ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 336

ਗਉੜੀ ॥ ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥ ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥ ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥ ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥ ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥ {ਪੰਨਾ 336}

ਪਦ ਅਰਥ: ਕਾਲਬੂਤ = ਕਲਬੂਤ, ਢਾਂਚਾ। ਹਸਤਨੀ = ਹਥਣੀ {ਹਾਥੀ ਜੰਗਲ ਵਿਚੋਂ ਫੜਨ ਲਈ ਲੋਕ ਲੱਕੜੀ ਦਾ ਹਥਣੀ ਦਾ ਢਾਂਚਾ ਬਣਾ ਕੇ ਉਸ ਉੱਤੇ ਕਾਗ਼ਜ਼ ਲਾ ਕੇ ਹਥਣੀ ਜਿਹੀ ਬਣਾ ਕੇ ਕਿਤੇ ਟੋਏ ਉੱਤੇ ਖੜੀ ਕਰ ਦੇਂਦੇ ਹਨ। ਕਾਮ ਵਿਚ ਮਸਤਿਆ ਹਾਥੀ ਆ ਕੇ ਉਸ ਕਲਬੂਤ ਨੂੰ ਹਥਣੀ ਸਮਝ ਕੇ ਉਸ ਵਲ ਵਧਦਾ ਹੈ, ਪਰ ਟੋਏ ਵਿਚ ਡਿੱਗ ਪੈਂਦਾ ਹੈ ਤੇ ਫੜਿਆ ਜਾਂਦਾ ਹੈ}। ਬਉਰਾ = ਕਮਲਾ। ਚਲਤੁ = ਖੇਡ, ਤਮਾਸ਼ਾ। ਜਗਦੀਸ = ਜਗਤ ਦਾ ਮਾਲਕ ਪ੍ਰਭੂ। ਸੁਆਇ = ਸੁਆਉ ਵਿਚ, ਸੁਆਉ ਦੇ ਕਾਰਨ, ਸੁਆਦ ਦੇ ਕਾਰਨ, ਚਸਕੇ ਵਿਚ, ਵਾਸ਼ਨਾ ਦੇ ਕਾਰਨ। ਬਸਿ ਪਰੇ = ਕਾਬੂ ਆ ਜਾਂਦਾ ਹੈ। ਅੰਕਸੁ = ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ ਮਹਾਵਤ ਉਸ ਦੀ ਧੌਣ ਉਤੇ ਮਾਰਦਾ ਹੈ। ਸੀਸਿ = ਸਿਰ ਉਤੇ।1।

ਬਿਖੈ = ਵਿਸ਼ੇ-ਵਿਕਾਰ। ਬਾਚੁ = ਬਚ ਕੇ ਰਹੁ। ਰਾਚੁ = ਲੀਨ ਹੋਹੁ। ਨਿਰਭੈ = ਨਿਡਰ {ਆਮ ਤੌਰ ਤੇ ਮਨੁੱਖ ਨੂੰ ਰੋਜ਼ੀ ਦਾ ਸਹਿਮ ਲੱਗਾ ਰਹਿੰਦਾ ਹੈ, ਲਾਲਚ ਵਿਚ ਫਸਦਾ ਹੈ; ਜੋ ਰੋਜ਼ੀ ਪਹਿਲਾਂ ਨਿਰਬਾਹ ਦੀ ਖ਼ਾਤਰ ਕਮਾਂਦਾ ਹੈ, ਉਸ ਨੂੰ ਸਹਿਜੇ ਸਹਿਜੇ ਜ਼ਿੰਦਗੀ ਦਾ ਆਸਰਾ ਸਮਝ ਬੈਠਦਾ ਹੈ ਤੇ ਇਸ ਤਰ੍ਹਾਂ ਇਹ ਸਹਿਮ ਬਣ ਜਾਂਦਾ ਹੈ ਕਿ ਮਤਾਂ ਕਿਤੇ ਇਹ ਮਾਇਆ ਗੁਆਚ ਨ ਜਾਏ, ਨੁਕਸਾਨ ਨ ਹੋ ਜਾਏ। ਬੱਸ! ਸਾਰੀ ਉਮਰ ਇਸ ਸਹਿਮ ਵਿਚ ਹੀ ਲੰਘਦੀ ਹੈ}। ਗਹਿਓ ਨ = ਪਕੜਿਆ ਨਹੀਂ, ਆਸਰਾ ਨਹੀਂ ਲਿਆ।1। ਰਹਾਉ।

ਮਰਕਟ = ਬਾਂਦਰ। ਮੁਸਟੀ = ਮੁੱਠੀ। ਪਸਾਰਿ = ਖਿਲਾਰ ਕੇ। ਸਹਸਾ = ਸਹਿਮ। ਘਰ ਘਰ ਬਾਰਿ = ਹਰੇਕ ਘਰ ਦੇ ਬੂਹੇ ਤੇ। ਬਾਰਿ = ਬੂਹੇ ਤੇ। {ਨੋਟ: ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦੇਂਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ। ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ। ਇਸ ਤਰ੍ਹਾਂ ਉੱਥੇ ਹੀ ਫੜਿਆ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ}।2।

ਨਲਨੀ = ਤੋਤਿਆਂ ਨੂੰ ਫੜਨ ਵਾਲੇ ਲੋਕ ਲੱਕੜੀ ਦਾ ਇੱਕ ਨਿੱਕਾ ਜਿਹਾ ਢੋਲ ਬਣਾ ਕੇ ਦੋ ਪਾਸੀਂ ਡੰਡਿਆਂ ਦੇ ਆਸਰੇ ਖੜਾ ਕਰ ਦੇਂਦੇ ਹਨ। ਵਿਚਕਾਰ ਤੋਤੇ ਲਈ ਚੋਗਾ ਪਾ ਦੇਂਦੇ ਹਨ, ਤੇ ਇਸ ਢੋਲ ਜਿਹੇ ਦੇ ਹੇਠਲੇ ਪਾਸੇ ਪਾਣੀ ਦਾ ਭਰਿਆ ਇਕ ਭਾਂਡਾ ਰੱਖਦੇ ਹਨ। ਤੋਤਾ ਚੋਗੇ ਦੀ ਖ਼ਾਤਰ ਉਸ ਚੱਕਰ ਉੱਤੇ ਆ ਬੈਠਦਾ ਹੈ। ਪਰ ਤੋਤੇ ਦੇ ਭਾਰ ਨਾਲ ਚੱਕਰ ਉਲਟ ਜਾਂਦਾ ਹੈ, ਤੋਤਾ ਹੇਠਲੇ ਪਾਸੇ ਲਮਕ ਪੈਂਦਾ ਹੈ। ਹੇਠਾਂ ਪਾਣੀ ਵੇਖ ਕੇ ਤੋਤਾ ਸਹਿਮ ਜਾਂਦਾ ਹੈ ਕਿ ਕਿਤੇ ਪਾਣੀ ਵਿਚ ਡਿੱਗ ਕੇ ਡੁੱਬ ਨਾਹ ਜਾਵਾਂ। ਇਸ ਡਰ ਦੇ ਕਾਰਨ ਲੱਕੜੀ ਦੇ ਯੰਤ੍ਰ ਨੂੰ ਘੁੱਟ ਕੇ ਪਕੜੀ ਰੱਖਦਾ ਹੈ ਤੇ ਫਸ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਪਹਿਲਾਂ ਇਹ ਰੋਜ਼ੀ ਸਿਰਫ਼ ਨਿਰਬਾਹ ਦੀ ਖ਼ਾਤਰ ਕਮਾਈਦੀ ਹੈ। ਸਹਿਜੇ ਸਹਿਜੇ ਇਹ ਸਹਿਮ ਬਣਦਾ ਹੈ ਕਿ ਜੇ ਇਹ ਕਮਾਈ ਰੁੜ੍ਹ ਗਈ ਤਾਂ ਕੀਹ ਹੋਵੇਗਾ, ਬਿਰਧ ਉਮਰ ਲਈ ਜੇ ਬਚਾਅ ਕੇ ਨਾਹ ਰੱਖਿਆ ਤਾਂ ਕਿਵੇਂ ਗੁਜ਼ਾਰਾ ਹੋਵੇਗਾ। ਇਸ ਸਹਿਮ ਵਿਚ ਪੈ ਕੇ ਮਨੁੱਖ ਮਾਇਆ ਦੇ ਮੋਹ ਦੇ ਪਿੰਜਰੇ ਵਿਚ ਫਸ ਜਾਂਦਾ ਹੈ}। ਸੂਅਟਾ = ਅੰਞਾਣ ਤੋਤਾ {ਸੰ: ਸ਼ੁਕ = ਤੋਤਾ। ਸ਼ੁਕਟਾ = ਨਿੱਕਾ ਜਿਹਾ ਤੋਤਾ, ਅੰਞਾਣ ਤੋਤਾ। ਸੰਸਕ੍ਰਿਤ ਲਫ਼ਜ਼ 'ਸ਼ੁਕਟ' ਤੋਂ 'ਸੂਅਟਾ' ਪ੍ਰਾਕ੍ਰਿਤ-ਰੂਪ ਹੈ}। ਗਹਿਓ = ਫੜਿਆ ਜਾਂਦਾ ਹੈ। ਬਿਉਹਾਰੁ = ਵਰਤਾਰਾ, ਸਲੂਕ। ਕਸੁੰਭ = ਇਕ ਕਿਸਮ ਦਾ ਫੁੱਲ ਹੈ, ਇਸ ਨਾਲ ਲੋਕ ਕੱਪੜੇ ਰੰਗਿਆ ਕਰਦੇ ਸਨ, ਰੰਗ ਚੰਗਾ ਸ਼ੋਖ ਹੁੰਦਾ ਹੈ, ਪਰ ਇਕ ਦੋ ਦਿਨ ਵਿਚ ਹੀ ਭੈੜਾ ਪੈ ਜਾਂਦਾ ਹੈ।3।

ਨਾਵਨ ਕਉ = ਇਸ਼ਨਾਨ ਕਰਨ ਲਈ। ਘਨੇ = ਬਥੇਰੇ। ਪੂਜਨ ਕਉ = ਪੂਜਾ ਕਰਨ ਲਈ। ਛੂਟਨੁ = ਖ਼ਲਾਸੀ, ਮਾਇਆ ਦੇ ਮੋਹ ਤੇ ਸਹਿਮ ਤੋਂ ਖ਼ਲਾਸੀ। ਸੇਵ = ਸੇਵਾ, ਬੰਦਗੀ।4।

ਅਰਥ: ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ) ; (ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ।1।

ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ। ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ?।1। ਰਹਾਉ।

ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ।2।

ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ। ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ।3।

ਹੇ ਕਬੀਰ! ਆਖ– ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ) ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ।4।1।6। 57।

ਸ਼ਬਦ ਦਾ ਭਾਵ: ਜੀਵ ਮਾਇਆ ਦੇ ਮੋਹ ਵਿਚ ਫਸ ਕੇ ਅਕਾਲ ਪੁਰਖ ਨੂੰ ਵਿਸਾਰ ਦੇਂਦਾ ਹੈ, ਤੇ ਕਈ ਕਿਸਮ ਦੇ ਦੁੱਖ ਸਹਿੰਦਾ ਹੈ। ਫਿਰ ਇਹਨਾਂ ਦੁੱਖਾਂ ਤੋਂ ਬਚਣ ਲਈ ਕਿਤੇ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ ਹੈ, ਕਿਤੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਪਰ ਦੁੱਖਾਂ ਤੋਂ ਬਚਾਅ ਨਹੀਂ ਹੁੰਦਾ। ਇਹਨਾਂ ਦਾ ਇਲਾਜ ਇਕ ਪ੍ਰਭੂ ਦੀ ਯਾਦ ਹੀ ਹੈ ਕਿਉਂਕਿ ਇਹ ਸਹਿਮ ਵਾਪਰਦੇ ਹੀ ਤਦੋਂ ਹਨ ਜਦੋਂ ਜੀਵ ਪ੍ਰਭੂ ਨੂੰ ਭੁਲਾ ਦੇਂਦਾ ਹੈ। 57।

ਗਉੜੀ ॥ ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥ ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥ ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥ ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥ ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥ ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥ ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥ ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥ ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥ {ਪੰਨਾ 336}

ਪਦ ਅਰਥ: ਦਹੈ– ਸਾੜਦੀ। ਮਗਨੈ = ਗੁੰਮ ਕਰਦੀ, ਲੋਪ ਕਰਦੀ, ਉਡਾ ਲੈ ਜਾਂਦੀ। ਤਸਕਰੁ = ਚੋਰ। ਨੇਰਿ = ਨੇੜੇ। ਸੰਚਉਨੀ ਕਰਿ = ਇਕੱਠਾ ਕਰ, ਜੋੜ। ਕਤਹੀ = ਕਿਤੇ ਭੀ।1।

ਧਰਣੀ ਧਰੁ = ਧਰਤੀ ਦਾ ਆਸਰਾ। ਸਾਰ = ਸ੍ਰੇਸ਼ਟ, ਸਭ ਤੋਂ ਵਧੀਆ। ਰਾਜਿ = ਰਾਜ ਵਿਚ।1। ਰਹਾਉ।

ਸਨਕਾਦਿਕ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਉਦਾਸੀ = ਵਿਰਕਤ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਮੁਕੰਦ = ਮੁਕਤੀ ਦੇਣ ਵਾਲਾ ਪ੍ਰਭੂ। ਫਾਸੀ = ਫਾਹੀ।2।

ਨਿਜ ਧਨੁ = ਨਿਰੋਲ ਆਪਣਾ ਧਨ। ਗੁਰਿ = ਗੁਰੂ ਨੇ। ਤਾਸੁ = ਉਸ (ਭਗਤੀ) ਵਿਚ। ਸੁਮਤਿ ਮਨੁ = ਸ੍ਰੇਸ਼ਟ ਮਤ ਵਾਲੇ ਬੰਦੇ ਦਾ ਮਨ। ਜਲਤ = ਸੜਦੇ ਨੂੰ। ਅੰਭ = ਪਾਣੀ। ਥੰਭਿ = ਥੰਮ੍ਹੀ।3।

ਮਦਨ = ਕਾਮ ਵਾਸ਼ਨਾ। ਮਾਤੇ = ਮਸਤੇ ਹੋਏ। ਬੀਚਾਰੀ = ਵਿਚਾਰ ਕੇ, ਸੋਚ ਕੇ। ਤੁਮ ਘਰਿ = ਤੁਹਾਡੇ ਘਰ ਵਿਚ। ਕੋਟਿ = ਕ੍ਰੋੜਾਂ। ਅਸ੍ਵ = ਘੋੜੇ। ਹਸਤੀ = ਹਾਥੀ। ਮੁਰਾਰੀ = {ਮੁਰ = ਅਰਿ; ਮੁਰ ਦੈਂਤ ਦਾ ਵੈਰੀ} ਪਰਮਾਤਮਾ।4।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ। ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।1।

ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ। ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ।1। ਰਹਾਉ।

ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ। ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ।2।

ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ। (ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ।3।

ਕਬੀਰ ਆਖਦਾ ਹੈ– ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ, ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ।4।1।7। 58।

ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਸਦਾ ਸਾਥ ਨਿਭਾਉਂਦਾ ਹੈ, ਤੇ ਜੋ ਸੁਖ ਨਾਮ-ਧਨ ਵਿਚ ਹੈ, ਉਹ ਸੁਖ ਰਾਜ-ਭਾਗ ਦੀ ਮੌਜ ਵਿਚ ਭੀ ਨਹੀਂ ਹੈ। 58।

ਗਉੜੀ ॥ ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥ ਭਗਤਿ ਬਿਨੁ ਬਿਰਥੇ ਜਨਮੁ ਗਇਓ ॥ ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥ ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥ ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥ ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥ ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥ ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥ ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥ {ਪੰਨਾ 336}

ਪਦ ਅਰਥ: ਕਪਿ = ਬਾਂਦਰ {ਇਸ ਤੁਕ ਵਿਚ ਦਿੱਤੇ ਖ਼ਿਆਲ ਨੂੰ ਸਮਝਣ ਵਾਸਤੇ ਪੜ੍ਹੋ ਸ਼ਬਦ ਨੰ: 57}। ਕਰ = ਹੱਥ। ਮੁਸਟਿ = ਮੁੱਠ। ਚਨਨ = ਚਣੇ, ਛੋਲੇ। ਲੁਬਧਿ = ਲੁਬਧ ਨੇ, ਲੋਭੀ ਨੇ। ਗਰਹਿ = ਗਲ ਵਿਚ।1।

ਕਹੀ = ਕਿਤੇ ਭੀ, ਕਿਸੇ ਹੋਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਬਿਰਥੇ = ਖ਼ਾਲੀ, ਸੱਖਣਾ, ਬਿਅਰਥ, ਸੁੰਞਾ।1। ਰਹਾਉ।

ਉਦਿਆਨ = ਜੰਗਲ। ਕੁਸਮ = ਫੁਲ। ਪਰਫੁਲਿਤ = ਖਿੜੇ ਹੋਏ। ਕਿਨਹਿ = (ਕਿਸੇ ਬੰਦੇ) ਨੇ ਹੀ। ਘ੍ਰਾਉ = ਸੁਗੰਧੀ। ਭ੍ਰਮਤ = ਭਟਕਦਿਆਂ। ਹਇਓ = ਹਨਿਓ, ਨਾਸ ਕਰਦਾ ਹੈ।2।

ਇਆ = ਇਹ ਸਾਰੇ। ਜੋਬਨ = ਜੁਆਨੀ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦੇ ਜੋੜ ਅਤੇ ਅਰਥ ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ; ਅਰਿ-ਵੈਰੀ}। ਸੁਤ = ਪੁੱਤਰ। ਦਾਰਾ = ਇਸਤ੍ਰੀ, ਵਹੁਟੀ। ਪੇਖਨ ਕਉ = ਵੇਖਣ ਲਈ {ਨੋਟ: ਕੋਈ ਖੇਲ ਤਮਾਸ਼ਾ ਵੇਖਣ ਜਾਈਏ, ਉਸ ਵਿਚ ਭਾਵੇਂ ਕਿਤਨੇ ਹੀ ਮਨ ਭਰਮਾਉਣ ਵਾਲੇ ਜਾਂ ਦਰਦ-ਭਰੇ ਸਾਕੇ ਆਉਣ, ਅਸੀਂ ਸਿਰਫ਼ ਤਮਾਸ਼-ਬੀਨ ਹੀ ਰਹਿੰਦੇ ਹਾਂ। ਨਾਹ ਤਾਂ ਤਮਾਸ਼ੇ ਦੇ ਦੁੱਖ-ਭਰੇ ਦ੍ਰਿਸ਼ ਨਾਲ ਕੋਈ ਡੂੰਘੀ ਸੱਟ ਸਾਨੂੰ ਵੱਜਦੀ ਹੈ, ਜਿਵੇਂ ਕਿਸੇ ਆਪਣੇ ਨਿੱਜ ਦੇ ਦੁਖ ਦੀ ਵੱਜ ਸਕਦੀ ਹੈ ਅਤੇ ਨਾਹ ਹੀ ਕੋਈ ਮਨ ਨੂੰ ਭਰਮਾਉਣ ਵਾਲੀ ਸ਼ੈ ਸਾਨੂੰ ਠੱਗ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਇਹ ਅਸਲ ਨਹੀਂ, ਕਿਸੇ ਹੋ ਚੁਕੇ ਅਸਲ ਦੀ ਨਕਲ ਹੈ। ਸੋ, ਉਸ ਤਮਾਸ਼ੇ ਦੇ ਦੁਖਾਂ ਸੁਖਾਂ ਦੇ ਦ੍ਰਿਸ਼ਾਂ ਵਿਚ ਅਸੀਂ ਨਿਰਲੇਪ ਜਿਹੇ ਰਹਿੰਦੇ ਹਾਂ। ਇਹ ਧਨ, ਜੁਆਨੀ, ਪਰਿਵਾਰ ਭੀ ਇਕ ਖੇਡ ਪ੍ਰਭੂ ਨੇ ਬਣਾਈ ਹੈ, ਇਹਨਾਂ ਵਿਚ ਰਹਿ ਕੇ ਭੀ ਇਹਨਾਂ ਨੂੰ ਵੇਖਣਾ ਹੀ ਹੈ, ਭਾਵ, ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ, ਇਹਨਾਂ ਵਿਚ ਨਿਰਲੇਪ ਹੀ ਰਹਿਣਾ ਹੈ}। ਅਟਕਿ = ਫਸ ਕੇ, ਰੁਕ ਕੇ। ਉਰਝੇ = ਉਲਝ ਗਏ, ਜਕੜੇ ਗਏ। ਪ੍ਰੇਰਿ ਲਇਓ = ਆਪਣੇ ਵਲ ਖਿੱਚ ਲਿਆ।3।

ਅਉਧ = ਉਮਰ, ਜ਼ਿੰਦਗੀ ਦੇ ਸਮੇ ਦਾ ਬੀਤਦੇ ਜਾਣਾ। ਅਨਲ = ਅੱਗ। ਤਨੁ = ਸਰੀਰ। ਤਿਨ ਕੋ ਮੰਦਰੁ = ਕੱਖਾਂ ਦਾ ਘਰ। ਚਹੁ ਦਿਸ = ਚੌਂਹੀ ਪਾਸੀਂ, ਹਰ ਪਾਸੇ। ਠਾਟੁ = ਬਣਤਰ। ਠਇਓ = ਬਣੀ ਹੋਈ ਹੈ। ਕਹਿ = ਕਹੈ, ਆਖਦਾ ਹੈ। ਭੈ ਸਾਗਰ = ਡਰਾਉਣਾ ਸੰਸਾਰ-ਸਮੁੰਦਰ। ਤਰਨ ਕਉ = ਤਰਨ ਲਈ, ਪਾਰ ਲੰਘਣ ਵਾਸਤੇ। ਓਟ = ਆਸਰਾ।4।

ਅਰਥ: ਜਿਵੇਂ (ਕਿਸੇ) ਬਾਂਦਰ ਦੇ ਹੱਥ (ਭੁੱਜੇ) ਛੋਲਿਆਂ ਦੀ ਮੁੱਠ ਆਈ, ਪਰ ਲੋਭੀ ਬਾਂਦਰ ਨੇ (ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ) ਨਾਹ ਛੱਡੀ, (ਤੇ ਕਾਬੂ ਆ ਗਿਆ, ਇਸੇ ਤਰ੍ਹਾਂ) ਲੋਭ ਦੇ ਵੱਸ ਹੋ ਕੇ ਜੋ ਜੋ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ (ਮੋਹ ਦੇ ਬੰਧਨ-ਰੂਪ ਜ਼ੰਜੀਰ ਬਣ ਕੇ ਇਸ ਦੇ) ਗਲ ਵਿਚ ਪੈਂਦੇ ਹਨ।1।

ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ (ਕਿਉਂਕਿ ਹਿਰਦੇ ਵਿਚ ਪ੍ਰਭੂ ਆ ਕੇ ਨਹੀਂ ਵੱਸਦਾ) । ਤੇ, ਸਾਧ ਸੰਗਤਿ ਵਿਚ (ਆ ਕੇ) ਭਗਵਾਨ ਦਾ ਸਿਮਰਨ ਕਰਨ ਤੋਂ ਬਿਨਾ ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਟਿਕ ਹੀ ਨਹੀਂ ਸਕਦਾ।1। ਰਹਾਉ।

ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਭੀ ਨਹੀਂ ਲੈ ਸਕਦਾ (ਉਹ ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ) , ਤਿਵੇਂ, (ਪ੍ਰਭੂ ਦੀ ਬੰਦਗੀ ਤੋਂ ਬਿਨਾ) ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ।2।

ਧਨ, ਜੁਆਨੀ, ਪੁੱਤਰ ਤੇ ਇਸਤ੍ਰੀ ਇਹ ਸਾਰੇ ਉਸ ਪ੍ਰਭੂ ਨੇ (ਜੀਵ ਨੂੰ ਕਿਸੇ ਤਮਾਸ਼ੇ ਵਿਚ ਨਿਰਲੇਪ ਜਿਹਾ ਰਹਿਣ ਵਾਂਗ) ਵੇਖਣ ਲਈ ਦਿੱਤੇ ਹਨ (ਕਿ ਇਸ ਜਗਤ-ਤਮਾਸ਼ੇ ਵਿਚ ਇਹ ਨਿਰਲੇਪ ਹੀ ਰਹੇ) , ਪਰ ਜੀਵ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦ੍ਰੇ ਜੀਵ ਨੂੰ ਖਿੱਚ ਲੈਂਦੇ ਹਨ।3।

ਕਬੀਰ ਆਖਦਾ ਹੈ– ਇਹ ਸਰੀਰ (ਮਾਨੋ) ਕੱਖਾਂ ਦਾ ਕੋਠਾ ਹੈ, ਉਮਰ (ਦੇ ਦਿਨ ਬੀਤਦੇ ਜਾਣੇ ਇਸ ਕੋਠੇ ਨੂੰ) ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ, (ਪਰ ਕੋਈ ਭੀ ਇਸ ਪਾਸੇ ਧਿਆਨ ਨਹੀਂ ਦੇਂਦਾ; ਕਿਆ ਅਚਰਜ ਭਿਆਨਕ ਦ੍ਰਿਸ਼ ਹੈ!) । ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ।4।1। 59।

ਸ਼ਬਦ ਦਾ ਭਾਵ: ਬੰਦਗੀ ਤੋਂ ਬਿਨਾ ਜੀਵਨ ਬਿਅਰਥ ਹੈ, ਨਾਮ ਦੀ ਸੁਗੰਧੀ ਤੋਂ ਬਿਨਾ ਜਗਤ-ਫੁਲਵਾੜੀ ਦਾ ਇਹ ਜੀਵ-ਫੁੱਲ ਕਿਸ ਅਰਥ? ਦੁਨੀਆ ਦੇ ਰਸਾਂ ਵਿਚ ਫਸ ਕੇ ਖ਼ੁਆਰ ਹੁੰਦਾ ਹੈ। 59।

ਗਉੜੀ ॥ ਪਾਨੀ ਮੈਲਾ ਮਾਟੀ ਗੋਰੀ ॥ ਇਸ ਮਾਟੀ ਕੀ ਪੁਤਰੀ ਜੋਰੀ ॥੧॥ ਮੈ ਨਾਹੀ ਕਛੁ ਆਹਿ ਨ ਮੋਰਾ ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥ ਇਸ ਮਾਟੀ ਮਹਿ ਪਵਨੁ ਸਮਾਇਆ ॥ ਝੂਠਾ ਪਰਪੰਚੁ ਜੋਰਿ ਚਲਾਇਆ ॥੨॥ ਕਿਨਹੂ ਲਾਖ ਪਾਂਚ ਕੀ ਜੋਰੀ ॥ ਅੰਤ ਕੀ ਬਾਰ ਗਗਰੀਆ ਫੋਰੀ ॥੩॥ ਕਹਿ ਕਬੀਰ ਇਕ ਨੀਵ ਉਸਾਰੀ ॥ ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥ {ਪੰਨਾ 336-337}

ਪਦ ਅਰਥ: ਪਾਨੀ = ਪਿਤਾ ਦਾ ਬੀਰਜ। ਮੈਲਾ = ਗੰਦਾ। ਮਾਟੀ ਗੋਰੀ = ਲਾਲ ਮਿੱਟੀ, ਮਾਂ ਦੀ ਰਕਤ-ਰੂਪ ਧਰਤੀ ਜਿਸ ਵਿਚ ਪਿਤਾ ਦੀ ਬੂੰਦ-ਰੂਪ ਬੀਜ ਉੱਗਦਾ ਹੈ। ਪੁਤਰੀ = ਪੁਤਲੀ। ਜੋਰੀ = ਜੋੜ ਦਿੱਤੀ, ਬਣਾ ਦਿੱਤੀ।1।

ਮੈ ਨਾਹੀ = ਮੇਰੀ ਕੋਈ ਹਸਤੀ ਨਹੀਂ। ਕਛੁ = ਕੋਈ ਚੀਜ਼। ਨ ਆਹਿ = ਨਹੀਂ ਹੈ। ਸਭੁ ਰਸੁ = ਸਾਰਾ ਰਸ, ਸਰੀਰ ਦਾ ਸਾਰਾ ਰਸ, ਸਰੀਰ ਵਿਚ ਜਿੰਦ।1। ਰਹਾਉ।

ਪਵਨੁ = ਪ੍ਰਾਣ। ਪਰਪੰਚੁ = ਪਸਾਰਾ, ਠੱਗੀ। ਜੋਰਿ = ਜੋੜ ਕੇ।2।

ਕਿਨਹੂ = ਕਈ ਜੀਵਾਂ ਨੇ, ਜਿਨ੍ਹਾਂ ਜੀਵਾਂ ਨੇ। ਜੋਰੀ = ਇਕੱਠੀ ਕਰ ਲਈ। ਫੋਰੀ = ਟੁੱਟ ਗਈ।3।

ਕਹਿ = ਕਹੈ, ਆਖਦਾ ਹੈ। ਨੀਵ = ਨੀਂਹ। ਉਸਾਰੀ = ਖੜੀ ਕੀਤੀ ਹੈ। ਅਹੰਕਾਰੀ = ਹੇ ਅਹੰਕਾਰੀ!।4।

ਅਰਥ: (ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ = (ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ।1।

ਹੇ ਮੇਰੇ ਗੋਬਿੰਦ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ। ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ।1। ਰਹਾਉ।

ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ, (ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ।2।

ਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ, ਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ।3।

ਕਬੀਰ ਆਖਦਾ ਹੈ– ਹੇ ਅਹੰਕਾਰੀ ਜੀਵ! ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ ਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ।4।1।9। 60।

ਸ਼ਬਦ ਦਾ ਭਾਵ: ਮਨੁੱਖ ਆਪਣੀ ਪਾਇਆਂ ਨੂੰ ਨਾਹ ਸਮਝ ਕੇ ਧਨ-ਪਦਾਰਥ ਦਾ ਅਹੰਕਾਰ ਕਰਦਾ ਰਹਿੰਦਾ ਹੈ। ਪਰ ਲੱਖਾਂ ਰੁਪਏ ਜੋੜੇ ਹੋਏ ਭੀ ਇੱਥੇ ਹੀ ਧਰੇ ਰਹਿ ਜਾਂਦੇ ਹਨ, ਤੇ ਇਹ ਸਰੀਰ ਨਾਸ ਹੋਣ ਲੱਗਿਆਂ ਤਾਂ ਇਕ ਪਲ ਨਹੀਂ ਲੱਗਦਾ। 60।

TOP OF PAGE

Sri Guru Granth Darpan, by Professor Sahib Singh