ: 4 ਦੀ ਪਹਿਲੀ ਤੁਕ ਵਿਚ ਹੈ "ਕਹੁ ਕਬੀਰ, ਲਿਵ ਲਾਗਿ ਰਹੀ ਹੈ"।

ਅਰਥ: (ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ। ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ।1।

(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ। (ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ।1। ਰਹਾਉ।

ਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ; ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ। ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ।2।

ਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ। (ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ? (ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ।3।

ਹੇ ਕਬੀਰ! ਆਖ– ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ) । ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ।4।1। 52।

ਨੋਟ: ਇਸ ਸ਼ਬਦ ਵਿਚੋਂ ਕਿਤੇ ਭੀ ਕੋਈ ਐਸਾ ਇਸ਼ਾਰਾ ਨਹੀਂ ਮਿਲਦਾ, ਜਿਸ ਤੋਂ ਇਹ ਅੰਦਾਜ਼ਾ ਲਗਾਣ ਦੀ ਲੋੜ ਪੈ ਜਾਏ ਕਿ ਕਿਸੇ ਯੋਗ-ਅਭਿਆਸ ਕਰਨ ਵਾਲੇ ਜੋਗੀ ਦੇ ਮਰਨ ਤੇ ਇਹ ਸ਼ਬਦ ਉਚਾਰਿਆ ਗਿਆ ਹੈ। ਭਲਾ, ਜੋਗੀ ਦੇ ਮਰਨ ਤੇ ਕਬੀਰ ਜੀ ਨੂੰ ਹਰ ਰੋਜ਼ ਕਿਉਂ ਇਹ 'ਸੰਸਾ' ਵਿਆਪਣਾ ਸੀ ਕਿ ਜੋਗੀ ਦਾ "ਬੋਲਤੁ" ਆਤਮਾ ਕਿੱਥੇ ਚਲਾ ਗਿਆ? ਨਾਹ ਹੀ ਇਸ ਵਿਚ ਪ੍ਰਾਣਾਯਾਮ ਤੇ ਯੋਗ-ਅਭਿਆਸ ਬਾਰੇ ਕੋਈ ਪ੍ਰਸ਼ਨ ਉੱਤਰ ਦਿੱਸਦੇ ਹਨ। ਕਬੀਰ ਜੀ ਨਿਰੇ ਭਗਤ ਹੀ ਨਹੀਂ ਸਨ, ਉਹ ਇਕ ਮਹਾਨ ਉੱਚੀ ਉਡਾਰੀ ਲਾਣ ਵਾਲੇ ਕਵੀ ਭੀ ਸਨ। ਉਹਨਾਂ ਦੀ ਬਾਣੀ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਸ਼ ਕਰੀਏ। ਕਹਾਣੀਆਂ ਜੋੜ ਜੋੜ ਕੇ ਸੌਖੇ ਰਾਹ ਲੱਭਣ ਦੇ ਜਤਨ ਨਾਹ ਕਰਦੇ ਰਹੀਏ।

ਸ਼ਬਦ ਦਾ ਭਾਵ: ਜਿਸ ਮਨੁੱਖ ਦੀ ਲਿਵ ਪ੍ਰਭੂ-ਚਰਨਾਂ ਵਿਚ ਲੱਗਦੀ ਹੈ, ਉਸ ਦੇ ਅੰਦਰੋਂ ਜਗਤ ਦਾ ਤੇ ਆਪਣੇ ਸਰੀਰ ਦਾ ਮੋਹ ਮਿਟ ਜਾਂਦਾ ਹੈ। ਇਕ ਐਸੀ ਅਚਰਜ ਖੇਡ ਬਣਦੀ ਹੈ ਕਿ ਉਸ ਦੇ ਮਨ ਵਿਚ ਵਿਤਕਰੇ ਦਾ ਨਾਮ-ਨਿਸ਼ਾਨ ਨਹੀਂ ਰਹਿ ਜਾਂਦਾ। ਇਸ ਅਨੰਦ ਦੇ ਸਾਹਮਣੇ ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਹੋਛੇ ਜਿਹੇ ਕੰਮ ਦਿੱਸਦੇ ਹਨ। 52।

ਗਉੜੀ ॥ ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥ ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥ ਮੇਰੇ ਰਾਜਨ ਮੈ ਬੈਰਾਗੀ ਜੋਗੀ ॥ ਮਰਤ ਨ ਸੋਗ ਬਿਓਗੀ ॥੧॥ ਰਹਾਉ ॥ ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥ ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥ ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥ ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥ ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥ ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥ {ਪੰਨਾ 334-335}

ਪਦ ਅਰਥ: ਸੁਰਤਿ = ਸੁਣਨਾ, (ਪ੍ਰਭੂ ਵਿਚ) ਧਿਆਨ ਜੋੜਨਾ। ਸਿਮ੍ਰਿਤਿ = ਚੇਤੇ ਕਰਨਾ, ਯਾਦ ਕਰਨਾ, ਸਿਮਰਨਾ। ਪਰਮਿਤਿ = {ਸੰ: ਪ੍ਰਮਿਤਿ = accurate notion or conception} ਸਹੀ ਵਾਕਫ਼ੀਅਤ, ਯਥਾਰਥ ਗਿਆਨ। ਖਿੰਥਾ = ਗੋਦੜੀ। ਸੁੰਨ = ਸੁੰਞ, ਉਹ ਹਾਲਤ ਜਿੱਥੇ ਮਾਇਆ ਦਾ ਕੋਈ ਫੁਰਨਾ ਨਾਹ ਉੱਠੇ। ਕਲਪ = ਕਲਪਣਾ। ਬਿਬਰਜਿਤ = ਵਰਜਿਆ ਹੋਇਆ, ਰਹਿਤ। ਪੰਥ = ਧਾਰਮਿਕ ਰਸਤਾ।1।

ਬੈਰਾਗੀ = ਵੈਰਾਗਵਾਨ, ਲਗਨ ਵਾਲਾ। ਮਰਤ = ਮੌਤ। ਸੋਗ = ਗ਼ਮ। ਬਿਓਗੀ = ਵਿਯੋਗ, ਵਿਛੋੜਾ।1। ਰਹਾਉ।

ਬ੍ਰਹਮੰਡ = ਸਾਰਾ ਜਗਤ। ਸਿੰਙੀ = {ਸੰ: ਸ੍ਰਿੰਗ = a horn used for blowing} ਸਿੰਙ ਜੋ ਜੋਗੀ ਵਜਾਉਂਦੇ ਹਨ। ਬਟੂਆ = ਸੁਆਹ ਰੱਖਣ ਲਈ ਜੋਗੀਆਂ ਦਾ ਥੈਲਾ। ਭਸਮ = ਸੁਆਹ। ਭਸਮਾਧਾਰੀ = ਭਸਮ-ਆਧਾਰੀ, ਸੁਆਹ ਪਾਣ ਵਾਲਾ। ਤ੍ਰਿਪਲੁ = ਤ੍ਰਿਗੁਣੀ ਮਾਇਆ। ਪਸਾਰੀ = ਗ੍ਰਿਹਸਤੀ। ਛੂਟੈ = ਮੁਕਤ ਹਾਂ।2।

ਪਵਨੁ = ਹਵਾ, ਸੁਆਸ। ਤੂੰਬਾ = ਇਕ ਕਿਸਮ ਦਾ ਸੁੱਕਾ ਹੋਇਆ ਕੱਦੂ, ਜੋ ਸਤਾਰ ਵੀਣਾ ਆਦਿਕ ਤੰਤੀ ਸਾਜਾਂ ਵਿਚ ਵਰਤੀਦਾ ਹੈ। ਵੀਣਾ ਦੀ ਡੰਡੀ ਦੇ ਦੋਹੀਂ ਪਾਸੀਂ ਦੋ ਤੂੰਬੇ ਬੱਧੇ ਹੁੰਦੇ ਹਨ, ਜਿਸ ਕਰਕੇ ਤੰਤੀ ਦੀ ਸੁਰ ਸੁੰਦਰ ਬਣ ਜਾਂਦੀ ਹੈ। ਸਾਰਦ = ਵੀਣਾ ਦੀ ਡੰਡੀ। ਸਾਜੀ = ਬਣਾਈ। ਜੁਗ ਜੁਗ = ਜੁਗਾਂ ਜੁਗਾਂ ਵਿਚ ਥਿਰ ਹਰੀ। ਅਨਹਦ = ਇੱਕ-ਰਸ। ਥਿਰੁ = ਟਿਕਵੀਂ।3।

ਸੁਨਿ = ਸੁਣ ਕੇ। ਪੂਰੇ = ਚੰਗੀ ਤਰ੍ਹਾਂ। ਡੋਲ = ਲਹਿਰ, ਹੁਲਾਰਾ। ਨ ਲਾਗੀ = ਨਹੀਂ ਲੱਗਦੀ, ਨਹੀਂ ਪੋਂਹਦੀ। ਪੁਨਰਪਿ = {=ਪੁਨਹ-ਅਪਿ} ਫਿਰ ਭੀ, ਫਿਰ ਕਦੇ। ਖੇਲ ਗਇਓ = ਐਸੀ ਖੇਡ ਖੇਡ ਜਾਂਦਾ ਹੈ।4।

ਅਰਥ: ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ = ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ = ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ। ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ) । ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ = ਇਹ ਹੈ ਮੇਰਾ (ਜੋਗ-) ਪੰਥ।1।

ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ, (ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ।1। ਰਹਾਉ।

ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ) = ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ = ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ। ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ– ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ।2।

(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ। ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ।3।

(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ। ਹੇ ਕਬੀਰ। ਆਖ– ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ।4।2। 53।

ਸ਼ਬਦ ਦਾ ਭਾਵ: ਅਸਲੀ ਜੋਗੀ ਉਹ ਹੈ ਜੋ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਪ੍ਰਭੂ ਦੀ ਯਾਦ ਵਿਚ ਸੁਰਤ ਜੋੜਦਾ ਹੈ, ਆਪਣੇ ਮਨ ਵਿਚ ਵਿਕਾਰਾਂ ਦੇ ਫੁਰਨੇ ਤੇ ਕਲਪਣਾ ਨਹੀਂ ਉੱਠਣ ਦੇਂਦਾ, ਜਗਤ ਨੂੰ ਨਾਸਵੰਤ ਜਾਣ ਕੇ ਇਸ ਦੇ ਮੋਹ ਵਿਚ ਫਸਦਾ ਨਹੀਂ, ਦੁਨੀਆ ਦੇ ਕੰਮ-ਕਾਰ ਕਰਦਾ ਹੋਇਆ ਭੀ ਸੁਆਸ ਸੁਆਸ ਸਿਮਰਨ ਕਰਦਾ ਹੈ ਤੇ ਯਾਦ ਦੀ ਇਸ ਤਾਰ ਨੂੰ ਕਦੇ ਟੁੱਟਣ ਨਹੀਂ ਦੇਂਦਾ। ਅਜਿਹੇ ਜੋਗੀ ਨੂੰ ਮਾਇਆ ਕਦੇ ਭਰਮਾ ਨਹੀਂ ਸਕਦੀ। 53।

TOP OF PAGE

Sri Guru Granth Darpan, by Professor Sahib Singh