ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 338

ਰਾਗੁ ਗਉੜੀ ॥ ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥ ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥ ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥ ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥ {ਪੰਨਾ 338}

ਪਦ ਅਰਥ: ਪੰਥੁ = ਰਸਤਾ। ਨਿਹਾਰੈ = ਤੱਕਦੀ ਹੈ, ਵੇਖਦੀ ਹੈ। ਕਾਮਨੀ = ਇਸਤ੍ਰੀ। ਲੋਚਨ = ਅੱਖਾਂ। ਭਰੀਲੇ = (ਹੰਝੂਆਂ ਨਾਲ) ਭਰੇ ਹੋਏ। ਉਸਾਸਾ = ਹਾਹੁਕੇ। ਉਰ = ਦਿਲ, ਹਿਰਦਾ। ਨ ਭੀਜੈ = ਨਹੀਂ ਭਿੱਜਦਾ, ਨਹੀਂ ਰੱਜਦਾ। ਪਗੁ = ਪੈਰ। ਖਿਸੈ = ਖਿਸਕਦਾ।1।

ਕਾਗਾ ਕਾਰੇ = ਹੇ ਕਾਲੇ ਕਾਂ! ਉਡਹੁ ਨ = ਉੱਡ, ਮੈਂ ਸਦਕੇ ਜਾਵਾਂ {ਵੇਖੋ ਨ, ਕਰੋ ਨ, ਖਾਓ ਨ = ਅਜਿਹੇ ਵਾਕਾਂ ਵਿਚ ਲਫ਼ਜ਼ 'ਨ' ਪਿਆਰ ਤੇ ਲਾਭ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ}। ਬੇਗਿ = ਛੇਤੀ।1। ਰਹਾਉ।

ਕਹਿ = ਕਹੈ, ਆਖਦਾ ਹੈ। ਜੀਵਨ ਪਦ = ਅਸਲ ਜ਼ਿੰਦਗੀ ਦਾ ਦਰਜਾ। ਆਧਾਰੁ = ਆਸਰਾ। ਰਸਨਾ = ਜੀਭ (ਨਾਲ) । ਰਵੀਜੈ = ਸਿਮਰਨਾ ਚਾਹੀਦਾ ਹੈ।2।

ਅਰਥ: (ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ) ਇਸਤ੍ਰੀ (ਉਸ ਦਾ) ਰਾਹ ਤੱਕਦੀ ਹੈ, (ਉਸ ਦੀਆਂ) ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਭੇ ਸਾਹ ਲੈ ਰਹੀ ਹੈ, (ਰਾਹ ਤੱਕਦਿਆਂ ਉਸ ਦਾ) ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ (ਭਾਵ, ਖਲੋਤੀ ਖਲੋਤੀ ਥੱਕਦੀ ਨਹੀਂ) , (ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜੀਊੜੇ ਦੀ, (ਜਿਸ ਨੂੰ) ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ।1।

(ਵਿਛੁੜੀ ਬਿਹਬਲ ਨਾਰ ਵਾਂਗ ਹੀ ਵੈਰਾਗਣ ਜੀਵ-ਇਸਤ੍ਰੀ ਆਖਦੀ ਹੈ) ਹੇ ਕਾਲੇ ਕਾਂ! ਉੱਡ, ਮੈਂ ਸਦਕੇ ਜਾਵਾਂ ਉੱਡ, (ਭਲਾ ਜੇ) ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ।1। ਰਹਾਉ।

ਕਬੀਰ ਆਖਦਾ ਹੈ– (ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿਚ ਤਰਲੇ ਲੈਂਦੀ ਹੈ, ਤਿਵੇਂ ਹੀ) ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ, ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ।2।1।14। 65।

ਸ਼ਬਦ ਦਾ ਭਾਵ: ਅਸਲ ਜੀਵਨ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੂੰ ਪ੍ਰਭੂ ਦੀ ਯਾਦ ਦੀ ਲਟਕ ਲੱਗ ਗਈ ਹੈ ਤੇ ਜੋ ਉਸ ਦੇ ਦੀਦਾਰ ਲਈ ਇਉਂ ਤੜਫਦੇ ਹਨ, ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ ਰਾਹ ਤੱਕਦੀ ਨਾਰ ਬਨੇਰੇ ਤੋਂ ਕਾਂ ਉਡਾਉਂਦੀ ਹੈ। 65।

ਨੋਟ: ਕਿਸੇ ਅੱਤ ਪਿਆਰੇ ਦੀ ਉਡੀਕ ਵਿਚ ਔਂਸੀਆਂ ਪਾਈਦੀਆਂ ਹਨ (ਲਕੀਰਾਂ ਪਾ ਪਾ ਕੇ ਵੇਖੀਦਾ ਹੈ ਕਿ ਔਂਸੀ ਰਾਹ ਦੇਂਦੀ ਹੈ ਜਾਂ ਨਹੀਂ) , ਬਨੇਰੇ ਤੇ ਆ ਬੈਠੇ ਕਾਂ ਨੂੰ ਆਖੀਦਾ ਹੈ– ਹੇ ਕਾਵਾਂ! ਉੱਡ, ਮੇਰਾ ਪਿਆਰਾ ਆ ਰਿਹਾ ਹੈ ਕਿ ਨਹੀਂ, ਜੇ ਕਾਂ ਉੱਡ ਜਾਏ ਤਾਂ ਸਮਝੀਦਾ ਹੈ ਕਿ ਆ ਰਿਹਾ ਹੈ।

ਰਾਗੁ ਗਉੜੀ ੧੧ ॥ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥ ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥ ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥ ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥ {ਪੰਨਾ 338}

ਕਿਸੇ ਭੀ ਬੋਲੀ ਦਾ 'ਵਰਣਾਤਮਕ' ਰੂਪ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਦੇ ਵਿਆਕਰਣ ਅਤੇ ਕੋਸ਼ ਦੀ ਜਿੱਥੋਂ ਤਕ ਕਿ ਉਹ ਮਦਦ ਕਰ ਸਕਦੇ ਹੋਣ, ਸਹਾਇਤਾ ਲਈ ਜਾਏ। ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਦੇ ਦਰ ਤੋਂ ਉੱਚੀਆਂ ਉਡਾਰੀਆਂ ਲਾਣ ਦੀ ਦਾਤ ਮਿਲੀ ਹੋਈ ਹੈ, ਉਹ, ਜੀ ਸਦਕੇ ਲਾਣ, ਪਰ ਇਹ ਉਡਾਰੀਆਂ ਲਾਂਦਿਆਂ ਭੀ ਬਾਣੀ ਦੇ ਬਾਹਰਲੇ ਰੂਪ (ਵਰਣਾਤਮਕ) ਨੂੰ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ।

ਸਿਰਜਣਹਾਰ ਨੇ ਹਰੇਕ ਜੀਵ ਨੂੰ ਜਗਤ ਦੇ ਕੌਤਕ ਵੇਖਣ ਸੁਣਨ ਵਾਸਤੇ ਸਰੀਰਕ ਇੰਦ੍ਰੇ ਦਿੱਤੇ ਹੋਏ ਹਨ, ਪਰ ਹਰੇਕ ਜੀਵ ਦੇ ਆਪਣੇ ਆਪਣੇ ਅਸਲੇ ਅਨੁਸਾਰ ਇਹਨਾਂ ਕੌਤਕਾਂ ਦਾ ਵੱਖੋ-ਵੱਖਰਾ ਅਸਰ ਹਰੇਕ ਉੱਤੇ ਪੈਂਦਾ ਹੈ। ਧਰਤੀ ਉੱਤੇ ਉੱਗੇ ਹੋਏ ਇਕ ਨਿੱਕੇ ਜਿਹੇ ਫੁੱਲ ਨੂੰ ਇਸ ਫੁੱਲ ਦੀ ਸਾਰ ਨਾਹ ਜਾਣਨ ਵਾਲਾ ਮਨੁੱਖ ਤਾਂ ਸ਼ਾਇਦ ਪੈਰਾਂ ਹੇਠ ਲਿਤਾੜ ਕੇ ਲੰਘ ਜਾਂਦਾ ਹੈ, ਪਰ ਇਕ ਕੋਮਲ ਹਿਰਦੇ ਵਾਲਾ ਸ਼ਾਇਰ ਇਸ ਨੂੰ ਵੇਖ ਕੇ ਮਸਤ ਹੋ ਜਾਂਦਾ ਹੈ, ਤੇ ਖ਼ਿਆਲ ਦੇ ਸਮੁੰਦਰ ਵਿਚ ਕਈ ਲਹਿਰਾਂ ਚਲਾ ਦੇਂਦਾ ਹੈ। ਇਹੀ ਹਾਲ 'ਰੱਬੀ-ਸ਼ਾਇਰਾਂ' ਦਾ ਹੈ, ਉਹਨਾਂ ਦੇ ਅੰਦਰੋਂ ਤਾਂ ਸਗੋਂ ਵਧੀਕ ਡੂੰਘਾਈ ਵਿਚੋਂ ਇਹ ਤਰੰਗ ਉਠਦੇ ਹਨ। ਜੇਠ ਦੇ ਮਹੀਨੇ ਅੱਕਾਂ ਦੀਆਂ ਖੱਖੜੀਆਂ ਨੂੰ ਅਸੀਂ ਸੱਭੇ ਵੇਖਦੇ ਹਾਂ, ਪਰ ਜਦੋਂ 'ਰੱਬੀ-ਸ਼ਾਇਰ' ਪ੍ਰੀਤਮ ਜੀ ਦੀਆਂ ਅੱਖਾਂ ਉਹਨਾਂ ਖੱਖੜੀਆਂ ਉੱਤੇ ਪੈਂਦੀਆਂ ਹਨ, ਤਾਂ ਆਪ ਉਹਨਾਂ ਨੂੰ ਤੱਕ ਕੇ ਇਕ ਡੂੰਘੇ ਬਿਰਹੋਂ ਦੇ ਰੰਗ ਵਿਚ ਆਉਂਦੇ ਹਨ ਤੇ ਇਉਂ ਗਾਉਂਦੇ ਹਨ:

ਖਖੜੀਆ ਸੁਹਾਵੀਆ, ਲਗੜੀਆ ਅਕ ਕੰਠਿ ॥

ਬਿਰਹ ਵਿਛੋੜਾ ਧਣੀ ਸਿਉ, ਨਾਨਕ ਸਹਸੈ ਗੰਠਿ ॥1॥7॥ {ਗਉੜੀ ਕੀ ਵਾਰ ਮ: 5

ਸਤਿਗੁਰੂ ਮਿਹਰ ਕਰੇ, ਉਸ ਦੇ ਨਾਮ-ਲੇਵਾ ਸਿੱਖਾਂ ਦੇ ਹਿਰਦੇ ਵਿਚ ਭੀ ਇਸ ਦਿੱਸਦੇ ਜਗਤ-ਨਜ਼ਾਰੇ ਨੂੰ ਵੇਖ ਕੇ ਇਹੀ ਵਲਵਲਾ ਉੱਠੇ, ਇਹੀ 'ਬਿਰਹੋਂ' ਵਾਲੀ ਲਹਿਰ ਚੱਲੇ। ਪਰ ਜੇ ਕੋਈ ਵਿਦਵਾਨ ਸੱਜਣ "ਅਕ ਖਖੜੀਆਂ" ਦੇ ਥਾਂ ਨਿਰੇ ਮਤਿ, ਬੁਧਿ, ਅੰਤਹਕਰਣ ਆਦਿਕ ਸ਼ਬਦ ਹੀ ਵਰਤ ਕੇ ਆਤਮ-ਗਿਆਨ ਵਾਲੇ ਅਰਥ ਕਰਨੇ ਅਰੰਭ ਦੇਵੇ, ਤਾਂ ਪਾਠਕ-ਜਨ ਆਪ ਹੀ ਵੇਖ ਲੈਣ ਕਿ ਜੋ ਹੁਲਾਰਾ ਉਸ ਸੁਹਣੇ ਅਲੰਕਾਰ ਨੇ ਪੈਦਾ ਕਰਨਾ ਸੀ, ਉਹ ਕਿਤਨਾ ਕੁ ਮੱਧਮ ਪੈ ਜਾਂਦਾ ਹੈ।

ਇਹ ਬਿਰਹੋਂ ਅਵਸਥਾ ਮਨੁੱਖ ਦੇ ਹਿਰਦੇ ਵਿਚ ਪੈਦਾ ਕਰਨ ਵਾਸਤੇ, ਪ੍ਰੀਤਮ ਜੀ ਕਿਤੇ ਚਕਵੀ ਦੇ ਵਿਛੋੜੇ ਵਾਲਾ ਦਰਦਨਾਕ ਨਜ਼ਾਰਾ ਪੇਸ਼ ਕਰ ਰਹੇ ਹਨ, ਕਿਤੇ ਸਮੁੰਦਰ ਵਿਚੋਂ ਵਿਛੜੇ ਹੋਏ ਸੰਖ ਦੀਆਂ ਢਾਹਾਂ ਦਾ ਹਾਲ ਦੱਸਦੇ ਹਨ ਅਤੇ ਜਲ-ਸੋਮੇ ਨਾਲੋਂ ਟੁੱਟੇ ਹੋਏ ਪੱਥਰ (ਸਰੋਵਰ) ਨੂੰ ਪੁੱਛ ਰਹੇ ਹਨ ਕਿ ਤੇਰਾ ਰੰਗ ਕਿਉਂ ਕਾਲਾ ਪੈ ਗਿਆ ਹੈ, ਅਤੇ ਤੇਰੇ ਵਿਚ ਲਹਿ ਲਹਿ ਕਰਨ ਵਾਲੇ ਕੌਲ-ਫੁੱਲ ਹੁਣ ਕਿਉਂ ਸੜ ਗਏ ਹਨ।

ਇਹ ਜ਼ਿੰਦਗੀ-ਦਾਤੀ 'ਬਿਰਹੋਂ' ਅਵਸਥਾ ਪੈਦਾ ਕਰਨ ਲਈ ਕਦੇ ਕਦੇ ਕਿਸੇ ਬਿਰਹਣੀ ਇਸਤ੍ਰੀ ਦੇ ਮਨੋਵੇਗ ਬਿਆਨ ਕਰਦੇ ਹਨ, ਤੇ ਕਬੀਰ ਜੀ ਦੀ ਰਸਨਾ ਦੁਆਰਾ ਇਉਂ ਆਖਦੇ ਹਨ:

ਪੰਥੁ ਨਿਹਾਰੈ ਕਾਮਨੀ, ਲੋਚਨ ਭਰੀਲੇ ਉਸਾਸਾ ॥ ਉਰ ਨ ਭੀਜੈ, ਪਗੁ ਨਾ ਖਿਸੈ, ਹਰਿ ਦਰਸਨ ਕੀ ਆਸਾ ॥1॥ ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੋ ॥1॥ਰਹਾਉ॥ ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥ ਏਕੁ ਆਧਾਰੁ ਨਾਮ ਨਾਰਾਇਨ ਰਸਨਾ ਰਾਮੁ ਰਵੀਜੈ ॥2॥1॥14॥65॥

ਇਸ ਡੂੰਘੇ ਤਰਲੇ ਵਾਲੇ ਦਿਲੀ ਦਰਦ ਦੀ ਸਾਰ ਉਹੀ ਜਾਣੇ, ਜੋ ਸਚ-ਮੁਚ ਆਪਣੇ ਪਿਆਰੇ ਪ੍ਰਾਣ-ਨਾਥ ਪਤੀ ਤੋਂ ਵਿਛੜੀ ਹੋਈ ਕਾਂ ਉਡਾ ਰਹੀ ਹੈ ਤੇ ਔਂਸੀਆਂ ਪਾ ਰਹੀ ਹੈ। 'ਇਹ ਰੱਬੀ-ਬਾਣ' ਉਸ ਬਿਰਹਣੀ ਵਾਸਤੇ ਸਚ-ਮੁਚ ਕਾਰੀ ਬਾਣ ਹੈ। ਦੁਨੀਆ ਦੇ ਸਿਆਣੇ ਤੋਂ ਸਿਆਣੇ ਵਿਦਵਾਨਾਂ ਦੇ 'ਪਤਿਬ੍ਰਤਾ' ਉੱਤੇ ਦਿੱਤੇ ਲੈਕਚਰ ਉਸ ਉੱਤੇ ਇਤਨਾ ਅਸਰ ਨਹੀਂ ਕਰ ਸਕਦੇ, ਜਿਤਨਾ ਇਹ ਇੱਕ ਇਕੱਲੀ ਤੁਕ = "ਉਡਹੁ ਨ ਕਾਗਾ ਕਾਰੇ"।

ਪਰ ਜੇ ਕੋਈ ਵਿਦਵਾਨ ਸੱਜਣ ਉਸ ਬਿਰਹੋਂ-ਕੁਠੀ ਨੂੰ ਇਹ ਕਹਿ ਦੇਵੇ ਕਿ ਇਸ ਦਾ ਅਰਥ ਤਾਂ ਇਉਂ ਹੈ– 'ਹੇ ਕਾਲਿਓ ਪਾਪੋ, ਦੂਰ ਹੋ ਜਾਉ', ਤਾਂ ਪੁੱਛੋ ਉਸੇ ਬਿਰਹੀ ਹਿਰਦੇ ਪਾਸੋਂ ਕਿ 'ਕਾਂਵਾਂ' ਨੂੰ ਉਡਾ ਕੇ ਜੋ ਹੁਲਾਰਾ ਉਸ ਦੇ ਅੰਦਰੋਂ ਆਉਂਦਾ ਸੀ, ਉਹ ਹੁਣ 'ਕਾਲਿਆਂ ਪਾਪਾਂ' ਦਾ ਨਾਉਂ ਸੁਣ ਕੇ ਕਿੱਥੇ ਗਿਆ।

ਸ੍ਰੀ ਕ੍ਰਿਸ਼ਨ ਜੀ ਦੇ ਬਾਲ-ਕੌਤਕਾਂ ਨੂੰ 'ਬਿਰਹੋਂ' ਤੇ 'ਪਿਆਰ' ਦੇ ਰੰਗ ਵਿਚ ਸੁਣਾਉਣ ਵਾਲੇ ਸੱਜਣ ਇਕ ਸਾਖੀ ਇਉਂ ਸੁਣਾਇਆ ਕਰਦੇ ਹਨ:

"ਸ਼ਿਆਮ ਜੀ ਗੋਕਲ ਦੀਆਂ ਗੁਆਲਣਾਂ ਨੂੰ ਵਿਲਕਦੀਆਂ ਹੀ ਛੱਡ ਕੇ ਕੰਸ ਨੂੰ 'ਕਿਰਤਾਰਥ' ਕਰਨ ਵਾਸਤੇ ਮਥਰਾ ਵਿਚ ਆ ਗਏ; ਤੇ ਮੁੜ ਗੋਕਲ ਜਾਣ ਦਾ ਸਮਾ ਨਾਹ ਮਿਲਿਆ। ਜਦੋਂ ਵਿਛੋੜੇ ਵਿਚ ਉਹ ਬਹੁਤ ਬਿਹਬਲ ਹੋਈਆਂ, ਤਾਂ ਕ੍ਰਿਸ਼ਨ ਜੀ ਨੇ ਆਪਣੇ ਭਗਤ 'ਊਧਉ' ਨੂੰ ਭੇਜਿਆ ਕਿ ਗੋਕਲ ਜਾ ਕੇ ਗੋਪੀਆਂ ਨੂੰ ਧੀਰਜ ਦੇ ਆਵੇ; ਪਰ ਆਪਣੇ ਪ੍ਰਾਣ-ਪਿਆਰੇ ਤੋਂ ਬਿਨਾ ਬਿਰਹੀ ਜੀਊੜਿਆਂ ਨੂੰ ਕਿਵੇਂ ਧੀਰਜ ਆਵੇ? ਜਦੋਂ ਹੋਰ ਉਪਦੇਸ਼ ਕਾਰਗਰ ਨਾ ਹੋਇਆ, 'ਊਧਉ' ਨੇ ਗੋਪੀਆਂ ਨੂੰ ਸਮਝਾਇਆ ਕਿ ਹੁਣ 'ਜਗਦੀਸ਼' ਦਾ ਸਿਮਰਨ ਕਰੋ, ਸ਼ਿਆਮ ਜੀ ਇੱਥੇ ਨਹੀਂ ਆ ਸਕਦੇ। ਇਸ ਦਾ ਉੱਤਰ ਉਹਨਾਂ ਦਰਦ-ਭਰੇ ਹਿਰਦਿਆਂ ਵਿਚੋਂ ਇਉਂ ਨਿਕਲਿਆ:

"ਊਧਉ! ਮਨ ਨਹੀ ਦਸ ਬੀਸ ॥ ਇਕ ਮਨ ਸੀ ਜੋ ਸ਼ਿਆਮ ਜੀ ਲੈ ਗਏ, ਕਉਣ ਭਜੇ ਜਗਦੀਸ਼। "

ਇਹ ਦਿਲ-ਚੀਰਵੇਂ ਉੱਤਰ ਦਾ ਰਸ ਭੀ ਕੋਈ ਉਹੀ ਜੀਊੜਾ ਲੈ ਸਕਦਾ ਹੈ, ਜੋ ਆਪ ਪ੍ਰੇਮ-ਨੈਂ ਵਿਚ ਤਾਰੀਆਂ ਲੈ ਰਿਹਾ ਹੈ।

ਆਉ, ਅਸੀਂ ਭੀ ਉਸੇ ਪ੍ਰੇਮ-ਨੈਂ ਵਿਚ ਅੱਪੜ ਕੇ 'ਗੋਕਲ' ਦੀ 'ਗੁਆਰਨ' ਵਾਂਗ ਪ੍ਰੀਤਮ ਦਾ ਪੱਲਾ ਫੜ ਕੇ ਆਖੀਏ, ਲਾਲ! ਸੁਹਣੇ ਲਾਲ! ਛੱਡ ਕੇ ਨਾਹ ਜਾਈਂ। ਜਿਵੇਂ ਗੋਕਲ ਤੋਂ ਟੁਰਦੇ ਸ਼ਿਆਮ ਜੀ ਅੱਗੇ 'ਗੁਆਰਨ' ਹਾੜੇ ਕਰਦੀ ਸੀ, ਤਿਵੇਂ ਕਬੀਰ ਜੀ ਨਾਲ ਮਿਲ ਕੇ ਅਸੀਂ ਭੀ ਉੱਥੇ ਅੱਪੜ ਕੇ ਆਖੀਏ = ਦਾਤਾ!

"ਮੋ ਕਉ ਛੋਡਿ ਨ ਆਉ ਨ ਜਾਹੂ ਰੇ" "ਮੋ ਕਉ ਛੋਡਿ ਨ ਆਉ ਨ ਜਾਹੂ ਰੇ'

ਕਿਆ ਅਜੀਬ ਤਰਲਾ ਹੈ! ਕੈਸੀ ਢੂੰਘੀ ਬਿਰਹੋਂ-ਨਦੀ ਵਿਚੋਂ ਲਹਿਰ ਉਠ ਰਹੀ ਹੈ! ਆਪ-ਮੁਹਾਰੇ ਚਿੱਤ ਇੱਥੇ ਹੀ ਤਾਰੀਆਂ ਲੈਣ ਨੂੰ ਲੋਚਦਾ ਹੈ।

ਜਗਤ-ਅਖਾੜੇ ਵਿਚੋਂ ਲੰਘ ਚੁਕੇ ਬਿਰਹੀ-ਜੀਊੜਿਆਂ ਦੇ ਇਹੋ ਜਿਹੇ ਨਾਟ ਇਸੇ ਹੀ ਨੈਂ ਦੇ ਤਾਰੂਆਂ ਵਾਸਤੇ ਚਾਨਣ-ਮੁਨਾਰੇ ਹੋਇਆ ਕਰਦੇ ਹਨ। ਭਾਵੇਂ ਇਹ ਚਾਨਣ-ਮੁਨਾਰਾ ਸਦੀਆਂ ਦੀ ਵਿੱਥ ਤੇ ਕਿਤੇ ਦੂਰ ਟਿਕਾਣੇ ਉੱਤੇ ਹੁੰਦਾ ਹੈ, ਪਰ ਇਸ ਦੀ ਚੋਟੀ ਉੱਤੇ ਇਹ ਬਿਰਹੀ-ਤਰਲੇ ਵਾਲੀ ਲਾਟ ਲਟ-ਲਟ ਕਰ ਰਹੀ ਹੁੰਦੀ ਹੈ, ਜੋ ਸਦੀਆਂ ਪਿੱਛੋਂ ਭੀ ਆਏ ਪਤੰਗਿਆਂ ਨੂੰ ਧ੍ਰੂਹ ਪਾਣੋਂ ਨਹੀਂ ਰਹਿ ਸਕਦੀ।

ਉੱਚੇ ਵਣਵਲੇ ਵਿਚ ਅੱਪੜੇ ਹੋਏ ਰੱਬੀ ਆਸ਼ਿਕਾਂ ਦੇ ਬਿਰਹੋਂ-ਭਿੱਜੇ ਬਚਨਾਂ ਦਾ ਅਨੰਦ ਭੀ ਪੂਰਨ ਤੌਰ ਤੇ ਤਦੋਂ ਹੀ ਆਉਂਦਾ ਹੈ, ਜੇ ਉਸ ਅਨੰਦ ਦਾ ਚਾਹਵਾਨ ਸੱਜਣ ਉਸੇ ਵਲਵਲੇ ਵਿੱਚ ਅੱਪੜਨ ਦਾ ਜਤਨ ਕਰੇ।

ਕਈ ਵਿਦਵਾਨ ਸੱਜਣ ਸ਼ਬਦ 'ਗੁਆਰਨਿ' ਦਾ ਅਰਥ "ਬੁੱਧੀ" ਰੂਪ ਗੁਆਰਨ ਕਰ ਕੇ ਉਸ ਬਿਰਹੋਂ ਵਾਲੇ ਨਕਸ਼ੇ ਨੂੰ ਅੱਖਾਂ ਅੱਗੋਂ ਕਾਫ਼ੀ ਮੱਧਮ ਕਰ ਦੇਂਦੇ ਹਨ।

ਪਹਿਲੀ ਤੁਕ ਵਿਚ ਦੇ ਲਫ਼ਜ਼ "ਬਨਾ ਰਸਿ" ਦਾ ਅਰਥ ਕਈ ਸੱਜਣ "ਬਰਸਾਨਾ" ਪਿੰਡ ਕਰਦੇ ਹਨ ਅਤੇ ਕੁਝ ਸੱਜਣ ਇਸ ਨੂੰ 'ਬਨਾਰਸਿ' ਸ਼ਹਿਰ ਸਮਝਦੇ ਹਨ। ਇਸ ਦਾ 'ਪਾਠ' ਅਤੇ 'ਅਰਥ' ਤਜਵੀਜ਼ ਕਰਨ ਤੋਂ ਪਹਿਲਾਂ ਪਾਠਕਾਂ ਦਾ ਧਿਆਨ ਇਸ ਸ਼ਬਦ ਦੀ ਦੂਜੀ ਤੁਕ ਦੇ ਲਫ਼ਜ਼ 'ਉਆ ਕਾ' ਵਲ ਦਿਵਾਇਆ ਜਾਂਦਾ ਹੈ। ਇਸ 'ਉਆ ਕਾ' ਦਾ ਅਰਥ ਕਿਸ ਤਰ੍ਹਾਂ ਕਰਨਾ ਹੈ? ਇਸ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਪ੍ਰਮਾਣ ਹੇਠ ਦਿੱਤੇ ਜਾਂਦੇ ਹਨ:

(1) ਉਆ ਅਉਸਰ ਕੈ ਹਉ ਬਲਿ ਜਾਈ ॥

ਆਠ ਪਹਿਰ ਅਪਨਾ ਪ੍ਰਭੁ ਸਿਮਰਨੁ ਵਡ ਭਾਗੀ ਹਰਿ ਪਾਈ ॥1॥ਰਹਾਉ॥ {ਸਾਰੰਗ ਮ: 5

ਭਾਵ, "ਜਦੋਂ" ਅੱਠੇ ਪਹਿਰ ਆਪਣਾ ਪ੍ਰਭੂ ਸਿਮਰਾਂ, 'ਉਆ ਅਉਸਰ ਕੈ'।

(2) ਯਾਹੂ ਜਤਨ ਕਰਿ ਹੋਤ ਛੁਟਾਰਾ ॥ ਉਆਹੂ ਜਤਨ ਸਾਧ ਸੰਗਾਰਾ ॥43॥ {ਗਉੜੀ, ਬਾਵਨ ਅੱਖਰੀ

ਭਾਵ 'ਜਿਸ' ਜਤਨ ਕਰ ਕੇ....'ਉਆਹੂ ਜਤਨ'।

(3) ਉਆ ਕਉ ਕਹੀਐ ਸਹਜ ਮਤਵਾਰਾ ॥ ਪੀਵਤ ਰਾਮ ਰਸੁ ਗਿਆਨ ਬੀਚਾਰਾ ॥1॥ਰਹਾਉ॥20॥

{ਗਉੜੀ ਕਬੀਰ ਜੀ

ਭਾਵ, 'ਜੋ' ਪੀਵਤ ਰਾਮ ਰਸੁ...'ਉਆ ਕਉ'।

(4) ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥ ਜੋ ਕਛੁ ਕੀਨੋ ਸੋਊ ਅਨੇਤਾ ॥

. . ਉਆ ਤੇ ਊਤਮ ਗਨਉ ਚੰਡਾਲਾ ॥ ਨਾਨਕ ਜਿਹ ਮਨਿ ਬਸਹਿ ਗੁਪਾਲਾ ॥16॥ {ਗਉੜੀ ਬਾਵਨ ਅੱਖਰੀ

. . ਭਾਵ, 'ਜਿਸ ਨੇ' ਰਾਮ ਨਾਮ ਸੰਗਿ...'ਉਆ ਤੇ'...।

ਉ​ੱਪਰਲੇ ਪ੍ਰਮਾਣਾਂ ਤੋਂ ਪਾਠਕ-ਜਨ ਵੇਖ ਚੁਕੇ ਹਨ ਕਿ ਜਿੱਥੇ ਕਿਸੇ ਤੁਕ ਵਿਚ ਸ਼ਬਦ 'ਉਆ' ਆਇਆ ਹੈ, ਉਸ ਨਾਲ ਸੰਬੰਧ ਰੱਖਣ ਵਾਲਾ ਪੜਨਾਂਵ (Co-relative pronoun) 'ਜੋ' ਜਾਂ 'ਜਿਸ ਨੇ' ਆਦਿਕ ਭੀ ਗੁਪਤ ਜਾਂ ਪਰਗਟ ਸ਼ਕਲ ਵਿਚ ਨਾਲ ਦੀ ਤੁਕ ਵਿਚ ਮਿਲਦਾ ਹੈ।

ਇਸੇ ਤਰ੍ਹਾਂ ਇਸ ਸ਼ਬਦ ਦੀ ਦੂਜੀ ਤੁਕ ਵਿਚ ਦੇ "ਉਆ ਕਾ" ਨਾਲ ਸੰਬੰਧ ਰੱਖਣ ਵਾਲਾ 'ਪੜਨਾਂਵ' ਭੀ ਲੱਭੀਏ ਤੇ ਇਉਂ ਪੜ੍ਹੀਏ:

"(ਜਿਸ ਦੇ) ਆਸ ਪਾਸ ਘਨ ਤੁਰਸੀ ਕਾ ਬਿਰਵਾ...

ਗੁਆਰਨਿ ਉਆ ਕਾ ਸਰੂਪੁ ਦੇਖਿ ਮੋਹੀ"

ਅਰਥ: ਗੁਆਰਨ ਉਸ ਦਾ ਸਰੂਪ ਵੇਖ ਕੇ ਮਸਤ ਹੋ ਗਈ, ਜਿਸ ਦੇ ਆਸੇ-ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ। ਅਤੇ

("ਜੋ") 'ਮਾਝ ਬਨਾ ਰਸਿ ਗਾਊ ਰੇ'। {ਭਾਵ, ਅਤੇ "ਜੋ" (ਤੁਲਸੀ ਦੇ) ਬਨ ਵਿਚ ਰਸ ਨਾਲ (ਪ੍ਰੇਮ ਨਾਲ) ਗਾ ਰਿਹਾ ਸੀ।

ਹੁਣ ਮੁੜ ਦੋਹਾਂ ਤੁਕਾਂ ਨੂੰ ਰਲਾ ਕੇ ਪੜ੍ਹੀਏ ਤੇ ਅਰਥ ਕਰੀਏ ਜੋ ਇਉਂ ਬਣਦਾ ਹੈ:

('ਸਿਸ' ਕ੍ਰਿਸ਼ਨ ਜੀ ਦੇ) ਆਸੇ ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ (ਅਤੇ ਜੋ) (ਤੁਲਸੀ ਦੇ) ਬਨਾਂ ਵਿਚ ਪ੍ਰੇਮ ਨਾਲ ਗਾ ਰਿਹਾ ਸੀ {ਨੋਟ: ਇਥੇ ਕ੍ਰਿਸ਼ਨ ਜੀ ਦੀ ਬੰਸਰੀ ਵਾਲਾ ਇਸ਼ਾਰਾ ਹੈ}, ਉਸ ਦਾ ਸਰੂਪ ਵੇਖ ਕੇ ਗੁਆਲਣ ਮੋਹੀ ਗਈ (ਤੇ ਆਖਣ ਲੱਗੀ = ਪ੍ਰੀਤਮ!) ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾ ਜਾਈਂ-ਆਈਂ।1।

ਵਿਚਾਰ ਅੱਗੇ ਹੀ ਕਾਫ਼ੀ ਲੰਮੀ ਹੋ ਚੁਕੀ ਹੈ। ਹੁਣ ਪਾਠਕ-ਜਨ ਆਪ ਵਿਚਾਰ ਲੈਣ ਕਿ ਪਹਿਲੀ ਤੁਕ ਵਿਚ ਪਾਠ 'ਬਨਾ' ਤੇ 'ਰਸ' ਵੱਖੋ ਵੱਖਰਾ ਹੈ। ਵਿਆਕਰਣ ਅਨੁਸਾਰ ਸ਼ਬਦ 'ਰਸਿ' ਦਾ ਅਰਥ ਹੈ ਰਸ ਨਾਲ, ਪ੍ਰੇਮ ਨਾਲ, ਜਿਵੇਂ 'ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ। '

ਪਦ ਅਰਥ: 11 'ਘਰ' ਗਿਆਰ੍ਹਵਾਂ।

ਘਨ = ਸੰਘਣੇ। ਤੁਰਸੀ = ਤੁਲਸੀ। ਬਿਰਵਾ = ਬੂਟੇ। ਮਾਝ ਬਨਾ = ਬਨਾਂ ਵਿਚ, ਤੁਲਸੀ ਦੇ ਜੰਗਲ ਵਿਚ। ਰਸਿ = ਰਸ ਨਾਲ, ਪ੍ਰੇਮ ਨਾਲ। ਗਾਊ = ਗਾਉਂਦਾ ਹੈ। ਉਆ ਕਾ = ਉਸ ਦਾ। ਰੇ = ਹੇ ਪ੍ਰੀਤਮ!।1।

ਤੋਹਿ ਚਰਨ = ਤੇਰੇ ਚਰਨਾਂ ਵਿਚ। ਸਾਰਿੰਗਧਰ = ਹੇ ਸਾਰਿੰਗਧਰ! ਹੇ ਧਨਖ-ਧਾਰੀ!।1। ਰਹਾਉ।

ਬਿੰਦ੍ਰਾਬਨ = {ਸੰ: ਬ੍ਰਿੰਦਾ ਬਨ। ਬ੍ਰਿੰਦਾ = ਤੁਲਸੀ} ਤੁਲਸੀ ਦਾ ਜੰਗਲ। ਮਨ ਹਰਨ = ਮਨ ਨੂੰ ਮੋਹ ਲੈਣ ਵਾਲਾ। ਗਾਊ = ਗਾਈਆਂ। ਜਾ ਕਾ = ਜਿਸ ਦਾ। ਮੋਹਿ ਨਾਉ = ਮੇਰਾ ਨਾਮ। ਰੇ = ਹੇ ਸੱਜਣ!।2।

ਅਰਥ: (ਜਿਸ ਕ੍ਰਿਸ਼ਨ ਜੀ ਦੇ) ਆਸੇ ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ (ਅਤੇ ਜੋ) ਤੁਲਸੀ ਦੇ ਜੰਗਲ ਵਿਚ ਪ੍ਰੇਮ ਨਾਲ ਗਾ ਰਿਹਾ ਸੀ ਉਸ ਦਾ ਦਰਸ਼ਨ ਕਰ ਕੇ (ਗੋਕਲ ਦੀ) ਗੁਆਲਣ ਮੋਹੀ ਗਈ (ਤੇ ਆਖਣ ਲੱਗੀ =) ਹੇ ਪ੍ਰੀਤਮ! ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾਹ ਆਈਂ ਜਾਈਂ।1।

ਹੇ ਧਨੁਖਧਾਰੀ ਪ੍ਰਭੂ! (ਜਿਵੇਂ ਉਹ ਗੁਆਲਣ ਕ੍ਰਿਸ਼ਨ ਜੀ ਤੋਂ ਵਾਰਨੇ ਜਾਂਦੀ ਸੀ ਤਿਵੇਂ ਮੇਰਾ ਭੀ) ਮਨ ਤੇਰੇ ਚਰਨਾਂ ਵਿਚ ਪ੍ਰੋਤਾ ਗਿਆ ਹੈ, ਪਰ ਤੈਨੂੰ ਓਹੀ ਮਿਲਦਾ ਹੈ ਜੋ ਵੱਡੇ ਭਾਗਾਂ ਵਾਲਾ ਹੋਵੇ।1। ਰਹਾਉ।

ਹੇ ਪ੍ਰਭੂ! ਬਿੰਦ੍ਰਾਬਨ ਵਿਚ ਕ੍ਰਿਸ਼ਨ ਗਾਈਆਂ ਚਾਰਦਾ ਸੀ (ਤੇ ਉਹ ਗੋਕਲ ਦੀਆਂ ਗੁਆਲਣਾਂ ਦਾ) ਮਨ ਮੋਹਣ ਵਾਲਾ ਸੀ, ਮਨ ਨੂੰ ਧ੍ਰੂਹ ਪਾਣ ਵਾਲਾ ਸੀ ਤੇ ਹੇ ਧਨੁਖਧਾਰੀ ਸੱਜਣ! ਜਿਸ ਦਾ ਤੂੰ ਸਾਈਂ ਹੈਂ ਉਸ ਦਾ ਨਾਮ ਕਬੀਰ (ਜੁਲਾਹਾ) ਹੈ (ਭਾਵ, ਜਿਨ੍ਹਾਂ ਦਾ ਮਨ ਕ੍ਰਿਸ਼ਨ ਜੀ ਨੇ ਬਿੰਦ੍ਰਾਬਨ ਵਿਚ ਗਾਈਆਂ ਚਾਰ ਕੇ ਮੋਹਿਆ ਸੀ ਉਨ੍ਹਾਂ ਨੂੰ ਲੋਕ ਗੋਕਲ ਦੀਆਂ ਗਰੀਬ ਗੁਆਲਣਾਂ ਆਖਦੇ ਹਨ। ਹੇ ਸਾਈਂ! ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਭੀ ਲੋਕ ਗਰੀਬ ਜੁਲਾਹਾ ਆਖਦੇ ਹਨ। ਤੂੰ ਗਰੀਬਾਂ ਉਤੇ ਜ਼ਰੂਰ ਮਿਹਰ ਕਰਦਾ ਹੈਂ) ।2।15। 66।

ਗਉੜੀ ਪੂਰਬੀ ੧੨ ॥ ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥ ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥ ਜੀਅਰੇ ਜਾਹਿਗਾ ਮੈ ਜਾਨਾਂ ॥ ਅਬਿਗਤ ਸਮਝੁ ਇਆਨਾ ॥ ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥ ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥ {ਪੰਨਾ 338}

ਪਦ ਅਰਥ: 12 = 'ਘਰ' ਬਾਰ੍ਹਵਾਂ।

ਬਿਪਲ = {ਸੰ: ਵਿਪੁਲ = ਲੰਮੇ ਖੁਲ੍ਹੇ} ਲੰਮੇ ਚੌੜੇ, ਖੁਲ੍ਹੇ। ਕੇਤੇ = ਕਈ। ਪਹਿਰੇ = ਪਹਿਨ ਲਏ। ਕਿਆ = ਕੀ ਲਾਭ ਹੋਇਆ? ਮਧੇ = ਵਿਚ। ਨਰ = ਹੇ ਨਰ। ਹੇ ਭਾਈ! ਧੋਖੇ = {ਸੰ: Du˜ ਧੁਖ = ਧੁਖਾਉਣਾ} ਧੂਪ ਧੁਖਾਇਆ, ਪੂਜਾ ਕੀਤੀ। ਦੇਵਾ = ਦੇਵਤੇ। ਜਲਿ = ਪਾਣੀ ਵਿਚ। ਬੋਰਿਓ = ਡੋਬਿਆ। ਗਿਆਤਾ = ਜਾਣ ਬੁਝ ਕੇ।1।

ਜੀਅ ਰੇ = ਹੇ ਜਿੰਦੇ! ਹੇ ਜੀਵ! ਮੈਂ ਸਮਝਦਾ ਹਾਂ। ਜਾਹਿਗਾ = ਤੂੰ ਭੀ ਜਨਮ ਅਜਾਈਂ ਗੰਵਾ ਲਏਂਗਾ। ਅਬਿਗਤੁ = {ਸੰ: AÒX#q ਅਵ੍ਯਕਤ = ਅਦ੍ਰਿਸ਼ਟ ਪ੍ਰਭੂ} ਪਰਮਾਤਮਾ। ਇਆਨਾ = ਹੇ ਅੰਞਾਣ! ਜਤ ਜਤ = ਜਿੱਧਰ ਜਿੱਧਰ, ਹਰ ਪਾਸੇ। ਬਹੁਰਿ = ਮੁੜ (ਉਸੇ ਰੰਗ ਵਿਚ) । ਨ ਪੇਖਉ = ਮੈਂ ਨਹੀਂ ਵੇਖਦਾ। ਸੰਗਿ = ਸੰਗ ਵਿਚ।1। ਰਹਾਉ।

ਗਿਆਨੀ = ਗਿਆਨ-ਚਰਚਾ ਕਰਨ ਵਾਲੇ। ਧਿਆਨੀ = ਸਮਾਧੀਆਂ ਲਾਣ ਵਾਲੇ। ਬਹੁ ਉਪਦੇਸੀ = ਹੋਰਨਾਂ ਨੂੰ ਬੜੀ ਸਿੱਖਿਆ ਦੇਣ ਵਾਲੇ। ਧੰਧਾ = ਜੰਜਾਲ।2।

ਅਰਥ: ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ (ਇਸ ਦਾ ਕੀਹ ਲਾਭ?) ਜੰਗਲਾਂ ਵਿਚ ਜਾ ਵੱਸਣ ਦਾ ਭੀ ਕੀਹ ਗੁਣ? ਹੇ ਭਾਈ! ਜੇ ਧੂਪ ਆਦਿਕ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਭੀ ਕੀਹ ਬਣਿਆ? ਤੇ ਜੇ ਜਾਣ ਬੁਝ ਕੇ (ਕਿਸੇ ਤੀਰਥ ਆਦਿਕ ਦੇ) ਜਲ ਵਿਚ ਸਰੀਰ ਡੋਬ ਲਿਆ ਤਾਂ ਭੀ ਕੀਹ ਹੋਇਆ?।1।

ਹੇ ਜੀਵ! ਤੂੰ (ਉਸ) ਮਾਇਆ ਵਿਚ ਲਪਟ ਰਿਹਾ ਹੈਂ (ਜੋ) ਜਿਧਰ ਭੀ ਮੈਂ ਵੇਖਦਾ ਹਾਂ ਮੁੜ (ਪਹਿਲੇ ਰੂਪ ਵਿਚ) ਮੈਂ ਨਹੀਂ ਵੇਖਦਾ (ਭਾਵ, ਜਿਧਰ ਵੇਖਦਾ ਹਾਂ, ਮਾਇਆ ਨਾਸਵੰਤ ਹੀ ਹੈ, ਇਕ ਰੰਗ ਰਹਿਣ ਵਾਲੀ ਨਹੀਂ ਹੈ) । ਹੇ ਅੰਞਾਣ ਜੀਵ! ਇਕ ਪਰਮਾਤਮਾ ਨੂੰ ਖੋਜ। ਨਹੀਂ ਤਾਂ ਮੈਂ ਸਮਝਦਾ ਹਾਂ (ਇਸ ਮਾਇਆ ਦੇ ਨਾਲ) ਤੂੰ ਭੀ ਆਪਣਾ ਆਪ ਅਜਾਈਂ ਗਵਾਉਂਦਾ ਹੈਂ।1। ਰਹਾਉ।

ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਪਰ ਅਸਲ ਵਿਚ) ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ (ਭਾਵ, ਮਾਇਆ ਦੇ ਜੰਜਾਲ ਵਿਚ ਹੀ ਇਹ ਜੀਵ ਗ੍ਰੱਸੇ ਪਏ ਹਨ) । ਕਬੀਰ ਆਖਦਾ ਹੈ– ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ।2।1। 16। 67।

ਸ਼ਬਦਾ ਦਾ ਭਾਵ: ਲੰਮੇ ਲੰਮੇ ਚੋਲੇ ਪਾਈ ਫਿਰਨਾ, ਜੰਗਲਾਂ ਵਿਚ ਜਾ ਡੇਰੇ ਲਾਣੇ, ਦੇਵਤਿਆਂ ਦੀ ਪੂਜਾ, ਤੀਰਥਾਂ ਤੇ ਸਰੀਰ ਤਿਆਗਣਾ, ਗਿਆਨ-ਚਰਚਾ ਕਰਨੀ, ਸਮਾਧੀਆਂ ਲਾਣੀਆਂ, ਲੋਕਾਂ ਨੂੰ ਧਰਮ-ਉਪਦੇਸ਼ ਕਰਨੇ = ਇਹ ਸਭ ਮਾਇਆ ਦੇ ਹੀ ਅਡੰਬਰ ਹਨ। ਜੀਵਨ ਦਾ ਸਹੀ ਰਸਤਾ ਇਕੋ ਹੀ ਹੈ; ਉਹ ਹੈ ਪਰਮਾਤਮਾ ਦਾ ਸਿਮਰਨ। 67।

ਗਉੜੀ ੧੨ ॥ ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥ ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥ ਡਗਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥ ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥ ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥ {ਪੰਨਾ 338}

ਪਦ ਅਰਥ: ਭਰਮੁ = ਭਟਕਣਾ, ਵਿਕਾਰਾਂ ਦੇ ਪਿੱਛੇ ਦੌੜ-ਭੱਜ। ਪ੍ਰਗਟੁ ਹੋਇ = ਪਰਗਟ ਹੋ ਕੇ, ਨਿਡਰ ਹੋ ਕੇ, ਵਿਕਾਰਾਂ ਦਾ ਸਹਿਮ ਦੂਰ ਕਰ ਕੇ। ਨਾਚਹੁ = ਨੱਚ, ਦਲੇਰ ਹੋ ਕੇ ਪ੍ਰਭੂ ਦੀ ਸ਼ਰਨ ਆ। ਡਾਂਡੇ = ਡੰਨ, ਠੱਗੀ। ਸੂਰੁ ਕਿ = ਉਹ ਕਾਹਦਾ ਸੂਰਮਾ? (ਭਾਵ, ਉਹ ਮਨੁੱਖ ਸੂਰਮਾ ਨਹੀਂ) । ਰਨ = ਮੈਦਾਨਿ-ਜੰਗ, ਜੁੱਧ-ਭੂਮੀ। ਸਤੀ ਕਿ = (ਉਹ ਇਸਤ੍ਰੀ) ਕਾਹਦੀ ਸਤੀ? ਸਾਂਚੈ = ਇਕੱਠੇ ਕਰੇ।1।

ਡਗਮਗ = ਡੱਕੋ-ਡੋਲੇ, ਜੱਕੋ-ਤੱਕੇ। ਜਰੇ = (ਚਿਖਾ ਵਿਚ) ਸੜਿਆਂ। ਮਰੇ = ਰਣ-ਭੂਮੀ ਵਿਚ ਸ਼ਹੀਦ ਹੋਇਆਂ। ਸਿਧਿ = ਕਾਮਯਾਬੀ, ਸਫਲਤਾ। ਹਾਥਿ = ਹੱਥ ਵਿਚ। ਸੰਧਉਰਾ = ਸੰਧੂਰਿਆ ਹੋਇਆ ਨਲੀਏਰ; {ਜੋ ਇਸਤ੍ਰੀ ਆਪਣੇ ਮਰੇ ਪਤੀ ਦੇ ਨਾਲ ਚਿਖਾ ਤੇ ਸੜਨ ਲਈ (ਸਤੀ ਹੋਣ ਲਈ) ਤਿਆਰ ਹੁੰਦੀ ਸੀ, ਉਹ ਹੱਥ ਵਿਚ ਨਲੀਏਰ ਲੈ ਲੈਂਦੀ ਸੀ ਤੇ ਉਸ

ਨਲੀਏਰ ਨੂੰ ਸੰਧੂਰ ਲਾ ਲੈਂਦੀ ਸੀ; ਇਹ ਸੰਧੂਰਿਆ ਹੋਇਆ ਨਲੀਏਰ ਹੱਥ ਵਿਚ ਲੈ ਕੇ ਉਸ ਨੂੰ ਫਿਰ ਜ਼ਰੂਰ ਸਤੀ ਹੋਣਾ ਪੈਂਦਾ ਸੀ, ਨਹੀਂ ਤਾਂ ਲੋਕ ਬਦੋ-ਬਦੀ ਹੀ ਉਸ ਨੂੰ ਬਲਦੀ ਚਿਖਾ ਵਿਚ ਸੁੱਟ ਕੇ ਸਾੜ ਦੇਂਦੇ ਸਨ}।1। ਰਹਾਉ।

ਲੀਨੇ = ਠੱਗੇ ਹੋਏ। ਇਆ ਬਿਧਿ = ਇਹਨਾਂ ਤਰੀਕਿਆਂ ਨਾਲ। ਬਿਗੂਤਾ = ਖ਼ੁਆਰ ਹੋ ਰਿਹਾ ਹੈ। ਨ ਛੋਡਉ = ਮੈਂ ਨਹੀਂ ਛੱਡਾਂਗਾ।2।

ਅਰਥ: ਹੇ ਮਨ! ਵਿਕਾਰਾਂ ਦੇ ਪਿੱਛੇ ਦੌੜ-ਭੱਜ ਛੱਡ ਦੇਹ, ਇਹ (ਕਾਮ, ਕ੍ਰੋਧ ਆਦਿਕ) ਸਭ ਮਾਇਆ ਦੀਆਂ ਠੱਗੀਆਂ ਹਨ (ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਆ ਗਿਆ, ਹੁਣ ਇਹਨਾਂ ਤੋਂ ਕਿਉਂ ਡਰੇਂ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹੁ) । ਉਹ ਸੂਰਮਾ ਕਾਹਦਾ ਜੋ ਸਾਹਮਣੇ ਦਿੱਸਦੀ ਰਣ-ਭੂਮੀ ਤੋਂ ਡਰ ਜਾਏ? ਉਹ ਇਸਤ੍ਰੀ ਸਤੀ ਨਹੀਂ ਹੋ ਸਕਦੀ ਜੋ (ਘਰ ਦੇ) ਭਾਂਡੇ ਸਾਂਭਣ ਲੱਗ ਪਏ (ਸੂਰਮੇ ਵਾਂਗ ਤੇ ਸਤੀ ਵਾਂਗ, ਹੇ ਮਨ! ਤੂੰ ਭੀ ਕਾਮਾਦਿਕਾਂ ਦਾ ਟਾਕਰਾ ਕਰਨਾ ਹੈ ਤੇ ਆਪਾ-ਭਾਵ ਸਾੜਨਾ ਹੈ) ।1।

ਹੇ ਕਮਲੇ ਮਨ! (ਸਭ ਤੋਂ ਉੱਚੇ ਮਾਲਕ ਦੀ ਸ਼ਰਨ ਆ ਕੇ ਹੁਣ) ਜੱਕੋ-ਤੱਕੇ ਛੱਡ ਦੇਹ। (ਜਿਸ ਇਸਤ੍ਰੀ ਨੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਲੈ ਗਿਆ, ਉਸ ਨੂੰ ਤਾਂ ਹੁਣ ਸੜ ਕੇ ਮਰਿਆਂ ਹੀ ਸਿੱਧੀ (ਭਾਵ, ਸਤੀ ਵਾਲਾ ਮਰਾਤਬਾ) ਮਿਲੇਗਾ, ਤਿਵੇਂ, ਹੇ ਮਨ! ਤੂੰ ਪ੍ਰਭੂ ਦੀ ਓਟ ਲਈ ਹੈ, ਹੁਣ ਕਾਮਾਦਿਕਾਂ ਦੇ ਸਾਹਮਣੇ ਡੋਲਣਾ ਛੱਡ ਦੇਹ, ਹੁਣ ਤਾਂ ਆਪਾ-ਭਾਵ ਮਾਰਿਆਂ ਹੀ ਇਹ ਪ੍ਰੀਤ ਨਿਭੇਗੀ) ।1। ਰਹਾਉ।

ਕਿਸੇ ਨੂੰ ਕਾਮ ਨੇ ਠੱਗ ਲਿਆ ਹੈ, ਕਿਸੇ ਨੂੰ ਕ੍ਰੋਧ ਨੇ ਠੱਗਿਆ ਹੈ, ਕਿਸੇ ਨੂੰ ਮਾਇਆ (ਦੇ ਕਿਸੇ ਹੋਰ ਤਰੰਗ) ਨੇ = ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਹੋ ਰਿਹਾ ਹੈ। (ਇਹਨਾਂ ਤੋਂ ਬਚਣ ਲਈ) ਕਬੀਰ (ਤਾਂ ਇਹੀ) ਆਖਦਾ ਹੈ (ਭਾਵ, ਅਰਦਾਸ ਕਰਦਾ ਹੈ) ਕਿ ਮੈਂ ਸਭ ਤੋਂ ਉੱਚੇ ਮਾਲਕ ਪਰਮਾਤਮਾ ਨੂੰ ਨਾਹ ਵਿਸਾਰਾਂ।2। 2। 17। 68।

ਸ਼ਬਦ ਦਾ ਭਾਵ: ਜਿਸ ਮਨੁੱਖ ਨੇ ਪਰਮਾਤਮਾ ਦੇ ਸਿਮਰਨ ਦਾ ਰਾਹ ਫੜਿਆ ਹੈ, ਉਹ, ਮਾਨੋ, ਕਿਸੇ ਸੂਰਮੇ ਜਾਂ ਸਤੀ ਦੇ ਪੂਰਨਿਆਂ ਉੱਤੇ ਤੁਰਨ ਲੱਗਾ ਹੈ, ਉਸ ਨੇ ਨਿਡਰ ਹੋ ਕੇ ਕਾਮਾਦਿਕਾਂ ਦਾ ਟਾਕਰਾ ਕਰਨਾ ਹੈ ਤੇ ਹਉਮੈ ਦਾ ਨਾਸ ਕਰਨਾ ਹੈ। 68।

ਗਉੜੀ ੧੩ ॥ ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥ ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥ ਬੰਦੇ ਬੰਦਗੀ ਇਕਤੀਆਰ ॥ ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥ ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥ {ਪੰਨਾ 338}

ਪਦ ਅਰਥ: 13 = 'ਘਰ' ਤੇਰ੍ਹਵਾਂ।

ਫੁਰਮਾਨੁ = ਹੁਕਮ। ਸਿਰੈ ਊਪਰਿ = ਸਿਰ ਉੱਤੇ ਹੀ, ਸਦਾ ਸਿਰ-ਮੱਥੇ ਤੇ। ਫਿਰਿ = ਫਿਰ ਕੇ, ਉਲਟ ਕੇ, ਉਸ ਦੇ ਉਲਟ। ਦਰੀਆ = (ਭਾਵ,) ਸੰਸਾਰ-ਸਮੁੰਦਰ। ਕਰੀਆ = ਮਲਾਹ। ਤੁਝੈ ਤੇ = ਤੈਥੋਂ ਹੀ। ਨਿਸਤਾਰ = ਪਾਰ-ਉਤਾਰਾ, ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਅ।1।

ਬੰਦੇ = ਹੇ ਬੰਦੇ! ਇਕਤੀਆਰ = ਇਖ਼ਤਿਆਰ ਕਰ, ਕਬੂਲ ਕਰ। ਧਰਉ = {ਵਿਆਕਰਣ ਅਨੁਸਾਰ ਇਹ ਲਫ਼ਜ਼ "ਹੁਕਮੀ ਭਵਿਖਤ" Imperative mood, ਅੰਨ ਪੁਰਖ, ਇਕ-ਵਚਨ ਹੈ; ਵੇਖੋ 'ਗੁਰਬਾਣੀ ਵਿਆਕਰਣ' ਦਾ ਅੰਕ "ਹੁਕਮੀ ਭਵਿਖਤ"} ਭਾਵੇਂ ਧਰੇ, ਬੇਸ਼ੱਕ ਧਰੇ। ਕਿ = ਜਾਂ। ਰੋਸੁ = ਗੁੱਸਾ।1। ਰਹਾਉ।

ਆਧਾਰੁ = ਆਸਰਾ। ਜਈ ਹੈ– ਜੀਊ ਪੈਂਦਾ ਹੈ, ਖਿੜ ਪੈਂਦਾ ਹੈ। ਨਾਰਿ = ਨਾਰ ਵਿਚ, ਪਾਣੀ ਵਿਚ {ਸੰ: Awpo nwrw hiq pRo#qw। ਲਫ਼ਜ਼ "ਨਰਾਇਣ" ਸੰ: nwrwXn ਭੀ ਲਫ਼ਜ਼ 'ਨਾਰ' ਅਤੇ 'ਅਯਨ' ਤੋਂ ਬਣਿਆ ਹੈ; ਨਾਰ = ਜਲ; ਅਯਨ = ਘਰ; ਜਿਸ ਦਾ ਘਰ ਜਲ ਵਿਚ ਹੈ}। ਜੀਆਇ = ਜਿਵਾਲ, ਜ਼ਿੰਦਾ ਰੱਖ। ਭਾਵੈ = ਭਾਵੇਂ, ਚਾਹੇ।

ਨੋਟ: "ਫੂਲੁ ਜਈ ਹੈ" ਦਾ ਇਕੱਠਾ ਅਰਥ "ਫੁੱਲ ਜਾਂਦੀ ਹੈ" ਗ਼ਲਤ ਹੈ, ਕਿਉਂਕਿ ਲਫ਼ਜ਼ "ਫੂਲੁ" ਵਿਆਕਰਣ ਅਨੁਸਾਰ 'ਨਾਂਵ' (Noun) ਹੈ, ਕ੍ਰਿਆ (Verb) ਨਹੀਂ।2।

ਅਰਥ: (ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ। ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ।1।

ਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ, (ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ।1। ਰਹਾਉ।

(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ) । ਕਬੀਰ ਆਖਦਾ ਹੈ– (ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ।2। 18। 69।

ਸ਼ਬਦ ਦਾ ਭਾਵ: ਅਸਲ ਸੇਵਕ ਆਪਣੇ ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿੰਦਾ ਹੈ। ਜਿਵੇਂ ਪਾਣੀ ਫੁੱਲ ਦੀ ਜ਼ਿੰਦਗੀ ਦਾ ਆਸਰਾ ਹੈ, ਤਿਵੇਂ ਪ੍ਰਭੂ ਦਾ ਨਾਮ ਸੇਵਕ ਦੇ ਜੀਵਨ ਦਾ ਆਧਾਰ ਹੈ। ਦੁੱਖ ਅਤੇ ਸੁਖ ਦੋਵੇਂ ਹੀ ਉਸ ਨੂੰ ਪ੍ਰਭੂ ਦੀ ਮਿਹਰ ਹੀ ਦਿੱਸਦੇ ਹਨ "ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ"। 69।

ਗਉੜੀ ॥ ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥ ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥ ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥ ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥ {ਪੰਨਾ 338-339}

ਪਦ ਅਰਥ: ਨੋਟ: ਲਫ਼ਜ਼ 'ਗਉੜੀ' ਦੇ ਹੇਠ ਛੋਟਾ ਅੰਕ 5 ਦੱਸਦਾ ਹੈ ਕਿ ਇਸ ਸ਼ਬਦ ਸਮੇਤ ਅਗਾਂਹ ਕਬੀਰ ਜੀ ਦੇ ਪੰਜ ਸ਼ਬਦ ਹਨ।

ਜੀਅ ਜੋਨਿ ਮਹਿ = ਜੀਵਾਂ ਦੀਆਂ ਜੂਨਾਂ ਵਿਚ। ਭ੍ਰਮਤ = ਭਟਕਦਾ। ਰੇ = ਹੇ ਭਾਈ! ਭਗਤਿ ਹੇਤਿ = ਭਗਤੀ ਦੀ ਖ਼ਾਤਰ, ਉਸ ਦੀ ਭਗਤੀ ਤੇ ਤ੍ਰੁੱਠ ਕੇ। ਅਵਤਾਰੁ = ਜਨਮ। ਬਪੁਰਾ ਕੋ = ਵਿਚਾਰੇ ਦਾ।

ਜੁ = ਜਿਹੜੀ ਇਹ ਗੱਲ। ਨੰਦਨੁ = ਪੁੱਤਰ। ਨੰਦ = ਇਹ ਗੋਕਲ ਦਾ ਇਕ ਗੁਆਲਾ ਸੀ, ਇਸ ਦੀ ਇਸਤ੍ਰੀ ਦਾ ਨਾਮ ਜਸ਼ੋਧਾ ਸੀ। ਜਦੋਂ ਕੰਸ ਆਪਣੀ ਭੈਣ ਦੇਵਕੀ ਦੇ ਘਰ ਨਵੇਂ ਜਨਮੇ ਬਾਲ-ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਸੀ ਤਾਂ ਇਹਨਾਂ ਦੇ ਪਿਤਾ ਵਸੂਦੇਵ ਨੇ ਇਹਨਾਂ ਨੂੰ ਮਥਰਾ ਤੋਂ ਰਾਤੋ ਰਾਤ ਲੈ ਜਾ ਕੇ ਨੰਦ ਦੇ ਹਵਾਲੇ ਕੀਤਾ ਸੀ। ਨੰਦ ਤੇ ਜਸ਼ੋਧਾਂ ਨੇ ਕ੍ਰਿਸ਼ਨ ਜੀ ਨੂੰ ਪਾਲਿਆ ਸੀ।

ਸੁ = ਉਹ। ਕਾ ਕੋ = ਕਿਸ ਦਾ? ਧਰਨਿ = ਧਰਤੀ। ਦਸੋ ਦਿਸ = ਦਸੇ ਪਾਸੇ, (ਭਾਵ, ਇਹ ਸਾਰਾ ਜਗਤ) ।1। ਰਹਾਉ।

ਸੰਕਟਿ = ਸੰਕਟ ਵਿਚ, ਦੁੱਖ ਵਿਚ। ਨਿਰੰਜਨ = ਅੰਜਨ-ਰਹਿਤ, ਮਾਇਆ ਦੇ ਪ੍ਰਭਾਵ ਤੋਂ ਉਤਾਂਹ।2।

ਅਰਥ: ਹੇ ਭਾਈ! (ਤੁਸੀ ਆਖਦੇ ਹੋ ਕਿ ਜਦੋਂ) ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ (ਤੇ ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ) , ਉਸ ਦੀ ਭਗਤੀ ਤੇ ਪ੍ਰਸੰਨ ਹੋ ਕੇ (ਪਰਮਾਤਮਾ ਨੇ ਉਸ ਦੇ ਘਰ) ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ।1।

ਪਰ, ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ (ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ) ਨੰਦ ਦਾ ਪੁੱਤਰ ਬਣਿਆ, (ਇਹ ਦੱਸੋ ਕਿ) ਉਹ ਨੰਦ ਕਿਸ ਦਾ ਪੁੱਤਰ ਸੀ? ਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ।1। ਰਹਾਉ।

ਹੇ ਭਾਈ! (ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ) ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ) , ਉਹ ਜੂਨ ਵਿਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿਚ ਨਹੀਂ ਪੈਂਦਾ। ਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ।2। 19। 70।

ਸ਼ਬਦ ਦਾ ਭਾਵ: ਪਰਮਾਤਮਾ ਆਪ ਸਾਰੇ ਜਗਤ ਨੂੰ ਰਚਨ ਵਾਲਾ ਹੈ। ਮਾਇਆ ਦੇ ਖੇਲ ਨੂੰ ਉਹ ਆਪ ਹੀ ਬਣਾਉਣ ਵਾਲਾ ਹੈ; ਉਹ ਜਨਮ ਮਰਨ ਵਿਚ ਨਹੀਂ ਆਉਂਦਾ, ਉਸ ਦਾ ਕੋਈ ਮਾਂ-ਪਿਉ ਨਹੀਂ ਹੈ। ਗੋਕਲ ਦੇ ਗੁਆਲੇ ਨੰਦ ਨੂੰ ਪਰਮਾਤਮਾ ਦਾ ਪਿਉ ਆਖਣਾ ਵੱਡੀ ਭੁੱਲ ਹੈ। 70।

TOP OF PAGE

Sri Guru Granth Darpan, by Professor Sahib Singh