ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 342 ਭਭਾ ਭੇਦਹਿ ਭੇਦ ਮਿਲਾਵਾ ॥ ਅਬ ਭਉ ਭਾਨਿ ਭਰੋਸਉ ਆਵਾ ॥ ਜੋ ਬਾਹਰਿ ਸੋ ਭੀਤਰਿ ਜਾਨਿਆ ॥ ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥ {ਪੰਨਾ 342} ਪਦ ਅਰਥ: ਭੇਦਹਿ = ਭੇਦ ਨੂੰ, (ਪ੍ਰਭੂ ਨਾਲੋਂ ਪਈ) ਵਿੱਥ ਨੂੰ। ਭੇਦਿ = ਵਿੰਨ੍ਹ ਕੇ, ਮੁਕਾ ਕੇ। ਮਿਲਾਵਾ = ਮਿਲਾ ਲਿਆ, ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਪ੍ਰਭੂ ਦੀ ਯਾਦ ਵਿਚ ਆਪਣੇ ਮਨ ਨੂੰ ਜੋੜ ਲਿਆ। ਅਬ = ਹੁਣ, ਉਸ ਯਾਦ ਦੀ ਬਰਕਤ ਨਾਲ। ਭਾਨਿ = ਭੰਨਿ, ਦੂਰ ਕੇ। ਭਰੋਸਉ = ਭਰੋਸਾ, ਸ਼ਰਧਾ, ਇਹ ਯਕੀਨ ਕਿ ਪ੍ਰਭੂ ਮੇਰੇ ਅੰਗ-ਸੰਗ ਹੈ। ਭੇਦੁ = ਭੇਤ, ਰਾਜ਼, ਗੂਝ ਗੱਲ। ਭਇਆ = (ਪਰਗਟ) ਭਇਆ। ਭੂਪਤਿ = {ਭੂ-ਪਤਿ। ਧਰਤੀ ਦਾ ਪਤੀ} ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਚਾਨਿਆ = ਪਛਾਣ ਲਿਆ, ਸਾਂਝ ਬਣਾ ਲਈ। 30। ਅਰਥ: ਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ, ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ। ਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ, (ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ। 30। ਮਮਾ ਮੂਲ ਗਹਿਆ ਮਨੁ ਮਾਨੈ ॥ ਮਰਮੀ ਹੋਇ ਸੁ ਮਨ ਕਉ ਜਾਨੈ ॥ ਮਤ ਕੋਈ ਮਨ ਮਿਲਤਾ ਬਿਲਮਾਵੈ ॥ ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥ {ਪੰਨਾ 342} ਪਦ ਅਰਥ: ਮੂਲ = ਮੁੱਢ, ਜਗਤ ਦਾ ਮੂਲ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ। ਗਹਿਆ = ਪਕੜਿਆਂ, ਮਨ ਵਿਚ ਵਸਾਇਆਂ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਟਿਕ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ। ਮਰਮ = ਭੇਤ। ਮਰਮੀ = ਭੇਤੀ, ਵਾਕਫ਼। ਮਰਮੀ ਹੋਇ = ਜੋ ਕੋਈ ਭੇਤੀ ਹੋ ਜਾਂਦਾ ਹੈ, ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਭਟਕਣੋਂ ਹਟ ਜਾਂਦਾ ਹੈ) । ਸੁ = ਉਹ ਜੀਵ। ਮਨ ਕਉ = ਮਨ ਨੂੰ, ਮਨ ਦੀ ਦੌੜ-ਭੱਜ ਨੂੰ। ਮਤ ਕੋਈ ਬਿਲਮਾਵੈ = ਮਤਾਂ ਕੋਈ ਦੇਰ ਲਾਏ। ਮਗਨ = ਮਸਤ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪਾਵੈ = ਲੱਭ ਲੈਂਦਾ ਹੈ। ਤੈ = ਅਤੇ। 31। ਅਰਥ: ਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ। ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ। (ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ; (ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। 31। ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥ {ਪੰਨਾ 342} ਪਦ ਅਰਥ: ਸਿਉ = ਨਾਲ। ਕਾਜੁ = (ਅਸਲ) ਕੰਮ। ਸਾਧੇ = ਸਾਧਣ ਨਾਲ, ਸਾਧਿਆਂ, ਵੱਸ ਵਿਚ ਕੀਤਿਆਂ। ਸਿਧਿ = ਸਫਲਤਾ, ਉਸ 'ਕਾਜ' ਦੀ ਸਫ਼ਲਤਾ ਜਿਸ ਵਾਸਤੇ ਜੀਵ ਜਗਤ ਵਿਚ ਆਇਆ ਹੈ। ਮਨ ਹੀ ਮਨ ਸਿਉ = ਮਨ ਸਿਉ ਹੀ, ਮਨ ਸਿਉ ਹੀ, ਮਨ ਨਾਲ ਹੀ, ਮਨ ਨਾਲ ਹੀ; ਨਿਰੋਲ ਮਨ ਨਾਲ ਹੀ (ਕਾਜ ਹੈ) । ਮਨ ਸਾ = ਮਨ ਵਰਗਾ। 32। ਅਰਥ: (ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ) । ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ। ਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) । 32। ਇਹੁ ਮਨੁ ਸਕਤੀ ਇਹੁ ਮਨੁ ਸੀਉ ॥ ਇਹੁ ਮਨੁ ਪੰਚ ਤਤ ਕੋ ਜੀਉ ॥ ਇਹੁ ਮਨੁ ਲੇ ਜਉ ਉਨਮਨਿ ਰਹੈ ॥ ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥ {ਪੰਨਾ 342} ਪਦ ਅਰਥ: ਸਕਤੀ = ਮਾਇਆ। ਸਿਉ = ਸ਼ਿਵ, ਆਨੰਦ-ਸਰੂਪ ਪ੍ਰਭੂ। ਪੰਚ ਤਤ ਕੋ ਜੀਉ = ਪੰਜ ਤੱਤਾਂ ਦਾ ਜੀਵ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ। ਲੇ = ਲੈ ਕੇ, ਵੱਸ ਵਿਚ ਕਰ ਕੇ। ਜਉ = ਜਦੋਂ। ਉਨਮਨਿ = ਉਨਮਨ ਵਿਚ, ਖਿੜਾਉ ਵਿਚ। ਰਹੈ– ਟਿਕਦਾ ਹੈ। ਤਉ = ਤਦੋਂ। ਤੀਨਿ ਲੋਕ ਕੀ ਬਾਤੈ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ। ਕਹੈ– ਆਖਦਾ ਹੈ। 33। ਅਰਥ: (ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ। (ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ) । ਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ, ਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ। 33। ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥ ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥ {ਪੰਨਾ 342} ਪਦ ਅਰਥ: ਜਉ = ਜੇ। ਜਾਨਹਿ = ਤੂੰ ਸਮਝਣਾ ਚਾਹੈਂ, ਤੂੰ ਜੀਵਨ ਦਾ ਸਹੀ ਰਸਤਾ ਜਾਨਣਾ ਚਾਹੇਂ। ਤਉ = ਤਾਂ। ਦੁਰਮਤਿ = ਭੈੜੀ ਬੁੱਧ। ਹਨਿ = ਨਾਸ ਕਰ, ਦੂਰ ਕਰ। ਕਰਿ ਬਸਿ = ਵੱਸ ਵਿਚ ਲਿਆ। ਕਾਇਆ = ਸਰੀਰ। ਗਾਉ = ਪਿੰਡ। ਰਣਿ = ਰਣ ਵਿਚ, ਜੁੱਧ ਵਿਚ। ਰੂਤਉ = ਰੁੱਝਾ ਹੋਇਆ। ਸੂਰਉ = ਸੂਰਮਾ। ਥਾਰਉ = ਤੇਰਾ। 34। ਅਰਥ: (ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ) । (ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ। 34। ਰਾਰਾ ਰਸੁ ਨਿਰਸ ਕਰਿ ਜਾਨਿਆ ॥ ਹੋਇ ਨਿਰਸ ਸੁ ਰਸੁ ਪਹਿਚਾਨਿਆ ॥ ਇਹ ਰਸ ਛਾਡੇ ਉਹ ਰਸੁ ਆਵਾ ॥ ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥ {ਪੰਨਾ 342} ਪਦ ਅਰਥ: ਰਸੁ = ਸੁਆਦ, ਮਾਇਆ ਦਾ ਸੁਆਦ। ਨਿਰਸ = {ਨਿ-ਰਸ} ਫਿੱਕਾ। ਨਿਰਸ ਕਰਿ = ਫਿੱਕਾ ਕਰਕੇ, ਫਿੱਕਾ ਜਿਹਾ। ਜਾਨਿਆ = ਜਾਣ ਲਿਆ ਹੈ, ਸਮਝ ਲਿਆ ਹੈ। ਹੋਇ ਨਿਰਸ = ਨਿਰਸ ਹੋ ਕੇ, ਰਸਾਂ ਤੋਂ ਨਿਰਾਲਾ ਹੋ ਕੇ, ਰਸਾਂ ਤੋਂ ਉਪਰਾਮ ਹੋ ਕੇ, ਮਾਇਕ ਚਸਕਿਆਂ ਤੋਂ ਬਚੇ ਰਹਿ ਕੇ। ਸੁ ਰਸੁ = ਉਹ ਸੁਆਦ, ਉਹ ਆਤਮਕ ਅਨੰਦ। ਆਵਾ = ਆਗਿਆ। ਭਾਵਾ = ਚੰਗਾ ਲੱਗਾ। ਪਹਿਚਾਨਿਆ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ, ਮਾਣ ਲਿਆ ਹੈ। 35। ਅਰਥ: ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ, ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ। ਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ; (ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ। 35। ਲਲਾ ਐਸੇ ਲਿਵ ਮਨੁ ਲਾਵੈ ॥ ਅਨਤ ਨ ਜਾਇ ਪਰਮ ਸਚੁ ਪਾਵੈ ॥ ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥ ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥ {ਪੰਨਾ 342} ਪਦ ਅਰਥ: ਐਸੇ = ਅਜਿਹੇ ਤਰੀਕੇ ਨਾਲ। ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ। ਅਨਤ = {ANX>} ਕਿਸੇ ਹੋਰ ਥਾਂ। ਨ ਜਾਇ = ਨਾਹ ਜਾਵੇ, ਨਾਹ ਭਟਕੇ। ਪਰਮ = ਸਭ ਤੋਂ ਉੱਚਾ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ। ਅਰੁ = ਅਤੇ। ਜਉ = ਜੇ। ਤਹਾ = ਉਸ ਲਿਵਲੀਨਤਾ ਵਿਚ। ਪ੍ਰੇਮ ਲਿਵ = ਪ੍ਰੇਮ ਦੀ ਤਾਰ। ਤਉ = ਤਾਂ। ਅਲਹ = ਅਲੱਭ ਪ੍ਰਭੂ। ਲਹੈ– ਲੱਭ ਲੈਂਦਾ ਹੈ। ਲਹਿ = ਲੱਭ ਕੇ। ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ। 36। ਅਰਥ: ਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ ਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ; ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ) ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ। 36। ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥ ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥ ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥ ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥ {ਪੰਨਾ 342} ਪਦ ਅਰਥ: ਬਾਰ ਬਾਰ = ਮੁੜ ਮੁੜ, ਹਰ ਵੇਲੇ। ਸਮ੍ਹਾਰਿ = ਚੇਤੇ ਕਰ, ਸੰਭਾਲ, ਯਾਦ ਕਰ। ਸੰਮ੍ਹਾਰਿ = ਸੰਭਾਲ ਕੇ, ਯਾਦ ਕਰ ਕੇ, ਸਿਮਰਿਆਂ। ਹਾਰਿ = ਹਾਰ ਕੇ, ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ। ਬਲਿ ਬਲਿ = ਸਦਕੇ। ਬਿਸਨ ਤਨਾ = ਵਿਸ਼ਨੂ ਦਾ ਪੁਤਰ, ਪ੍ਰਭੂ ਦਾ ਭਗਤ। ਮਿਲੇ = ਮਿਲਿ, ਮਿਲ ਕੇ। ਸਭ ਹੀ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। 37। ਨੋਟ: ਅੰਞਾਣਾ ਬਾਲ ਆਪਣੇ ਪਿਤਾ ਦੀ ਗੋਦ ਵਿਚ, ਪਿਤਾ ਦੀ ਉਂਗਲੀ ਫੜ ਕੇ ਬੇਫ਼ਿਕਰ ਰਹਿੰਦਾ ਹੈ ਤੇ ਪਿਤਾ ਨੂੰ ਹੀ ਰਾਖਾ ਸਮਝਦਾ ਹੈ। ਇਸੇ ਤਰ੍ਹਾਂ ਪ੍ਰਭੂ ਦੀ ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਨੂੰ ਆਪਣਾ ਰਾਖਾ ਜਾਣਦੇ ਹਨ, ਤਾਹੀਏਂ ਇਥੇ ਭਗਤ ਜਨਾਂ ਨੂੰ ਪ੍ਰਭੂ ਦੇ ਪੁੱਤਰ ਆਖਿਆ ਹੈ। ਅਰਥ: (ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ (ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ। ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ। ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ। 37। ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥ ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥ {ਪੰਨਾ 342} ਪਦ ਅਰਥ: ਵਾ ਹੀ = ਉਸ (ਪ੍ਰਭੂ) ਨੂੰ ਹੀ। ਜਾਨੀਐ = ਸਮਝੀਏ, ਜਾਣ-ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ। ਵਾ = ਉਸ (ਪ੍ਰਭੂ) ਨੂੰ। ਜਾਨੇ = ਜਾਣਿਆਂ, ਸਾਂਝ ਪਾਇਆਂ। ਇਹੁ = ਇਹ ਜੀਵ। ਓਹੁ = ਉਹ ਪ੍ਰਭੂ। ਅਰੁ = ਅਤੇ। ਅਰਥ: (ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ। ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) । 38। ਸਸਾ ਸੋ ਨੀਕਾ ਕਰਿ ਸੋਧਹੁ ॥ ਘਟ ਪਰਚਾ ਕੀ ਬਾਤ ਨਿਰੋਧਹੁ ॥ ਘਟ ਪਰਚੈ ਜਉ ਉਪਜੈ ਭਾਉ ॥ ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥ {ਪੰਨਾ 342} ਪਦ ਅਰਥ: ਸੋ = ਉਸ ਪ੍ਰਭੂ ਨੂੰ। ਨੀਕਾ ਕਰਿ = ਚੰਗੀ ਤਰ੍ਹਾਂ। ਸੋਧਹੁ = ਸੰਭਾਲ ਕਰੋ, ਯਾਦ ਕਰੋ। ਪਰਚਾ = (skt. pircX) ਮਿੱਤ੍ਰਤਾ, ਸਾਂਝ। ਬਾਤ = ਗੱਲਾਂ। ਨਿਰੋਧਹੁ = ਰੋਕੋ, ਟਿਕਾਓ। ਘਟ = ਹਿਰਦਾ, ਮਨ। ਜਉ = ਜਦੋਂ। ਭਾਉ = ਪਿਆਰ। ਤਹ = ਉਸ ਅਵਸਥਾ ਵਿਚ। ਤ੍ਰਿਭਵਣ ਰਾਉ = ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ। 39। ਅਰਥ: ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ। ਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ। ਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ ਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ। 39। ਖਖਾ ਖੋਜਿ ਪਰੈ ਜਉ ਕੋਈ ॥ ਜੋ ਖੋਜੈ ਸੋ ਬਹੁਰਿ ਨ ਹੋਈ ॥ ਖੋਜ ਬੂਝਿ ਜਉ ਕਰੈ ਬੀਚਾਰਾ ॥ ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥ {ਪੰਨਾ 342} ਪਦ ਅਰਥ: ਖੋਜਿ ਪਰੈ = ਭਾਲ ਵਿਚ ਰੁੱਝ ਜਾਏ। ਜਉ = ਜੇ। ਖੋਜੈ = ਲੱਭ ਲਏ। ਸੋ = ਉਹ ਮਨੁੱਖ। ਬਹੁਰਿ = ਮੁੜ। ਨ ਹੋਈ = ਨਹੀਂ ਜੰਮਦਾ (ਮਰਦਾ) । ਖੋਜ = ਲੱਛਣ, ਨਿਸ਼ਾਨ। ਬੂਝਿ = ਸਮਝ ਕੇ। ਜਉ = ਜੇ (ਕੋਈ) । ਬੀਚਾਰ = ਪ੍ਰਭੂ ਦੇ ਗੁਣਾਂ ਦੀ ਬੀਚਾਰ। ਭਵਜਲ = ਸੰਸਾਰ-ਸਮੁੰਦਰ। ਬਾਰ = ਦੇਰ। 40। ਅਰਥ: ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ, (ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ। ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ। 40। ਸਸਾ ਸੋ ਸਹ ਸੇਜ ਸਵਾਰੈ ॥ ਸੋਈ ਸਹੀ ਸੰਦੇਹ ਨਿਵਾਰੈ ॥ ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥ ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥ {ਪੰਨਾ 342} ਪਦ ਅਰਥ: ਸਹ ਸੇਜ = ਖਸਮ ਦੀ ਸੇਜ, (ਜੀਵ-ਇਸਤ੍ਰੀ ਦਾ ਹਿਰਦਾ ਜੋ ਪ੍ਰਭੂ-) ਖਸਮ ਦੀ ਸੇਜ (ਹੈ) । ਸੋ = ਉਹ (ਸਖੀ) । ਸੋਈ ਸਹੀ = ਉਹੀ ਸਖੀ। ਸੰਦੇਹ = ਸ਼ੱਕ, ਸੰਸਾ, ਭਰਮ। ਨਿਵਾਰੈ = ਦੂਰ ਕਰਦੀ ਹੈ। ਅਲਪ = ਨਿੱਕਾ, ਹੋਛਾ। ਪਾਵਾ = ਪ੍ਰਾਪਤ ਕਰਦੀ ਹੈ। ਤ੍ਰੀਅ = ਇਸਤ੍ਰੀ। ਕੰਤੁ = ਖਸਮ। 41। ਅਰਥ: ਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ, ਉਹ (ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ। ਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ। (ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ। 41। ਹਾਹਾ ਹੋਤ ਹੋਇ ਨਹੀ ਜਾਨਾ ॥ ਜਬ ਹੀ ਹੋਇ ਤਬਹਿ ਮਨੁ ਮਾਨਾ ॥ ਹੈ ਤਉ ਸਹੀ ਲਖੈ ਜਉ ਕੋਈ ॥ ਤਬ ਓਹੀ ਉਹੁ ਏਹੁ ਨ ਹੋਈ ॥੪੨॥ {ਪੰਨਾ 342} ਪਦ ਅਰਥ: ਹੋਇ = ਹੋ ਕੇ, ਜਨਮ ਲੈ ਕੇ, ਮਨੁੱਖਾ-ਜਨਮ ਹਾਸਲ ਕਰ ਕੇ। ਹੋਤ = ਹੁੰਦਾ ਹੋਇਆ (ਪ੍ਰਭੂ) , ਹੋਂਦ ਵਾਲੇ ਪ੍ਰਭੂ ਨੂੰ, ਪ੍ਰਭੂ ਨੂੰ ਜੋ ਸੱਚ-ਮੁੱਚ ਹਸਤੀ ਵਾਲਾ ਹੈ। ਹੋਇ = (ਪ੍ਰਭੂ ਦੀ ਹੋਂਦ ਦਾ ਨਿਸ਼ਚਾ) ਹੋ ਜਾਏ। ਮਾਨਾ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ। ਸਹੀ = ਸੱਚ-ਮੁੱਚ, ਜ਼ਰੂਰ। ਹੈ ਤਉ ਸਹੀ = ਹੈ ਤਾਂ ਸੱਚ-ਮੁੱਚ। ਜਉ = ਜੇ। ਓਹੀ ਉਹੁ = ਉਹ ਪ੍ਰਭੂ ਹੀ ਪ੍ਰਭੂ। ਏਹੁ = ਇਹ ਜੀਵ। 42। ਅਰਥ: ਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ। ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ। (ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ। ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ। 42। ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥ ਤਾ ਕਾਰਣਿ ਬਿਆਪੈ ਬਹੁ ਸੋਗੁ ॥ ਲਖਿਮੀ ਬਰ ਸਿਉ ਜਉ ਲਿਉ ਲਾਵੈ ॥ ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥ {ਪੰਨਾ 342} ਪਦ ਅਰਥ: ਲਿੰਉ ਲਿੰਉ = ਮੈਂ (ਲੱਛਮੀ) ਹਾਸਲ ਕਰ ਲਵਾਂ, ਮੈਂ (ਮਾਇਆ) ਲੈ ਲਵਾਂ। ਕਰਤ ਫਿਰੈ = ਕਰਦਾ ਫਿਰਦਾ ਹੈ। ਸਭੁ ਲੋਗੁ = ਸਾਰਾ ਜਗਤ, ਹਰੇਕ ਜੀਵ। ਤਾ ਕਾਰਣਿ = ਉਸ ਮਾਇਆ ਦੀ ਖ਼ਾਤਰ। ਬਿਆਪੈ = ਵਾਪਰਦਾ ਹੈ, ਆਪਣਾ ਪ੍ਰਭਾਵ ਆ ਪਾਂਦਾ ਹੈ। ਸੋਗੁ = ਗ਼ਮ, ਫ਼ਿਕਰ। ਲਖਿਮੀਬਰ = ਲੱਛਮੀ ਦਾ ਵਰ, ਮਾਇਆ ਦਾ ਪਤੀ, ਪਰਮਾਤਮਾ। ਸਿਉ = ਨਾਲ। ਲਿਉ = ਲਿਵ, ਪ੍ਰੇਮ। 43। ਅਰਥ: ਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ। ਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ। ਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ ਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। 43। ਖਖਾ ਖਿਰਤ ਖਪਤ ਗਏ ਕੇਤੇ ॥ ਖਿਰਤ ਖਪਤ ਅਜਹੂੰ ਨਹ ਚੇਤੇ ॥ ਅਬ ਜਗੁ ਜਾਨਿ ਜਉ ਮਨਾ ਰਹੈ ॥ ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥ {ਪੰਨਾ 342} ਪਦ ਅਰਥ: ਖਿਰਤ = {Skt. ˜r = To glide, to waste away perish.} ਨਾਸ ਹੁੰਦੇ ਹੁੰਦੇ। ਕੇਤੇ = ਕਈ, ਬੇਅੰਤ (ਜਨਮ) । ਅਜਹੂੰ = ਅਜੇ ਤਕ। ਚੇਤੇ = (ਪਰਮਾਤਮਾ ਨੂੰ) ਯਾਦ ਕਰਦਾ। ਜਗੁ ਜਾਨਿ = ਜਗਤ ਦੀ ਅਸਲੀਅਤ ਨੂੰ ਸਮਝ ਕੇ। ਜਉ = ਜੇ। ਮਨਾ = ਮਨ। ਰਹੈ– ਟਿਕ ਜਾਏ। ਜਹ ਕਾ = ਜਿਸ (ਪ੍ਰਭੂ) ਤੋਂ। ਤਹ = ਉਸੇ ਪ੍ਰਭੂ ਵਿਚ। 44। ਅਰਥ: ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ; ਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ। ਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ ਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ। 44। |
Sri Guru Granth Darpan, by Professor Sahib Singh |