ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 343

ਬਾਵਨ ਅਖਰ ਜੋਰੇ ਆਨਿ ॥ ਸਕਿਆ ਨ ਅਖਰੁ ਏਕੁ ਪਛਾਨਿ ॥ ਸਤ ਕਾ ਸਬਦੁ ਕਬੀਰਾ ਕਹੈ ॥ ਪੰਡਿਤ ਹੋਇ ਸੁ ਅਨਭੈ ਰਹੈ ॥ ਪੰਡਿਤ ਲੋਗਹ ਕਉ ਬਿਉਹਾਰ ॥ ਗਿਆਨਵੰਤ ਕਉ ਤਤੁ ਬੀਚਾਰ ॥ ਜਾ ਕੈ ਜੀਅ ਜੈਸੀ ਬੁਧਿ ਹੋਈ ॥ ਕਹਿ ਕਬੀਰ ਜਾਨੈਗਾ ਸੋਈ ॥੪੫॥ {ਪੰਨਾ 343}

ਪਦ ਅਰਥ: ਬਾਵਨ = ਬਵੰਜਾ। ਜੋਰੇ ਆਨਿ = ਲਿਆ ਕੇ ਜੋੜ ਦਿੱਤੇ, (ਅੱਖਰ) ਵਰਤ ਕੇ ਪੁਸਤਕਾਂ ਲਿਖ ਦਿੱਤੀਆਂ। ਅਖਰੁ ਏਕੁ = ਇੱਕ ਪ੍ਰਭੂ ਨੂੰ ਜੋ ਨਾਸ-ਰਹਿਤ ਹੈ। ਅਖਰੁ = {Skt. A-˜r} ਨਾਸ-ਰਹਿਤ। ਸਤ ਕਾ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਬੀਰਾ = ਹੇ ਕਬੀਰ! ਕਹੈ– (ਜੋ ਮਨੁੱਖ) ਆਖਦਾ ਹੈ। ਸੁ = ਉਹ ਮਨੁੱਖ। ਅਨਭੈ = ਅਨੁਭਵ ਵਿਚ, ਗਿਆਨ-ਅਵਸਥਾ ਵਿਚ। ਰਹੈ– ਟਿਕਿਆ ਰਹਿੰਦਾ ਹੈ। ਕਉ = ਨੂੰ, ਦਾ। ਬਿਉਹਾਰ = ਵਿਹਾਰ, ਰੋਜ਼ੀ ਕਮਾਵਣ ਦਾ ਢੰਗ। ਤਤੁ = ਅਸਲੀਅਤ। ਜਾ ਕੇ ਜੀਅ = ਜਿਸ ਮਨੁੱਖ ਦੇ ਜੀ ਵਿਚ, ਜਿਸ ਦੇ ਅੰਦਰ। ਜੈਸੀ ਬੁਧਿ = ਜਿਹੋ ਜਿਹੀ ਅਕਲ। ਸੋਈ = ਉਹੀ ਕੁਝ। ਕਹਿ = ਕਹੈ, ਆਖਦਾ ਹੈ।

ਅਰਥ: (ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ, ਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ।

ਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ) , ਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ।

ਕਬੀਰ ਆਖਦਾ ਹੈ– ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ, ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) । 45।

ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥

ਨੋਟ: ਲਫ਼ਜ਼ 'ਥਿਤੀ' ਅਤੇ 'ਕੀ' ਵਿਚ (ੰ) ਦੀ ਵਰਤੋਂ ਨੂੰ ਧਿਆਨ ਨਾਲ ਵੇਖੋ। ਸਤਿਗੁਰੂ ਜੀ ਦੇ ਵੇਲੇ (ੀ) ਨਾਲ (ੰ) ਵਰਤੀ ਜਾਂਦੀ ਸੀ; (ੀ) ਤੋਂ ਪਹਿਲਾਂ ਭੀ ਵਰਤੀਦੀ ਸੀ ਅਤੇ ਪਿਛੋਂ ਭੀ।

ਨੋਟ: ਸਾਡੇ ਦੇਸ ਵਿਚ ਸੂਰਜ ਅਤੇ ਚੰਦ ਦੋਹਾਂ ਦੇ ਅਨੁਸਾਰ ਸਾਲ ਦੇ ਮਹੀਨਿਆਂ ਤੇ ਦਿਨਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸੂਰਜ 12 'ਰਾਸਾਂ' ਵਿਚੋਂ ਦੀ ਲੰਘਦਾ ਹੈ। ਜਦੋਂ ਨਵੀਂ 'ਰਾਸ' ਵਿਚ ਅੱਪੜਦਾ ਹੈ, ਨਵਾਂ ਮਹੀਨਾ ਚੜ੍ਹਦਾ ਹੈ। ਚੰਦ ਦੇ ਵਧਣ ਘਟਣ ਦੇ ਹਿਸਾਬ ਅਨੁਸਾਰ ਦਿਨਾਂ ਨੂੰ 'ਥਿੱਤ' ਆਖਿਆ ਜਾਂਦਾ ਹੈ, ਸੰਸਕ੍ਰਿਤ ਲਫ਼ਜ਼ 'ਤਿਥਿ' ਹੈ। ਚੰਦ ਦੇ ਹਿਸਾਬ ਹਰੇਕ ਮਹੀਨੇ ਦੇ ਦੋ ਹਿੱਸੇ, ਦੋ ਪੱਖ, ਹੁੰਦੇ ਹਨ: ਹਨੇਰਾ ਪੱਖ ਅਤੇ ਚਾਣਨਾ ਪੱਖ। ਮੱਸਿਆ (ਜਿਸ ਰਾਤ ਮੁਕੰਮਲ ਹਨੇਰਾ ਹੁੰਦਾ ਹੈ ਤੇ ਚੰਦ ਬਿਲਕੁਲ ਨਹੀਂ ਦਿੱਸਦਾ) ਤੋਂ ਅਗਾਂਹ ਚਾਨਣਾ ਪੱਖ ਸ਼ੁਰੂ ਹੁੰਦਾ ਹੈ, ਕਿਉਂਕਿ ਚੰਦ੍ਰਮਾ ਹਰ ਰੋਜ਼ ਵਧਦਾ ਜਾਂਦਾ ਹੈ। ਪੂਰਨਮਾਸ਼ੀ ਤੱਕ ਚਾਨਣਾ ਪੱਖ ਹੁੰਦਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਚੰਦ੍ਰਮਾ ਮੁਕੰਮਲ ਹੁੰਦਾ ਹੈ। ਇਸ ਤੋਂ ਪਿਛੋਂ ਚੰਦ ਘਟਣ ਲੱਗ ਪੈਂਦਾ ਹੈ, ਇਸ ਨੂੰ ਹਨੇਰਾ ਪੱਖ ਆਖੀਦਾ ਹੈ। ਘਟਦਾ ਘਟਦਾ ਚੰਦ ਮੱਸਿਆ ਨੂੰ ਬਿਲਕੁਲ ਲੁਕ ਜਾਂਦਾ ਹੈ। ਮੱਸਿਆ ਤੋਂ ਅਗਾਂਹ ਹੇਠ-ਲਿਖੇ ਅਨੁਸਾਰ ਦਿਨਾਂ (ਥਿੱਤਾਂ) ਦੇ ਨਾਮ ਆਉਂਦੇ ਹਨ:

ਏਕਮ, ਦੂਜ, ਤੀਜ, ਚੌਥ, ਪੰਚਮੀ, ਛਟ, ਸਤਮੀ, ਅਸ਼ਟਮੀ, ਨੌਮੀ, ਦਸਮੀ, ਇਕਾਦਸ਼ੀ, ਦੁਆਦਸੀ, ਤ੍ਰਿਔਦਸੀ, ਚੌਦਸ, ਪੂਰਨਮਾਸ਼ੀ।

ਇਸੇ ਤਰ੍ਹਾਂ ਪੂਰਨਮਾਸ਼ੀ ਤੋਂ ਅਗਾਂਹ ਫਿਰ ਏਕਮ ਤੋਂ ਲੈ ਕੇ ਮੱਸਿਆ ਤਕ ਇਹੀ "ਥਿੱਤਾਂ" ਹਨ।

ਹਨੇਰੇ ਪੱਖ ਦੀਆਂ ਥਿੱਤਾਂ ਨੂੰ 'ਵਦੀ' ਅਤੇ ਚਾਨਣੇ ਪੱਖ ਦੀਆਂ ਥਿੱਤਾਂ ਨੂੰ 'ਸੁਦੀ' ਆਖਦੇ ਹਨ; ਜਿਵੇਂ, 'ਜੇਠ ਸੁਦੀ ਚੌਥ' ਦਾ ਭਾਵ ਹੈ 'ਜੇਠ ਦੇ ਮਹੀਨੇ ਦੀ ਮੱਸਿਆ ਤੋਂ ਅਗਾਂਹ ਚੌਥਾ ਦਿਨ'। ਵਦੀ ਸੁਦੀ ਵਾਲੇ ਮਹੀਨੇ 'ਵਦੀ' ਪੱਖ ਤੋਂ ਸ਼ੁਰੂ ਹੁੰਦੇ ਹਨ, ਪੂਰਨਮਾਸ਼ੀ ਤੋਂ ਅਗਲੇ ਦਿਨ।

ਹਿੰਦੂ ਲੋਕ ਇਹਨਾਂ ਥਿੱਤਾਂ ਤੇ ਵਰਤ ਰੱਖਦੇ ਹਨ, ਅਤੇ ਸ਼ਾਸਤ੍ਰਾਂ ਦੇ ਦੱਸੇ ਕਰਮ-ਕਾਂਡ ਅਨੁਸਾਰ ਹੋਰ ਕਈ ਕਿਸਮ ਦੇ ਕਰਮ ਧਰਮ ਕਰਦੇ ਹਨ, ਜਿਵੇਂ ਏਕਾਦਸ਼ੀ ਆਦਿਕ ਥਿੱਤਾਂ ਤੇ ਵਰਤ ਰੱਖੇ ਜਾਂਦੇ ਹਨ ਤਿਵੇਂ ਇਹਨਾਂ ਸੱਤਾਂ ਵਾਰਾਂ ਦੇ ਨਾਲ ਭੀ ਕਈ ਕਰਮਾਂ ਧਰਮਾਂ ਦਾ ਸੰਬੰਧ ਥਾਪਿਆ ਗਿਆ ਹੈ। ਇਹ 'ਵਾਰ' ਦੇਵੀ ਦੇਵਤਿਆਂ ਜਾਂ ਤਾਰਿਆਂ ਦੇ ਨਾਵਾਂ ਨਾਲ ਸੰਬੰਧ ਰੱਖਦੇ ਹਨ; ਮੰਗਲਵਾਰ ਦੇਵੀ ਦਾ ਵਾਰ ਸਮਝਿਆ ਜਾਂਦਾ ਹੈ, ਛਨਿੱਛਰਵਾਰ ਛਨਿੱਛਰ ਦੇਵਤੇ ਦਾ ਦਿਨ ਹੈ।

ਕਦੇ ਕਿਸੇ ਕਰਮ-ਕਾਂਡੀ ਹਿੰਦੂ ਸੱਜਣ ਦੇ ਪਾਸ ਚਾਰ ਦਿਨ ਰਹਿ ਕੇ ਵੇਖੋ, ਤਾਂ ਉਸ ਦੇ ਰੋਜ਼ਾਨਾ ਕਰਤੱਵ ਤੋਂ ਪਤਾ ਮਿਲੇਗਾ ਕਿ ਇਹਨਾਂ 'ਥਿੱਤਾਂ' ਤੇ 'ਵਾਰਾਂ' ਦੀ ਰਾਹੀਂ ਕਰਮ-ਕਾਂਡ ਦਾ ਚੰਗਾ ਜਾਲ ਵਿਛਿਆ ਹੈ, ਤਕੜੇ ਭਰਮ-ਵਹਿਮ ਬਣੇ ਹੋਏ ਹਨ।

ਕਬੀਰ ਜੀ ਇਸ ਬਾਣੀ ਦੀ ਰਾਹੀਂ ਉਪਦੇਸ਼ ਕਰਦੇ ਹਨ ਕਿ ਇਹਨਾਂ 'ਥਿਤਾਂ ਵਾਰਾਂ' ਦੇ ਭਰਮ-ਵਹਿਮ ਨੂੰ ਛੱਡ ਕੇ ਸਦਾ ਪਰਮਾਤਮਾ ਦੀ ਭਗਤੀ ਕਰੋ, ਪਰ ਕਰਤਾਰ ਦੇ ਰੰਗ! ਗੁਰੂ ਅਰਜਨ ਸਾਹਿਬ ਦੇ 'ਬਾਰਹ ਮਾਹ' ਅਤੇ ਕਬੀਰ ਜੀ ਦੀ ਇਸ 'ਥਿਤੀ' ਨੂੰ ਪੜ੍ਹਦੇ ਹੋਏ ਅਸੀਂ ਲੋਕ ਭੀ ਮੱਸਿਆ ਤੇ ਪੰਚਮੀ ਨੂੰ ਖ਼ਾਸ ਵਿਸ਼ੇਸ਼ਤਾ ਦੇਂਦੇ ਹਾਂ, ਸੰਗਰਾਂਦ ਨੂੰ ਬਾਕੀ ਦਿਹਾੜਿਆਂ ਨਾਲੋਂ ਪਵਿੱਤਰ ਦਿਹਾੜਾ ਮੰਨਦੇ ਹਾਂ {ਨੋਟ: ਇਸ ਬਾਰੇ ਪੜ੍ਹੋ ਮੇਰੀ ਪੁਸਤਕ 'ਬੁਰਾਈ ਦਾ ਟਾਕਰਾ' ਵਿਚ ਮੇਰਾ ਮਜ਼ਮੂਨ 'ਸੰਗ੍ਰਾਂਦ'}।

ਸਲੋਕੁ ॥ ਪੰਦ੍ਰਹ ਥਿਤੀ ਸਾਤ ਵਾਰ ॥ ਕਹਿ ਕਬੀਰ ਉਰਵਾਰ ਨ ਪਾਰ ॥ ਸਾਧਿਕ ਸਿਧ ਲਖੈ ਜਉ ਭੇਉ ॥ ਆਪੇ ਕਰਤਾ ਆਪੇ ਦੇਉ ॥੧॥ {ਪੰਨਾ 343}

ਨੋਟ: ਜਿਵੇਂ 'ਸੁਖਮਨੀ' ਦੇ ਹਰੇਕ 'ਸਲੋਕ' ਵਿਚ ਜੋ ਮਜ਼ਮੂਨ ਹੈ, 'ਅਸਟਪਦੀ' ਵਿਚ ਉਸ ਦੀ ਵਿਆਖਿਆ ਕੀਤੀ ਗਈ ਹੈ; ਤਿਵੇਂ ਕਬੀਰ ਜੀ ਨੇ ਇਸ 'ਸਲੋਕ' ਵਿਚ ਜੋ ਮੁਖ-ਭਾਵ ਦਿੱਤਾ ਹੈ, ਅਗਾਂਹ 'ਥਿਤੀ' ਦੀਆਂ ਪਉੜੀਆਂ ਵਿਚ ਉਸ ਦਾ ਵਿਸਥਾਰ ਕੀਤਾ ਹੈ; ਪਰ ਇਹਨਾਂ ਪਉੜੀਆਂ ਵਿਚ ਇਕ 'ਬੰਦ' ਰਹਾਉ ਦਾ ਭੀ ਹੈ। 'ਰਹਾਉ' ਵਿਚ ਸਾਰੀ ਬਾਣੀ ਜਾਂ ਸ਼ਬਦ ਦਾ ਤੱਤ ਹੁੰਦਾ ਹੈ। ਇਸ ਨਿਯਮ ਅਨੁਸਾਰ ਇਥੇ ਰਹਾਉ ਅਤੇ ਪਹਿਲੇ ਸਲੋਕ ਦਾ ਮਜ਼ਮੂਨ ਇਕੋ ਹੀ ਹੈ। 'ਰਹਾਉ' ਵਿਚ ਲਿਖਿਆ ਹੈ:

ਚਰਨ ਕਮਲ ਗੋਬਿੰਦ ਰੰਗੁ ਲਾਗਾ ॥ ਸੰਤ ਪ੍ਰਸਾਦਿ ਭਏ ਮਨ ਨਿਰਮਲ, ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥ਰਹਾਉ॥ {ਪੰਨਾ 343}

ਪਦ ਅਰਥ: ਕਹਿ = ਕਹੈ, ਆਖਦਾ ਹੈ। ਉਰਵਾਰ ਨ ਪਾਰ = ਜਿਸ ਪ੍ਰਭੂ ਦਾ ਨਾਹ ਉਰਲਾ ਬੰਨਾ ਤੇ ਨਾਹ ਪਾਰਲਾ ਬੰਨਾ ਦਿੱਸਦਾ ਹੈ, ਜੋ ਪਰਮਾਤਮਾ ਬੇਅੰਤ ਹੈ। ਸਾਧਿਕ = ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲੇ। ਸਿਧ = ਪੁੱਗੇ ਹੋਏ, ਜੋ ਪ੍ਰਭੂ ਚਰਨਾਂ ਵਿਚ ਜੁੜ ਚੁਕੇ ਹਨ। ਭੇਉ = ਭੇਤ। ਕਰਤਾ = ਕਰਤਾਰ। ਦੇਉ = ਪ੍ਰਕਾਸ਼-ਸਰੂਪ ਪ੍ਰਭੂ। ਆਪੇ = ਆਪ ਹੀ ਆਪ, ਹਰ ਥਾਂ ਵਿਆਪਕ।

ਅਰਥ: (ਭਰਮੀ ਲੋਕ ਤਾਂ ਵਰਤ ਆਦਿਕ ਰੱਖ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਮਨਾਉਂਦੇ ਹਨ) , ਪਰ ਕਬੀਰ (ਇਹਨਾਂ ਥਿੱਤਾਂ ਵਾਰਾਂ ਦੀ ਰਾਹੀਂ ਹਰ ਰੋਜ਼) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜੋ ਬੇਅੰਤ ਹੈ। ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਭੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ (ਭਾਵ, ਡੂੰਘੀ ਸਾਂਝ ਉਸ ਨਾਲ ਬਣਾ ਲੈਂਦਾ ਹੈ) ਉਸ ਨੂੰ ਪ੍ਰਕਾਸ਼-ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿੱਸਦਾ ਹੈ।1।

ਥਿਤੀ ॥ ਅੰਮਾਵਸ ਮਹਿ ਆਸ ਨਿਵਾਰਹੁ ॥ ਅੰਤਰਜਾਮੀ ਰਾਮੁ ਸਮਾਰਹੁ ॥ ਜੀਵਤ ਪਾਵਹੁ ਮੋਖ ਦੁਆਰ ॥ ਅਨਭਉ ਸਬਦੁ ਤਤੁ ਨਿਜੁ ਸਾਰ ॥੧॥ {ਪੰਨਾ 343}

ਪਦ ਅਰਥ: ਨਿਵਾਰਹੁ = ਦੂਰ ਕਰੋ। ਅੰਮਾਵਸ ਮਹਿ = ਮੱਸਿਆ ਵਾਲੇ ਦਿਨ। ਸਮ੍ਹਾਰਹੁ = ਚੇਤੇ ਕਰੋ, ਸਿਮਰੋ। ਮੋਖ = ਮੁਕਤੀ, ਭਰਮਾਂ ਤੋਂ ਖ਼ਲਾਸੀ। ਅਨਭਉ = {Skt. AnuBv = Direct perception or cognition, knowledge derived from personal observation} ਉਹ ਸੂਝ ਜੋ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦੇ ਥਾਂ ਸਿੱਧਾ ਪ੍ਰਭੂ-ਚਰਨਾਂ ਵਿਚ ਜੁੜਿਆਂ ਹਾਸਲ ਹੁੰਦੀ ਹੈ। ਸਬਦੁ = ਸਤਿਗੁਰੂ ਦਾ ਸ਼ਬਦ। ਤਤੁ = ਅਸਲਾ। ਨਿਜੁ = ਨਿਰੋਲ ਆਪਣਾ। ਸਾਰੁ = ਸ੍ਰੇਸ਼ਟ। ਨਿਜੁ ਸਾਰੁ ਤਤੁ = ਨਿਰੋਲ ਆਪਣਾ ਸ੍ਰੇਸ਼ਟ ਅਸਲਾ।

ਅਰਥ: ਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ, ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ। (ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ। (ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ।1।

ਚਰਨ ਕਮਲ ਗੋਬਿੰਦ ਰੰਗੁ ਲਾਗਾ ॥ ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥ {ਪੰਨਾ 343}

ਪਦ ਅਰਥ: ਰੰਗੁ = ਪਿਆਰ। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਰਹਿੰਦਾ ਹੈ, ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ।

ਅਰਥ: ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ।1। ਰਹਾਉ।

ਪਰਿਵਾ ਪ੍ਰੀਤਮ ਕਰਹੁ ਬੀਚਾਰ ॥ ਘਟ ਮਹਿ ਖੇਲੈ ਅਘਟ ਅਪਾਰ ॥ ਕਾਲ ਕਲਪਨਾ ਕਦੇ ਨ ਖਾਇ ॥ ਆਦਿ ਪੁਰਖ ਮਹਿ ਰਹੈ ਸਮਾਇ ॥੨॥ ਦੁਤੀਆ ਦੁਹ ਕਰਿ ਜਾਨੈ ਅੰਗ ॥ ਮਾਇਆ ਬ੍ਰਹਮ ਰਮੈ ਸਭ ਸੰਗ ॥ ਨਾ ਓਹੁ ਬਢੈ ਨ ਘਟਤਾ ਜਾਇ ॥ ਅਕੁਲ ਨਿਰੰਜਨ ਏਕੈ ਭਾਇ ॥੩॥ ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥ ਆਨਦ ਮੂਲ ਪਰਮ ਪਦੁ ਪਾਵੈ ॥ ਸਾਧਸੰਗਤਿ ਉਪਜੈ ਬਿਸ੍ਵਾਸ ॥ ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥ {ਪੰਨਾ 343}

ਪਦ ਅਰਥ: ਪਰਿਵਾ = {Skt. pvLn` = the day of the new moon} ਏਕਮ ਥਿੱਤ। ਅਘਟ = ਅ-ਘਟ, ਜੋ ਸਰੀਰ-ਰਹਿਤ ਹੈ, ਜੋ ਸਰੀਰਾਂ ਦੀ ਕੈਦ ਵਿਚ ਨਹੀਂ ਹੈ। ਅਪਾਰ = ਅ-ਪਾਰ, ਬੇਅੰਤ। ਕਲਪਨਾ = ਚਿੰਤਾ-ਫਿਕਰ।2।

ਰਹੈ ਸਮਾਇ = ਲੀਨ ਰਹਿੰਦਾ ਹੈ। ਅੰਗ = ਹਿੱਸੇ। ਦੁਹ = ਦੋ। ਰਮੈ = ਮੌਜੂਦ ਹੈ, ਵਿਆਪਕ ਹੈ। ਏਕੈ ਭਾਇ = ਇਕ-ਸਾਰ, ਇਕ-ਸਮਾਨ, ਇਕੋ ਜਿਹਾ।3।

ਸਮ ਕਰਿ = ਸਾਵੇਂ ਕਰ ਕੇ। ਪਦੁ = ਦਰਜਾ, ਅਵਸਥਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਆਨਦ ਮੂਲ = ਆਨੰਦ ਦਾ ਸੋਮਾ। ਬਿਸ੍ਵਾਸ = ਯਕੀਨ, ਭਰੋਸਾ, ਸ਼ਰਧਾ। ਪ੍ਰਗਾਸ = ਚਾਨਣ, ਪ੍ਰਕਾਸ਼।4।

ਅਰਥ: ਜੋ ਪਰਮਾਤਮਾ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ (ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ। ਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ (ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ।2।

(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ, ਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ– ਮਾਇਆ ਅਤੇ ਬ੍ਰਹਮ। ਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ, ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ।3।

(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ) , ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ; ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ।4।

ਚਉਥਹਿ ਚੰਚਲ ਮਨ ਕਉ ਗਹਹੁ ॥ ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ ਜਲ ਥਲ ਮਾਹੇ ਆਪਹਿ ਆਪ ॥ ਆਪੈ ਜਪਹੁ ਆਪਨਾ ਜਾਪ ॥੫॥ {ਪੰਨਾ 343}

ਪਦ ਅਰਥ: ਚਉਥਹਿ = ਚੌਥੀ ਥਿੱਤ ਨੂੰ। ਕਉ = ਨੂੰ। ਗਹਹੁ = ਪਕੜ ਰੱਖੋ, ਵੱਸ ਵਿਚ ਲਿਆਓ। ਸੰਗਿ = ਨਾਲ। ਬਹਹੁ = ਬੈਠੋ। ਮਾਹੇ = ਵਿਚ। ਆਪਹਿ ਆਪ = ਆਪ ਹੀ ਆਪ। ਆਪੈ = ਉਸ 'ਆਪ' ਵਿਚ, ਉਸ ਦੀ ਜੋਤ ਵਿਚ। ਆਪਨਾ ਜਾਪੁ = ਉਹ ਜਾਪ ਜੋ ਤੁਹਾਡੇ ਕੰਮ ਆਵੇਗਾ।

ਅਰਥ: ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ, ਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ। ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ, ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ।5।

ਪਾਂਚੈ ਪੰਚ ਤਤ ਬਿਸਥਾਰ ॥ ਕਨਿਕ ਕਾਮਿਨੀ ਜੁਗ ਬਿਉਹਾਰ ॥ ਪ੍ਰੇਮ ਸੁਧਾ ਰਸੁ ਪੀਵੈ ਕੋਇ ॥ ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥ {ਪੰਨਾ 343}

ਪਦ ਅਰਥ: ਪਾਂਚੈ = ਪੰਜਵੀਂ ਥਿੱਤ ਨੂੰ, ਪੰਚਮੀ ਨੂੰ (ਇਹ ਚੇਤੇ ਰੱਖੋ) । ਬਿਸਥਾਰ = ਪਸਾਰਾ, ਖਿਲਾਰਾ। ਕਨਿਕ = ਸੋਨਾ, ਧਨ। ਕਾਮਿਨੀ = ਇਸਤ੍ਰੀ। ਜੁਗ = ਦੋਹਾਂ ਵਿਚ। ਬਿਉਹਾਰ = ਵਿਹਾਰ, ਰੁਝੇਵਾਂ। ਸੁਧਾ = ਅੰਮ੍ਰਿਤ। ਕੋਇ = ਕੋਈ, ਵਿਰਲਾ। ਜਰਾ = ਬੁਢੇਪਾ।

ਅਰਥ: ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ (ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ। ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ, (ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ।6।

ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥ ਬਿਨੁ ਪਰਚੈ ਨਹੀ ਥਿਰਾ ਰਹਾਇ ॥ ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥ ਕਰਮ ਧਰਮ ਕੀ ਸੂਲ ਨ ਸਹਹੁ ॥੭॥ {ਪੰਨਾ 343}

ਪਦ ਅਰਥ: ਛਠਿ = ਛਟ, ਛੇਵੀਂ ਥਿੱਤ। ਖਟੁ ਚਕ੍ਰ = ਪੰਜ ਗਿਆਨ-ਇੰਦਰੇ ਅਤੇ ਛੇਵਾਂ ਮਨ = ਇਹਨਾਂ ਛਿਆਂ ਦਾ ਜੱਥਾ। ਛਹੂੰ ਦਿਸ = ਛੇ ਪਾਸੀਂ, ਚਾਰ-ਤਰਫ਼ਾਂ, ਤੇ ਹੇਠਾਂ ਉਤਾਂਹ; (ਭਾਵ) ਸਾਰੇ ਸੰਸਾਰ ਵਿਚ। ਧਾਇ = ਭਟਕਦਾ ਹੈ। ਬਿਨੁ ਪਰਚੈ = ਪ੍ਰਭੂ ਵਿਚ ਪਤੀਜਣ ਤੋਂ ਬਿਨਾ, ਪ੍ਰਭੂ ਵਿਚ ਜੁੜਨ ਤੋਂ ਬਿਨਾ। ਦੁਬਿਧਾ = ਦੁਚਿੱਤਾ-ਪਨ, ਭਟਕਣਾ। ਖਿਮਾ = ਧੀਰਜ, ਜਿਰਾਂਦ। ਗਹਿ ਰਹਹੁ = ਧਾਰਨ ਕਰੋ। ਸੂਲ = ਦੁੱਖ, ਕਜ਼ੀਆ।

ਅਰਥ: ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ = ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ, ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ।

ਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ।7।

ਸਾਤੈਂ ਸਤਿ ਕਰਿ ਬਾਚਾ ਜਾਣਿ ॥ ਆਤਮ ਰਾਮੁ ਲੇਹੁ ਪਰਵਾਣਿ ॥ ਛੂਟੈ ਸੰਸਾ ਮਿਟਿ ਜਾਹਿ ਦੁਖ ॥ ਸੁੰਨ ਸਰੋਵਰਿ ਪਾਵਹੁ ਸੁਖ ॥੮॥ {ਪੰਨਾ 343}

ਪਦ ਅਰਥ: ਬਾਚਾ = ਗੁਰੂ ਦੇ ਬਚਨ। ਸਤਿ ਕਰਿ ਜਾਣਿ = ਸੱਚੇ ਸਮਝ, ਪੂਰੀ ਸ਼ਰਧਾ ਧਾਰ। ਆਤਮ ਰਾਮੁ = ਪਰਮਾਤਮਾ। ਲੇਹੁ ਪਰਵਾਣਿ = ਪ੍ਰੋ ਲਵੋ। ਛੂਟੈ = ਦੂਰ ਹੋ ਜਾਂਦਾ ਹੈ। ਸੰਸਾ = ਸਹਿਸਾ, ਸਹਿਮ। ਸੁੰਨ = ਸੁੰਞ, ਉਹ ਅਵਸਥਾ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ। ਸਰੋਵਰਿ = ਸਰੋਵਰ ਵਿਚ।

ਅਰਥ: ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ, (ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ; (ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ, ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ।

ਅਸਟਮੀ ਅਸਟ ਧਾਤੁ ਕੀ ਕਾਇਆ ॥ ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥ ਗੁਰ ਗਮ ਗਿਆਨ ਬਤਾਵੈ ਭੇਦ ॥ ਉਲਟਾ ਰਹੈ ਅਭੰਗ ਅਛੇਦ ॥੯॥ {ਪੰਨਾ 343}

ਪਦ ਅਰਥ: ਅਸਟ = ਅੱਠ। ਅਸਟ ਧਾਤੁ = ਅੱਠ ਧਾਤਾਂ (ਰਸ, ਰੁਧਿਰ, ਮਾਸ, ਮੇਧਾ, ਅਸਥੀ, ਮਿੱਝ, ਵੀਰਜ, ਨਾੜੀ) । ਅਕੁਲ = ਅਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਮਹਾ ਨਿਧਿ = ਵੱਡਾ ਖ਼ਜ਼ਾਨਾ, ਸਭ ਗੁਰੂ ਦਾ ਖ਼ਜ਼ਾਨਾ। ਗੁਰ ਗਮ ਗਿਆਨ = ਪਹੁੰਚ ਵਾਲੇ ਗੁਰੂ ਦਾ ਗਿਆਨ। ਉਲਟਾ = ਦੇਹ ਅੱਧਿਆਸ ਵਲੋਂ ਪਰਤ ਕੇ, ਸਰੀਰਕ ਮੋਹ ਛੱਡ ਕੇ। ਅਭੰਗ = ਅ-ਭੰਗ, ਅਬਿਨਾਸ਼ੀ। ਅਛੇਦ = ਅ-ਛੇਦ, ਜੋ ਵਿੰਨ੍ਹਿਆ ਨਾਹ ਜਾ ਸਕੇ।

ਅਰਥ: ਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ, ਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ। ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ, ਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ।9।

ਨਉਮੀ ਨਵੈ ਦੁਆਰ ਕਉ ਸਾਧਿ ॥ ਬਹਤੀ ਮਨਸਾ ਰਾਖਹੁ ਬਾਂਧਿ ॥ ਲੋਭ ਮੋਹ ਸਭ ਬੀਸਰਿ ਜਾਹੁ ॥ ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥ ਦਸਮੀ ਦਹ ਦਿਸ ਹੋਇ ਅਨੰਦ ॥ ਛੂਟੈ ਭਰਮੁ ਮਿਲੈ ਗੋਬਿੰਦ ॥ ਜੋਤਿ ਸਰੂਪੀ ਤਤ ਅਨੂਪ ॥ ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥ {ਪੰਨਾ 343-344}

ਪਦ ਅਰਥ: ਸਾਧਿ = (ਰਾਖਹੁ) ਸਾਧਿ, ਵੱਸ ਵਿਚ ਰੱਖੋ। ਬਹਤੀ ਮਨਸਾ = ਚੱਲਦੇ ਫੁਰਨੇ। ਬਾਂਧਿ = ਰੋਕ ਕੇ। ਜੁਗੁ ਜੁਗੁ = ਸਦਾ ਹੀ। ਅਮਰ = ਅ-ਮਰ, ਕਦੇ ਨਾਹ ਮੁੱਕਣ ਵਾਲਾ।10।

ਦਹ ਦਿਸਿ = ਦਸੀਂ ਪਾਸੀਂ, ਹਰ ਪਾਸੇ, ਸਾਰੇ ਸੰਸਾਰ ਵਿਚ। ਜੋਤਿ ਸਰੂਪੀ = ਉਹ ਪ੍ਰਭੂ ਜੋ ਨਿਰਾ ਨੂਰ ਹੀ ਨੂਰ ਹੈ। ਤਤ = ਅਸਲਾ, ਸਭ ਦਾ ਮੁੱਢ। ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ। ਅਮਲ = ਅ-ਮਲ, ਵਿਕਾਰ-ਰਹਿਤ। ਛਾਹ = ਹਨੇਰਾ, ਅਗਿਆਨਤਾ ਦਾ ਹਨੇਰਾ। ਧੂਪ = ਧੁੱਪ, ਵਿਕਾਰਾਂ ਦੀ ਅੱਗ।11।

ਨੋਟ: ਬੰਦ ਨੰ: 10, 11, 12, 13 ਅਤੇ 14 ਦਾ ਸਾਂਝਾ ਮਿਲਵਾਂ ਭਾਵ ਹੈ। ਜੋ 10 ਤੋਂ ਸ਼ੁਰੂ ਹੋ ਕੇ 14 ਤੇ ਮੁੱਕਦਾ ਹੈ।

ਅਰਥ: (ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ, ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ, ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ। (ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ।10।

(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ। (ਐਸੇ ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ।11।

TOP OF PAGE

Sri Guru Granth Darpan, by Professor Sahib Singh