ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 339 ਗਉੜੀ ॥ ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥੧॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥੨॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥ {ਪੰਨਾ 339} ਪਦ ਅਰਥ: ਨਿੰਦਉ = {ਹੁਕਮੀ ਭਵਿੱਖਤ, Imperative mood, ਅੱਨ ਪੁਰਖ, ਇਕ-ਵਚਨ}। ਲੋਗੁ ਨਿੰਦਉ = ਬੇਸ਼ੱਕ ਜਗਤ ਨਿੰਦਿਆ ਕਰੇ। ਮੋ ਕਉ = ਮੈਨੂੰ। ਜਨ ਕਉ = ਪ੍ਰਭੂ ਦੇ ਸੇਵਕ ਨੂੰ। ਖਰੀ = ਬਹੁਤ। ਮਹਤਾਰੀ = ਮਾਂ।1। ਰਹਾਉ। ਬੈਕੁੰਠਿ = ਬੈਕੁੰਠ ਵਿਚ। ਮਨਹਿ = ਮਨ ਵਿਚ। ਬਸਾਈਐ = ਵਸਾਇਆ ਜਾ ਸਕਦਾ ਹੈ। ਰਿਦੈ ਸੁਧ = ਪਵਿੱਤਰ ਹਿਰਦਾ ਹੁੰਦਿਆਂ। ਜਉ = ਜੇ। ਕਪਰੇ ਧੋਇ = ਕੱਪੜੇ ਧੋਂਦਾ ਹੈ, ਮਨ ਦੀ ਵਿਕਾਰਾਂ ਦੀ ਮੈਲ ਦੂਰ ਕਰਦਾ ਹੈ।1। ਮਾਹਿ = ਵਿਚ। ਹੋਰੈ = ਰੋਕਦਾ ਹੈ। ਲੋਰੈ = ਚਾਹੁੰਦਾ ਹੈ। ਨਿੰਦਕੁ = ਮੰਦਾ ਚਿਤਵਣ ਵਾਲਾ।2। ਉਧਾਰੁ = ਬਚਾਅ। ਸਾਰੁ = ਸ੍ਰੇਸ਼ਟ ਧਨ।3। ਅਰਥ: ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ; ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ, ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ।1। ਰਹਾਉ। ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ (ਕਿਉਂਕਿ ਇਸ ਤਰ੍ਹਾਂ ਆਪਣੇ ਔਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ। ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ) ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ।1। (ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ, ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ (ਭਾਵ, ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ) । (ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ। ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ।2। ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ, ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗੁਣਾਂ ਵਲੋਂ ਬਚਾਉਂਦੀ ਹੈ। ਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ। ਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਔਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀਂ (ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ।3। 20। 71। ਸ਼ਬਦ ਦਾ ਭਾਵ: ਜੇ ਕੋਈ ਮਨੁੱਖ ਠੰਢੇ ਜਿਗਰੇ ਆਪਣੇ ਐਬ ਨਸ਼ਰ ਹੁੰਦੇ ਸੁਣੇ, ਤਾਂ ਉਹ ਸਗੋਂ ਇਸ ਤਰ੍ਹਾਂ ਆਪਣੇ ਅੰਦਰੋਂ ਉਹ ਐਬ ਦੂਰ ਕਰ ਸਕਦਾ ਹੈ, ਤੇ ਆਪਣਾ ਜੀਵਨ ਪਵਿੱਤਰ ਬਣਾ ਸਕਦਾ ਹੈ। ਪਰ, ਦੂਜਿਆਂ ਦੇ ਐਬ ਫਰੋਲਣ ਵਾਲਾ ਆਪਣੇ ਅੰਦਰ ਕਦੇ ਝਾਤੀ ਨਾਹ ਮਾਰਨ ਕਰਕੇ ਆਪ ਹੀ ਉਹਨਾਂ ਐਬਾਂ ਵਿਚ ਡੁੱਬ ਜਾਂਦਾ ਹੈ। ਸੋ, ਪਰਮਾਤਮਾ ਦੀ ਬੰਦਗੀ ਵਾਲੇ ਬੰਦੇ ਆਪਣੀ ਨਿੰਦਿਆ ਤੋਂ ਘਾਬਰਦੇ ਨਹੀਂ ਹਨ। 71। ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥ ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥ ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥ ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥ {ਪੰਨਾ 339} ਪਦ ਅਰਥ: ਰਾਜਾ ਰਾਮ = ਹੇ ਸਭ ਦੇ ਮਾਲਕ ਪ੍ਰਭੂ! ਐਸਾ = ਇਹੋ ਜਿਹੇ ਸੁਭਾਵ ਵਾਲਾ, ਅਨੋਖਾ ਜਿਹਾ। ਤਰਨ = ਬੇੜੀ, ਜਹਾਜ਼। ਤਰਨ ਤਾਰਨ = ਸਭ ਜੀਵਾਂ ਨੂੰ ਤਾਰਨ ਲਈ ਜਹਾਜ਼।1। ਰਹਾਉ। ਪਤੀਆਹੀ = ਪਤੀਜ ਗਿਆ ਹੈ, ਮੰਨ ਗਿਆ ਹੈ ਕਿ ਤੂੰ ਹੀ ਤੂੰ ਹੈਂ ਅਸੀਂ ਤੈਥੋਂ ਵੱਖਰੇ ਕੁਝ ਭੀ ਨਹੀਂ ਹਾਂ।1। ਬਲੁ ਕੈਸਾ = ਕੇਹਾ ਬਲ ਹੋ ਸਕਦਾ ਸੀ? (ਭਾਵ, ਸਾਡੇ ਅੰਦਰ ਆਤਮਕ ਬਲ ਨਹੀਂ ਸੀ) । ਨ ਖਟਾਈ = ਸਮਾਈ ਨਹੀਂ ਹੈ। ਹਰਿ ਲਈ = ਖੋਹ ਲਈ ਹੈ।2। ਅਰਥ: ਹੇ ਸਭ ਦੇ ਮਾਲਕ ਪ੍ਰਭੂ! ਹੇ ਸਭ ਜੀਵਾਂ ਨੂੰ ਤਾਰਨ ਲਈ ਸਮਰੱਥ ਰਾਮ! ਹੇ ਸਭ ਵਿਚ ਵਿਆਪਕ ਪ੍ਰਭੂ! ਤੂੰ ਕਿਸੇ ਤੋਂ ਡਰਦਾ ਨਹੀਂ ਹੈਂ; ਤੇਰਾ ਸੁਭਾਵ ਕੁਝ ਅਨੋਖਾ ਹੈ।1। ਰਹਾਉ। ਜਿਤਨਾ ਚਿਰ ਅਸੀਂ ਕੁਝ ਬਣੀ ਫਿਰਦੇ ਹਾਂ (ਭਾਵ, ਹਉਮੈ ਅਹੰਕਾਰ ਕਰਦੇ ਹਾਂ) ਤਦ ਤਕ (ਹੇ ਪ੍ਰਭੂ!) ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ (ਆਪਣਾ ਚਾਨਣ ਨਹੀਂ ਕਰਦਾ) , ਪਰ ਜਦੋਂ ਹੁਣ ਤੂੰ ਆਪ (ਸਾਡੇ ਵਿਚ) ਨਿਵਾਸ ਕੀਤਾ ਹੈ ਤਾਂ ਸਾਡੇ ਵਿਚ ਉਹ ਪਹਿਲੀ ਹਉਮੈ ਨਹੀਂ ਰਹੀ। ਹੁਣ (ਹੇ ਪ੍ਰਭੂ!) ਤੂੰ ਤੇ ਅਸੀਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ (ਕਿ ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀਂ ਕੁਝ ਭੀ ਨਹੀਂ ਹਾਂ) ।1। (ਹੇ ਪ੍ਰਭੂ!) ਜਿਤਨਾ ਚਿਰ ਅਸਾਂ ਜੀਵਾਂ ਵਿਚ ਆਪਣੀ ਅਕਲ (ਦੀ ਹਉਮੈ) ਹੁੰਦੀ ਹੈ ਉਤਨਾ ਚਿਰ ਸਾਡੇ ਵਿਚ ਕੋਈ ਆਤਮਕ ਬਲ ਨਹੀਂ ਹੁੰਦਾ (ਭਾਵ, ਸਹਿਮੇ ਹੀ ਰਹਿੰਦੇ ਹਾਂ) , ਪਰ ਹੁਣ (ਜਦੋਂ ਤੂੰ ਆਪ ਸਾਡੇ ਵਿਚ ਆ ਪ੍ਰਗਟਿਆ ਹੈਂ) ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ। ਕਬੀਰ ਆਖਦਾ ਹੈ– (ਹੇ ਪ੍ਰਭੂ!) ਤੂੰ ਮੇਰੀ (ਹਉਮੈ ਵਾਲੀ) ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ (ਭਾਵ, 'ਮੈਂ ਮੈਂ' ਛੱਡ ਕੇ 'ਤੂੰ ਹੀ ਤੂੰ' ਕਰਨ ਵਾਲੀ ਹੋ ਗਈ ਹੈ, ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ) ਸਿੱਧੀ ਹਾਸਲ ਹੋ ਗਈ ਹੈ।2। 21। 72। ਸ਼ਬਦ ਦਾ ਭਾਵ: ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਪ੍ਰਭੂ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਦੋਂ ਉਹ ਆਪ ਅੰਦਰ ਆ ਵੱਸਦਾ ਹੈ ਤਾਂ ਹਉਮੈ ਨਾਸ ਹੋ ਜਾਂਦੀ ਹੈ ਤੇ ਹਉਮੈ ਨੂੰ ਦੂਰ ਕਰਨਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ। 72। ਨੋਟ: ਰਵਿਦਾਸ ਜੀ ਸੋਰਠ ਵਿਚ ਲਿਖਦੇ ਹਨ: 'ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ। ' ਇਸ ਤੁਕ ਨੂੰ ਕਬੀਰ ਜੀ ਦੇ ਇਸ ਸ਼ਬਦ ਦੇ ਅੰਕ ਨੰ: 1 ਦੀ ਪਹਿਲੀ ਤੁਕ ਨਾਲ ਮੇਲੋ। ਲਫ਼ਜ਼ਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਬਣ ਗਈ। ਕਬੀਰ ਤੇ ਰਵਿਦਾਸ ਜੀ ਬਨਾਰਸ ਦੇ ਰਹਿਣ ਵਾਲੇ ਸਨ, ਸਮਕਾਲੀ ਭੀ ਸਨ। ਹਮ-ਖ਼ਿਆਲ ਹੋਣ ਕਰਕੇ ਦੋਵੇਂ ਆਪੋ ਵਿਚ ਮੇਲਜੋਲ ਭੀ ਜ਼ਰੂਰ ਰੱਖਦੇ ਹੋਣਗੇ। ਗਉੜੀ ॥ ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥ ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥ ਅਬ ਮਨ ਜਾਗਤ ਰਹੁ ਰੇ ਭਾਈ ॥ ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥ ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥ ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥ ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥ ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥ {ਪੰਨਾ 339} ਪਦ ਅਰਥ: ਖਟ = ਛੇ। ਨੇਮ = {ਸੰ: ਨੇਮਿ} ਚੱਕਰ, ਪਹੀਏ ਦਾ ਉਪਰਲਾ ਘੇਰਾ। ਖਟ ਨੇਮ = ਛੇ ਚੱਕਰ {ਵੇਖੋ ਸ਼ਬਦ ਨੰ: 47; ਜੋਗੀ-ਲੋਕ ਸਰੀਰ ਦੇ ਛੇ ਚੱਕਰ ਮੰਨਦੇ ਹਨ, ਪ੍ਰਾਣਾਯਾਮ ਵੇਲੇ ਪ੍ਰਾਣਾਂ ਨੂੰ ਹੇਠਲੇ ਚੱਕਰ ਤੋਂ ਖਿੱਚ ਕੇ ਉੱਪਰਲੇ ਚੱਕਰ ਵਿਚ ਅਪੜਾਉਂਦੇ ਹਨ। ਪਰ ਇਸ ਸ਼ਬਦ ਵਿਚ ਜੋਗੀਆਂ ਦੇ ਇਹਨਾਂ ਚੱਕਰਾਂ ਵਲ ਇਸ਼ਾਰਾ ਨਹੀਂ ਜਾਪਦਾ}; ਪੰਜ ਤੱਤ ਤੇ ਛੇਵਾਂ ਮਨ {ਸਰੀਰ ਦੀ ਬਣਤਰ ਪੰਜ ਤੱਤਾਂ ਤੋਂ ਮੰਨੀ ਜਾਂਦੀ ਹੈ, ਤੇ ਜੀਵ ਨੂੰ ਜਨਮ ਵਿਚ ਲਿਆਉਣ ਵਾਲਾ ਇਸ ਦਾ 'ਮਨ' ਹੀ ਮੂਲ-ਕਾਰਨ ਹੈ, ਕਿਉਂਕਿ ਮਨ ਦੀਆਂ ਵਾਸ਼ਨਾਂ ਜੀਵ ਨੂੰ ਭਟਕਾਉਂਦੀਆਂ ਫਿਰਦੀਆਂ ਹਨ। ਸੋ, ਇੱਥੇ 'ਖਟ ਨੇਮ' ਤੋਂ ਭਾਵ ਹੈ ਪੰਜ ਤੱਤ ਤੇ ਛੇਵਾਂ ਮਨ}। ਕੋਠੜੀ = ਸਰੀਰ-ਰੂਪ ਨਿੱਕਾ ਜਿਹਾ ਘਰ। ਬਾਂਧੀ = ਬਣਾਈ। ਬਸਤੁ = ਚੀਜ਼। ਅਨੂਪ = {ਅਨ-ਊਪ। ਊਪ-ਉਪਮਾ} ਜਿਸ ਦੀ ਉਪਮਾ ਨਹੀਂ ਹੋ ਸਕਦੀ, ਜਿਸ ਵਰਗੀ ਹੋਰ ਕੋਈ ਚੀਜ਼ ਨਹੀਂ। ਬਸਤੁ ਅਨੂਪ = ਉਹ ਸ਼ੈ ਜਿਸ ਵਰਗੀ ਹੋਰ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਦੀ ਆਪਣੀ ਜੋਤ। ਬੀਚ = (ਉਸ 'ਕੋਠੜੀ') ਵਿਚ। ਕੁਲਫੁ = ਜੰਦਰਾ। ਕਰਤੇ = ਕਰਦਿਆਂ, ਬਣਾਉਂਦਿਆਂ। ਬਾਰ ਨ ਲਾਈ = ਦੇਰ ਨਹੀਂ ਲਾਈ (ਲਫ਼ਜ਼ 'ਬਾਰ' ਇਸਤ੍ਰੀ ਲਿੰਗ ਹੈ, ਕਿਉਂਕਿ ਇਸ ਦੀ ਕ੍ਰਿਆ 'ਲਾਈ' ਭੀ ਇਸਤ੍ਰੀ ਲਿੰਗ ਹੈ; ਸੋ ਇਸ ਦਾ ਅਰਥ 'ਦਰਵਾਜ਼ੇ' ਫਬਦਾ ਨਹੀਂ ਹੈ) ।1। ਮਨ = ਹੇ ਮਨ! ਰੇ ਭਾਈ = ਹੇ ਵੀਰ! ਰੇ ਭਾਈ ਮਨ = ਹੇ ਪਿਆਰੇ ਮਨ! ਗਾਫਲੁ = ਬੇ-ਪਰਵਾਹ। ਮੁਸੈ ਘਰੁ = ਘਰ ਨੂੰ ਲੁੱਟਦਾ ਹੈ। ਜਾਈ = ਜਾਇ, ਜਾ ਕੇ।1। ਰਹਾਉ। ਪੰਚ ਪਹਰੂਆ = ਪੰਜ ਪਹਿਰੇਦਾਰ, ਪੰਜ ਗਿਆਨ ਇੰਦਰੇ (ਅੱਖਾਂ, ਕੰਨ, ਨੱਕ, ਜੀਭ, ਚਮੜੀ = ਇਹਨਾਂ ਪੰਜਾਂ ਦੀ ਰਾਹੀਂ ਬਾਹਰਲੇ ਪਦਾਰਥਾਂ ਦੀ ਖ਼ਬਰ ਦਿਮਾਗ਼ ਵਿਚ ਅੱਪੜਦੀ ਹੈ। ਸਰੀਰ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਆਉਂਦਾ ਹੋਵੇ, ਉਹ ਭੀ ਇਹਨਾਂ ਦੀ ਰਾਹੀਂ ਹੀ ਪਤਾ ਲੱਗਦਾ ਹੈ, ਪਰ ਕਿਸੇ ਚਸਕੇ ਵਲ, ਕਿਸੇ ਵਿਕਾਰ ਵਲ ਪ੍ਰੇਰਨਾ ਭੀ ਇਹਨਾਂ ਦੀ ਰਾਹੀਂ ਹੀ ਹੁੰਦਾ ਹੈ। ਅੱਖਾਂ ਜੇ ਪਰਾਇਆ ਰੂਪ ਤੱਕਣ ਦੇ ਚਸਕੇ ਵਿਚ ਫਸੀਆਂ ਹੋਈਆਂ ਹਨ ਤਾਂ ਨੇਕ ਜੀਵਨ ਲਈ ਪਹਿਰਾ ਦੇਣ ਦੀ ਥਾਂ ਇਹ ਵਿਕਾਰ ਵਲ ਪ੍ਰੇਰਨਗੀਆਂ। ਇਸੇ ਤਰ੍ਹਾਂ ਬਾਕੀ ਦੇ ਗਿਆਨ-ਇੰਦ੍ਰੇ) । ਦਰ ਮਹਿ = ਸਰੀਰ-ਰੂਪ ਨਿੱਕੇ ਜਿਹੇ ਘਰ ਦੇ ਦਰਵਾਜ਼ਿਆਂ ਤੇ। ਪਤੀਆਰਾ = ਇਤਬਾਰ, ਵਿਸਾਹ। ਸੁਚੇਤ ਚਿਤ ਹੋਇ = ਹੁਸ਼ਿਆਰ ਹੋ ਕੇ। ਉਜਾਰਾ = ਉਜਾਲਾ, ਨਿਖਾਰ। ਲੈ ਉਜਾਰਾ = ਨਿਖਰ ਆਉਣਾ ਹੈ। ਪਰਗਾਸੁ = ਚਾਨਣ।2। ਨਉ ਘਰ = ਨੌ ਗੋਲਕਾਂ = {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਇੰਦ੍ਰੀ, ਗੁਦਾ = ਇਹ ਨੌ ਹੀ ਰੰਧ੍ਰ ਜੋ ਸਰੀਰ ਦੀਆਂ ਕ੍ਰਿਆ ਚਲਾ ਰਹੇ ਹਨ}। ਦੇਖਿ = ਵੇਖ ਕੇ। ਜੁ = ਜਿਹੜੀ। ਕਾਮਨਿ = ਜੀਵ-ਇਸਤ੍ਰੀ। ਨਵੈ ਘਰ ਮੂਸੇ = ਜਦੋਂ ਨੌ ਹੀ ਗੋਲਕਾਂ ਠੱਗੀਆਂ ਜਾਂਦੀਆਂ ਹਨ, ਜਦੋਂ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ। ਦਸਵੈਂ = ਦਸਵੇਂ ਘਰ ਵਿਚ, ਦਸਵੇਂ ਦੁਆਰ ਵਿਚ, ਦਿਮਾਗ਼ ਵਿਚ {ਸੋਚ-ਵਿਚਾਰ ਦਾ ਕੰਮ ਮਨੁੱਖ ਦੇ ਦਿਮਾਗ਼ ਨੂੰ ਕੁਦਰਤ ਨੇ ਸੌਂਪਿਆ ਹੈ, ਇਸ ਲਈ ਇਸ ਨੂੰ ਦਸਵਾਂ ਘਰ, ਦਸਵਾਂ ਦੁਆਰ ਕਿਹਾ ਜਾਂਦਾ ਹੈ। ਜਿਤਨਾ ਚਿਰ ਸਰੀਰ ਦੀਆਂ ਨੌ ਗੋਲਕਾਂ ਨਿਰੇ ਸਰੀਰਕ ਕ੍ਰਿਆ ਵਲ ਮਨ ਨੂੰ ਲਾਈ ਰੱਖਦੀਆਂ ਹਨ, ਨਿਰੇ ਸੰਸਾਰੀ ਕੰਮਾਂ-ਧੰਧਿਆਂ ਵਿਚ ਜੋੜੀ ਰੱਖਦੀਆਂ ਹਨ, ਉਤਨਾ ਚਿਰ ਮਨੁੱਖ ਆਪਣੇ ਆਪ ਨੂੰ ਨਿਰਾ ਸਰੀਰ ਹੀ ਸਮਝੀ ਰੱਖਦਾ ਹੈ, ਨਿਰਾ ਸਰੀਰ ਦੀ ਪਰਵਰਿਸ਼ ਵਿਚ ਹੀ ਮਸਤ ਰਹਿੰਦਾ ਹੈ, ਅੰਦਰ-ਵੱਸਦੀ ਆਤਮਕ ਜੋਤਿ ਦਾ ਖ਼ਿਆਲ ਕਦੇ ਨਹੀਂ ਆਉਂਦਾ}। ਤਤੁ = ਅਸਲੀਅਤ, ਪਰਮਾਤਮਾ ਦੀ ਜੋਤਿ।3। ਅਰਥ: ਛੇ ਚੱਕਰ ਬਣਾ ਕੇ (ਪ੍ਰਭੂ ਨੇ) ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ (ਇਸ ਘਰ) ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ; (ਇਸ ਘਰ ਦਾ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ।1। (ਇਸ ਘਰ ਵਿਚ ਰਹਿਣ ਵਾਲੇ) ਹੇ ਪਿਆਰੇ ਮਨ! ਹੁਣ ਜਾਗਦਾ ਰਹੁ, ਬੇ-ਪਰਵਾਹ ਹੋ ਕੇ ਤੂੰ (ਹੁਣ ਤਕ) ਜੀਵਨ ਅਜਾਈਂ ਗਵਾ ਲਿਆ ਹੈ; (ਜੋ ਕੋਈ ਭੀ ਗ਼ਾਫ਼ਲ ਹੁੰਦਾ ਹੈ) ਚੋਰ ਜਾ ਕੇ (ਉਸ ਦਾ) ਘਰ ਲੁੱਟ ਲੈਂਦਾ ਹੈ।1। ਰਹਾਉ। (ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ। ਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ।2। ਜਿਹੜੀ ਜੀਵ-ਇਸਤ੍ਰੀ (ਸਰੀਰ ਦੇ) ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਨੂੰ (ਜੋਤ-ਰੂਪ) ਅਚਰਜ ਸ਼ੈ (ਅੰਦਰੋਂ) ਨਹੀਂ ਲੱਭਦੀ (ਭਾਵ, ਉਸ ਦਾ ਧਿਆਨ ਅੰਦਰ-ਵੱਸਦੀ ਆਤਮਕ ਜੋਤ ਵਲ ਨਹੀਂ ਪੈਂਦਾ) । ਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ।3। 22। 73। ਸ਼ਬਦ ਦਾ ਭਾਵ: ਕਾਮ ਕ੍ਰੋਧ ਆਦਿਕ ਕੋਈ ਵਿਕਾਰ ਤਦ ਤਕ ਮਨੁੱਖ ਦਾ ਜੀਵਨ ਵਿਗਾੜਦਾ ਰਹਿੰਦਾ ਹੈ, ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਲ ਹੈ। ਇਹ ਗਿਆਨ-ਇੰਦਰੇ ਭੀ ਹੋਰ ਹੋਰ ਮੰਦੇ ਪਾਸੇ ਵੱਲ ਹੀ ਪ੍ਰੇਰਦੱੇ ਰਹਿੰਦੇ ਹਨ। ਸਿਮਰਨ ਹੀ ਇੱਕ ਐਸੀ ਦਾਤ ਹੈ, ਜਿਸ ਦੀ ਬਰਕਤ ਨਾਲ ਆਤਮਕ ਜੀਵਨ ਵਿਕਾਰਾਂ ਦੀ ਧੁੰਧ ਜਿਹੀ ਵਿਚੋਂ ਨਿਕਲ ਕੇ ਨਿਖਰ ਆਉਂਦਾ ਹੈ। 73। ਗਉੜੀ ॥ ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥ ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥ ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥ ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥ ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥ ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥ ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥ ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥ ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥ ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥ {ਪੰਨਾ 339} ਨੋਟ: ਇਸ ਸ਼ਬਦ ਦੀ ਹਰੇਕ ਤੁਕ ਦੇ ਅਖ਼ੀਰਲੇ ਲਫ਼ਜ਼ ਦਾ ਅਖ਼ੀਰਲਾ ਅੱਖਰ 'ਨਾ' ਸਿਰਫ਼ ਪਦ-ਪੂਰਤੀ ਲਈ ਹੈ, 'ਅਰਥ' ਕਰਨ ਵਿਚ ਇਸ ਦਾ ਕੋਈ ਸੰਬੰਧ ਨਹੀਂ ਪੈਂਦਾ। ਪਦ ਅਰਥ: ਮਾਈ = ਹੇ ਮਾਂ! ਮੋਹਿ = ਮੈਂ। ਅਵਰੁ = ਹੋਰ। ਨ ਜਾਨਿਓ = ਨਹੀਂ ਜਾਣਿਆ, ਜੀਵਨ ਦਾ ਆਸਰਾ ਨਹੀਂ ਸਮਝਿਆ। ਆਨਾਨਾਂ = ਆਨ, ਅਨ੍ਯ, ਕੋਈ ਹੋਰ। ਸਨਕਾਦਿ = ਸਨਕ ਆਦਿ, ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਜਾਸੁ ਗੁਨ = ਜਿਸ ਦੇ ਗੁਣ। ਤਾਸੁ = ਉਸ (ਪ੍ਰਭੂ) ਵਿਚ। ਪ੍ਰਾਨਾਨਾਂ = ਪ੍ਰਾਨ।1। ਰਹਾਉ। ਪ੍ਰਗਾਸੁ = ਚਾਨਣ। ਗੰਮਤਿ = ਅਪੜਾਇਆ, ਦਿੱਤਾ, ਬਖ਼ਸ਼ਿਆ {ਸੰ: ਗਮ = ਜਾਣਾ, ਅੱਪੜਨਾ। ਕ੍ਰਿਆ = 'ਗਮ' ਤੋਂ 'ਪ੍ਰੇਰਣਾਰਥਕ ਕ੍ਰਿਆ' ਗਮਯ ਦਾ ਅਰਥ ਹੈ ਅਪੜਾਉਣਾ, ਦੇਣਾ, ਬਖ਼ਸ਼ਣਾ}। ਗਗਨ ਮਹਿ = ਆਕਾਸ਼ ਵਿਚ (ਭਾਵ, ਦੁਨੀਆ ਦੇ ਪਦਾਰਥਾਂ ਵਿਚੋਂ ਉੱਠ ਕੇ ਉੱਚੇ ਮੰਡਲਾਂ ਵਿਚ, ਪ੍ਰਭੂ-ਚਰਨਾਂ ਵਿਚ) । ਧਿਆਨਾਨਾਂ = ਧਿਆਨ (ਲੱਗ ਗਿਆ) । ਬਿਖੈ = ਵਿਸ਼ੇ। ਨਿਜ ਘਰਿ = ਆਪਣੇ ਘਰ ਵਿਚ, ਅੰਦਰ ਹੀ। ਜਾਨਾਨਾ = ਜਾਨਾ, ਜਾਣ ਲਿਆ।1। ਏਕਸੁ = ਇਕ (ਪ੍ਰਭੂ) ਵਿਚ ਹੀ। ਮਤਿ = ਬੁੱਧ। ਰਤਿ = ਪਿਆਰ, ਲਗਨ। ਜਾਨਿ = ਜਾਣ ਕੇ, ਸਮਝ ਕੇ। ਮਾਨਿ = ਮੰਨ ਕੇ, ਪਤੀਜ ਕੇ। ਮਨਹਿ = ਮਨ ਵਿਚ। ਆਨਾਨਾ = ਆਨਾ, ਆਨਿਆ, ਲਿਆਂਦਾ। ਬਾਸੁ = ਸੁਗੰਧੀ। ਮਨ ਬਾਸਨ = ਮਨ ਦੀਆਂ ਵਾਸ਼ਨਾਂ। ਤਿਆਗਿ = ਤਿਆਗ ਕੇ।2। ਤਾਸੁ = ਉਸ (ਮਨੁੱਖ ਦੇ ਹਿਰਦੇ) ਵਿਚ। ਪ੍ਰਭੂ ਥਾਨਾਨਾਂ = ਪ੍ਰਭੂ ਦਾ ਥਾਂ, ਪ੍ਰਭੂ ਦਾ ਨਿਵਾਸ। ਮਨਿ ਜਾ ਕੈ = ਜਿਸ ਮਨੁੱਖ ਦੇ ਮਨ ਵਿਚ। ਕਰਮ ਪ੍ਰਧਾਨ = (ਉੱਚ) ਕਰਮ ਉੱਘੜ ਆਏ ਹਨ। ਮਥਾਨਾਨਾ = ਮੱਥੇ ਤੇ।3। ਕਾਟਿ = ਕੱਟ ਕੇ, ਦੂਰ ਕਰ ਕੇ। ਸਕਤਿ = ਮਾਇਆ (ਦਾ ਪ੍ਰਭਾਵ) । ਸਿਵ ਸਹਜੁ = ਸ਼ਿਵ ਦੀ ਸਹਜਿ ਅਵਸਥਾ, ਪਰਮਾਤਮਾ ਦਾ ਗਿਆਨ, ਪ੍ਰਭੂ ਦਾ ਪ੍ਰਕਾਸ਼। ਏਕੈ ਏਕ = ਨਿਰੋਲ ਇੱਕ ਪ੍ਰਭੂ ਵਿਚ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਭ੍ਰਮਤ ਰਹੇ = ਭਟਕਣਾ ਦੂਰ ਹੋ ਜਾਂਦੀ ਹੈ। ਮਾਨਾਨਾਂ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ।4। ਅਰਥ: ਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ (ਆਪਣੇ ਜੀਵਨ ਦਾ ਆਸਰਾ) ਨਹੀਂ ਸਮਝਿਆ, (ਕਿਉਂਕਿ) ਮੇਰੇ ਪ੍ਰਾਣ (ਤਾਂ) ਉਸ (ਪ੍ਰਭੂ) ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ।1। ਰਹਾਉ। ਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, (ਮਾਨੋ) ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ। ਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ।1। ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿਚ ਹੀ ਬਣ ਗਿਆ ਹੈ। ਇੱਕ ਪ੍ਰਭੂ ਨੂੰ (ਆਸਰਾ) ਸਮਝ ਕੇ (ਤੇ ਉਸ ਵਿਚ) ਪਤੀਜ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ (ਭਾਵ, ਕਿਸੇ ਹੋਰ ਦੀ ਓਟ ਨਹੀਂ ਤੱਕਦਾ) । ਮਨ ਦੀਆਂ ਵਾਸ਼ਨਾਂ ਤਿਆਗ ਕੇ (ਮੇਰੇ ਅੰਦਰ, ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, (ਮੇਰੇ ਅੰਦਰੋਂ) ਅਹੰਕਾਰ ਘਟ ਗਿਆ ਹੈ (ਭਾਵ ਮਿਟ ਗਿਆ ਹੈ) । {ਨੋਟ: ਲਫ਼ਜ਼ 'ਤਿਆਗਿ' ਦਾ ਅਰਥ ਹੈ 'ਤਿਆਗ ਕੇ'। ਲਫ਼ਜ਼ 'ਘਟਿਓ' ਵਿਆਕਰਣ ਅਨੁਸਾਰ "ਭੂਤਕਾਲ" ਹੈ, ਜਿਵੇਂ ਇਸੇ ਹੀ ਸ਼ਬਦ ਦੇ ਲਫ਼ਜ਼ 'ਜਾਨਿਓ', 'ਬਸਿਓ' ਅਤੇ 'ਪ੍ਰਗਾਸਿਓ' ਹਨ; ਘਟਿਓ = ਘਟ ਗਿਆ, ਘਟਿਆ। ਜਾਨਿਓ = ਜਾਨਿਆ, ਜਾਣ ਲਿਆ। ਬਸਿਓ = ਵੱਸਿਆ, ਵੱਸ ਪਿਆ। ਪ੍ਰਗਾਸਿਓ = ਪ੍ਰਗਾਸਿਆ, ਚਮਕ ਪਿਆ। ਸੋ, ਲਫ਼ਜ਼ 'ਘਟਿਓ' ਦਾ ਅਰਥ "ਘਟਦਾ ਘਟਦਾ" ਨਹੀਂ ਹੋ ਸਕਦਾ। ਨਾਹ ਹੀ ਇਸ ਦਾ ਅਰਥ "ਘਟ ਵਿਚੋਂ" ਹੋ ਸਕਦਾ ਹੈ; ਉਸ ਹਾਲਤ ਵਿਚ ਲਫ਼ਜ਼ "ਘਟਹੁ" ਹੁੰਦਾ ਹੈ, ਜਿਵੇਂ "ਮਨਹੁ" = ਮਨ ਤੋਂ, ਮਨ ਵਿਚੋਂ। ਲਫ਼ਜ਼ 'ਤਿਆਗਿ' ਵਾਂਗ ਹੀ ਜਾਨਿ = ਜਾਣ ਕੇ। ਮਾਨਿ = ਮੰਨ ਕੇ। ਕਾਟਿ = ਕੱਟ ਕੇ। ਭੇਟਿ = ਭੇਟ ਕੇ ਮਿਲ ਕੇ}।2। ਜੋ ਮਨੁੱਖ ਠਾਕੁਰ ਦਾ ਜਸ ਗਾਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ, ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ। ਤੇ, ਜਿਸ ਦੇ ਮਨ ਵਿਚ ਪ੍ਰਭੂ ਵੱਸ ਪਿਆ, ਉਸ ਦੇ ਵੱਡੇ ਭਾਗ (ਸਮਝੋ) , ਉਸ ਦੇ ਮੱਥੇ ਉੱਤੇ ਉੱਚੇ ਲੇਖ ਉੱਘੜ ਆਏ (ਜਾਣੋ) ।3। ਮਾਇਆ ਦਾ ਪ੍ਰਭਾਵ ਦੂਰ ਕਰ ਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਤਾਂ ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ। ਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ ਤੇ ਮਨ (ਪ੍ਰਭੂ ਵਿਚ) ਗਿੱਝ ਜਾਂਦਾ ਹੈ।4। 23। 74। ਸ਼ਬਦ ਦਾ ਭਾਵ: ਸਤਿਗੁਰੂ ਨੂੰ ਮਿਲ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿਚ ਚਿੱਤ ਜੋੜਦਾ ਹੈ, ਉਸ ਦਾ ਮਨ ਵਿਕਾਰਾਂ ਵਲੋਂ ਹਟ ਕੇ ਪ੍ਰਭੂ ਦੇ ਦੇਸ ਦੀਆਂ ਉਡਾਰੀਆਂ ਲਾਂਦਾ ਹੈ। ਵਾਸ਼ਨਾ ਮੁੱਕ ਜਾਣ ਕਰਕੇ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। 74। |
Sri Guru Granth Darpan, by Professor Sahib Singh |