ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 335

ਗਉੜੀ ॥ ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥ ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥ ਗਈ ਬੁਨਾਵਨ ਮਾਹੋ ॥ ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥ ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥ ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥ ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥ ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥ {ਪੰਨਾ 335}

ਪਦ ਅਰਥ: ਗਜ ਨਵ = ਨੌ ਗਜ਼, ਨੌ ਗੋਲਕਾਂ। ਗਜ ਦਸ = ਦਸ ਇੰਦ੍ਰੇ। ਗਜ ਇਕੀਸ = ਇੱਕੀ ਗਜ਼ (ਪੰਜ ਸੂਖਮ ਤੱਤ, ਪੰਜ ਅਸਥੂਲ ਤੱਤ, ਦਸ ਪ੍ਰਾਣ, ਇਕ ਮਨ=21) । ਪੁਰੀਆ ਤਨਾਈ = ਪੂਰੀ (40 ਗਜ਼ ਦੀ) ਤਾਣੀ। ਸਾਠ ਸੂਤ = ਸੱਠ ਨਾੜੀਆਂ ਲੰਮੇ ਪਾਸੇ ਦਾ ਤਾਣਾ। ਨਵਖੰਡ = ਨੌ ਟੋਟੇ, ਨੌ ਜੋੜ ਤਾਣੀ ਦੇ (4 ਜੋੜ ਬਾਹਾਂ ਦੇ, 4 ਜੋੜ ਲੱਤਾਂ ਦੇ, ਇਕ ਧੜ=ਨੌ। ਬਹਤਰਿ = ਬਹੱਤਰ ਨਾੜੀਆਂ ਛੋਟੀਆਂ। ਪਾਟੁ = ਪੇਟਾ। ਲਗੋ ਅਧਿਕਾਈ = ਵਾਧੂ ਲੱਗਾ ਹੈ।1।

ਬੁਨਾਵਨ = (ਤਾਣੀ) ਉਣਾਉਣ ਲਈ। ਮਾਹੋ = ਵਾਸ਼ਨਾ। ਘਰਿ ਛੋਡਿਐ = ਘਰ ਛੱਡਣ ਦੇ ਕਾਰਨ, ਸ੍ਵੈ-ਸਰੂਪ ਛੱਡਣ ਕਰਕੇ, ਪ੍ਰਭੂ ਦੇ ਚਰਨ ਵਿਸਾਰਨ ਕਰਕੇ। ਜਾਇ = ਚੱਲ ਪੈਂਦਾ ਹੈ, ਜਨਮ ਵਿਚ ਆਉਂਦਾ ਹੈ। ਜੁਲਾਹੋ = ਜੀਵ-ਰੂਪ ਜੁਲਾਹਾ।1। ਰਹਾਉ।

ਗਜੀ = ਗਜ਼ਾਂ ਨਾਲ। ਨ ਮਿਨੀਐ = ਨਹੀਂ ਮਿਣੀਦੀ। ਤੋਲਿ = ਤੋਲ ਨਾਲ, ਵੱਟੇ ਨਾਲ। ਪਾਚਨੁ = ਪਾਣ (ਜੋ ਕੱਪੜਾ ਉਣਨ ਤੋਂ ਪਹਿਲਾਂ ਤਾਣੀ ਨੂੰ ਲਾਈਦੀ ਹੈ ਤਾਕਿ ਧਾਗੇ ਪੱਕੇ ਰਹਿਣ ਤੇ ਉਣਨ ਵੇਲੇ ਨਾਹ ਟੁੱਟਣ) , ਖ਼ੁਰਾਕ। ਜੌ ਕਰਿ = ਜੇ। ਬੇਗਿ = ਛੇਤੀ, ਵੇਲੇ ਸਿਰ। ਘਰ ਹਾਈ = ਘਰ ਵਿਚ ਹੀ। ਹਾਈ = ਹੀ।2।

ਦਿਨ ਕੀ ਬੈਠ = ਥੋੜੇ ਦਿਨਾਂ ਦੀ ਬੈਠਕ ਲਈ, ਥੋੜੇ ਦਿਨਾਂ ਦੇ ਜੀਊਣ ਲਈ। ਬਰਕਸਿ = ਬਰ-ਅਕਸ, ਉਲਟ, ਆਕੀ। ਖਸਮ ਕੀ ਬਰਕਸਿ = ਮਾਲਕ-ਪ੍ਰਭੂ ਤੋਂ ਆਕੀ। ਇਹ ਬੇਲਾ = (ਮਨੁੱਖਾ ਜਨਮ ਦਾ) ਇਹ ਸਮਾ। ਕਤ ਆਈ = ਕਿਥੋਂ ਆ ਸਕਦਾ ਹੈ? ਮੁੜ ਨਹੀਂ ਮਿਲਦਾ। ਛੂਟੇ = ਛੁੱਟ ਜਾਂਦੇ ਹਨ, ਖੁੱਸ ਜਾਂਦੇ ਹਨ। ਕੂੰਡੇ = (ਭਾਵ, ਜਗਤ ਦੇ ਪਦਾਰਥ) ਮਿੱਟੀ ਦੇ ਬਰਤਨ, ਜਿਨ੍ਹਾਂ ਵਿਚ ਪਾਣੀ ਪਾ ਕੇ ਸੂਤਰ ਦੀਆਂ ਨਲੀਆਂ ਕੱਪੜਾ ਉਣਨ ਵੇਲੇ ਭਿਉਂ ਰੱਖੀਦੀਆਂ ਹਨ। ਪੁਰੀਆ = ਨਲੀਆਂ, ਵਾਸ਼ਨਾ। ਰੀਸਾਈ = ਰਿਸ ਕੇ, ਖਿੱਝ ਕੇ।3।

ਛੋਛੀ = ਖ਼ਾਲੀ। ਨਲੀ = ਨਲਕੀ। ਤੰਤੁ = ਤੰਦ (ਭਾਵ, ਸੁਆਸ) । ਛੋਛੀ ਨਲੀ = ਨਲੀ ਖ਼ਾਲੀ ਹੋ ਜਾਂਦੀ ਹੈ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਜਾਂਦਾ ਹੈ) । ਤਰ = ਤੁਰ, ਜਿਸ ਦੇ ਦੁਆਲੇ ਉਣਿਆ ਕੱਪੜਾ ਵਲ੍ਹੇਟੀਦਾ ਹੈ। ਉਰਝਾਈ = ਉਲਝੀ ਹੋਈ। ਨ ਤਰ ਰਹੀ ਉਰਝਾਈ = ਨਾਭੀ ਭੀ ਉਲਝੀ ਨਹੀਂ ਰਹਿੰਦੀ, ਨਾਭੀ ਦਾ ਜੋ ਸੁਆਸਾਂ ਨਾਲ ਸੰਬੰਧ ਸੀ ਉਹ ਭੀ ਨਹੀਂ ਰਹਿੰਦਾ। ਪਸਾਰੁ = ਖਿਲਾਰਾ, ਫਸ-ਫਸਾ। ਈਹਾ = ਇਥੇ ਹੀ। ਬਪੁਰੀ = ਹੇ ਭੈੜੀ (ਵਾਸ਼ਨਾ) ! ਈਹਾ ਰਹੁ = ਇਥੇ ਹੀ ਟਿਕੀ ਰਹੁ, ਜੀਵ ਦਾ ਸਾਥ ਛੱਡ ਦੇਹ, ਖ਼ਲਾਸੀ ਕਰ।4।

ਅਰਥ: ਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ, ਤਾਂ ਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ।1। ਰਹਾਉ।

(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (40 ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ = ਇਹ 21 ਗਜ਼ ਤਾਣੀ ਦੇ ਹੋਰ ਹਨ) । ਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ।1।

(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ। ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ।2।

(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ। (ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ।3।

(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ) । ਹੇ ਕਬੀਰ! ਹੁਣ ਤਾਂ ਇਸ ਵਾਸ਼ਨਾ ਨੂੰ ਮੱਤ ਦੇ ਕੇ ਆਖ– ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ।4।3। 54।

ਸ਼ਬਦ ਦਾ ਭਾਵ: ਜਦੋਂ ਜੀਵ ਪ੍ਰਭੂ ਦੀ ਯਾਦ ਵਿਸਾਰ ਦੇਂਦਾ ਹੈ ਤਾਂ ਵਾਸ਼ਨਾ ਵਿਚ ਬੱਝ ਜਾਂਦਾ ਹੈ। ਵਾਸ਼ਨਾ ਦਾ ਬੱਧਾ ਹੋਇਆ ਜੀਵ ਜਗਤ ਵਿਚ ਆਉਂਦਾ ਹੈ। ਇੱਥੇ ਭਾਵੇਂ ਥੋੜੇ ਹੀ ਦਿਨਾਂ ਲਈ ਰਹਿਣਾ ਹੁੰਦਾ ਹੈ, ਪਰ ਦੁਨੀਆ ਦੇ ਪਦਾਰਥਾਂ ਵਿਚ ਫਸ ਜਾਂਦਾ ਹੈ, ਤੇ ਪ੍ਰਭੂ ਤੋਂ ਆਕੀ ਹੀ ਰਹਿੰਦਾ ਹੈ। ਆਖ਼ਰ ਮੌਤ ਆ ਜਾਂਦੀ ਹੈ, ਪਰ ਫਿਰ ਭੀ ਵਾਸ਼ਨਾ ਇਸ ਦੀ ਖ਼ਲਾਸੀ ਨਹੀਂ ਕਰਦੀ। 54।

ਗਉੜੀ ॥ ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥ ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥ ਸਾਵਲ ਸੁੰਦਰ ਰਾਮਈਆ ॥ ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥ ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥ ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥ ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥ ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥ ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥ {ਪੰਨਾ 335}

ਪਦ ਅਰਥ: ਕਿੰਬਾ ਹੋਇ = ਕੀ ਮੁੜ ਉਹ (ਵੱਖਰੀ ਹਸਤੀ ਵਾਲੀ) ਹੁੰਦੀ ਹੈ? ਕੀ ਫਿਰ ਭੀ ਉਸ ਦੀ ਵੱਖਰੀ ਹਸਤੀ ਰਹਿੰਦੀ ਹੈ? ਕੀ ਉਸ ਵਿਚ ਆਪਾ-ਭਾਵ ਟਿਕਿਆ ਰਹਿੰਦਾ ਹੈ? ਮਹੋਇ = ਨਹੀਂ ਹੁੰਦਾ, ਨਹੀਂ ਰਹਿੰਦਾ। ਜਿਤੁ ਘਟਿ = ਜਿਸ ਸਰੀਰ ਵਿਚ। ਫੂਟਿ ਮਰੈ = ਫੁੱਟ ਮਰਦਾ ਹੈ, ਆਫਰ ਮਰਦਾ ਹੈ, ਹਉਮੈ ਦੇ ਕਾਰਨ ਦੁਖੀ ਹੁੰਦਾ ਹੈ। ਜਨੁ ਸੋਇ = ਉਹੀ ਮਨੁੱਖ।1।

ਰਾਮਈਆ = ਹੇ ਸੁਹਣੇ ਰਾਮ! ਤੋਹਿ = ਤੇਰੇ ਵਿਚ, ਤੇਰੇ ਚਰਨਾਂ ਵਿਚ।1। ਰਹਾਉ।

ਸਾਧੁ = ਗੁਰੂ। ਸਿਧਿ = ਸਫਲਤਾ, ਸਿੱਧੀ। ਕਿ = ਕੀਹ ਹੈ? (ਭਾਵ, ਤੁੱਛ ਹੈ) । ਭੋਗੁ = (ਦੁਨੀਆ ਦੇ ਪਦਾਰਥਾਂ ਦਾ) ਮਾਣਨਾ। ਦੁਹੁ ਮਿਲਿ = ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ = ਇਹਨਾਂ ਦੋਹਾਂ ਦੇ ਮਿਲਣ ਨਾਲ। ਕਾਰਜੁ ਊਪਜੈ = ਕੰਮ ਸਿਰੇ ਚੜ੍ਹਦਾ ਹੈ। ਸੰਜੋਗ = ਮਿਲਾਪ।2।

ਇਹੁ = ਇਹ ਗੁਰ-ਸ਼ਬਦ, ਸਤਿਗੁਰੂ ਦੀ ਬਾਣੀ। ਤਉ = ਤਾਂ। ਬਾਰ = ਵੇਲੇ।3।

ਚਿਤੁ ਲਾਇ = ਮਨ ਲਾ ਕੇ, ਪ੍ਰੇਮ ਨਾਲ। ਸੰਸਾ = ਸ਼ੱਕ। ਅੰਤਿ = ਆਖ਼ਰ ਨੂੰ, ਨਤੀਜਾ ਇਹ ਨਿਕਲਦਾ ਹੈ ਕਿ। ਪਰਮ = ਉੱਚੀ ਤੋਂ ਉੱਚੀ। ਗਤਿ = ਆਤਮਕ ਅਵਸਥਾ।4।

ਅਰਥ: (ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ। ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ।1।

ਹੇ ਮੇਰੇ ਸਾਂਵਲੇ ਸੁਹਣੇ ਰਾਮ! (ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ।1। ਰਹਾਉ।

(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ। ਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ। (ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈ।2।

ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ (ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ।3।

ਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ, ਹੇ ਕਬੀਰ! ਆਖ– ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।4।1।4। 55।

ਸ਼ਬਦ ਦਾ ਭਾਵ: ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਮਨ ਜੋੜ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰੋਂ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਹ ਜੀਊਂਦਾ ਹੀ ਮੁਕਤ ਹੈ। ਇਹ ਪੱਕੀ ਗੱਲ ਹੈ ਕਿ ਉਸ ਦੀ ਆਤਮਕ ਅਵਸਥਾ ਬਹੁਤ ਹੀ ਉੱਚੀ ਹੋ ਜਾਂਦੀ ਹੈ। 55।

ਗਉੜੀ ॥ ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥ ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥ ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥ ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥ ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥ ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥ ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥ ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥ ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥ ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥ {ਪੰਨਾ 335}

ਪਦ ਅਰਥ: ਜੇਤੇ = ਜਿਤਨੇ ਭੀ ਬੰਦੇ। ਤੇ = ਉਹ ਸਾਰੇ। ਭਵ ਸਾਗਰੁ = ਸੰਸਾਰ-ਸਮੁੰਦਰ। ਰੇ = ਹੇ ਭਾਈ! ਕਰਮ = ਧਾਰਮਿਕ ਰਸਮਾਂ। ਧਰਮ = ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦਾ ਫ਼ਰਜ਼। ਸੰਜਮ = ਧਾਰਮਿਕ ਪ੍ਰਣ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} 'ਮੈਂ, ਮੈਂ' ਕਰਨ ਵਾਲੀ ਅਕਲ, ਹਉਮੈ, ਅਹੰਕਾਰ। ਜਾਰਿਓ = ਸਾੜ ਲਿਆ।1।

ਸਾਸ = ਸਾਹ, ਸੁਆਸ, ਜਿੰਦ। ਗ੍ਰਾਸ = ਗ੍ਰਾਹੀ, ਰੋਜ਼ੀ। ਕਉਡੀ ਬਦਲੈ = ਕੌਡੀ ਦੀ ਖ਼ਾਤਰ। ਹਾਰਿਓ = ਗੰਵਾ ਦਿੱਤਾ।1। ਰਹਾਉ।

ਤ੍ਰਿਸਨਾ = ਤ੍ਰੇਹ, ਲਾਲਸਾ,। ਤ੍ਰਿਖਾ = ਤ੍ਰੇਹ, ਲਾਲਸਾ। ਭ੍ਰਮਿ = ਭਰਮ ਵਿਚ, ਭਟਕਣਾ ਦੇ ਕਾਰਨ। ਉਨਮਤ = ਮਸਤਿਆ ਹੋਇਆ। ਹਿਰਿਓ = ਠੱਗਿਆ ਹੋਇਆ। ਮਾਨ ਹਿਰਿਓ = ਹੰਕਾਰ ਦਾ ਠੱਗਿਆ ਹੋਇਆ।2।

ਲੁਭਤ = ਲੋਭੀ। ਰਸ = ਚਸਕੇ। ਮਦ = ਨਸ਼ਾ। ਕਰਮ = ਚੰਗੇ ਕੰਮ। ਕਰਮ ਭਾਗ = ਜਿਨ੍ਹਾਂ ਦੇ ਭਾਗਾਂ ਵਿਚ ਪਿਛਲੇ ਕੀਤੇ ਚੰਗੇ ਕੰਮ ਹਨ। ਕਾਸਟ = ਲੱਕੜੀ।3।

ਧਾਵਤ = ਦੌੜਦੇ ਦੌੜਦੇ। ਭ੍ਰਮਿ = ਭਟਕਣਾ ਵਿਚ। ਦੁਖ ਕਰਿ = ਦੁੱਖ ਪਾ ਪਾ ਕੇ। ਹਾਰਿਓ = ਹਾਰ ਗਿਆ ਹਾਂ, ਥੱਕ ਗਿਆ ਹਾਂ। ਕਹਿ = ਕਹੈ, ਆਖਦਾ ਹੈ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ ਹੀ।4।

ਅਰਥ: ਹੇ ਭਾਈ! ਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ। ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ) ।1।

ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ? ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ।1। ਰਹਾਉ।

ਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ। (ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ।2।

(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ। ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ।3।

ਕਬੀਰ ਆਖਦਾ ਹੈ– ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ) ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ।4।1।5। 56।

ਸ਼ਬਦ ਦਾ ਭਾਵ: ਨਿਰੀਆਂ ਧਾਰਮਿਕ ਰਸਮਾਂ ਤੇ ਵਰਨ ਆਸ਼੍ਰਮਾਂ ਦੀਆਂ ਰਸਮਾਂ ਤਾਂ ਸਗੋਂ ਹਉਮੈ ਪੈਦਾ ਕਰਦੀਆਂ ਹਨ, ਮਾਇਆ ਵਿਚ ਹੀ ਫਸਾਉਂਦੀਆਂ ਹਨ। ਪ੍ਰਭੂ ਦੀ ਮਿਹਰ ਨਾਲ ਜੋ ਮਨੁੱਖ ਸਤ-ਸੰਗ ਵਿਚ ਆ ਕੇ ਨਾਮ ਸਿਮਰਦਾ ਹੈ, ਉਹੀ ਵਿਕਾਰਾਂ ਤੋਂ ਬਚਦਾ ਹੈ। 56।

TOP OF PAGE

Sri Guru Granth Darpan, by Professor Sahib Singh