ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 340 ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥ {ਪੰਨਾ 340} ਪਦ ਅਰਥ: ਬਾਵਨ = ਬਵੰਜਾ। ਅਖਰੀ = ਅੱਖਰਾਂ ਵਾਲੀ। ਬਾਵਨ ਅਖਰੀ = ਬਵੰਜਾ ਅੱਖਰਾਂ ਵਾਲੀ ਬਾਣੀ। ਅਛਰ = ਅੱਖਰ। ਲੋਕ ਤ੍ਰੈ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ (ਵਰਤੇ ਜਾ ਰਹੇ ਹਨ) । ਸਭੁ ਕਛੁ = (ਜਗਤ ਦਾ) ਸਾਰਾ ਵਰਤਾਰਾ। ਇਨ ਹੀ ਮਾਹਿ = ਇਹਨਾਂ (ਬਵੰਜਾ ਅੱਖਰਾਂ) ਵਿਚ ਹੀ। ਏ ਅੱਖਰ = ਇਹ ਬਵੰਜਾ ਅੱਖਰ (ਜਿਨ੍ਹਾਂ ਦੀ ਰਾਹੀਂ ਜਗਤ ਦਾ ਵਰਤਾਰਾ ਨਿਭ ਰਿਹਾ ਹੈ) । ਖਿਰਿ ਜਾਹਿਗੇ = ਨਾਸ ਹੋ ਜਾਣਗੇ। ਓਇ ਅਖਰ = ਉਹ ਅੱਖਰ (ਜੋ 'ਅਨੁਭਵ' ਅਵਸਥਾ ਬਿਆਨ ਕਰ ਸਕਣ, ਜੋ ਪਰਾਮਤਮਾ ਦੇ ਮਿਲਾਪ ਦੀ ਅਵਸਥਾ ਦੱਸ ਸਕਣ) ।1। ਅਰਥ: ਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ) , ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ। ਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ) । ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ।1। ਭਾਵ = ਜਗਤ ਦੇ ਮੇਲ-ਮਿਲਾਪ ਤੇ ਵਰਤਾਰੇ ਨੂੰ ਤਾਂ ਅੱਖਰਾਂ ਦੀ ਰਾਹੀਂ ਬਿਆਨ ਕੀਤਾ ਜਾ ਸਕਦਾ ਹੈ, ਪਰ ਅਕਾਲ ਪੁਰਖ ਦਾ ਮਿਲਾਪ ਵਰਨਣ ਤੋਂ ਪਰੇ ਹੈ। ਜਹਾ ਬੋਲ ਤਹ ਅਛਰ ਆਵਾ ॥ ਜਹ ਅਬੋਲ ਤਹ ਮਨੁ ਨ ਰਹਾਵਾ ॥ ਬੋਲ ਅਬੋਲ ਮਧਿ ਹੈ ਸੋਈ ॥ ਜਸ ਓਹੁ ਹੈ ਤਸ ਲਖੈ ਨ ਕੋਈ ॥੨॥ {ਪੰਨਾ 340} ਪਦ ਅਰਥ: ਆਵਾ = ਆਉਂਦੇ ਹਨ, ਵਰਤੇ ਜਾਂਦੇ ਹਨ। ਜਹਾ ਬੋਲ = ਜਿਥੇ ਬਚਨ ਹਨ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ। ਤਹ = ਉਸ ਅਵਸਥਾ ਵਿਚ। ਅਬੋਲ = {ਅ-ਬੋਲ} ਉਹ ਅਵਸਥਾ ਜੋ ਬਿਆਨ ਨਹੀਂ ਹੋ ਸਕਦੀ। ਨ ਰਹਾਵਾ = ਨਹੀਂ ਰਹਿੰਦਾ, ਹਸਤੀ ਮਿਟ ਜਾਂਦੀ ਹੈ। ਮਧਿ = ਵਿਚ। ਸੋਈ = ਉਹੀ ਅਕਾਲ ਪੁਰਖ। ਜਸ = ਜੈਸਾ, ਜਿਹੋ ਜਿਹਾ। ਤਸ = ਤੈਸਾ, ਤਿਹੋ ਜਿਹਾ। ਲਖੈ = ਬਿਆਨ ਕਰਦਾ ਹੈ। ਓਹੁ = ਪਰਮਾਤਮਾ।2। ਅਰਥ: ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ; ਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ। ਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ) = ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ ਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ।2। ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥ ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥ {ਪੰਨਾ 340} ਪਦ ਅਰਥ: ਅਲਹ = ਅਲੱਭ, ਜੋ ਵੇਖਿਆ ਨਹੀਂ ਜਾ ਸਕਦਾ। ਲਹਉ = (ਜੇ) ਮੈਂ ਲੱਭ ਲਵਾਂ। ਕਿਆ ਕਹਉ = ਮੈਂ ਕੀਹ ਆਖਾਂ? ਮੈਥੋਂ ਬਿਆਨ ਨਹੀਂ ਹੋ ਸਕਦਾ। ਕੋ = ਕੀਹ? ਉਪਕਾਰ = ਭਲਾਈ। ਬਟਕ = ਬੋਹੜ। ਜਾ ਕੋ = ਜਿਸ (ਅਕਾਲ ਪੁਰਖ) ਦਾ।3। ਅਰਥ: ਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ। (ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ।3। ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥ ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥ {ਪੰਨਾ 340} ਪਦ ਅਰਥ: ਅਲਹ ਲਹੰਤਾ = ਅਲੱਭ (ਅਕਾਲ ਪੁਰਖ) ਨੂੰ ਲੱਭਦਿਆਂ ਲੱਭਦਿਆਂ। ਭੇਦ ਛੈ = ਭੇਦ ਦਾ ਛੈ, ਦੁਬਿਧਾ ਦਾ ਨਾਸ। ਕਛੁ ਕਛੁ = ਕੁਝ ਕੁਝ, ਥੋੜਾ ਥੋੜਾ। ਭੇਦ = ਭੇਤ, ਸੂਝ। ਉਲਟਿ ਭੇਦ = ਦੁਬਿਧਾ ਨੂੰ ਉਲਟਿਆਂ, ਦੁਬਿਧਾ ਦਾ ਨਾਸ ਹੋਇਆਂ। ਬੇਧਿਓ = ਵਿੰਨ੍ਹਿਆ ਗਿਆ। ਅਭੰਗ = {ਅ-ਭੰਗ} ਜਿਸ ਦਾ ਨਾਸ ਨਾਹ ਹੋ ਸਕੇ। ਅਛੇਦ = {ਅ-ਛੇਦ} ਜੋ ਵਿੰਨ੍ਹਿਆ ਨਾਹ ਜਾ ਸਕੇ।4। ਅਰਥ: ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ। ਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।4। ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥ ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥ {ਪੰਨਾ 340} ਪਦ ਅਰਥ: ਤਰੀਕਤਿ = ਮੁਸਲਮਾਨ ਫ਼ਕੀਰ ਰੱਬ ਨੂੰ ਮਿਲਣ ਦੇ ਰਾਹ ਦੇ ਚਾਰ ਦਰਜੇ ਮੰਨਦੇ ਹਨ– ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ। ਤਰੀਕਤ ਦੂਜਾ ਦਰਜਾ ਹੈ ਜਿਸ ਵਿਚ ਹਿਰਦੇ ਦੀ ਪਵਿੱਤ੍ਰਤਾ ਦੇ ਢੰਗ ਦੱਸੇ ਗਏ ਹਨ। ਕਾਰਨੇ = ਵਾਸਤੇ। ਕਛੂਅ ਕ = ਥੋੜ੍ਹਾ ਜਿਹਾ, ਥੋੜ੍ਹਾ ਬਹੁਤ, ਕੁਝ ਨ ਕੁਝ। ਸਮਝਾਵਨ ਕਾਰਨੇ = ਸਮਝਾਣ ਵਾਸਤੇ। ਮਨ ਸਮਝਾਵਨ ਕਾਰਨੇ = ਮਨ ਨੂੰ ਸਮਝਾਉਣ ਲਈ, ਮਨ ਵਿਚੋਂ ਭੇਦ ਦਾ ਛੈ ਕਰਨ ਲਈ, ਮਨ ਵਿਚੋਂ ਦੁਬਿਧਾ ਮਿਟਾਉਣ ਲਈ, ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਲਈ।5। ਅਰਥ: (ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ; ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ।5। ਨੋਟ: ਇਥੋਂ ਤਕ ਕਬੀਰ ਜੀ ਉਥਾਨਕਾ ਜਿਹੀ ਬੰਨ੍ਹਦੇ ਹਨ ਕਿ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਲਫ਼ਜ਼ਾਂ ਨਾਲ ਬਿਆਨ ਨਹੀਂ ਹੋ ਸਕਦੀ; ਕਿਉਂਕਿ ਬਿਆਨ ਕਰਨ ਵਾਲਾ ਮਨ ਆਪ ਹੀ ਆਪਣਾ ਆਪ ਮਿਟਾ ਚੁਕਦਾ ਹੈ, ਤੇ ਜੇ ਉਸ ਮਿਲਾਪ ਦੇ ਅਨੰਦ ਨੂੰ ਥੋੜ੍ਹਾ ਬਹੁਤ ਬਿਆਨ ਕਰਨ ਦਾ ਜਤਨ ਭੀ ਕਰੇ ਤਾਂ ਸੁਣਨ ਵਾਲੇ ਨੂੰ ਨਿਰਾ ਸੁਣਿਆਂ ਉਸ ਅਨੰਦ ਦੀ ਸਮਝ ਨਹੀਂ ਆ ਸਕਦੀ। ਹਾਂ; ਜੋ ਮਨ ਉਸ ਮੇਲ-ਅਵਸਥਾ ਵਿਚ ਅੱਪੜਣ ਦਾ ਜਤਨ ਕਰਦਾ ਹੈ, ਉਸ ਦੇ ਆਪਣੇ ਅੰਦਰ ਤਬਦੀਲੀ ਆ ਜਾਂਦੀ ਹੈ, ਉਸ ਵਿਚੋਂ ਮੇਰ-ਤੇਰ ਮਿਟ ਜਾਂਦੀ ਹੈ; ਤੇ ਇਸ ਸੁਚੱਜੇ ਰਸਤੇ ਦੀ ਸਮਝ ਪੈਂਦੀ ਹੈ ਗੁਰੂ ਦਾ ਗਿਆਨ ਪ੍ਰਾਪਤ ਕੀਤਿਆਂ, ਗੁਰੂ ਦੇ ਦੱਸੇ ਪੂਰਨਿਆਂ ਨੂੰ ਸਮਝਿਆਂ। ਗੁਰੂ ਦੇ ਦੱਸੇ ਉਹ ਪੂਰਨੇ ਕਿਹੜੇ ਹਨ? ਗੁਰੂ ਦੀ ਦੱਸੀ ਹੋਈ ਉਹ ਵਿਚਾਰ ਕੀਹ ਹੈ? = ਇਸ ਦਾ ਜ਼ਿਕਰ ਕਬੀਰ ਜੀ ਅਗਲੀਆਂ ਪਉੜੀਆਂ ਵਿਚ ਕਰਦੇ ਹਨ। ਓਅੰਕਾਰ ਆਦਿ ਮੈ ਜਾਨਾ ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥ ਓਅੰਕਾਰ ਲਖੈ ਜਉ ਕੋਈ ॥ ਸੋਈ ਲਖਿ ਮੇਟਣਾ ਨ ਹੋਈ ॥੬॥ {ਪੰਨਾ 340} ਪਦ ਅਰਥ: ਓਅੰਕਾਰ = {ਓਅੰ-ਕਾਰ} ਇਕ-ਰਸ ਸਭ ਥਾਂ ਵਿਆਪਕ ਪਰਮਾਤਮਾ। ਆਦਿ = ਮੁੱਢ, ਮੂਲ, ਸਭ ਦਾ ਬਨਾਉਣ ਵਾਲਾ। ਮੈ ਜਾਨਾ = ਮੈਂ ਜਾਣਦਾ ਹਾਂ, ਮੈਂ (ਉਸ ਨੂੰ ਅਮਿਟ ਅਵਿਨਾਸ਼ੀ) ਜਾਣਦਾ ਹਾਂ। ਲਿਖਿ = ਲਿਖੇ, ਲਿਖਦਾ ਹੈ, ਰਚਦਾ ਹੈ, ਪੈਦਾ ਕਰਦਾ ਹੈ। ਅਰੁ = ਅਤੇ। ਮੇਟੈ = ਮਿਟਾ ਦੇਂਦਾ ਹੈ, ਨਾਸ ਕਰ ਦੇਂਦਾ ਹੈ। ਤਾਹਿ = ਉਸ (ਵਿਅਕਤੀ) ਨੂੰ। ਜਉ = ਜੇ। ਲਖੈ = ਸਮਝ ਲਏ। ਸੋਈ ਲਖਿ = ਉਸ ਪ੍ਰਭੂ ਨੂੰ ਸਮਝ ਕੇ। ਮੇਟਣਾ = ਨਾਸ।6। ਅਰਥ: ਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ; ਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ। ਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ) ਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ।6। ਕਕਾ ਕਿਰਣਿ ਕਮਲ ਮਹਿ ਪਾਵਾ ॥ ਸਸਿ ਬਿਗਾਸ ਸੰਪਟ ਨਹੀ ਆਵਾ ॥ ਅਰੁ ਜੇ ਤਹਾ ਕੁਸਮ ਰਸੁ ਪਾਵਾ ॥ ਅਕਹ ਕਹਾ ਕਹਿ ਕਾ ਸਮਝਾਵਾ ॥੭॥ {ਪੰਨਾ 340} ਨੋਟ: ਸੂਰਜ ਚੜ੍ਹਨ ਤੇ ਕੌਲ ਫੁੱਲ ਖਿੜਦਾ ਹੈ, ਤੇ ਰਾਤ ਵੇਲੇ ਚੰਦ੍ਰਮਾ ਚੜ੍ਹਿਆਂ ਫਿਰ ਮੀਟਿਆ ਜਾਂਦਾ ਹੈ। ਕੌਲ ਫੁੱਲ ਦਿਨੇ ਖਿੜਦੇ ਹਨ ਤੇ ਕੰਮੀਆਂ ਰਾਤ ਨੂੰ ਖਿੜਦੀਆਂ ਹਨ। ਪਦ ਅਰਥ: ਕਕਾ = ਕੱਕਾ ਅੱਖਰ। ਕਿਰਣਿ = ਸੂਰਜ ਦੀ ਕਿਰਨ, ਗਿਆਨ-ਰੂਪ ਸੂਰਜ ਦੀ ਕਿਰਨ। ਪਾਵਾ = ਜੇ ਮੈਂ ਪਾ ਲਵਾਂ। ਕਮਲ ਮਹਿ = ਹਿਰਦੇ-ਰੂਪ ਕੌਲ ਫੁੱਲ ਵਿਚ। ਸਸਿ = ਚੰਦ੍ਰਮਾ। ਬਿਗਾਸ = ਚਾਨਣ। ਸਸਿ ਬਿਗਾਸ = ਚੰਦ੍ਰਮਾ ਦੀ ਚਾਨਣੀ। ਸੰਪਟ = {ਸੰ: ਸੰਪੁਟ} ਢੱਕਣ ਨਾਲ ਢੱਕਿਆ ਹੋਇਆ ਡੱਬਾ। ਸੰਪਟ ਨਹੀ ਆਵਾ = ਢੱਕਿਆ ਹੋਇਆ ਡੱਬਾ ਨਹੀਂ ਬਣ ਜਾਂਦਾ, (ਖਿੜਿਆ ਹੋਇਆ ਕੌਲ-ਫੁੱਲ ਮੁੜ) ਮੀਟਿਆ ਨਹੀਂ ਜਾਂਦਾ। ਅਰੁ = ਅਤੇ। ਤਹਾ = ਉੱਥੇ, ਉਸ ਖਿੜਾਉ ਦੀ ਹਾਲਤ ਵਿਚ, ਉੱਥੇ ਜਿੱਥੇ ਹਿਰਦੇ ਦਾ ਕੌਲ-ਫੁੱਲ ਖਿੜਿਆ ਹੋਇਆ ਹੈ। ਕੁਸਮ ਰਸੁ = (ਖਿੜੇ ਹੋਏ) ਫੁੱਲ ਦਾ ਰਸ, (ਗਿਆਨ-ਰੂਪ ਸੂਰਜ ਦੀ ਕਿਰਨ ਨਾਲ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਅਨੰਦ। ਪਾਵਾ = ਪਾ ਲਵਾਂ। ਅਕਹ = {ਅ-ਕਹ} ਬਿਆਨ ਤੋਂ ਬਾਹਰ। ਅਕਹ ਕਹਾ = ਉਸ ਦਾ ਬਿਆਨ ਕਥਨ ਤੋਂ ਪਰੇ। ਕਹਿ = ਕਹਿ ਕੇ। ਕਾ = ਕੀਹ?।7। ਅਰਥ: ਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ, ਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ। ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ, ਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ?।7। ਖਖਾ ਇਹੈ ਖੋੜਿ ਮਨ ਆਵਾ ॥ ਖੋੜੇ ਛਾਡਿ ਨ ਦਹ ਦਿਸ ਧਾਵਾ ॥ ਖਸਮਹਿ ਜਾਣਿ ਖਿਮਾ ਕਰਿ ਰਹੈ ॥ ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥ {ਪੰਨਾ 340} ਨੋਟ: ਕਈ ਰੁੱਖਾਂ ਦੇ ਟਾਹਣ ਅੰਦਰੋਂ ਪੋਲੇ ਹੋ ਜਾਂਦੇ ਹਨ ਤੇ ਉਹਨਾਂ ਵਿਚ ਖੋੜਾਂ (ਖ਼ਾਲੀ ਪੋਲੇ ਥਾਂ) ਬਣ ਜਾਂਦੀਆਂ ਹਨ। ਇਹਨਾਂ ਖੋੜਾਂ ਵਿਚ ਪੰਛੀ ਰਹਿਣ ਲੱਗ ਪੈਂਦੇ ਹਨ। ਪੇਟ ਭਰਨ ਲਈ ਸਾਰਾ ਦਿਨ ਬਾਹਰ ਦੂਰ ਦੂਰ ਉਡਦੇ ਫਿਰਦੇ ਹਨ, ਪਰ ਰਾਤ ਨੂੰ ਮੁੜ ਉਸ ਖੋੜ ਵਿਚ ਆ ਟਿਕਦੇ ਹਨ। ਇਹ ਮਨੁੱਖਾ-ਸਰੀਰ ਮਨ ਨੂੰ ਰਹਿਣ ਲਈ ਖੋੜ ਮਿਲੀ ਹੋਈ ਹੈ, ਪਰ ਇਹ ਮਨ-ਪੰਛੀ ਮਾਇਆ ਦੇ ਮੋਹ ਕਰਕੇ ਹਰ ਵੇਲੇ ਬਾਹਰ ਹੀ ਭਟਕਦਾ ਫਿਰਦਾ ਹੈ। ਪਦ ਅਰਥ: ਇਹੈ ਮਨੁ = ਇਹ ਮਨ ਜਿਸ ਨੂੰ ਗਿਆਨ-ਕਿਰਨ ਪ੍ਰਾਪਤ ਹੋ ਚੁੱਕੀ ਹੈ। ਖੋੜਿ = ਅੰਤਰ-ਆਤਮਾ ਰੂਪ ਖੋੜ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ। ਆਵਾ = ਆਉਂਦਾ ਹੈ। ਦਹ ਦਿਸ = ਦਸੀਂ ਪਾਸੀਂ। ਨ ਧਾਵਾ = ਨਹੀਂ ਧਾਉਂਦਾ, ਨਹੀਂ ਦੌੜਦਾ। ਖਸਮਹਿ = ਖਸਮ-ਪ੍ਰਭੂ ਨੂੰ। ਜਾਣਿ = ਜਾਣ ਕੇ, ਪਛਾਣ ਕੇ। ਖਿਮਾਕਰਿ = {ਖਿਮਾ+ਆਕਰਿ। ਆਕਰ = ਖਾਣ, ਸੋਮਾ। ਖਿਮਾ ਆਕਰ = ਖਿਮਾ ਦੀ ਖਾਣ, ਖਿਮਾ ਦਾ ਸੋਮਾ}। ਖਿਮਾ ਦੇ ਸੋਮੇ ਪਰਮਾਤਮਾ ਵਿਚ। ਰਹੈ– ਟਿਕਿਆ ਰਹਿੰਦਾ ਹੈ। ਨਿਖਿਅਉ = {ਨਿ-ਖਿਅਉ। ਖਿਅਉ = ਖੈ, ਨਾਸ। ਨਿ = ਬਿਨਾ} ਨਾਸ-ਰਹਿਤ। ਅਖੈ = {ਅ-ਖੈ} ਨਾਸ-ਰਹਿਤ। ਪਦੁ = ਦਰਜਾ, ਪਦਵੀ। ਲਹੈ– ਹਾਸਲ ਕਰ ਲੈਂਦਾ ਹੈ।8। ਅਰਥ: ਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ ਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ। ਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ, ਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ।8। ਗਗਾ ਗੁਰ ਕੇ ਬਚਨ ਪਛਾਨਾ ॥ ਦੂਜੀ ਬਾਤ ਨ ਧਰਈ ਕਾਨਾ ॥ ਰਹੈ ਬਿਹੰਗਮ ਕਤਹਿ ਨ ਜਾਈ ॥ ਅਗਹ ਗਹੈ ਗਹਿ ਗਗਨ ਰਹਾਈ ॥੯॥ {ਪੰਨਾ 340} ਪਦ ਅਰਥ: ਪਛਾਨਾ = (ਪ੍ਰਭੂ ਨੂੰ) ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ। ਨ ਧਰਈ ਕਾਨਾ = ਕੰਨ ਨਹੀਂ ਧਰਦਾ, ਗਹੁ ਨਾਲ ਨਹੀਂ ਸੁਣਦਾ, ਖਿੱਚ ਨਹੀਂ ਪੈਂਦੀ। ਬਿਹੰਗਮ = {ਸੰ: ਵਿਹੰਗਮ = a bird} ਪੰਛੀ, ਉਹ ਮਨੁੱਖ ਜੋ ਜਗਤ ਵਿਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉਤੇ ਰਾਤ ਕੱਟ ਕੇ ਸਵੇਰੇ ਉੱਡ ਜਾਂਦਾ ਹੈ, ਉਸ ਰੁੱਖ ਨਾਲ ਮੋਹ ਨਹੀਂ ਪਾ ਲੈਂਦਾ। ਕਤਹਿ = ਕਿਸੇ ਹੋਰ ਪਾਸੇ। ਅਗਹ = {ਅ-ਗਹ} ਨਾਹ ਫੜਿਆ ਜਾਣ ਵਾਲਾ, ਜਿਸ ਨੂੰ ਮਾਇਆ ਗ੍ਰਸ ਨਹੀਂ ਸਕਦੀ। ਗਹੈ– ਫੜ ਲੈਂਦਾ ਹੈ, ਆਪਣੇ ਅੰਦਰ ਵਸਾ ਲੈਂਦਾ ਹੈ। ਗਹਿ = ਫੜ ਕੇ, ਅੰਦਰ ਵਸਾ ਕੇ। ਗਗਨ = ਅਕਾਸ਼। ਗਗਨ ਰਹਾਈ = ਅਕਾਸ਼ ਵਿਚ ਰਹਿੰਦਾ ਹੈ, ਮਨ-ਪੰਛੀ ਅਕਾਸ਼ ਵਿਚ ਉਡਾਰੀਆਂ ਲਾਉਂਦਾ ਹੈ, ਦਸਮ-ਦੁਆਰ ਵਿਚ ਟਿਕਿਆ ਰਹਿੰਦਾ ਹੈ, ਸੁਰਤ ਉੱਚੀ ਰਹਿੰਦੀ ਹੈ, ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ।9। ਅਰਥ: ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ। ਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ; ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ।9। ਨੋਟ: ਇੱਲਾਂ ਰੱਜ ਕੇ ਦੂਰ ਉੱਚੀਆਂ ਅਕਾਸ਼ ਵਿਚ ਘੰਟਿਆਂ-ਬੱਧੀ ਇਕ-ਤਾਰ ਖੰਭ ਖਿਲਾਰ ਕੇ ਤਾਰੀਆਂ ਲਾਂਦੀਆਂ ਰਹਿੰਦੀਆਂ ਹਨ। ਘਘਾ ਘਟਿ ਘਟਿ ਨਿਮਸੈ ਸੋਈ ॥ ਘਟ ਫੂਟੇ ਘਟਿ ਕਬਹਿ ਨ ਹੋਈ ॥ ਤਾ ਘਟ ਮਾਹਿ ਘਾਟ ਜਉ ਪਾਵਾ ॥ ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥ {ਪੰਨਾ 340} ਪਦ ਅਰਥ: ਘਟਿ = ਘਟ ਵਿਚ, ਸਰੀਰ ਵਿਚ, ਸਰੀਰ-ਰੂਪ ਘੜੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਨਿਮਸੈ = ਨਿਵਾਸ ਰੱਖਦਾ ਹੈ, ਵੱਸਦਾ ਹੈ। ਸੋਈ = ਉਹ (ਪ੍ਰਭੂ) ਹੀ। ਘਟ ਫੂਟੇ = ਜੇ (ਕੋਈ ਸਰੀਰ-ਰੂਪ) ਘੜਾ ਟੁੱਟ ਜਾਏ। ਘਟਿ ਨ ਹੋਈ = ਘਟਦਾ ਨਹੀਂ, ਘੱਟ ਨਹੀਂ ਹੁੰਦਾ, ਪ੍ਰਭੂ ਦੀ ਹਸਤੀ ਵਿਚ ਕੋਈ ਊਣਤਾ ਨਹੀਂ ਆਉਂਦੀ, ਕੋਈ ਘਾਟਾ ਨਹੀਂ ਪੈਂਦਾ। {ਨੋਟ: ਪਹਿਲੀ ਤੁਕ ਵਿਚ ਦਾ ਲਫ਼ਜ਼ 'ਘਟਿ' ਵਿਆਕਰਣ ਅਨੁਸਾਰ 'ਨਾਂਵ' ਹੈ, 'ਅਧਿਕਰਨ ਕਾਰਕ'; ਦੂਜੀ ਤੁਕ ਵਿਚ ਦਾ ਲਫ਼ਜ਼ "ਘਟਿ" ਲਫ਼ਜ਼ 'ਹੋਈ' ਨਾਲ ਮਿਲ ਕੇ 'ਕ੍ਰਿਆ' ਹੈ}। ਘਾਟ = ਪੱਤਣ ਜਿੱਥੇ ਬੇੜੀਆਂ ਰਾਹੀਂ ਦਰਿਆ ਤੋਂ ਪਾਰ ਲੰਘੀਦਾ ਹੈ। ਜਉ = ਜੇ, ਜਦੋਂ। ਪਾਵਾ = ਪਾ ਲਿਆ, ਲੱਭ ਲਿਆ। ਅਵਘਟ = {ਸੰ: ਅਵਘੱਟ} ਖੱਡ। ਘਟੁ = {ਸੰ: ਘੱਟ} ਦਰਿਆ ਦਾ ਪੱਤਣ {ਸੰ: ਘੱਟ-ਜੀਵੀ = ਪੱਤਣ ਤੇ ਰੋਜ਼ੀ ਕਮਾਉਣ ਵਾਲਾ, ਮਲਾਹ}। ਕਤ = ਕਿੱਥੇ? ਧਾਵਾ = ਧਾਉਂਦਾ ਹੈ, ਦੌੜਦਾ ਹੈ। ਕਤ ਧਾਵਾ = ਕਿੱਥੇ ਦੌੜਦਾ ਹੈ? (ਭਾਵ) ਕਿਤੇ ਨਹੀਂ ਭਟਕਦਾ।10। ਅਰਥ: ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ। ਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ। ਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ, ਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ।10। ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥ ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥ {ਪੰਨਾ 340} ਪਦ ਅਰਥ: ਨਿਗ੍ਰਹਿ = {ਸੰ: ਨਿ-ਗ੍ਰਹਿ। ਗ੍ਰਹ = ਪਕੜਨਾ। ਨਿਗ੍ਰਹ = ਚੰਗੀ ਤਰ੍ਹਾਂ ਫੜਨਾ, ਵੱਸ ਵਿਚ ਲਿਆਉਣਾ} ਚੰਗੀ ਤਰ੍ਹਾਂ ਫੜੋ, (ਮਨ ਨੂੰ) ਵੱਸ ਵਿਚ ਲਿਆਉ, ਇੰਦ੍ਰੀਆਂ ਨੂੰ ਰੋਕੋ। ਸਨੇਹੁ = ਪ੍ਰੇਮ, ਪਿਆਰ। ਸੰਦੇਹ = ਸ਼ੱਕ, ਸਿਦਕ-ਹੀਨਤਾ। ਨਿਰਵਾਰੋ = ਦੂਰ ਕਰੋ। ਨਾਹੀ ਦੇਖਿ = ਇਹ ਵੇਖ ਕੇ ਕਿ ਇਹ ਕੰਮ ਨਹੀਂ ਹੋ ਸਕਦਾ। ਦੇਖਿ = ਵੇਖ ਕੇ। ਪਰਮ = ਸਭ ਤੋਂ ਵੱਡੀ।11। ਅਰਥ: (ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ। (ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ = (ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ।11। ਚਚਾ ਰਚਿਤ ਚਿਤ੍ਰ ਹੈ ਭਾਰੀ ॥ ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥ ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥ ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥ {ਪੰਨਾ 340} ਪਦ ਅਰਥ: ਰਚਿਤ = ਰਚਿਆ ਹੋਇਆ (ਜਗਤ) , ਬਣਾਇਆ ਹੋਇਆ। ਚਿਤ੍ਰ = ਤਸਵੀਰ। ਤਜਿ = ਛੱਡ ਕੇ। ਚੇਤਹੁ = ਚੇਤੇ ਰੱਖੋ, ਯਾਦ ਕਰੋ। ਚਿਤਕਾਰੀ = ਚਿਤ੍ਰਕਾਰ, ਤਸਵੀਰ ਨੂੰ ਬਣਾਉਣ ਵਾਲਾ। ਬਚਿਤ੍ਰ = {ਸੰ: ਵਿਚਿਤ੍ਰ} ਰੰਗਾ-ਰੰਗ ਦੀ, ਬਹੁਤ ਸੁੰਦਰ, ਹੈਰਾਨ ਕਰ ਦੇਣ ਵਾਲੀ, ਮੋਹ ਲੈਣ ਵਾਲੀ। ਅਵਝੇਰਾ = ਝੰਬੇਲਾ। ਚਿਤੇਰਾ = ਚਿਤ੍ਰ ਬਣਾਉਣ ਵਾਲਾ।12। ਅਰਥ: (ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ। (ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ; (ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ। (ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ।12। ਛਛਾ ਇਹੈ ਛਤ੍ਰਪਤਿ ਪਾਸਾ ॥ ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥ ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥ ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥ {ਪੰਨਾ 340} ਪਦ ਅਰਥ: ਛਤ੍ਰਪਤਿ = ਛੱਤ੍ਰ ਦਾ ਮਾਲਕ, ਜਿਸ ਦੇ ਸਿਰ ਉੱਤੇ ਛੱਤ੍ਰ ਝੁੱਲ ਰਿਹਾ ਹੈ, ਰਾਜਾ, ਪਾਤਸ਼ਾਹ। ਇਹੈ ਪਾਸਾ = ਇਸੇ ਦੇ ਪਾਸ ਹੀ। ਛਕਿ = {ਸੰ: ਸ਼ਕ = ਤਕੜਾ ਹੋਣਾ। ਸ਼ਕਤੀ = ਤਾਕਤ} ਤਕੜਾ ਹੋ ਕੇ, ਉੱਦਮ ਨਾਲ। ਕਿ ਨ = ਕਿਉਂ ਨਹੀਂ? ਤਉ = ਤੈਨੂੰ। ਛਿਨੁ ਛਿਨੁ = ਹਰ ਛਿਨ, ਹਰ ਵੇਲੇ। ਤਾਹਿ = ਉਸ ਨੂੰ। ਕਤ = ਕਿਥੇ? ਆਪੁ = ਆਪਣੇ ਆਪ ਨੂੰ।13। ਅਰਥ: (ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਤੂੰ ਇਸ (ਚਿਤ੍ਰਕਾਰ ਪ੍ਰਭੂ) ਪਾਸ ਹੀ ਨਹੀਂ ਰਹਿੰਦਾ ਜੋ (ਸਭ ਦਾ) ਪਾਤਸ਼ਾਹ ਹੈ? ਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ ਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ।13। ਜਜਾ ਜਉ ਤਨ ਜੀਵਤ ਜਰਾਵੈ ॥ ਜੋਬਨ ਜਾਰਿ ਜੁਗਤਿ ਸੋ ਪਾਵੈ ॥ ਅਸ ਜਰਿ ਪਰ ਜਰਿ ਜਰਿ ਜਬ ਰਹੈ ॥ ਤਬ ਜਾਇ ਜੋਤਿ ਉਜਾਰਉ ਲਹੈ ॥੧੪॥ {ਪੰਨਾ 340} ਪਦ ਅਰਥ: ਜਉ = ਜਦੋਂ, ਜੇ। ਜਰਾਵੈ = ਜਲਾਵੈ, ਜਲਾਉਂਦਾ ਹੈ, ਸਾੜਦਾ ਹੈ। ਜੀਵਤ = ਜੀਊਂਦਾ ਹੀ, ਮਾਇਆ ਵਿਚ ਰਹਿੰਦਾ ਹੋਇਆ ਹੀ। ਜਾਰਿ = ਜਾਲਿ, ਜਲਾ ਕੇ, ਸਾੜ ਕੇ। ਜੁਗਤਿ = ਜੀਊਣ ਦੀ ਜਾਚ। ਅਸ ਪਰ = ਅਸਾਡਾ ਤੇ ਪਰਾਇਆ, ਆਪਣਾ ਪਰਾਇਆ। ਜਰਿ = ਜਾਰਿ, ਸਾੜ ਕੇ। ਜਾਇ = ਜਾ ਕੇ, ਅੱਪੜ ਕੇ, ਉੱਚੀ ਅਵਸਥਾ ਤੇ ਪਹੁੰਚ ਕੇ। ਉਜਾਰਉ = ਉਜਾਲਾ, ਚਾਨਣ, ਪ੍ਰਕਾਸ਼। ਲਹੈ– ਲੱਭ ਲੈਂਦਾ ਹੈ, ਪ੍ਰਾਪਤ ਕਰਦਾ ਹੈ। ਜਰਿ ਰਹੈ– ਜਰ ਕੇ ਰਹਿੰਦਾ ਹੈ, ਆਪਣੇ ਵਿਤ ਵਿਚ ਰਹਿੰਦਾ ਹੈ।14। ਅਰਥ: ਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ, ਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ। ਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ, ਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ।14। |
Sri Guru Granth Darpan, by Professor Sahib Singh |