ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 337 ਗਉੜੀ ॥ ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥ ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ ਚੂਕਿ ਗਈ ਫਿਰਿ ਆਵਨ ਜਾਨੀ ॥੩॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥ {ਪੰਨਾ 337} ਪਦ ਅਰਥ: ਜਪਉ = ਜਪਉਂ, ਮੈਂ ਜਪਾਂ। ਜੀਅ = ਹੇ ਜਿੰਦ! ਜੈਸੇ = ਜਿਸ ਪ੍ਰੇਮ ਤੇ ਸ਼ਰਧਾ ਨਾਲ।1। ਦੀਨ ਦਇਆਲ = ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਸਭੁ ਪਰਵਾਰੁ = ਸਾਰਾ ਪਰਵਾਰ, ਜਿੰਦ ਦਾ ਸਾਰਾ ਪਰਵਾਰ, ਸਾਰੇ ਇੰਦ੍ਰੇ, ਤਨ ਤੇ ਮਨ ਸਭ ਕੁਝ। ਬੇੜੇ = ਜਹਾਜ਼ ਉੱਤੇ, ਨਾਮ-ਰੂਪ ਜਹਾਜ਼ ਤੇ।1। ਰਹਾਉ। ਜਾ = ਜਦੋਂ। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਉਸ ਦੀ ਮਰਜ਼ੀ ਹੁੰਦੀ ਹੈ।2। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਸਮਾਨੀ = ਸਮਾ ਜਾਂਦੀ ਹੈ, ਹਿਰਦੇ ਵਿਚ ਪਰਗਟ ਹੁੰਦੀ ਹੈ। ਚੂਕਿ ਗਈ = ਮੁੱਕ ਜਾਂਦੀ ਹੈ।3। ਭਜੁ = ਸਿਮਰ। ਸਾਰਿਗਪਾਨੀ = ਧਨਖ ਜਿਸ ਦੇ ਹੱਥ ਵਿਚ ਹੈ {ਸਾਰਿਗ = ਵਿਸ਼ਨੂੰ ਦੇ ਧਨਖ ਦਾ ਨਾਮ ਹੈ। ਪਾਨੀ = ਹੱਥ}। ਉਰਵਾਰਿ = ਉਰਲੇ ਪਾਸੇ, ਇਸ ਸੰਸਾਰ ਵਿਚ। ਪਾਰਿ = ਪਰਲੋਕ ਵਿਚ। ਦਾਨੀ = ਜਾਣ, ਸਮਝ।4। ਅਰਥ: ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ।1। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ ਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ) ।1। ਰਹਾਉ। ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦ੍ਰਿਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ) , ਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦ੍ਰਿਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ।2। ਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦ੍ਰਿਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ) , ਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ।3। ਹੇ ਕਬੀਰ! ਆਖ (ਭਾਵ, ਆਪਣੇ ਆਪ ਨੂੰ ਸਮਝਾ) = ਸਾਰਿੰਗਪਾਨੀ ਪ੍ਰਭੂ ਨੂੰ ਸਿਮਰ, ਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ।4।2।10। 61। ਸ਼ਬਦ ਦਾ ਭਾਵ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ-ਇੰਦ੍ਰਿਆਂ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ, ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਇਸ ਤਰ੍ਹਾਂ ਉਸ ਦੀ ਭਟਕਣਾ ਮੁੱਕ ਜਾਂਦੀ ਹੈ। 61। ਗਉੜੀ ੯ ॥ ਜੋਨਿ ਛਾਡਿ ਜਉ ਜਗ ਮਹਿ ਆਇਓ ॥ ਲਾਗਤ ਪਵਨ ਖਸਮੁ ਬਿਸਰਾਇਓ ॥੧॥ ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥ ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥ ਤਉ ਜਠਰ ਅਗਨਿ ਮਹਿ ਰਹਤਾ ॥੨॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥ ਅਬ ਕੇ ਛੁਟਕੇ ਠਉਰ ਨ ਠਾਇਓ ॥੩॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥ {ਪੰਨਾ 337} ਪਦ ਅਰਥ: 9 = ਘਰ ਨਾਵਾਂ। ਜੋਨਿ = ਗਰਭ, ਮਾਂ ਦਾ ਪੇਟ। ਜਉ = ਜਦੋਂ। ਜਗ ਮਹਿ ਆਇਓ = ਜਗਤ ਵਿਚ ਆਇਆ, ਜੀਵ ਜੰਮਿਆ। ਪਵਨ = ਹਵਾ, ਮਾਇਆ ਦੀ ਹਵਾ, ਮਾਇਆ ਦਾ ਪ੍ਰਭਾਵ।1। ਜੀਅਰਾ = ਹੇ ਜਿੰਦੇ!।1। ਰਹਾਉ। ਉਰਧ = ਉਲਟਾ, ਪੁੱਠਾ ਲਟਕਿਆ ਹੋਇਆ। ਜਠਰ ਅਗਨਿ = ਪੇਟ ਦੀ ਅੱਗ। ਰਹਤਾ = ਬਚਿਆ ਰਹਿੰਦਾ ਹੈ।2। ਭ੍ਰਮਿ = ਭਟਕ ਕੇ, ਭਉਂ ਕੇ। ਆਇਓ = ਆਇਆ ਹੈ, ਮਨੁੱਖਾ ਜਨਮ ਵਿਚ ਆਇਆ ਹੈ। ਅਬ ਕੇ = ਇਸ ਵਾਰੀ ਭੀ। ਛੁਟਕੇ = ਖੁੰਝ ਜਾਣ ਤੇ। ਠਉਰ ਠਾਇਓ = ਥਾਂ-ਥਿੱਤਾ। ਠਉਰ = {ਸੰ: ਸਥਾਵਰ, ਠਾਂ, ਠਾਵਰ, ਠਉਰ} ਪੱਕਾ, ਟਿਕਵਾਂ। ਠਾਇਓ = {ਸੰ: ਸਥਾਨ ÔQwn} ਠਾਂ, ਥਾਂ।3। ਕਹੁ = ਆਖ, ਜਿੰਦ ਨੂੰ ਸਮਝਾ। ਨ ਆਵਤ ਦੀਸੈ = ਜੋ ਨਾਹ ਆਉਂਦਾ ਦਿੱਸਦਾ ਹੈ, ਜੋ ਨਾਹ ਹੀ ਜੰਮਦਾ ਹੈ। ਨ ਜਾਤ ਜਾਨੀ = ਜੋ ਨਾਹ ਮਰਦਾ ਜਾਣੀਦਾ ਹੈ, ਜੋ ਨਾਹ ਮਰਦਾ ਸੁਣੀਦਾ ਹੈ।4। ਅਰਥ: ਜਦੋਂ ਜੀਵ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ, ਤਾਂ (ਮਾਇਆ ਦੀ) ਹਵਾ ਲੱਗਦਿਆਂ ਹੀ ਖਸਮ-ਪ੍ਰਭੂ ਨੂੰ ਭੁਲਾ ਦੇਂਦਾ ਹੈ।1। ਹੇ ਜਿੰਦੇ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ।1। ਰਹਾਉ। (ਜਦੋਂ ਜੀਵ) ਮਾਂ ਦੇ ਪੇਟ ਵਿਚ ਸਿਰ-ਭਾਰ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ, ਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ।2। (ਜੀਵ) ਚੌਰਾਸੀਹ ਲੱਖ ਜੂਨਾਂ ਵਿਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ ਵਿਚ) ਆਉਂਦਾ ਹੈ, ਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ।3। ਹੇ ਕਬੀਰ! ਜਿੰਦ ਨੂੰ ਸਮਝਾ ਕਿ ਉਸ ਸਾਰਿਗਪਾਨੀ-ਪ੍ਰਭੂ ਨੂੰ ਸਿਮਰੇ, ਜੋ ਨਾਹ ਜੰਮਦਾ ਦਿੱਸਦਾ ਹੈ ਤੇ ਨਾਹ ਮਰਦਾ ਸੁਣੀਦਾ ਹੈ।4।1।11। 62। ਸ਼ਬਦ ਦਾ ਭਾਵ: ਜੋ ਪ੍ਰਭੂ ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਦਾ ਹੈ, ਉਹੀ ਜਗਤ ਦੀ ਮਾਇਆ ਦੀ ਅੱਗ ਤੋਂ ਬਚਾਣ ਦੇ ਸਮਰੱਥ ਹੈ। ਇਸ ਵਾਸਤੇ ਪ੍ਰਭੂ ਦਾ ਸਿਮਰਨ ਹੀ ਇਥੇ ਆਉਣ ਦਾ ਮੁੱਖ ਮਨੋਰਥ ਹੈ, ਪਰ ਜੇ ਜੀਵ ਉਸ ਨੂੰ ਇਸ ਮਨੁੱਖਾ ਜਨਮ ਵਿਚ ਸਿਮਰਨੋਂ ਖੁੰਝ ਜਾਏ ਤਾਂ ਫਿਰ ਮੌਕਾ ਨਹੀਂ ਬਣਦਾ। 62। ਨੋਟ: ਕਈ ਜੋਗੀ ਲੋਕ ਉਲਟਾ ਲਟਕ ਕੇ (ਸਿਰ-ਭਾਰ ਹੋ ਕੇ) ਤਪ ਕਰਦੇ ਹਨ। ਇਸ ਤੋਂ ਇਹ ਖ਼ਿਆਲ ਆਮ ਪ੍ਰਚਲਤ ਹੈ ਕਿ ਜੀਵ ਮਾਂ ਦੇ ਪੇਟ ਵਿਚ ਪੁੱਠਾ ਲਟਕਿਆ ਹੋਇਆ ਤਪ ਕਰਦਾ ਹੈ। ਗਉੜੀ ਪੂਰਬੀ ॥ ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥ ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥ ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥ ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥ ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥ ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥ {ਪੰਨਾ 337} ਪਦ ਅਰਥ: ਸੁਰਗ ਬਾਸੁ = ਸੁਰਗ ਦਾ ਵਾਸਾ। ਬਾਛੀਐ = ਖ਼ਾਹਸ਼ ਕਰੀਏ, ਤਾਂਘ ਰੱਖੀਏ। ਨਰਕਿ = ਨਰਕ ਵਿਚ। ਸੋ ਹੋਈ ਹੈ– ਉਹੀ ਹੋਵੇਗਾ। ਮਨਹਿ = ਮਨ ਵਿਚ। ਨ ਕੀਜੈ = ਨਾਹ ਕਰੀਏ।1। ਰਮਈਆ = ਸੋਹਣਾ ਰਾਮ। ਜਾ ਤੇ = ਜਿਸ ਤੋਂ। ਪਰਮ = ਸਭ ਤੋਂ ਉੱਚਾ। ਨਿਧਾਨੁ = ਖ਼ਜ਼ਾਨਾ।1। ਰਹਾਉ। ਕਿਆ = ਕਿਸ ਅਰਥ? ਕੀਹ ਲਾਭ? ਸੰਜਮੋ = ਮਨ ਅਤੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਬਰਤੁ = ਵਰਤ, ਪ੍ਰਣ, ਇਕਰਾਰ (ਆਮ ਤੌਰ ਤੇ ਰੋਟੀ ਨਾਹ ਖਾਣ ਵਾਸਤੇ ਵਰਤੀਦਾ ਹੈ, ਇਹ ਪ੍ਰਣ ਕਿ ਅੱਜ ਕੁਝ ਨਹੀਂ ਖਾਣਾ) । ਜੁਗਤਿ = ਜਾਚ, ਤਰੀਕਾ। ਭਾਉ = ਪ੍ਰੇਮ।2। ਸੰਪੈ = ਸੰਪਤ, ਐਸ਼੍ਵਰਜ, ਰਾਜ-ਭਾਗ। ਦੇਖਿ = ਵੇਖ ਕੇ। ਨ ਹਰਖੀਐ = ਖ਼ੁਸ਼ ਨਾਹ ਹੋਈਏ, ਫੁੱਲੇ ਨਾਹ ਫਿਰੀਏ। ਬਿਪਤਿ = ਬਿਪਤਾ, ਮੁਸੀਬਤ। ਬਿਧਿ ਨੇ = ਪਰਮਾਤਮਾ ਨੇ।3। ਮਝਾਰਿ = ਵਿਚ। ਭਲੇ = ਚੰਗੇ। ਜਿਹ ਘਟ = ਜਿਨ੍ਹਾਂ ਦੇ ਹਿਰਦੇ ਵਿਚ।4। ਅਰਥ: ਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ। ਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ।1। ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ।1। ਰਹਾਉ। ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ) , ਜਪ ਤਪ, ਸੰਜਮ, ਵਰਤ, ਇਸ਼ਨਾਨ = ਇਹ ਸਭ ਕਿਸੇ ਕੰਮ ਨਹੀਂ।2। ਰਾਜ-ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ। ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ, ਜਿਵੇਂ ਰਾਜ-ਭਾਗ (ਪ੍ਰਭੂ ਦਾ ਦਿੱਤਾ ਹੀ ਮਿਲਦਾ) ਹੈ ਤਿਵੇਂ ਬਿਪਤਾ (ਭੀ ਉਸੇ ਦੀ ਪਾਈ ਪੈਂਦੀ) ਹੈ।3। ਕਬੀਰ ਆਖਦਾ ਹੈ– ਹੁਣ ਇਹ ਸਮਝ ਆਈ ਹੈ (ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਪਰਮਾਤਮਾ) ਸੰਤਾਂ ਦੇ ਹਿਰਦੇ ਵਿਚ ਵੱਸਦਾ ਹੈ, ਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ।4।1।12। 63। ਸ਼ਬਦ ਦਾ ਭਾਵ: ਜਪ, ਤਪ, ਵਰਤ, ਤੀਰਥ-ਇਸ਼ਨਾਨ ਆਦਿਕ ਆਸਰੇ ਛੱਡ ਕੇ ਜੋ ਮਨੁੱਖ ਭਗਵਾਨ ਦਾ ਭਜਨ ਕਰਦਾ ਹੈ, ਉਸ ਦੀ ਐਸੀ ਉੱਚੀ ਆਤਮਕ ਅਵਸਥਾ ਬਣਦੀ ਹੈ ਕਿ ਜਗਤ ਦੇ ਦੁੱਖ-ਸੁਖ ਉਸ ਨੂੰ ਪ੍ਰਭੂ ਦੀ ਰਜ਼ਾ ਵਿਚ ਹੀ ਆਉਂਦੇ ਦਿੱਸਦੇ ਹਨ, ਇਸ ਵਾਸਤੇ ਉਹ ਮਨੁੱਖ ਨਾਹ ਕਿਸੇ ਸੁਰਗ ਲਈ ਤਾਂਘਦਾ ਹੈ ਨਾਹ ਕਿਸੇ ਨਰਕ ਤੋਂ ਡਰਦਾ ਹੈ। 63। ਗਉੜੀ ॥ ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥ ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥ ਰਾਮ ਰਸੁ ਪੀਆ ਰੇ ॥ ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥ ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥ ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥ ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥ ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥ {ਪੰਨਾ 337} ਪਦ ਅਰਥ: ਜਿਨਿ = ਮਤਾਂ। ਖਿੰਚਿ = ਖਿੱਚ ਕੇ। ਪੰਖਿ = ਪੰਛੀ।1। ਰੇ = ਹੇ ਭਾਈ! ਪੀਆ = ਪੀਤਾ ਹੈ। ਜਿਹ ਰਸ = ਜਿਸ (ਰਾਮ-) ਰਸ ਦੀ ਬਰਕਤਿ ਨਾਲ। ਅਉਰ ਰਸ = ਹੋਰ ਹੋਰ ਰਸ।1। ਰਹਾਉ। ਕਿਆ ਰੋਈਐ = ਰੋਣ ਦਾ ਕੀਹ ਲਾਭ? ਜਉ = ਜਦੋਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਇ = ਨਹੀਂ ਰਹਿੰਦਾ। ਬਿਨਸਿ ਹੈ– ਨਾਸ ਹੋ ਜਾਇਗਾ। ਦੁਖ ਕਰਿ = ਦੁਖੀ ਹੋ ਹੋ ਕੇ। ਰੋਵੈ ਬਲਾਇ = ਮੇਰੀ ਬਲਾ ਰੋਵੇ, ਮੈਂ ਕਿਉਂ ਰੋਵਾਂ?।2। ਜਹ ਕੀ ਉਪਜੀ = ਜਿਸ ਪ੍ਰਭੂ ਤੋਂ ਇਹ ਜਿੰਦ ਪੈਦਾ ਹੋਈ। ਤਹ ਰਚੀ = ਉਸੇ ਵਿਚ ਲੀਨ ਹੋ ਗਈ। ਪੀਵਤ = (ਨਾਮ-ਰਸ) ਪੀਂਦਿਆਂ। ਮਰਦਨ ਲਾਗ = ਮਰਦਾਂ ਦੀ ਲਾਗ ਨਾਲ, ਗੁਰਮੁਖਾਂ ਦੀ ਸੰਗਤ ਨਾਲ। ਚਿਤਿ = ਚਿਤ ਵਿਚ। ਸਿਮਰਿ = ਸਿਮਰ ਕੇ। ਬੈਰਾਗ = ਨਿਰਮੋਹਤਾ।3। ਅਰਥ: ਹੇ ਮੇਰੇ ਮਨ! (ਅੰਤ ਨੂੰ) ਤੇਰਾ ਕੋਈ (ਸਾਥੀ) ਨਹੀਂ ਬਣੇਗਾ, ਮਤਾਂ (ਹੋਰਨਾਂ ਸੰਬੰਧੀਆਂ ਦਾ) ਭਾਰ ਖਿੱਚ ਕੇ (ਆਪਣੇ ਸਿਰ ਤੇ) ਲੈ ਲਏਂ (ਭਾਵ, ਮਤਾਂ ਸੰਬੰਧੀਆਂ ਦੀ ਖ਼ਾਤਰ ਪਰਪੰਚ ਕਰ ਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇਂ) । ਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ ਹੈ ਇਸੇ ਤਰ੍ਹਾਂ ਇਹ ਜਗਤ (ਦਾ ਵਾਸਾ) ਹੈ।1। ਹੇ ਭਾਈ! (ਗੁਰਮੁਖ) ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ ਅਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ (ਉਹਨਾਂ ਨੂੰ) ਵਿਸਰ ਜਾਂਦੇ ਹਨ।1। ਰਹਾਉ। ਕਿਸੇ ਹੋਰ ਦੇ ਮਰਨ ਤੇ ਰੋਣ ਦਾ ਕੀਹ ਅਰਥ, ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ? (ਇਹ ਅਟੱਲ ਨਿਯਮ ਹੈ ਕਿ) ਜੋ ਜੋ ਜੀਵ ਜੰਮਦਾ ਹੈ ਉਹ ਨਾਸ ਹੋ ਜਾਂਦਾ ਹੈ, ਫਿਰ (ਕਿਸੇ ਦੇ ਮਰਨ ਤੇ) ਦੁਖੀ ਹੋ ਹੋ ਕੇ ਰੋਣਾ ਵਿਅਰਥ ਹੈ।2। ਕਬੀਰ ਆਖਦਾ ਹੈ– ਜਿਨ੍ਹਾਂ ਨੇ ਆਪਣੇ ਮਨ ਵਿਚ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਜਗਤ ਵਲੋਂ ਨਿਰਮੋਹਤਾ ਪੈਦਾ ਹੋ ਜਾਂਦੀ ਹੈ; ਗੁਰਮੁਖਾਂ ਦੀ ਸੰਗਤ ਵਿਚ (ਨਾਮ-ਰਸ) ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿਚ ਜੁੜੀ ਰਹਿੰਦੀ ਹੈ।3।2।13। 64। ਸ਼ਬਦ ਦਾ ਭਾਵ: ਸਤਸੰਗ ਵਿਚ ਰਹਿ ਕੇ ਨਾਮ-ਰਸ ਦੀ ਬਰਕਤ ਨਾਲ ਮਨੁੱਖ ਦਾ ਮਨ ਜਗਤ ਦੇ ਮੋਹ ਵਿਚ ਨਹੀਂ ਫਸਦਾ, ਕਿਉਂਕਿ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਪੰਛੀਆਂ ਵਾਂਗ ਰੈਣ-ਬਸੇਰਾ ਹੀ ਹੈ, ਜੋ ਆਇਆ ਹੈ ਉਸ ਨੇ ਜ਼ਰੂਰ ਚਲੇ ਜਾਣਾ ਹੈ। 64। |
Sri Guru Granth Darpan, by Professor Sahib Singh |