ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 341 ਝਝਾ ਉਰਝਿ ਸੁਰਝਿ ਨਹੀ ਜਾਨਾ ॥ ਰਹਿਓ ਝਝਕਿ ਨਾਹੀ ਪਰਵਾਨਾ ॥ ਕਤ ਝਖਿ ਝਖਿ ਅਉਰਨ ਸਮਝਾਵਾ ॥ ਝਗਰੁ ਕੀਏ ਝਗਰਉ ਹੀ ਪਾਵਾ ॥੧੫॥ {ਪੰਨਾ 341} ਪਦ ਅਰਥ: ਜਾਨਾ = ਜਾਣਿਆ, ਸਮਝਿਆ, ਸਿੱਖਿਆ। ਉਰਝਿ ਜਾਨਾ = ਉਲਝਣਾ ਹੀ ਜਾਣਿਆ, (ਜਿਸ ਨੇ) ਫਸਣਾ ਹੀ ਸਿੱਖਿਆ। ਸੁਰਝਿ ਨਹੀ ਜਾਨਾ = ਸੁਲਝਣਾ ਨਹੀਂ ਸਿੱਖਿਆ, ਫਾਹੀ ਵਿਚੋਂ ਨਿਕਲਣਾ ਨਹੀਂ ਸਿੱਖਿਆ। ਰਹਿਓ ਝਝਕਿ = (ਉਹ) ਝਕਦਾ ਹੀ ਰਿਹਾ, ਸਹੰਸਿਆਂ ਵਿਚ ਹੀ ਪਿਆ ਰਿਹਾ, ਤੌਖ਼ਲਿਆਂ ਵਿਚ ਹੀ ਫਸਿਆ ਰਿਹਾ। ਪਰਵਾਨਾ = ਕਬੂਲ। ਕਤ = ਕਿਥੇ? ਕਿਸ ਅਰਥ? ਝਖਿ ਝਖਿ = ਝਖ ਝਖ ਕੇ, ਭਟਕ ਭਟਕ ਕੇ, ਖਪ ਖਪ ਕੇ। ਸਮਝਾਵਾ = ਮੱਤਾਂ ਦੇਂਦਾ ਰਿਹਾ। ਝਗਰੁ = ਬਹਿਸ, ਚਰਚਾ। ਪਾਵਾ = ਪਾਇਆ, ਲੱਭਾ। ਝਗਰਉ ਹੀ ਪਾਵਾ = ਬਹਿਸ ਹੀ ਮਿਲੀ, ਬਹਿਸਾਂ ਕਰਨ ਦੀ ਆਦਤ ਹੀ ਬਣੀ ਰਹੀ, ਚਰਚਾ ਕਰਨ ਦੀ ਵਾਦੀ ਹੀ ਪੈ ਗਈ।15। ਅਰਥ: ਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ, ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ। ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ? ਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ।15। ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥ ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥ {ਪੰਨਾ 341} ਪਦ ਅਰਥ: ਨਿਕਟਿ = ਨੇੜੇ। ਜੁ = ਜੋ (ਪ੍ਰਭੂ) । ਘਟ = ਹਿਰਦਾ। ਰਹਿਓ = ਰਹਿੰਦਾ ਹੈ। ਤਜਿ = ਛੱਡ ਕੇ। ਕਹਾ ਜਾਇ = ਕਿੱਥੇ ਜਾਂਦਾ ਹੈ? ਜਾ ਕਾਰਣਿ = ਜਿਸ (ਨੂੰ ਮਿਲਣ) ਦੀ ਖ਼ਾਤਰ। ਨੇਰਉ = ਨੇੜੇ ਹੀ। ਪਾਇਅਉ = ਲੱਭ ਲਿਆ ਹੈ। 16। ਅਰਥ: (ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ? (ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ। 16। ਟਟਾ ਬਿਕਟ ਘਾਟ ਘਟ ਮਾਹੀ ॥ ਖੋਲਿ ਕਪਾਟ ਮਹਲਿ ਕਿ ਨ ਜਾਹੀ ॥ ਦੇਖਿ ਅਟਲ ਟਲਿ ਕਤਹਿ ਨ ਜਾਵਾ ॥ ਰਹੈ ਲਪਟਿ ਘਟ ਪਰਚਉ ਪਾਵਾ ॥੧੭॥ {ਪੰਨਾ 341} ਪਦ ਅਰਥ: ਟਟਾ = ਅੱਖਰ ਟੈਂਕਾ। ਬਿਕਟ = {ਸੰ: ਵਿਕਟ} ਬਿਖੜਾ, ਔਖਾ। ਘਾਟ = ਪੱਤਣ। ਘਟ ਮਾਹੀ = ਹਿਰਦੇ ਵਿਚ ਹੀ। ਕਪਾਟ = ਕਵਾੜ, ਮਾਇਆ ਦੇ ਮੋਹ ਦੇ ਪਰਦੇ। ਖੋਲਿ = ਖੋਲ੍ਹ ਕੇ। ਮਹਲਿ = ਮਹਿਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਕਿ ਨ = ਕਿਉਂ ਨਹੀਂ? ਦੇਖਿ = ਵੇਖ ਕੇ। ਟਲਿ = ਟਲ ਕੇ, ਡੋਲ ਕੇ, ਭਟਕਣਾ ਵਿਚ ਪੈ ਕੇ। ਕਤਹਿ = ਕਿਸੇ ਹੋਰ ਥਾਂ। ਲਪਟਿ ਰਹੈ– ਚੰਬੜਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਪਰਚਉ = {ਸੰ: ਪਰਿਚਯ} ਸਾਂਝ, ਪਿਆਰ। 17। ਅਰਥ: (ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਔਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ। (ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ? (ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ, ਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ। 17। ਠਠਾ ਇਹੈ ਦੂਰਿ ਠਗ ਨੀਰਾ ॥ ਨੀਠਿ ਨੀਠਿ ਮਨੁ ਕੀਆ ਧੀਰਾ ॥ ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥ ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥ {ਪੰਨਾ 341} ਪਦ ਅਰਥ: ਇਹੈ– ਇਹ ਮਾਇਆ। ਦੂਰਿ = ਦੂਰੋਂ (ਵੇਖਿਆਂ) । ਠਗਨੀਰਾ = {ਨੀਰ = ਜਲ} ਠੱਗਣ ਵਾਲਾ ਪਾਣੀ, ਭੁਲੇਖੇ ਵਿਚ ਪਾਣ ਵਾਲਾ ਪਾਣੀ, ਉਹ ਰੇਤਾ ਜੋ ਦੂਰੋਂ ਭੁਲੇਖੇ ਨਾਲ ਪਾਣੀ ਜਾਪਦਾ ਹੈ, ਮ੍ਰਿਗ-ਤ੍ਰਿਸ਼ਨਾ। ਨੀਠਿ = {ਸੰ: ਨਿਰੀਖ੍ਹ੍ਹ} ਨੀਝ ਲਾ ਕੇ, ਗਹੁ ਨਾਲ ਤੱਕ ਕੇ। ਨੀਠਿ ਨੀਠਿ = ਚੰਗੀ ਤਰ੍ਹਾਂ ਨੀਝ ਲਾ ਲਾ ਕੇ। ਕੀਆ = ਬਣਾ ਲਿਆ ਹੈ। ਧੀਰਾ = ਧੀਰਜ ਵਾਲਾ, ਟਿਕੇ ਰਹਿਣ ਵਾਲਾ। ਜਿਨਿ ਠਗਿ = ਜਿਸ ਠੱਗ ਨੇ। ਖਾਵਾ = ਖਾ ਲਿਆ, ਫਸਾ ਲਿਆ। ਠਗਿਆ = ਠੱਗਿਆਂ, ਕਾਬੂ ਕੀਤਿਆਂ। ਠਉਰ = ਟਿਕਾਣੇ ਤੇ। 18। ਅਰਥ: ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ। ਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ) । ਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, ਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ। 18। ਨੋਟ: ਦੂਰੋਂ ਤਪਦੇ ਰੇਤੇ ਨੂੰ ਵੇਖ ਕੇ ਇਸ ਨੂੰ ਪਾਣੀ ਸਮਝ ਕੇ ਮ੍ਰਿਗ (ਹਿਰਨ) ਉਸ ਪਾਣੀ ਵਲ ਦੌੜਦਾ ਹੈ। ਉਹ ਰੇਤੇ ਦੀ ਚਮਕ ਦੁਰੇਡੀ ਹੋਣ ਕਰਕੇ ਇਉਂ ਜਾਪਦਾ ਹੈ ਜਿਵੇਂ ਪਾਣੀ ਅਜੇ ਹੋਰ ਪਰੇ ਹੈ। ਤ੍ਰਿਹਾਇਆ ਹਿਰਨ ਇਸ ਜਾਪਦੇ ਪਾਣੀ ਦੀ ਖ਼ਾਤਰ ਹੀ ਦੌੜ ਦੌੜ ਕੇ ਪ੍ਰਾਣ ਦੇ ਦੇਂਦਾ ਹੈ। ਹਿਰਨ ਵਾਂਗ ਹੀ ਜੀਵ ਮਾਇਆ ਦੇ ਪਿਛੇ ਦੌੜ ਦੌੜ ਕੇ ਸਾਰਾ ਜੀਵਨ ਅਜਾਈਂ ਗਵਾ ਦੇਂਦਾ ਹੈ। ਡਡਾ ਡਰ ਉਪਜੇ ਡਰੁ ਜਾਈ ॥ ਤਾ ਡਰ ਮਹਿ ਡਰੁ ਰਹਿਆ ਸਮਾਈ ॥ ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥ ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥ {ਪੰਨਾ 341} ਪਦ ਅਰਥ: ਉਪਜੇ = ਪੈਦਾ ਹੋ ਜਾਏ। ਜਾਈ = ਦੂਰ ਹੋ ਜਾਂਦਾ ਹੈ। ਤਾ ਡਰ ਮਹਿ = ਉਸ ਡਰ ਵਿਚ। ਰਹਿਆ ਸਮਾਈ = ਸਮਾਇ ਰਹਿਆ, ਲੀਨ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਜਉ = ਜੇ। ਡਰ ਡਰੈ = (ਪਰਮਾਤਮਾ ਦੇ) ਡਰ ਤੋਂ ਡਰਦਾ ਰਹੇ, ਪ੍ਰਭੂ ਦਾ ਡਰ ਹਿਰਦੇ ਵਿਚ ਨਾਹ ਟਿਕਣ ਦੇਵੇ। ਤ ਫਿਰਿ = ਤਾਂ ਮੁੜ। ਡਰੁ ਲਾਗੈ = ਸੰਸਾਰਕ ਡਰ ਆ ਚੰਬੜਦਾ ਹੈ। ਨਿਡਰੁ = ਨਿਰਭਉ। ਡਰੁ ਉਰ ਹੋਇ = ਹਿਰਦੇ ਦਾ ਜੋ ਭੀ ਡਰ ਹੋਵੇ। ਉਰ = ਹਿਰਦਾ। 19। ਅਰਥ: ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ। (ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ, ਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ। 19। ਢਢਾ ਢਿਗ ਢੂਢਹਿ ਕਤ ਆਨਾ ॥ ਢੂਢਤ ਹੀ ਢਹਿ ਗਏ ਪਰਾਨਾ ॥ ਚੜਿ ਸੁਮੇਰਿ ਢੂਢਿ ਜਬ ਆਵਾ ॥ ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥ {ਪੰਨਾ 341} ਪਦ ਅਰਥ: ਢਿਗ = ਨੇੜੇ (ਹੀ) । ਕਤ ਆਨਾ = ਕਿਥੇ, ਹੋਰ ਥਾਂ? ਢਹਿ ਗਏ = ਥੱਕ ਗਏ ਹਨ। ਪਰਾਨਾ = ਪ੍ਰਾਣ, ਜਿੰਦ। ਚੜਿ = ਚੜ੍ਹ ਕੇ। ਸੁਮੇਰਿ = ਸੁਮੇਰ ਪਰਬਤ ਉਤੇ। ਢੂਢਿ = ਢੂੰਡ ਕੇ। ਆਵਾ = ਆ ਗਿਆ। ਜਿਹ = ਜਿਸ ਪਰਮਾਤਮਾ ਨੇ। ਗੜੁ = (ਸਰੀਰ ਰੂਪ) ਕਿਲ੍ਹਾ। ਗੜਿਓ = ਬਣਾਇਆ ਹੈ। ਸੁ = ਉਹ ਪ੍ਰਭੂ। ਗੜ ਮਹਿ = (ਸਰੀਰ ਰੂਪ) ਕਿਲ੍ਹੇ ਵਿਚ। ਪਾਵਾ = ਲੱਭ ਲਿਆ। 20। ਅਰਥ: (ਹੇ ਭਾਈ! ਪਰਮਾਤਮਾ ਤਾਂ ਤੇਰੇ) ਨੇੜੇ ਹੀ ਹੈ, ਤੂੰ (ਉਸ ਨੂੰ ਬਾਹਰ) ਹੋਰ ਕਿਥੇ ਢੂੰਡਦਾ ਹੈਂ? (ਬਾਹਰ) ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਭੀ ਥੱਕ ਗਏ ਹਨ। ਸੁਮੇਰ ਪਰਬਤ ਉਤੇ (ਭੀ) ਚੜ੍ਹ ਕੇ ਤੇ (ਪਰਮਾਤਮਾ ਨੂੰ ਉਥੇ) ਢੂੰਡ ਢੂੰਡ ਕੇ ਜਦੋਂ ਮਨੁੱਖ (ਆਪਣੇ ਸਰੀਰ ਵਿਚ) ਆਉਂਦਾ ਹੈ (ਭਾਵ, ਆਪਣੇ ਅੰਦਰ ਹੀ ਝਾਤੀ ਮਾਰਦਾ ਹੈ) , ਤਾਂ ਉਹ ਪ੍ਰਭੂ ਇਸ (ਸਰੀਰ ਰੂਪ) ਕਿਲ੍ਹੇ ਵਿਚ ਹੀ ਮਿਲ ਪੈਂਦਾ ਹੈ ਜਿਸ ਨੇ ਇਹ ਸਰੀਰ-ਕਿਲ੍ਹਾ ਬਣਾਇਆ ਹੈ। 20। ਨੋਟ: 'ਸੁਮੇਰ ਉਤੇ ਚੜ੍ਹ ਕੇ' ਦਾ ਭਾਵ ਹੈ 'ਪਹਾੜਾਂ ਦੀਆਂ ਚੋਟੀਆਂ ਉਤੇ, ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ, ਪ੍ਰਾਣਾਯਾਮ ਰਾਹੀਂ ਸਮਾਧੀਆਂ ਲਾ ਕੇ'। ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥ ਨਾ ਨਿਵੈ ਨਾ ਫੁਨਿ ਸੰਚਰੈ ॥ ਧੰਨਿ ਜਨਮੁ ਤਾਹੀ ਕੋ ਗਣੈ ॥ ਮਾਰੈ ਏਕਹਿ ਤਜਿ ਜਾਇ ਘਣੈ ॥੨੧॥ {ਪੰਨਾ 341} ਪਦ ਅਰਥ: ਰਣਿ = ਰਣ ਵਿਚ, ਰਣਭੂਮੀ ਵਿਚ (ਜਿਥੇ ਕਾਮਾਦਿਕਾਂ ਨਾਲ ਮਨੁੱਖ ਦਾ ਜੰਗ ਹੁੰਦਾ ਰਹਿੰਦਾ ਹੈ) । ਰੂਤਉ = ਰੁੱਝਾ ਹੋਇਆ। ਨੇਹੀ = {ਸੰ: ਨਹ, nh, ਨੇਹਣ ਲੈਣਾ, ਵੱਸ ਵਿਚ ਕਰ ਲੈਣਾ} ਵਿਕਾਰਾਂ ਨੂੰ ਵੱਸ ਕਰ ਲੈਣ ਦੀ ਸਮਰੱਥਾ, ਦ੍ਰਿੜ੍ਹਤਾ, ਧੀਰਜ। ਨਿਵੈ = ਨਿਵਦਾ ਹੈ, ਨੀਊਂਦਾ ਹੈ। ਨਾ ਫੁਨਿ = ਨਾਹ ਹੀ। ਸੰਚਰੈ = {ਸੰ: ਸੰ+ਚਰੈ = ਨਾਲ ਰਲ ਕੇ ਤੁਰਦਾ ਹੈ} ਮੇਲ ਕਰਦਾ ਹੈ। ਧੰਨਿ = ਮੁਬਾਰਿਕ, ਭਾਗਾਂ ਵਾਲਾ। ਤਾਹੀ ਕੋ = ਉਸੇ (ਮਨੁੱਖ) ਦਾ ਹੀ। ਗਣੈ = (ਜਗਤ) ਗਿਣਦਾ ਹੈ। ਏਕਹਿ = ਇਕ (ਮਨ ਨੂੰ) । ਤਜਿ ਜਾਇ = ਛੱਡ ਦੇਂਦਾ ਹੈ। ਘਣੇ = ਬਹੁਤਿਆਂ ਨੂੰ (ਭਾਵ, ਵਿਕਾਰਾਂ) ਨੂੰ। 21। ਅਰਥ: (ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ ਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ, ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ, ਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ। 21। ਤਤਾ ਅਤਰ ਤਰਿਓ ਨਹ ਜਾਈ ॥ ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥ ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥ ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥ {ਪੰਨਾ 341} ਪਦ ਅਰਥ: ਅਤਰ = {ਅ-ਤਰ} ਜੋ ਤਾਰਿਆ ਨਾਹ ਜਾ ਸਕੇ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ {ਸੰਸਾਰ ਇਕ ਐਸਾ ਬੇਅੰਤ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਹਨ ਤੇ ਮਨੁੱਖਾ ਜੀਵਨ ਦੀ ਕਮਜ਼ੋਰ ਜਿਹੀ ਬੇੜੀ ਨੂੰ ਹਰ ਵੇਲੇ ਇਹਨਾਂ ਲਹਿਰਾਂ ਵਿਚ ਡੁੱਬਣ ਦਾ ਖ਼ਤਰਾ ਰਹਿੰਦਾ ਹੈ}। ਤਨ = ਸਰੀਰ, ਗਿਆਨ-ਇੰਦਰੇ। ਤ੍ਰਿਭਵਣ ਮਾਹਿ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ, ਦੁਨੀਆ ਦੇ ਪਦਾਰਥਾਂ ਵਿਚ। 22। ਅਰਥ: ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਜਿਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾ (ਤਦ ਤਕ ਜਦ ਤਕ) ਅੱਖਾਂ ਕੰਨ ਨੱਕ ਆਦਿ ਗਿਆਨ-ਇੰਦਰੇ ਦੁਨੀਆ (ਦੇ ਰਸਾਂ) ਵਿਚ ਡੁੱਬੇ ਰਹਿੰਦੇ ਹਨ; ਪਰ ਜਦੋਂ ਸੰਸਾਰ (ਦੇ ਰਸ) ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ (ਭਾਵ ਮਨੁੱਖ ਦੇ ਇੰਦ੍ਰਿਆਂ ਨੂੰ ਖਿੱਚ ਨਹੀਂ ਪਾ ਸਕਦੇ) , ਤਦੋਂ (ਜੀਵ ਦੀ) ਆਤਮਾ (ਪ੍ਰਭੂ ਦੀ) ਜੋਤ ਵਿਚ ਮਿਲ ਜਾਂਦੀ ਹੈ, ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਲੱਭ ਪੈਂਦਾ ਹੈ। 22। ਥਥਾ ਅਥਾਹ ਥਾਹ ਨਹੀ ਪਾਵਾ ॥ ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥ ਥੋੜੈ ਥਲਿ ਥਾਨਕ ਆਰੰਭੈ ॥ ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥ {ਪੰਨਾ 341} ਪਦ ਅਰਥ: ਅਥਾਹ = {ਅ-ਥਾਹ। ਥਾਹ = ਹਾਥ, ਢੂੰਘਾਈ} ਜਿਸ ਦੀ ਡੂੰਘਾਈ ਨ ਲੱਭ ਸਕੇ। ਓਹੁ = ਉਹ ਪ੍ਰਭੂ। ਇਹੁ = ਇਹ ਮਨ। ਥਿਰੁ ਨ ਰਹਾਵਾ = ਟਿਕਿਆ ਨਹੀਂ ਰਹਿੰਦਾ। ਥਲਿ = ਥਲ ਵਿਚ, ਭੁਇਂ ਵਿਚ। ਥਾਭਹ ਬਿਨੁ = ਥੰਮ੍ਹਾਂ ਤੋਂ ਬਿਨਾ। ਮੰਦਿਰੁ = ਘਰ, ਮਕਾਨ। ਥੰਭੈ = ਥੰਮ੍ਹਦਾ ਹੈ, ਸਹਾਰਾ ਦੇਂਦਾ ਹੈ, ਖੜਾ ਕਰਦਾ ਹੈ। ਥੋੜੈ ਥਲਿ = ਥੋੜੀ ਭੁਇਂ ਵਿਚ, ਥੋੜੇ ਵਿਤ ਵਿਚ, ਥੋੜੀ ਜਿਹੀ ਉਮਰ ਵਿਚ। ਥਾਨਕ = {ÔQwnk} ਸ਼ਹਿਰ (ਭਾਵ, ਵੱਡੇ ਵੱਡੇ ਪਸਾਰੇ) । 23। ਅਰਥ: (ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ (ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ) । ਇਹ ਮਨ ਥੋੜੀ ਜਿਤਨੀ (ਮਿਲੀ) ਭੁਇਂ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰ ਬੈਠਦਾ ਹੈ; ਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ। 23। ਦਦਾ ਦੇਖਿ ਜੁ ਬਿਨਸਨਹਾਰਾ ॥ ਜਸ ਅਦੇਖਿ ਤਸ ਰਾਖਿ ਬਿਚਾਰਾ ॥ ਦਸਵੈ ਦੁਆਰਿ ਕੁੰਚੀ ਜਬ ਦੀਜੈ ॥ ਤਉ ਦਇਆਲ ਕੋ ਦਰਸਨੁ ਕੀਜੈ ॥੨੪॥ {ਪੰਨਾ 341} ਪਦ ਅਰਥ: ਦੇਖਿ = {ਸੰ: ਦ੍ਰਿਸ਼੍ਯ} ਜੋ ਵੇਖਣ ਵਿਚ ਆ ਰਿਹਾ ਹੈ। ਜੁ = ਜੋ। ਜਸ ਅਦੇਖਿ = ਜੋ ਅਦ੍ਰਿਸ਼ਯ ਹੈ, ਜੋ ਅੱਖਾਂ ਨਾਲ ਨਹੀਂ ਦਿੱਸਦਾ। ਤਸ = ਉਸ (ਪ੍ਰਭੂ) ਨੂੰ। ਰਾਖਿ ਬਿਚਾਰਾ = ਆਪਣੀ ਵਿਚਾਰ ਵਿਚ ਰੱਖ, ਉਸ ਵਿਚ ਸੁਰਤ ਜੋੜ। ਦਸਵੈ ਦੁਆਰਿ = ਦਸਵੇਂ ਦਰ ਵਿਚ {ਨੋਟ: ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਇਕ ਮੂੰਹ, ਇੰਦ੍ਰੀ, ਗੁਦਾ = ਇਹ ਨੌ ਗੋਲਕਾਂ, ਸਰੀਰ ਦੇ ਇਹ ਨੌਂ ਦਰਵਾਜ਼ੇ ਸਰੀਰ ਦੀ ਸਥੂਲ ਕ੍ਰਿਆ ਨਿਭਾਉਂਦੇ ਹਨ। ਇਹਨਾਂ ਤੋਂ ਮਨੁੱਖਾ ਸਰੀਰ ਦਾ ਇਕ ਹੋਰ ਦਰਵਾਜ਼ਾ ਮੰਨਿਆ ਗਿਆ ਹੈ, ਉਹ ਹੈ ਮਨੁੱਖ ਦਾ ਦਿਮਾਗ਼, ਜੋ ਵਿਚਾਰ-ਕੇਂਦਰ ਹੈ}। ਕੁੰਜੀ = (ਭਾਵ) ਗੁਰੂ, ਗੁਰਬਾਣੀ {ਨੋਟ: ਮਾਇਆ ਵਿਚ ਗ੍ਰਸੇ ਮਨੁੱਖ ਦਾ ਦਿਮਾਗ਼ ਸਦਾ ਮਾਇਆ ਦੀਆਂ ਗੱਲਾਂ ਸੋਚਦਾ ਹੈ; ਪਰਮਾਤਮਾ ਵਾਲੇ ਪਾਸੇ ਤੋਂ ਉਸ ਨੂੰ, ਮਾਨੋ, ਜੰਦ੍ਰਾ ਵੱਜਾ ਰਹਿੰਦਾ ਹੈ; ਮਾਇਆ ਦੀ ਪਾਹ ਦਸਮ-ਦੁਆਰ ਨੂੰ ਜੰਦ੍ਰਾ ਹੈ, ਸਤਿਗੁਰੂ ਦੀ ਬਾਣੀ ਇਸ ਜੰਦ੍ਰੇ ਨੂੰ ਖੋਲ੍ਹਦੀ ਹੈ, ਤੇ ਮਨ ਮਾਇਆ ਦੇ ਅਸਰ ਹੇਠੋਂ ਨਿਕਲ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ}। 24। ਅਰਥ: ਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ, (ਹੇ ਭਾਈ!) ਤੂੰ ਸਦਾ ਪ੍ਰਭੂ ਵਿਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ) । ਪਰ, ਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ) । 24। ਧਧਾ ਅਰਧਹਿ ਉਰਧ ਨਿਬੇਰਾ ॥ ਅਰਧਹਿ ਉਰਧਹ ਮੰਝਿ ਬਸੇਰਾ ॥ ਅਰਧਹ ਛਾਡਿ ਉਰਧ ਜਉ ਆਵਾ ॥ ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥ {ਪੰਨਾ 341} ਪਦ ਅਰਥ: ਉਰਧ {@ÆvL} ਉੱਚਾ (ਭਾਵ, ਪਰਮਾਤਮਾ) । ਅਰਧਹਿ = {ਨੋਟ: ਸੰਸਕ੍ਰਿਤ ਲਫ਼ਜ਼ ਹੈ ADL, ਇਸ ਦਾ ਅਰਥ ਹੈ 'ਅੱਧਾ'; ਪਰ ਇੱਥੇ ਇਹ ਅਰਥ ਮੇਲ ਨਹੀਂ ਖਾਂਦਾ। ਸੰਸਕ੍ਰਿਤ ਲਫ਼ਜ਼ "ਉਰਧ੍ਵ" (ਜਿਸ ਦਾ ਅਰਥ ਹੈ "ਉੱਚਾ") ਦੇ ਮੁਕਾਬਲੇ ਤੇ ਲਫ਼ਜ਼ ਹੈ "ਅਧਹ" (ਇਸ ਦਾ ਅਰਥ ਹੈ "ਨੀਵਾਂ") ਇਸੇ ਹੀ ਲਫ਼ਜ਼ ਤੋਂ ਬਣਿਆ ਹੈ ਲਫ਼ਜ਼ "ਅਧੋਗਤੀ"। ਇਸ ਬੰਦ ਵਿਚ ਭੀ ਲਫ਼ਜ਼ 'ਅਰਧਹਿ' ਸੰਸਕ੍ਰਿਤ ਲਫ਼ਜ਼ "ਅਧਹ" ਦੇ ਥਾਂ ਹੀ ਹੈ} ਹੇਠਲਾ, ਨੀਵਾਂ, ਨੀਵੇਂ ਫੁਰਨਿਆਂ ਵਿਚ ਰਹਿਣ ਵਾਲਾ (ਭਾਵ, ਜੀਵਾਤਮਾ) । ਨਿਬੇਰਾ = ਫ਼ੈਸਲਾ, ਖ਼ਾਤਮਾ, ਜਨਮ ਮਰਨ ਦਾ ਖ਼ਾਤਮਾ। ਉਰਧਹ ਮੰਝਿ = ਉੱਚੇ ਪ੍ਰਭੂ ਵਿਚ। ਬਸੇਰਾ = ਨਿਵਾਸ। ਅਰਧਹ ਛਾਡਿ = ਨੀਵੀਂ ਅਵਸਥਾ ਨੂੰ ਛੱਡ ਕੇ। ਜਉ = ਜਦੋਂ। ਉਰਧ ਆਵਾ = ਉੱਚੀ ਅਵਸਥਾ ਵਿਚ ਅੱਪੜਦਾ ਹੈ। 25। ਅਰਥ: ਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ) , ਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ। (ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ) । ਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ ਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤ ਹੋ ਜਾਂਦਾ ਹੈ। 25। ਨੰਨਾ ਨਿਸਿ ਦਿਨੁ ਨਿਰਖਤ ਜਾਈ ॥ ਨਿਰਖਤ ਨੈਨ ਰਹੇ ਰਤਵਾਈ ॥ ਨਿਰਖਤ ਨਿਰਖਤ ਜਬ ਜਾਇ ਪਾਵਾ ॥ ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥ {ਪੰਨਾ 341} ਪਦ ਅਰਥ: ਨਿਸਿ = ਰਾਤ। ਨਿਰਖਤ = {ਸੰ: ਨਿਰੀਖਤ} ਤੱਕਦਿਆਂ, ਭਾਲ ਕਰਦਿਆਂ, ਉਡੀਕਦਿਆਂ। ਜਾਈ = ਲੰਘਦਾ ਹੈ, ਗੁਜ਼ਰਦਾ ਹੈ। ਨੈਨ = ਅੱਖਾਂ। ਰਤਵਾਈ = ਰੱਤੇ ਹੋਏ, ਮਤਵਾਲੇ, ਪ੍ਰੇਮੀ। ਜਾਇ ਪਾਵਾ = ਜਾ ਕੇ ਪਾ ਲਿਆ, ਆਖ਼ਰ ਲੱਭ ਲਿਆ, ਦੀਦਾਰ ਕਰ ਲਿਆ। ਨਿਰਖਹਿ = {ਸੰ: ਨਿਰੀਖ੍ਹ੍ਹਕ ਨੂੰ, ਭਾਲ ਕਰਨ ਵਾਲੇ ਨੂੰ, ਦਰਸ਼ਨ ਦੀ ਤਾਂਘ ਰੱਖਣ ਵਾਲੇ ਨੂੰ। ਨਿਰਖ = {ਸੰ: ਨਿਰੀਖ੍ਹ੍ਹ} ਜਿਸ ਨੂੰ ਤੱਕੀਦਾ ਹੈ, ਜਿਸ ਦੀ ਭਾਲ ਕੀਤੀ ਜਾਂਦੀ ਹੈ, ਉਹ ਪ੍ਰਭੂ ਜਿਸ ਦੇ ਦੀਦਾਰ ਦੀ ਉਡੀਕ ਜੀਵ ਨੂੰ ਲੱਗੀ ਹੁੰਦੀ ਹੈ। 26। ਅਰਥ: (ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ, ਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ। ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ ਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। 26। ਪਪਾ ਅਪਰ ਪਾਰੁ ਨਹੀ ਪਾਵਾ ॥ ਪਰਮ ਜੋਤਿ ਸਿਉ ਪਰਚਉ ਲਾਵਾ ॥ ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥ ਪਾਪੁ ਪੁੰਨੁ ਦੋਊ ਨਿਰਵਰਈ ॥੨੭॥ {ਪੰਨਾ 341} ਪਦ ਅਰਥ: ਅਪਰ = {ਅ-ਪਰ, (ਸੰ: nwiÔq proù XÔmwq`) ਜਿਸ ਤੋਂ ਪਰੇ ਹੋਰ ਕੋਈ ਨਹੀਂ, ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਪਾਰੁ = ਪਾਰਲਾ ਬੰਨਾ, ਅੰਤ। ਪਾਵਾ = ਪਾਇਆ। ਪਰਚਉ = {ਸੰ: ਪਰਿਚਯ} ਪਿਆਰ, ਸਾਂਝ। ਨਿਗ੍ਰਹ ਕਰਈ = ਰੋਕ ਲੈਂਦਾ ਹੈ। ਨਿਰਵਰਈ = ਨਿਵਾਰ ਦੇਂਦਾ ਹੈ, ਦੂਰ ਕਰ ਦੇਂਦਾ ਹੈ। ਪਰਮ ਜੋਤਿ = ਉਹ ਚਾਨਣ ਜੋ ਸਭ ਤੋਂ ਉੱਚਾ ਹੈ, ਸਭ ਨੂੰ ਚਾਨਣ ਦੇਣ ਵਾਲੀ ਜੋਤ। 27। ਅਰਥ: ਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਲੱਭਾ। ਜਿਸ ਜੀਵ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ, ਉਹ ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਨੂੰ (ਇਉਂ) ਵੱਸ ਕਰ ਲੈਂਦਾ ਹੈ ਕਿ ਉਹ ਜੀਵ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦੇਂਦਾ ਹੈ (ਭਾਵ, ਪੰਜੇ ਗਿਆਨ-ਇੰਦਰਿਆਂ ਨੂੰ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਜੁ ਮੈਂ ਜਿਹੜਾ ਕੰਮ ਕਰਦਾ ਹਾਂ ਇਹ ਪਾਪ ਹੈ ਜਾਂ ਪੁੰਨ; ਸੁਤੇ ਹੀ ਉਸ ਦਾ ਹਰੇਕ ਕੰਮ ਕਾਮਾਦਿਕ ਵਿਕਾਰਾਂ ਤੋਂ ਬਰੀ ਹੁੰਦਾ ਹੈ) । 27। ਫਫਾ ਬਿਨੁ ਫੂਲਹ ਫਲੁ ਹੋਈ ॥ ਤਾ ਫਲ ਫੰਕ ਲਖੈ ਜਉ ਕੋਈ ॥ ਦੂਣਿ ਨ ਪਰਈ ਫੰਕ ਬਿਚਾਰੈ ॥ ਤਾ ਫਲ ਫੰਕ ਸਭੈ ਤਨ ਫਾਰੈ ॥੨੮॥ {ਪੰਨਾ 341} ਪਦ ਅਰਥ: ਬਿਨੁ ਫੂਲਹ = ਫੁੱਲਣ ਤੋਂ ਬਿਨਾ, ਜੇ ਜੀਵ ਫੁੱਲਣਾ ਛੱਡ ਦੇਵੇ, ਜੇ ਜੀਵ ਆਪਣੇ ਸਰੀਰ ਤੇ ਫੁੱਲਣਾ ਛੱਡ ਦੇਵੇ, ਜੇ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਜੇ ਜੀਵ ਦੇਹ-ਅੱਧਿਆਸ ਤਿਆਗ ਦੇਵੇ। ਫਲੁ = (ਮਨੁੱਖਾ ਜਨਮ ਦਾ) ਫਲ, ਉਹ ਪਦਾਰਥ ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ, ਪਰਮਾਤਮਾ ਦੇ ਨਾਮ ਦੀ ਸੂਝ। ਫੰਕ = ਨਿੱਕੀ ਜਿਹੀ ਫਾੜੀ, ਰਤਾ ਕੁ ਹਿੱਸਾ। ਤਾ ਫਲ ਫੰਕ = ਉਸ ਫਲ ਦੀ ਨਿੱਕੀ ਜਿਹੀ ਫਾੜੀ, ਉਸ ਰੱਬੀ ਸੂਝ ਦਾ ਰਤਾ ਕੁ ਝਲਕਾਰਾ। ਜਉ = ਜੇ। ਲਖੈ = ਸਮਝ ਲਏ। ਦੂਣਿ = ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ, ਜਨਮ ਤੇ ਮਰਨ ਦਾ ਗੇੜ। ਪਰਈ = ਪਰੈ, ਪੈਂਦਾ। ਫੰਕ = (ਗਿਆਨ ਦਾ) ਰਤਾ ਕੁ ਝਲਕਾਰਾ। ਸਭੈ ਤਨ = ਸਾਰੇ ਸਰੀਰ ਨੂੰ, ਸਾਰਾ ਹੀ ਦੇਹ-ਅੱਧਿਆਸ, ਸਾਰਾ ਹੀ ਸਰੀਰਕ ਮੋਹ। ਫਾਰੈ = ਫਾੜੈ, ਨਾਸ ਕਰ ਦੇਂਦਾ ਹੈ। 28। ਅਰਥ: ਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ) । ਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ, ਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ, (ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ। 28। ਬਬਾ ਬਿੰਦਹਿ ਬਿੰਦ ਮਿਲਾਵਾ ॥ ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥ ਬੰਦਉ ਹੋਇ ਬੰਦਗੀ ਗਹੈ ॥ ਬੰਦਕ ਹੋਇ ਬੰਧ ਸੁਧਿ ਲਹੈ ॥੨੯॥ {ਪੰਨਾ 341} ਪਦ ਅਰਥ: ਬਿੰਦਹਿ = (ਪਾਣੀ ਦੀ) ਬੂੰਦ ਵਿਚ। ਬਿੰਦ = ਪਾਣੀ ਦੀ ਬੂੰਦ। ਮਿਲਾਵਾ = ਮਿਲ ਗਈ। ਬਿੰਦਹਿ = ਬਿੰਦ-ਮਾਤ੍ਰ, ਨਿਮਖ-ਮਾਤ੍ਰ, ਥੋੜੇ ਜਿਹੇ ਸਮੇ ਲਈ ਭੀ। ਬਿੰਦਿ = ਬਿੰਦ ਕੇ, ਜਾਣ ਕੇ, ਸਾਂਝ ਪਾ ਕੇ {ਸੰ: ਵਿੰਦਤਿ, ivNdiq = ਜਾਣਦਾ ਹੈ} ਬੰਦਉ = ਬੰਦਾ, ਗ਼ੁਲਾਮ, ਸੇਵਕ। ਹੋਇ = ਹੋ ਕੇ, ਬਣ ਕੇ। ਗਹੈ– ਗ੍ਰਹਿਣ ਕਰਦਾ ਹੈ, ਪਕੜ ਲੈਂਦਾ ਹੈ, ਪ੍ਰੇਮ ਨਾਲ ਕਰਦਾ ਹੈ। ਬੰਦਕ = {ਸੰ: ਵੰਦਕ} ਉਸਤਤ ਕਰਨ ਵਾਲਾ, ਸਿਫ਼ਤਿ-ਸਾਲਾਹ ਕਰਨ ਵਾਲਾ, ਢਾਡੀ। ਬੰਧ = ਜਕੜ, ਜ਼ੰਜੀਰ। ਸੁਧਿ = ਸੂਝ, ਸਮਝ। ਬੰਧ ਸੁਧਿ = ਬੰਦਾਂ ਦੀ ਸੂਝ, (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦੀ ਸਮਝ। ਲਹੈ– ਲੱਭ ਲੈਂਦਾ ਹੈ। 29। ਅਰਥ: (ਜਿਵੇਂ ਪਾਣੀ ਦੀ) ਬੂੰਦ ਵਿਚ (ਪਾਣੀ ਦੀ) ਬੂੰਦ ਮਿਲ ਜਾਂਦੀ ਹੈ, (ਤੇ, ਫਿਰ ਵੱਖ ਨਹੀਂ ਹੋ ਸਕਦੀ, ਤਿਵੇਂ ਪ੍ਰਭੂ ਨਾਲ) ਨਿਮਖ-ਮਾਤ੍ਰ ਭੀ ਸਾਂਝ ਪਾ ਕੇ (ਜੀਵ ਪ੍ਰਭੂ ਤੋਂ) ਵਿੱਛੁੜ ਨਹੀਂ ਸਕਦਾ (ਕਿਉਂਕਿ ਜੋ ਮਨੁੱਖ ਪ੍ਰਭੂ ਦਾ) ਸੇਵਕ ਬਣ ਕੇ ਪ੍ਰੇਮ ਨਾਲ (ਪ੍ਰਭੂ ਦੀ) ਭਗਤੀ ਕਰਦਾ ਹੈ, ਉਹ (ਪ੍ਰਭੂ ਦੇ ਦਰ ਦਾ) ਢਾਡੀ ਬਣ ਕੇ (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ (ਤੇ ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ) । 29। |
Sri Guru Granth Darpan, by Professor Sahib Singh |