ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 344 ਏਕਾਦਸੀ ਏਕ ਦਿਸ ਧਾਵੈ ॥ ਤਉ ਜੋਨੀ ਸੰਕਟ ਬਹੁਰਿ ਨ ਆਵੈ ॥ ਸੀਤਲ ਨਿਰਮਲ ਭਇਆ ਸਰੀਰਾ ॥ ਦੂਰਿ ਬਤਾਵਤ ਪਾਇਆ ਨੀਰਾ ॥੧੨॥ {ਪੰਨਾ 344} ਪਦ ਅਰਥ: ਏਕ ਦਿਸ = ਇੱਕ ਪਾਸੇ, ਇੱਕ ਪਰਮਾਤਮਾ ਵਲ। ਧਾਵੈ = ਦੌੜਦਾ ਹੈ, ਜਾਂਦਾ ਹੈ। ਤਉ = ਤਦੋਂ। ਸੰਕਟ = ਕਸ਼ਟ, ਦੁੱਖ-ਕਲੇਸ਼। ਬਹੁਰਿ = ਮੁੜ, ਫਿਰ। ਸੀਤਲ = ਠੰਢਾ। ਸਰੀਰਾ = (ਭਾਵ) ਗਿਆਨ-ਇੰਦ੍ਰੇ। ਨੀਰਾ = ਨੇੜੇ, ਆਪਣੇ ਅੰਦਰ ਹੀ। ਅਰਥ: (ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ, ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ। ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ, ਇਸ ਵਾਸਤੇ ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ।12। ਬਾਰਸਿ ਬਾਰਹ ਉਗਵੈ ਸੂਰ ॥ ਅਹਿਨਿਸਿ ਬਾਜੇ ਅਨਹਦ ਤੂਰ ॥ ਦੇਖਿਆ ਤਿਹੂੰ ਲੋਕ ਕਾ ਪੀਉ ॥ ਅਚਰਜੁ ਭਇਆ ਜੀਵ ਤੇ ਸੀਉ ॥੧੩॥ {ਪੰਨਾ 344} ਪਦ ਅਰਥ: ਬਾਰਸਿ = ਦੁਆਦਸੀ ਥਿੱਤ। ਬਾਰਹ ਸੂਰ = ਬਾਰ੍ਹਾਂ ਸੂਰਜ। ਉਗਵੈ = ਉਗਵੈਂ, ਚੜ੍ਹ ਪੈਂਦੇ ਹਨ। ਅਹਿ = ਦਿਨ। ਨਿਸਿ = ਰਾਤ। ਬਾਜੇ = ਵੱਜਦੇ ਹਨ। ਅਨਹਦ = ਬਿਨਾ ਵਜਾਇਆਂ, ਇੱਕ-ਰਸ, ਸਦਾ। ਤੂਰ = ਵਾਜੇ। ਤਿਹੂੰ ਲੋਕ ਕਾ = ਤਿੰਨਾਂ ਹੀ ਭਵਨਾਂ ਦਾ। ਪੀਉ = ਮਾਲਕ। ਤੇ = ਤੋਂ। ਸੀਉ = ਸ਼ਿਵ, ਕਲਿਆਣ-ਸਰੂਪ ਪਰਮਾਤਮਾ। ਅਰਥ: (ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ) , ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ, ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ; ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।13। ਤੇਰਸਿ ਤੇਰਹ ਅਗਮ ਬਖਾਣਿ ॥ ਅਰਧ ਉਰਧ ਬਿਚਿ ਸਮ ਪਹਿਚਾਣਿ ॥ ਨੀਚ ਊਚ ਨਹੀ ਮਾਨ ਅਮਾਨ ॥ ਬਿਆਪਿਕ ਰਾਮ ਸਗਲ ਸਾਮਾਨ ॥੧੪॥ {ਪੰਨਾ 344} ਪਦ ਅਰਥ: ਤੇਰਸਿ = ਤ੍ਰਯੋਦਸ਼ੀ। ਤੇਰਹ = ਤ੍ਰਯੋਦਸ਼ੀ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ। ਅਗਮ = ਅ-ਗਮ, ਜਿਸ ਪਰਮਾਤਮਾ ਤਕ ਪਹੁੰਚ ਨਹੀਂ, ਅਪਹੁੰਚ। ਬਖਾਣਿ = ਬਖਾਣੇ, ਬਖਾਣੈ, ਉਚਾਰਦਾ ਹੈ, ਗੁਣ ਗਾਉਂਦਾ ਹੈ, ਸਿਫ਼ਤਿ-ਸਾਲਾਹ ਕਰਦਾ ਹੈ। ਅਰਧ = {ਅਧਹ} ਹੇਠਾਂ, ਪਤਾਲ। ਉਰਧ = ਉਤਾਂਹ, ਅਕਾਸ਼। ਅਰਧ ਉਰਧ ਬਿਚਿ = ਪਤਾਲ ਤੋਂ ਅਕਾਸ਼ ਤਕ, ਸਾਰੇ ਸੰਸਾਰ ਵਿਚ। ਸਮ = ਬਰਾਬਰ, ਇਕੋ ਜਿਹਾ। ਮਾਨ = ਆਦਰ। ਅਮਾਨ = ਅ-ਮਾਨ, ਨਿਰਾਦਰੀ। ਸਗਲ = ਸਾਰਿਆਂ ਵਿਚ। ਅਰਥ: (ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ) । ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ, ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ।14। ਚਉਦਸਿ ਚਉਦਹ ਲੋਕ ਮਝਾਰਿ ॥ ਰੋਮ ਰੋਮ ਮਹਿ ਬਸਹਿ ਮੁਰਾਰਿ ॥ ਸਤ ਸੰਤੋਖ ਕਾ ਧਰਹੁ ਧਿਆਨ ॥ ਕਥਨੀ ਕਥੀਐ ਬ੍ਰਹਮ ਗਿਆਨ ॥੧੫॥ {ਪੰਨਾ 344} ਪਦ ਅਰਥ: ਚਉਦਸਿ = ਚਉਦੇਂ ਦੀ ਥਿੱਤ, ਮੱਸਿਆ ਤੋਂ ਪਿਛੋਂ ਚੌਧਵੀਂ ਰਾਤ। ਚਉਦਹ ਲੋਕ = ਸੱਤ ਅਕਾਸ਼ ਅਤੇ ਸੱਤ ਪਤਾਲ; (ਭਾਵ) ਸਾਰੀ ਸ੍ਰਿਸ਼ਟੀ। ਮਝਾਰਿ = ਵਿਚ। ਰੋਮ ਰੋਮ ਮਹਿ = ਚੌਦ੍ਹਾਂ ਲੋਕਾਂ ਦੇ ਰੋਮ ਰੋਮ ਵਿਚ, ਸਾਰੀ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ। ਬਸਹਿ = ਵੱਸਦੇ ਹਨ (ਪ੍ਰਭੂ ਜੀ) । ਮੁਰਾਰਿ = (ਮੁਰ-ਅਰਿ) ਮੁਰ ਦੈਂਤ ਦਾ ਵੈਰੀ, ਪ੍ਰਭੂ। ਕਥਨੀ ਕਥੀਐ = (ਉਹ) ਗੱਲਾਂ ਕਰੀਏ, (ਉਹ) ਬੋਲ ਬੋਲੀਏ। ਬ੍ਰਹਮ ਗਿਆਨ = (ਜਿਨ੍ਹਾਂ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਹੋ ਜਾਏ, ਪਰਮਾਤਮਾ ਦੀ (ਸਰਬ-ਵਿਆਪਕਤਾ ਦੀ) ਸੂਝ ਪੈਦਾ ਹੋਵੇ। ਸਤ = ਦਾਨ, ਦੂਜਿਆਂ ਦੀ ਸੇਵਾ। ਸੰਤੋਖ = ਸਬਰ, ਉਸ ਦੀ ਬਖ਼ਸ਼ੀ ਦਾਤ ਵਿਚ ਰਾਜ਼ੀ ਰਹਿਣਾ। ਸਤ...ਧਿਆਨ = ਸਤ ਅਤੇ ਸੰਤੋਖ ਨੂੰ ਆਪਣੇ ਅੰਦਰ ਟਿਕਾਉ; ਇਹ ਵੇਖ ਕੇ ਕਿ ਪਰਮਾਤਮਾ ਹਰੇਕ ਘਟ ਵਿਚ ਵੱਸਦਾ ਹੈ। ਜੋ ਬਖ਼ਸ਼ਸ਼ ਤੁਹਾਡੇ ਉੱਤੇ ਹੋਈ ਹੈ ਉਸ ਵਿਚ ਰਾਜ਼ੀ ਰਹੋ ਅਤੇ ਇਸ ਦਾਤ ਵਿਚੋਂ ਪ੍ਰਭੂ ਦੇ ਪੈਦਾ ਕੀਤੇ ਹੋਏ ਹੋਰ ਜੀਵਾਂ ਦੀ ਭੀ ਸੇਵਾ ਕਰੋ, ਕਿਉਂਕਿ ਸਭ ਵਿਚ ਉਹੀ ਵੱਸ ਰਿਹਾ ਹੈ, ਜੋ ਤੁਹਾਨੂੰ ਰੋਜ਼ੀ ਦੇ ਰਿਹਾ ਹੈ। ਅਰਥ: (ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ। ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ। (ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ।15। ਪੂਨਿਉ ਪੂਰਾ ਚੰਦ ਅਕਾਸ ॥ ਪਸਰਹਿ ਕਲਾ ਸਹਜ ਪਰਗਾਸ ॥ ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥ ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥ {ਪੰਨਾ 344} ਪਦ ਅਰਥ: ਪੂਨਿਉ = ਪੁੰਨਿਆ, ਪੂਰਨਮਾਸ਼ੀ, ਉਹ ਥਿੱਤ ਜਦੋਂ ਚੰਦ ਮੁਕੰਮਲ ਹੁੰਦਾ ਹੈ। ਅਕਾਸ = ਗਗਨ, ਦਸਮ-ਦੁਆਰ, ਚਿਦਾਕਾਸ਼, ਚਿੱਤ-ਰੂਪ ਅਕਾਸ਼। ਪਸਰਹਿ = ਖਿਲਰਦੀਆਂ ਹਨ। ਕਲਾ = ਚੰਦ ਦੀਆਂ ਸਾਰੀਆਂ ਕਲਾਂ {ਨੋਟ: ਮੱਸਿਆ ਤੋਂ ਪਿੱਛੋਂ ਚੰਦ ਜਦੋਂ ਪਹਿਲੀ ਵਾਰ ਆਕਾਸ਼ ਵਿਚ ਚੜ੍ਹਦਾ ਹੈ, ਤਾਂ ਇਹ ਚੰਦ ਦੀ ਇੱਕ ਕਲਾ ਕਹੀ ਜਾਂਦੀ ਹੈ। ਹਰੇਕ ਰਾਤ ਨੂੰ ਇਕ ਇਕ ਕਲਾ ਵਧਦੀ ਜਾਂਦੀ ਹੈ, ਤੇ ਪੂਰਨਮਾਸ਼ੀ ਨੂੰ ਚੰਦ ਦੀਆਂ ਕਲਾਂ ਦਾ ਪਰਕਾਸ਼ ਹੋ ਜਾਂਦਾ ਹੈ}। ਆਦਿ ਅੰਤਿ ਮਧਿ = ਸ਼ੁਰੂ ਤੋਂ, ਅਖ਼ੀਰ ਤਕ, ਵਿਚਾਰਕਲੇ ਸਮੇ ਵਿਚ ਭੀ (ਭਾਵ, ਸਦਾ ਹੀ) । ਥੀਰ = ਥਿਰ, ਕਾਇਮ। ਸੁਖ ਸਾਗਰ = ਸੁੱਖਾਂ ਦਾ ਸਮੁੰਦਰ-ਪ੍ਰਭੂ। ਰਮਹਿ = (ਜੇ) ਤੂੰ ਸਿਮਰੇਂ। ਕਬੀਰ = ਹੇ ਕਬੀਰ! ਅਰਥ: ਜੋ ਪਰਮਾਤਮਾ ਸ੍ਰਿਸ਼ਟੀ ਦੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਹੈ, ਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ, ਤਾਂ ਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ ਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ। 16। ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥ ਬਾਰ ਬਾਰ ਹਰਿ ਕੇ ਗੁਨ ਗਾਵਉ ॥ ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥ {ਪੰਨਾ 344} ਵਾਰ = ਦਿਨ। ਇਹ ਬਾਣੀ ਦਿਨਾਂ ਦੇ ਨਾਵਾਂ ਤੇ ਹੈ, ਜਿਵੇਂ ਪਿਛਲੀ ਬਾਣੀ ਥਿੱਤਾਂ ਦੇ ਨਾਮ ਵਰਤ ਕੇ ਲਿਖੀ ਗਈ ਹੈ। ਬਾਰ ਬਾਰ ਹਰਿ ਕੇ ਗੁਨ ਗਾਵਉ ॥ ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥ {ਪੰਨਾ 344} ਪਦ ਅਰਥ: ਬਾਰ ਬਾਰ = ਮੁੜ ਮੁੜ, ਸਦਾ, ਹਰ ਵੇਲੇ। ਗਾਵਉ = ਗਾਵਉਂ, ਮੈਂ ਗਾਉਂਦਾ ਹਾਂ। ਗਮਿ = ਗਮ ਕੇ, ਜਾ ਕੇ, ਅੱਪੜ ਕੇ। ਗੁਰ ਗਮਿ = ਗੁਰੂ ਪਾਸ ਜਾ ਕੇ, ਗੁਰੂ ਦੇ ਚਰਨਾਂ ਵਿਚ ਅੱਪੜ ਕੇ। ਹਰਿ ਕਾ ਭੇਦੁ = ਪਰਮਾਤਮਾ ਦਾ ਭੇਤ, ਪਰਮਾਤਮਾ ਨੂੰ ਮਿਲਣ ਦਾ ਭੇਤ, ਉਹ ਡੂੰਘਾ ਰਾਜ਼ ਜਿਸ ਨਾਲ ਪਰਮਾਤਮਾ ਮਿਲ ਸਕਦਾ ਹੈ। ਪਾਵਉ = ਪਾਵਉਂ, ਮੈਂ ਲੱਭ ਰਿਹਾ ਹਾਂ, ਮੈਂ ਲੱਭ ਲਿਆ ਹੈ। ਸੁ = ਉਹ। ਸੁ ਭੇਦੁ = ਉਹ ਭੇਤ। ਅਰਥ: ਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਉਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ (ਤੇ, ਉਹ ਇਹ ਹੈ ਕਿ) ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ) ।1। ਰਹਾਉ। ਨੋਟ: 'ਰਹਾਉ' ਵਿਚ ਦਿੱਤੇ ਇਸ ਖ਼ਿਆਲ ਦੀ ਵਿਆਖਿਆ ਬਾਕੀ ਦੀ ਬਾਣੀ ਵਿਚ ਕੀਤੀ ਗਈ ਹੈ। ਆਦਿਤ ਕਰੈ ਭਗਤਿ ਆਰੰਭ ॥ ਕਾਇਆ ਮੰਦਰ ਮਨਸਾ ਥੰਭ ॥ ਅਹਿਨਿਸਿ ਅਖੰਡ ਸੁਰਹੀ ਜਾਇ ॥ ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥ {ਪੰਨਾ 344} ਪਦ ਅਰਥ: ਆਦਿਤ = {Skt. AwidÄX, ਆਦਿਤ੍ਯ} ਸੂਰਜ। ਆਦਿਤ = ਆਇਤ, ਐਤ। ਆਦਿਤ ਵਾਰ = ਐਤਵਾਰ। {ਨੋਟ: ਇਹ ਦਿਨ ਸੂਰਜ ਦੇ ਨਾਮ ਨਾਲ ਸੰਬੰਧਤ ਹੈ, ਇਹ ਦਿਨ ਸੂਰਜ ਦਾ ਮਿਥਿਆ ਗਿਆ ਹੈ}। ਕਾਇਆ = ਸਰੀਰ। ਮੰਦਰ = ਘਰ। ਮਨਸਾ = ਫੁਰਨੇ। ਥੰਭ = ਥੰਮ੍ਹੀ, ਸਹਾਰਾ। ਅਹਿ = ਦਿਨ। ਨਿਸਿ = ਰਾਤ। ਅਖੰਡ = ਅਟੁੱਟ, ਲਗਾਤਾਰ। ਸੁਰਹੀ = ਸੁਰਭੀ, ਸੁਗੰਧੀ, ਭਗਤੀ ਨਾਲ ਸੁਗੰਧਤ ਹੋਈ ਸੁਰਤ। ਜਾਇ = ਤੁਰੀ ਜਾਂਦੀ ਹੈ, ਜਾਰੀ ਰਹਿੰਦੀ ਹੈ। ਤਉ = ਤਦੋਂ। ਅਨਹਦ = ਇਕ-ਰਸ। ਬੇਣੁ = ਬੀਣਾ, ਬੰਸਰੀ। ਸਹਜ ਮਹਿ = ਸਹਿਜ ਅਵਸਥਾ ਵਿਚ, ਮਨ ਦੀ ਅਡੋਲ ਹਾਲਤ ਵਿਚ। ਬਾਇ = ਵੱਜਦੀ ਹੈ। ਅਰਥ: ('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ, ਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ, ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ) । ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, ਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ।1। ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥ ਚਾਖਤ ਬੇਗਿ ਸਗਲ ਬਿਖ ਹਰੈ ॥ ਬਾਣੀ ਰੋਕਿਆ ਰਹੈ ਦੁਆਰ ॥ ਤਉ ਮਨੁ ਮਤਵਾਰੋ ਪੀਵਨਹਾਰ ॥੨॥ {ਪੰਨਾ 344} ਪਦ ਅਰਥ: ਸੋਮ = ਚੰਦ੍ਰਮਾ। ਸੋਮਵਾਰ = ਚੰਦ ਨਾਲ ਸੰਬੰਧ ਰੱਖਣ ਵਾਲਾ ਦਿਨ। ਸੋਮਵਾਰਿ = ਸੋਮ ਦੇ ਦਿਹਾੜੇ। ਸਸਿ = ਚੰਦ, ਚੰਦ ਦੀ ਠੰਢ। ਸਸਿ ਅੰਮ੍ਰਿਤੁ = ਸ਼ਾਂਤੀ ਦਾ ਅੰਮ੍ਰਿਤ। ਝਰੈ = ਵਰ੍ਹਦਾ ਹੈ। ਚਾਖਤ = ਚੱਖਦਿਆਂ। ਬੇਗਿ = ਤੁਰਤ, ਛੇਤੀ। ਸਗਲ = ਸਾਰੇ। ਬਿਖੁ = ਜ਼ਹਿਰ, ਵਿਕਾਰ। ਹਰੈ = ਦੂਰ ਕਰ ਦੇਂਦਾ ਹੈ। ਰਹੈ ਦੁਆਰਿ = ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ। ਮਤਵਾਰੋ = ਮਤਵਾਲਾ, ਮਸਤ। ਅਰਥ: ('ਬਾਰ ਬਾਰ ਹਰਿ ਕੇ ਗੁਨ' ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ, (ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ, ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ।2। ਮੰਗਲਵਾਰੇ ਲੇ ਮਾਹੀਤਿ ॥ ਪੰਚ ਚੋਰ ਕੀ ਜਾਣੈ ਰੀਤਿ ॥ ਘਰ ਛੋਡੇਂ ਬਾਹਰਿ ਜਿਨਿ ਜਾਇ ॥ ਨਾਤਰੁ ਖਰਾ ਰਿਸੈ ਹੈ ਰਾਇ ॥੩॥ {ਪੰਨਾ 344} ਪਦ ਅਰਥ: ਮੰਗਲ = {mzgl The planet Mars} ਮੰਗਲ ਤਾਰਾ। ਮੰਗਲਵਾਰ = ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲਾ ਦਿਨ। ਲੇ = ਲੈਂਦਾ ਹੈ। ਮਾਹੀਤਿ = ਮੁਹੀਤ, ਘੇਰਾ, ਕਿਲ੍ਹਾ। ਜਾਣੈ = ਜਾਣ ਲੈਂਦਾ ਹੈ। ਰੀਤਿ = ਤਰੀਕਾ, ਢੰਗ। ਜਿਨਿ ਛੋਡੇਂ = ਮਤਾਂ ਛੱਡੇਂ, ਨਾਹ ਛੱਡੀਂ। ਜਿਨਿ ਜਾਏ = ਮਤਾਂ ਜਾਏਂ, ਨਾਹ ਜਾਈਂ। ਘਰ = ਹਿਰਦਾ-ਘਰ ਜਿਸ ਦੇ ਦੁਆਲੇ ਕਿਲ੍ਹਾ ਬਣ ਚੁਕਾ ਹੈ। ਨਾਤਰੁ = ਨਹੀਂ ਤਾਂ, ਜੇ ਤੂੰ ਬਾਹਰ ਚਲਾ ਗਿਆ। ਰਿਸੈ ਹੈ– ਖਿੱਝ ਜਾਏਗਾ। ਰਿਸ = {Skt. ir = ` to be injured, to meet with a misfortune} ਬਿਪਤਾ ਵਿਚ ਪੈ ਜਾਣਾ, ਦੁਖੀ ਹੋਣਾ। ਰਾਇ = ਰਾਜਾ, ਮਨ-ਰਾਜਾ। ਅਰਥ: ('ਬਾਰ ਬਾਰ ਹਰਿ ਕੇ ਗੁਨ' ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ, ਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ) । (ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ) , ਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ।3। ਬੁਧਵਾਰਿ ਬੁਧਿ ਕਰੈ ਪ੍ਰਗਾਸ ॥ ਹਿਰਦੈ ਕਮਲ ਮਹਿ ਹਰਿ ਕਾ ਬਾਸ ॥ ਗੁਰ ਮਿਲਿ ਦੋਊ ਏਕ ਸਮ ਧਰੈ ॥ ਉਰਧ ਪੰਕ ਲੈ ਸੂਧਾ ਕਰੈ ॥੪॥ {ਪੰਨਾ 344} ਪਦ ਅਰਥ: ਬੁਧਿ = ਅਕਲ। ਪ੍ਰਗਾਸੁ = ਚਾਨਣ। ਬਾਸੁ = ਨਿਵਾਸ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਦੋਊ = ਦੋਵੇਂ, ਹਿਰਦਾ ਤੇ ਪਰਮਾਤਮਾ। ਏਕ ਸਮ = ਇਕੱਠੇ। ਉਰਧ = (ਮਾਇਆ ਵਲ) ਉਲਟਿਆ ਹੋਇਆ, ਪਰਤਿਆ ਹੋਇਆ। ਪੰਕ = ਪੰਕਜ, ਹਿਰਦਾ-ਕਮਲ। ਸੂਧਾ = ਸਿੱਧਾ, ਪਰਮਾਤਮਾ ਵਲ ਸਨਮੁਖ। ਲੈ = ਵੱਸ ਵਿਚ ਕਰ ਕੇ। ਅਰਥ: ('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ, ਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ; ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ, (ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ।4। ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥ ਤੀਨਿ ਦੇਵ ਏਕ ਸੰਗਿ ਲਾਇ ॥ ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥ {ਪੰਨਾ 344} ਪਦ ਅਰਥ: ਬ੍ਰਿਹਸਪਤਿ = {The planet jupiter} ਇਕ ਤਾਰੇ ਦਾ ਨਾਮ ਹੈ। ਬ੍ਰਿਹਸਪਤਿ ਵਾਰ = ਵੀਰਵਾਰ। ਬਿਖਿਆ = ਮਾਇਆ। ਦੇਇ ਬਹਾਇ = ਬਹਾਇ ਦੇਇ, ਰੋੜ੍ਹ ਦੇਂਦਾ ਹੈ। ਤੀਨਿ ਦੇਵ = ਬਿਖਿਆ ਦੇ ਤਿੰਨੇ ਦੇਵਤੇ, ਮਾਇਆ ਦੇ ਤਿੰਨ ਗੁਣ। ਏਕ ਸੰਗਿ = ਇੱਕ ਦੀ ਸੰਗਤ ਵਿਚ। ਲਾਇ = ਜੋੜ ਦੇਂਦਾ ਹੈ, ਲੀਨ ਕਰ ਦੇਂਦਾ ਹੈ। ਤੀਨਿ ਨਦੀ = ਮਾਇਆ ਦੇ ਤਿੰਨ ਗੁਣਾਂ ਦੀਆਂ ਨਦੀਆਂ। ਤ੍ਰਿਕੁਟੀ = {ਤ੍ਰਿ-ਕੁਟੀ। ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤ੍ਰਿਊੜੀ, ਤਿੰਨ ਵਿੰਗੀਆਂ ਲਕੀਰਾਂ, ਮੱਥੇ ਦੀ ਤਿਊੜੀ ਜੋ ਹਿਰਦੇ ਵਿਚ ਖਿੱਝ ਪੈਦਾ ਹੋਇਆਂ ਮੱਥੇ ਉੱਤੇ ਪੈ ਜਾਂਦੀ ਹੈ, ਖਿੱਝ। ਅਹਿਨਿਸਿ = ਦਿਨ ਰਾਤ। ਕਸਮਲ = ਪਾਪ। ਧੋਵਹਿ ਨਾਹਿ = ਨਹੀਂ ਪੈਂਦੇ। {ਨੋਟ: ਕਈ ਟੀਕਾਕਾਰ ਸੱਜਣ ਲਫ਼ਜ਼ 'ਨਾਹਿ' ਦਾ ਅਰਥ ਕਰਦੇ ਹਨ, 'ਨ੍ਹਾ ਕੇ, ਇਸ਼ਨਾਨ ਕਰ ਕੇ'। ਪਰ ਇਹ ਬਿਲਕੁਲ ਗ਼ਲਤ ਹੈ, ਲਫ਼ਜ਼ 'ਨਾਹਿ' ਦਾ ਅਰਥ ਸਦਾ 'ਨਹੀਂ' ਹੀ ਹੁੰਦਾ ਹੈ। } ਅਰਥ: ('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ, ਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ। (ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ, ਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ।5। ਨੋਟ: 'ਰਹਾਉ' ਦੀਆਂ ਤੁਕਾਂ ਵਿਚ ਕਬੀਰ ਜੀ ਨੇ ਲਿਖਿਆ ਹੈ ਕਿ ਪ੍ਰਭੂ ਨੂੰ ਮਿਲਣ ਵਾਸਤੇ ਭੇਤ ਦੀ ਗੱਲ ਬੱਸ ਇਕੋ ਹੀ ਹੈ– ਮੁੜ ਮੁੜ ਪ੍ਰਭੂ ਦੇ ਗੁਣ ਗਾਉਣੇ। ਸਾਰੀ ਬਾਣੀ ਵਿਚ ਇਸੇ ਹੀ ਖ਼ਿਆਲ ਦੀ ਵਿਆਖਿਆ ਹੈ। ਲਫ਼ਜ਼ 'ਤ੍ਰਿਕੁਟੀ' ਵੇਖ ਕੇ ਤੁਰਤ ਇਹ ਆਖ ਦੇਣਾ, ਕਿ ਕਬੀਰ ਜੀ ਇੱਥੇ ਇੜਾ ਪਿੰਗਲਾ ਸੁਖਮਨਾ ਦੇ ਅੱਭਿਆਸ ਦੀ ਸਿਫ਼ਾਰਸ਼ ਕਰ ਰਹੇ ਹਨ, ਭਾਰੀ ਭੁੱਲ ਹੈ। ਕਬੀਰ ਜੀ ਕਦੇ ਭੀ ਜੋਗਾਭਿਆਸੀ ਜਾਂ ਪ੍ਰਾਣਾਯਾਮੀ ਨਹੀਂ ਰਹੇ, ਨਾਹ ਹੀ ਉਹ ਇਸ ਰਸਤੇ ਨੂੰ ਸਹੀ ਮੰਨਦੇ ਹਨ। ਅਸਾਂ ਕਬੀਰ ਜੀ ਨੂੰ ਉਹਨਾਂ ਦੀ ਬਾਣੀ ਵਿਚੋਂ ਵੇਖਣਾ ਹੈ, ਲੋਕਾਂ ਦੀਆਂ ਘੜੀਆਂ ਕਹਾਣੀਆਂ ਤੋਂ ਨਹੀਂ। {ਪੜ੍ਹੋ ਮੇਰਾ ਮਜ਼ਮੂਨ 'ਕੀ ਕਬੀਰ ਜੀ ਕਦੇ ਜੋਗ-ਅੱਭਿਆਸੀ ਜਾਂ ਪ੍ਰਾਣਾਯਾਮੀ ਭੀ ਰਹੇ ਹਨ'?} ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ ਅਨਦਿਨ ਆਪਿ ਆਪ ਸਿਉ ਲੜੈ ॥ ਸੁਰਖੀ ਪਾਂਚਉ ਰਾਖੈ ਸਬੈ ॥ ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥ {ਪੰਨਾ 344} ਨੋਟ: ਹੁਣ ਤਕ ਅਸੀਂ ਵੇਖਦੇ ਆਏ ਹਾਂ ਕਿ ਹਰੇਕ 'ਵਾਰ' ਦੇ ਨਾਮ ਦਾ ਪਹਿਲਾ ਅੱਖਰ ਵਰਤ ਕੇ ਹਰੇਕ ਪਉੜੀ ਲਿਖੀ ਹੈ; ਜਿਵੇਂ:
ਆਦਿਤ . . . ਤੋਂ . . . ਆਰੰਭ ਪਰ ਇਸ ਪਉੜੀ ਨੰ: 6 ਵਿਚ ਲਫ਼ਜ਼ 'ਸੁਕ੍ਰਵਾਰ' ਨਹੀਂ ਵਰਤਿਆ, ਇਸ ਦੇ ਪਹਿਲੇ ਅੱਖਰ ਨਾਲ ਮੇਲ ਖਾਣ ਵਾਲਾ ਸ਼ਬਦ 'ਸੁਕ੍ਰਿਤੁ' ਵਰਤ ਦਿੱਤਾ ਹੈ। ਸੁਕ੍ਰਿਤੁ = ਭਲਾ ਕੰਮ, ('ਬਾਰ ਬਾਰ ਹਰਿ ਕੇ ਗੁਨ' ਗਾਵਣ ਦਾ) ਸ਼ੁਭ ਕੰਮ। ਸਹਾਰੈ = ਸਹਾਰਾ ਬਣਾ ਲੈਂਦਾ ਹੈ, ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਬ੍ਰਤ = {Skt. vRq = a vow, mode of life} ਔਖੀ ਜੀਵਨ-ਜੁਗਤ ਦਾ ਪ੍ਰਣ, ਜੀਵਨ-ਜੁਗਤ-ਰੂਪ ਔਖੀ ਘਾਟੀ। ਬ੍ਰਤਿ = ਔਖੀ ਜੀਵਨ-ਜੁਗਤ ਦੇ ਪ੍ਰਣ ਉੱਤੇ, ਜੀਵਨ-ਜੁਗਤ-ਰੂਪ ਔਖੀ ਘਾਟੀ ਉੱਤੇ। ਨੋਟ: ਮਨ ਨੂੰ ਵਿਕਾਰਾਂ ਵਲੋਂ ਰੋਕ ਕੇ ਪ੍ਰਭੂ ਦਾ ਸਿਮਰਨ ਕਰਨਾ ਇਕ ਔਖਾ ਰਸਤਾ ਹੈ, ਪਹਾੜੀ ਰਸਤਾ ਹੈ, ਘਾਟੀ ਉੱਤੇ ਚੜ੍ਹਨ ਸਮਾਨ ਹੈ: ਕਬੀਰ ਜਿਹ ਮਾਰਗਿ ਪੰਡਿਤ ਗਏ, ਪਾਛੈ ਪਰੀ ਬਹੀਰ ॥ ਪਦ ਅਰਥ: ਅਨਦਿਨੁ = ਹਰ ਰੋਜ਼, ਹਰ ਵੇਲੇ। ਸਿਉ = ਨਾਲ। ਸੁਰਖੀ = {Skt. Hã = Ik} ਇੰਦ੍ਰੇ। ਰਾਖੈ = ਵੱਸ ਵਿਚ ਰੱਖਦਾ ਹੈ। ਦੂਜੀ ਦ੍ਰਿਸਟਿ = ਮੇਰ-ਤੇਰ ਵਾਲੀ ਨਿਗਾਹ, ਵਿਤਕਰੇ ਵਾਲੀ ਨਜ਼ਰ। ਕਬੈ = ਕਦੇ ਭੀ। ਅਰਥ: ('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ, ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ) , ਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ, ਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ।6। ਥਾਵਰ ਥਿਰੁ ਕਰਿ ਰਾਖੈ ਸੋਇ ॥ ਜੋਤਿ ਦੀ ਵਟੀ ਘਟ ਮਹਿ ਜੋਇ ॥ ਬਾਹਰਿ ਭੀਤਰਿ ਭਇਆ ਪ੍ਰਗਾਸੁ ॥ ਤਬ ਹੂਆ ਸਗਲ ਕਰਮ ਕਾ ਨਾਸੁ ॥੭॥ {ਪੰਨਾ 344} ਅਰਥ: ਥਾਵਰ = ਛਨਿਛਰ ਵਾਰ। ਥਿਰੁ = ਟਿਕਵਾਂ। ਸੋਇ = ਸੋ (ਜੋਤਿ ਦੀਵਟੀ) , ਉਸ 'ਜੋਤਿ ਦੀਵਟੀ' ਨੂੰ। ਜੋਤਿ ਦੀਵਟੀ ਜੋਇ = ਜੋ ਜੋਤਿ ਦੀਵਟੀ। ਦੀਵਟੀ = ਸੁਹਣਾ ਜਿਹਾ ਨਿੱਕਾ ਜਿਹਾ ਦੀਵਾ। ਜੋਤਿ = ਪਰਮਾਤਮਾ ਦਾ ਨੂਰ। ਘਟਿ ਮਹਿ = ਹਿਰਦੇ ਵਿਚ, ਸਰੀਰ ਵਿਚ। ਭੀਤਰਿ = ਅੰਦਰ। ਪ੍ਰਗਾਸੁ = ਚਾਨਣ। ਕਰਮ = ਕੀਤੇ ਕੰਮਾਂ ਦੇ ਸੰਸਕਾਰ। ਤਬ = ਤਦੋਂ, ਇਸ ਅਵਸਥਾ ਵਿਚ ਅੱਪੜ ਕੇ। ਅਰਥ: ਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ ('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ, (ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ) । ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ।7। |
Sri Guru Granth Darpan, by Professor Sahib Singh |