ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 346 ਗਉੜੀ ਪੂਰਬੀ ਰਵਿਦਾਸ ਜੀਉ ੴ ਸਤਿਗੁਰ ਪ੍ਰਸਾਦਿ ॥ ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥ ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥ ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥ ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥ ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥ ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥ {ਪੰਨਾ 346} ਪਦ ਅਰਥ: ਕੂਪੁ = ਖੂਹ। ਦਾਦਿਰਾ = ਡੱਡੂ। ਬਿਦੇਸੁ = ਪਰਦੇਸ। ਬੂਝ = ਸਮਝ, ਵਾਕਫ਼ੀਅਤ। ਐਸੇ = ਇਸੇ ਤਰ੍ਹਾਂ। ਬਿਖਿਆ = ਮਾਇਆ। ਬਿਮੋਹਿਆ = ਚੰਗੀ ਤਰ੍ਹਾਂ ਮੋਹਿਆ ਹੋਇਆ। ਆਰਾ ਪਾਰੁ = ਉਰਲਾ ਤੇ ਪਾਰਲਾ ਬੰਨਾ। ਨ ਸੂਝ = ਨਹੀਂ ਸੁੱਝਦਾ।1। ਨਾਇਕਾ = ਹੇ ਮਾਲਕਾ! ਦਰਸੁ = ਦੀਦਾਰ।1। ਰਹਾਉ। ਮਲਿਨ = ਮਲੀਨ, ਮੈਲੀ। ਮਤਿ = ਅਕਲ। ਮਾਧਵਾ = ਹੇ ਪ੍ਰਭੂ! ਗਤਿ = ਹਾਲਤ। ਲਖੀ ਨ ਜਾਇ = ਪਛਾਣੀ ਨਹੀਂ ਜਾ ਸਕਦੀ। ਭ੍ਰਮੁ = ਭਟਕਣਾ। ਚੂਕਈ = ਮੁੱਕ ਜਾਏ। ਮੈ = ਮੈਨੂੰ।2। ਜੋਗੀਸਰ = ਜੋਗੀ+ਈਸਰ, ਵੱਡੇ ਵੱਡੇ ਜੋਗੀ। ਕਥਨੁ ਨਹੀ ਪਾਵਹਿ = ਅੰਤ ਨਹੀਂ ਪਾ ਸਕਦੇ। ਕੈ ਕਾਰਣੈ = ਦੀ ਖ਼ਾਤਰ। ਪ੍ਰੇਮ ਕੈ ਕਾਰਣੈ = ਪ੍ਰੇਮ (ਦੀ ਦਾਤਿ) ਹਾਸਲ ਕਰਨ ਲਈ। ਕਹੁ = ਆਖ। ਗੁਣ ਕਹੁ = ਗੁਣ ਬਿਆਨ ਕਰ, ਸਿਫ਼ਤਿ-ਸਾਲਾਹ ਕਰ। ਤੁਅ = ਤੇਰੇ।3। ਅਰਥ: ਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ; ਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਖੂਹ ਵਿਚੋਂ ਨਿਕਲਣ ਲਈ) ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ।1। ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ।1। ਰਹਾਉ। ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ) । ਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ।2। (ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ, (ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ।3।1। ਭਾਵ: ਪ੍ਰਭੂ-ਦਰ ਤੇ ਅਰਦਾਸਿ = ਹੇ ਪ੍ਰਭੂ! ਮੇਰੇ ਮਾਇਆ-ਮੋਹੇ ਮਨ ਨੂੰ ਆਪਣਾ ਦੀਦਾਰ ਬਖ਼ਸ਼ ਕੇ ਚੰਗੀ ਮੱਤੇ ਲਾਵੋ। ਗਉੜੀ ਬੈਰਾਗਣਿ ੴ ਸਤਿਗੁਰ ਪ੍ਰਸਾਦਿ ॥ ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ ਪਾਰੁ ਕੈਸੇ ਪਾਇਬੋ ਰੇ ॥ ਮੋ ਸਉ ਕੋਊ ਨ ਕਹੈ ਸਮਝਾਇ ॥ ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥ ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥ ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥ ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥ ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥ ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥ ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥ ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥ ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥ ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥ ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥ ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥ ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥ ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥ {ਪੰਨਾ 346} ਨੋਟ: 'ਰਹਾਉ' ਦੀਆਂ ਤੁਕਾਂ ਵਿਚ ਰਵਿਦਾਸ ਜੀ ਆਖਦੇ ਹਨ ਕਿ ਕੋਈ ਮਨੁੱਖ ਮੈਨੂੰ ਇਹ ਗੱਲ ਨਹੀਂ ਸਮਝਾ ਕੇ ਦੱਸਦਾ ਜੁ ਜਨਮ ਮਰਨ ਦਾ ਗੇੜ ਕਿਵੇਂ ਮੁੱਕੇਗਾ, ਤੇ ਜਗਤ ਦੇ ਸੰਹਸਿਆਂ ਵਿਚੋਂ ਖ਼ਲਾਸੀ ਕਿਵੇਂ ਹੋਵੇਗੀ। ਜਦੋਂ ਅਸੀਂ ਸ਼ਬਦ ਦੇ ਬਾਕੀ ਦੇ ਬੰਦ ਪੜ੍ਹਦੇ ਹਾਂ, ਤਾਂ ਇਹਨਾਂ ਵਿਚ ਭਗਤ ਜੀ ਆਖਦੇ ਹਨ ਕਿ (ਪੰਡਿਤ) ਲੋਕ ਕਈ ਤਰ੍ਹਾਂ ਦੇ ਕਰਮ ਕਾਂਡ ਦੀ ਆਗਿਆ ਕਰ ਰਹੇ ਹਨ। ਪਰ ਰਵਿਦਾਸ ਜੀ ਦੇ ਖ਼ਿਆਲ ਅਨੁਸਾਰ ਇਹ ਸਾਰੇ ਕਰਮ-ਧਰਮ ਵਿਕਾਰਾਂ ਸੰਹਸਿਆਂ ਤੋਂ ਪਾਰ ਨਹੀਂ ਲੰਘਾ ਸਕਦੇ। ਬੰਦ ਨੰ: 4 ਤਕ ਆਪ ਇਹੀ ਗੱਲ ਆਖਦੇ ਜਾ ਰਹੇ ਹਨ। ਬੰਦ ਨੰ: 5 ਤੋਂ ਭਗਤ ਜੀ ਨੇ ਆਪਣਾ ਮਤ ਦੱਸਣਾ ਸ਼ੁਰੂ ਕੀਤਾ ਹੈ ਕਿ ਗੁਰੂ-ਪਾਰਸ ਨੂੰ ਮਿਲਿਆਂ ਵਿਕਾਰਾਂ ਵਿਚ ਮਨੂਰ ਹੋਇਆ ਮਨ ਸੋਨਾ ਬਣ ਜਾਂਦਾ ਹੈ। ਅਖ਼ੀਰਲੇ ਬੰਦ ਵਿਚ ਫਿਰ ਆਖਦੇ ਹਨ ਕਿ ਕਰਮ ਕਾਂਡ ਆਦਿਕ ਦੇ ਹੋਰ ਸਾਰੇ ਜਤਨ ਵਿਅਰਥ ਹਨ, ਇਹਨਾਂ ਨਾਲ ਪ੍ਰਭੂ ਦੀ ਪ੍ਰੇਮਾ-ਭਗਤੀ ਪੈਦਾ ਨਹੀਂ ਹੁੰਦੀ, ਇਸ ਵਾਸਤੇ ਮੈਂ ਇਹ ਕਰਮ-ਕਾਂਡ ਨਹੀਂ ਕਰਦਾ। ਸ਼ਬਦ ਦੇ ਬੰਦਾਂ ਦੀ ਇਸ ਤਰਤੀਬ ਤੋਂ ਇਹ ਗੱਲ ਸਾਫ਼ ਦਿੱਸ ਰਹੀ ਹੈ ਕਿ ਪਹਿਲੇ ਬੰਦ ਵਿਚ ਭੀ ਰਵਿਦਾਸ ਜੀ ਪੰਡਿਤ ਲੋਕਾਂ ਦਾ ਹੀ ਮਤ ਬਿਆਨ ਕਰ ਰਹੇ ਹਨ, ਉਹਨਾਂ ਦੇ ਆਪਣੇ ਮਤ ਦਾ ਇਸ ਵਿਚ ਕੋਈ ਜ਼ਿਕਰ ਨਹੀਂ ਹੈ। ਹਿੰਦੂਆਂ ਦੇ ਪੁਰਾਣੇ ਧਰਮ-ਪੁਸਤਕ ਹੀ ਜੁਗਾਂ ਦੀ ਵੰਡ ਕਰਦੇ ਆਏ ਹਨ, ਤੇ, ਹਰੇਕ ਜੁਗ ਦਾ ਵਖ-ਵਖ ਧਰਮ ਦੱਸਦੇ ਆਏ ਹਨ। ਮਿਸਾਲ ਦੇ ਤੌਰ ਤੇ, ਪੁਸਤਕ 'ਮਹਾਭਾਰਤ' ਵਿਚ ਜੁਗਾਂ ਦੀ ਵੰਡ ਬਾਰੇ ਇਉਂ ਜ਼ਿਕਰ ਆਉਂਦਾ ਹੈ: wpry mN>_i#qÔqu, ਦ੍ਵਾਪਰੇ ਮੰਤ੍ਰਸ਼ਕਤਿਸਤੁ, ਗ੍ਯਾਨਸ਼ਕਿਤ: ਕ੍ਰਿਤੇ ਯੁਗੇ ॥ ਪਰ ਰਵਿਦਾਸ ਜੀ ਹਿੰਦੂ-ਸ਼ਾਸਤ੍ਰਾਂ ਦੀ ਕਿਸੇ ਕਿਸਮ ਦੀ ਜੁਗਾਂ ਦੀ ਵੰਡ ਨਾਲ ਸਹਿਮਤ ਨਹੀਂ ਹਨ। ਜੇ ਰਤਾ ਵਿਚਾਰ ਕੇ ਭੀ ਵੇਖੀਏ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਕਦੇ ਤਾਂ ਘੋੜੇ ਆਦਿਕ ਮਾਰ ਕੇ ਜੱਗ ਕਰਨਾ ਜੀਵਨ ਦਾ ਸਹੀ ਰਸਤਾ ਹੋਵੇ, ਕਦੇ ਤੀਰਥਾਂ ਦਾ ਇਸ਼ਨਾਨ ਮਨੁੱਖਾ ਜਨਮ ਦਾ ਮਨੋਰਥ ਹੋਵੇ, ਕਦੇ ਦੇਵਤਿਆਂ ਦੀ ਪੂਜਾ ਤੇ ਕਦੇ ਅਵਤਾਰਾਂ ਦੀ ਪੂਜਾ ਇਨਸਾਨੀ ਫ਼ਰਜ਼ ਹੋਵੇ। ਕੁਦਰਤਿ ਦੇ ਨਿਯਮ ਸਦਾ ਅਟਲ ਹਨ, ਜਦ ਤੋਂ ਸ੍ਰਿਸ਼ਟੀ ਬਣੀ ਹੈ, ਤੇ ਜਦ ਤਕ ਬਣੀ ਰਹੇਗੀ, ਇਹਨਾਂ ਨਿਯਮਾਂ ਵਿਚ ਕੋਈ ਫ਼ਰਕ ਨਹੀਂ ਪੈਣਾ। ਜਗਤ ਦੇ ਉਹੀ ਪੰਜ ਤੱਤ ਹੁਣ ਹਨ ਜੋ ਸ੍ਰਿਸ਼ਟੀ ਦੇ ਸ਼ੁਰੂ ਵਿਚ ਸਨ। ਮਨੁੱਖ ਆਪ ਭਟਕਣਾ-ਭੁਲੇਖੇ ਵਿਚ ਪੈ ਕੇ ਭਾਵੇਂ ਕਈ ਕੁਰੀਤੀਆਂ ਫੜ ਲੈਣ, ਪਰ ਪਰਮਾਤਮਾ ਅਤੇ ਉਸ ਦੇ ਪੈਦਾ ਕੀਤੇ ਜੀਵਾਂ ਦਾ ਪਰਸਪਰ ਸੰਬੰਧ ਸਦਾ ਤੋਂ ਇੱਕ-ਸਮਾਨ ਤੁਰਿਆ ਆ ਰਿਹਾ ਹੈ। ਇਸ ਸ਼ਬਦ ਵਿਚ ਜੋ ਖ਼ਾਸ ਧਿਆਨ-ਜੋਗ ਗੱਲ ਹੈ ਉਹ ਇਹ ਹੈ ਕਿ ਪਹਿਲੇ ਬੰਦ ਵਿਚ ਰਵਿਦਾਸ ਜੀ ਹਿੰਦੂ-ਸ਼ਾਸਤ੍ਰਾਂ ਦਾ ਹੀ ਪੱਖ ਦੱਸ ਰਹੇ ਹਨ, ਉਹਨਾਂ ਦੀ ਆਪਣੀ ਸੰਮਤੀ ਇਸ ਦੇ ਨਾਲ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਬੰਦ ਦੇ ਅਖ਼ੀਰ ਤੇ ਅੱਧੀ ਤੁਕ ਇਉਂ ਹੈ "ਕਲਿ ਕੇਵਲ ਨਾਮ ਅਧਾਰ"। ਓਪਰੀ ਨਜ਼ਰੇ ਅਸੀਂ ਇਸ ਭੁਲੇਖੇ ਵਿਚ ਪੈ ਜਾਂਦੇ ਹਾਂ ਕਿ ਇਹ ਭਗਤ ਜੀ ਦਾ ਆਪਣਾ ਸਿੱਧਾਂਤ ਹੈ, ਪਰ ਇਹ ਗੱਲ ਨਹੀਂ। ਰਵਿਦਾਸ ਜੀ ਇਸ ਦੀ ਬਾਬਤ ਭੀ ਇਹੀ ਆਖਦੇ ਹਨ ਕਿ: "ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ" ਆਸਾ ਦੀ ਵਾਰ ਦੀ ਪਉੜੀ ਨੰ: 6 ਦੇ ਨਾਲ ਪਹਿਲਾ ਸ਼ਲੋਕ ਭੀ ਇਸੇ ਕਿਸਮ ਦਾ ਹੈ। ਇਸ ਸ਼ਲੋਕ ਵਿਚ ਗੁਰੂ ਨਾਨਕ ਦੇਵ ਜੀ ਮੁਸਲਮਾਨ, ਹਿੰਦੂ, ਜੋਗੀ, ਦਾਨੀ, ਅਤੇ ਵਿਕਾਰੀ = ਇਹਨਾਂ ਦਾ ਜੀਵਨ-ਕਰਤੱਬ ਦੱਸ ਕੇ ਅਖ਼ੀਰ ਤੇ ਆਪਣਾ ਖ਼ਿਆਲ ਇਉਂ ਦੱਸਦੇ ਹਨ ਕਿ: ਨਾਨਕ ਭਗਤਾ ਭੁਖ ਸਾਲਾਹਣੁ, ਸਚੁ ਨਾਮ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ, ਗੁਣਵੰਤਿਆ ਪਾ ਛਾਰੁ ॥1॥6॥ ਪਰ ਟੀਕਾਕਾਰ ਸੱਜਣ ਇਸ ਸ਼ਲੋਕ ਦੀਆਂ ਪਹਿਲੀਆਂ ਦੋ ਤੁਕਾਂ ਦਾ ਅਰਥ ਕਰਨ ਵੇਲੇ ਟਪਲਾ ਖਾਂਦੇ ਤੁਰੇ ਆ ਰਹੇ ਹਨ; ਤੁਕਾਂ ਇਹ ਹਨ: "ਮੁਸਲਮਾਨਾ ਸਿਫ਼ਤਿ-ਸਰੀਅਤਿ, ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ" ॥ ਇਥੇ ਆਮ ਤੌਰ ਤੇ ਲੋਕ ਦੂਜੀ ਤੁਕ ਵਿਚ ਗੁਰੂ ਨਾਨਕ ਦੇਵ ਜੀ ਦਾ ਆਪਣਾ ਸਿੱਧਾਂਤ ਸਮਝਦੇ ਹਨ, ਪਰ ਇਹ ਖ਼ਿਆਲ ਉੱਕਾ ਹੀ ਗ਼ਲਤ ਹੈ; ਇਥੇ ਮੁਸਲਮਾਨੀ ਸ਼ਰਹ ਦਾ ਹੀ ਜ਼ਿਕਰ ਹੈ {ਪੜ੍ਹੋ ਮੇਰਾ "ਆਸਾ ਦੀ ਵਾਰ ਸਟੀਕ"}। ਇਸ ਤਰ੍ਹਾਂ ਰਵਿਦਾਸ ਜੀ "ਕਲਿ ਕੇਵਲ ਨਾਮ ਅਧਾਰ" ਵਿਚ ਆਪਣਾ ਮਤ ਨਹੀਂ ਦੱਸ ਰਹੇ, ਉਹ ਤਾਂ ਇਹ ਗੱਲ ਆਖ ਕੇ ਅਗਾਂਹ ਨਾਲ ਹੀ ਇਹ ਆਖਦੇ ਹਨ ਕਿ: "ਪਾਰੁ ਕੈਸੇ ਪਾਇਬੋ ਰੇ ॥ ਮੋ ਕਉ ਕੋਊ ਨ ਕਹੈ ਸਮਝਾਇ ॥ ਜਾ ਤੇ ਆਵਗਵਨੁ ਬਿਲਾਇ" ॥1॥ਰਹਾਉ॥ ਤਾਂ ਫਿਰ, ਜਿਨ੍ਹਾਂ ਲੋਕਾਂ ਨੇ ਜੁਗਾਂ ਦੀ ਵੰਡ ਕਰ ਕੇ "ਕਲਿ ਕੇਵਲ ਨਾਮ ਅਧਾਰ" ਆਖਿਆ, ਉਹਨਾਂ ਨੇ ਇਥੇ "ਨਾਮ" ਨੂੰ ਕੀਹ ਸਮਝਿਆ ਸੀ, ਅਤੇ ਰਵਿਦਾਸ ਜੀ ਕਿਉਂ ਇਸ ਦੀ ਨਿਖੇਧੀ ਕਰਦੇ ਹਨ? ਇਸ ਪ੍ਰਸ਼ਨ ਦਾ ਸਹੀ ਉੱਤਰ ਲੱਭਣ ਵਾਸਤੇ ਭੈਰਉ ਰਾਗ ਵਿਚ ਕਬੀਰ ਜੀ ਦੇ ਇਕ ਸ਼ਬਦ ਤੋਂ ਸਹਾਇਤਾ ਮਿਲਦੀ ਹੈ। ਸ਼ਬਦ ਨੰ: 11 ਵਿਚ ਕਬੀਰ ਜੀ ਮੁੱਲਾਂ, ਕਾਜੀ, ਸੁਲਤਾਨ, ਜੋਗੀ ਤੇ ਹਿੰਦੂ ਦਾ ਜ਼ਿਕਰ ਕਰਦੇ ਹੋਏ ਅਖ਼ੀਰਲੇ ਬੰਦ ਵਿਚ ਲਿਖਦੇ ਹਨ: "ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮ ਉਚਰੈ ॥ ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ" ॥4॥3॥11॥ ਇਥੇ ਕਬੀਰ ਜੀ ਜੋਗੀ, ਹਿੰਦੂ ਤੇ ਮੁਸਲਮਾਨ ਦੇ ਮਿਥੇ ਹੋਏ ਇਸ਼ਟ-ਪਰਮਾਤਮਾ ਦੀ ਨਿਖੇਧੀ ਕਰਦੇ ਹਨ, ਤੇ ਆਪਣੇ ਸੁਆਮੀ ਬਾਰੇ ਆਖਦੇ ਹਨ ਕਿ ਉਹ 'ਰਹਿਆ ਸਮਾਇ"। 'ਰਹਾਉ' ਵਿਚ ਭੀ ਆਪਣੇ 'ਸੁਆਮੀ' ਦੀ ਬਾਬਤ ਲਿਖਦੇ ਹਨ: "ਹੈ ਹਜੂਰਿ ਕਤਿ ਦੂਰਿ ਬਤਾਵਹੁ ॥ ਦੁੰਦਰ ਬਾਧਹੁ ਸੁੰਦਰ ਪਾਵਹੁ" ॥ {ਨੋਟ: ਇਸ ਸ਼ਬਦ ਦੀ ਘੁੰਡੀ ਨੂੰ ਵਿਸਥਾਰ ਨਾਲ ਸਮਝਣ ਵਾਸਤੇ ਭੈਰਉ ਰਾਗ ਵਿਚ ਇਸ ਸ਼ਬਦ ਦੇ ਨਾਲ ਲਿਖਿਆ ਮੇਰਾ ਨੋਟ ਪੜ੍ਹੋ}। ਕਬੀਰ ਜੀ ਹਿੰਦੂ ਦੇ ਜਿਸ "ਰਾਮ ਨਾਮ" ਦੀ ਨਿਖੇਧੀ ਕਰ ਰਹੇ ਹਨ, ਉਸੇ "ਨਾਮ ਅਧਾਰ" ਦੀ ਬਾਬਤ ਰਵਿਦਾਸ ਜੀ ਆਖਦੇ ਹਨ ਕਿ "ਪਾਰੁ ਕੈਸੇ ਪਾਇਬੋ ਰੇ"। ਸੋ, ਇਹ "ਰਾਮ ਨਾਮ" ਕਿਹੜਾ ਹੈ? ਇਹ ਹੈ "ਅਵਤਾਰੀ ਰਾਮ ਦਾ ਨਾਮ" ਇਹ ਹੈ ਅਵਤਾਰ-ਭਗਤੀ। ਸ਼ਾਸਤ੍ਰਾਂ ਦੀ ਵੰਡ-ਅਨੁਸਾਰ ਦਾਨ ਆਦਿਕ ਸਤਜੁਗ ਦਾ ਧਰਮ, ਜੱਗ ਤ੍ਰੇਤੇ ਦਾ ਧਰਮ, ਦੇਵਤਿਆਂ ਦੀ ਪੂਜਾ ਦੁਆਪਰ ਦਾ ਧਰਮ, ਅਤੇ ਅਵਤਾਰ-ਭਗਤੀ (ਮੂਰਤੀ-ਪੂਜਾ) ਕਲਜੁਗ ਦਾ ਧਰਮ ਹੈ। ਪਰ, ਰਵਿਦਾਸ ਜੀ ਲਿਖਦੇ ਹਨ ਕਿ ਇਹ ਚਾਰੇ ਹੀ ਧਰਮ ਕਮਾਉਣ ਨਾਲ: "ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ। " ਪਦ ਅਰਥ: ਸਤਜੁਗਿ = ਸਤਜੁਗ ਵਿਚ। ਸਤੁ = ਦਾਨ, ਸ਼ਾਸਤ੍ਰਾਂ ਦੀ ਵਿਧੀ ਅਨੁਸਾਰ ਕੀਤੇ ਹੋਏ ਦਾਨ ਆਦਿਕ ਕਰਮ। ਤੇਤਾ ਜਗੀ = ਤ੍ਰੇਤਾ ਜੁਗ ਜੁੱਗਾਂ ਵਿਚ (ਪ੍ਰਵਿਰਤ ਹੈ) । ਦੁਆਪਰਿ = ਦੁਆਪਰ ਵਿਚ। ਪੂਜਾਚਾਰ = ਪੂਜਾ ਆਚਾਰ, ਦੇਵਤਿਆਂ ਦੀ ਪੂਜਾ ਆਦਿਕ ਕਰਮ। ਦਿੜੇ = ਦ੍ਰਿੜ੍ਹ ਕਰ ਰਹੇ ਹਨ, ਪਕਿਆਈ ਕਰ ਰਹੇ ਹਨ, ਜ਼ੋਰ ਦੇ ਰਹੇ ਹਨ। ਨਾਮ ਅਧਾਰ = (ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਅਵਤਾਰ ਦੇ) ਨਾਮ ਦਾ ਆਸਰਾ, ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਵਿਚ ਸੁਰਤਿ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ।1। ਪਾਰੁ = ਸੰਸਾਰ-ਸਮੁੰਦਰ ਦਾ ਪਾਰਲਾ ਕੰਢਾ। ਪਾਇਬੋ = ਪਾਉਗੇ। ਰੇ = ਹੇ ਭਾਈ! ਹੇ ਪੰਡਿਤ! ਮੋ ਸਉ = ਮੈਨੂੰ। ਕੋਊ = ਇਹਨਾਂ ਕਰਮ-ਕਾਂਡੀ ਪੰਡਿਤਾਂ ਵਿਚੋਂ ਕੋਈ ਭੀ। ਆਵਾਗਵਨੁ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਬਿਲਾਇ = ਦੂਰ ਹੋ ਜਾਏ।1। ਰਹਾਉ। ਬਹੁ ਬਿਧਿ = ਕਈ ਤਰੀਕਿਆਂ ਨਾਲ। ਬਿਧਿ = ਵਿਧੀ, ਤਰੀਕਾ। ਧਰਮ = ਸ਼ਾਸਤ੍ਰਾਂ ਅਨੁਸਾਰ ਦੱਸੇ ਹੋਏ ਹਰੇਕ ਵਰਨ ਆਸ਼ਰਮ ਦੇ ਵੱਖ ਵੱਖ ਕਰਤੱਬ। ਨਿਰੂਪੀਐ = ਮਿਥੇ ਗਏ ਹਨ, ਹੱਦ-ਬੰਦੀ ਕੀਤੀ ਗਈ ਹੈ। ਸਭ ਲੋਇ = ਸਾਰਾ ਜਗਤ। ਕਰਤਾ ਦੀਸੈ = ਉਹਨਾਂ ਧਾਰਮਿਕ ਰਸਮਾਂ ਨੂੰ ਕਰਦਾ ਦਿੱਸ ਰਿਹਾ ਹੈ। ਜਿਹ ਸਾਧੇ = ਜਿਸ ਦੇ ਸਾਧਨ ਨਾਲ, ਜਿਸ ਧਾਰਮਿਕ ਰਸਮ ਦੇ ਕਰਨ ਨਾਲ। ਸਿਧਿ = ਕਾਮਯਾਬੀ, ਮਨੁੱਖਾ ਜਨਮ ਦੇ ਮਨੋਰਥ ਦੀ ਸਫਲਤਾ।2। ਕਰਮ = ਉਹ ਧਾਰਮਿਕ ਰਸਮਾਂ ਜੋ ਸ਼ਾਸਤ੍ਰਾਂ ਨੇ ਨਿਯਮ ਕੀਤਿਆਂ ਹਨ। ਅਕਰਮ = ਅ+ਕਰਮ, ਉਹ ਕੰਮ ਜੋ ਸ਼ਾਸਤ੍ਰਾਂ ਨੇ ਵਰਜੇ ਹੋਏ ਹਨ। ਸੁਨਿ = ਸੁਣ ਕੇ। ਸੰਸਾ = ਸੰਹਸਾ, ਸਹਿਮ, ਫ਼ਿਕਰ। ਹਿਰੈ = ਦੂਰ ਕਰੇ।3। ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ {ਨੋਟ: ਲਫ਼ਜ਼ 'ਬਾਹਰੁ' ਅਤੇ 'ਬਾਹਰਿ' ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ। 'ਬਾਹਰੁ' ਨਾਂਵ ਹੈ, ਅਤੇ 'ਬਾਹਰਿ, ਕ੍ਰਿਆ ਵਿਸ਼ੇਸ਼ਣ ਹੈ}। ਉਦਕਿ = ਉਦਕ ਨਾਲ, ਪਾਣੀ ਨਾਲ। ਪਖਾਰੀਐ = ਧੋ ਦੇਈਏ। ਘਟ = ਹਿਰਦਾ। ਬਿਬਿਧਿ = ਵਿ+ਵਿਧਿ, ਕਈ ਵਿਧੀਆਂ ਦੇ, ਕਈ ਕਿਸਮ ਦੇ। ਹੋਇਬੋ = ਹੋਵੋਗੇ। ਕੁੰਚਰ = ਹਾਥੀ। ਬਿਉਹਾਰ = ਵਿਹਾਰ, ਕੰਮ।4। ਰਵਿ = ਸੂਰਜ। ਰਜਨੀ = ਰੈਣਿ, ਰਾਤ। ਜਥਾ ਗਤਿ = ਜਿਵੇਂ ਦੂਰ ਹੋ ਜਾਂਦੀ ਹੈ। ਮਾਨੋ = ਜਾਣੋ। ਕਨਕ = ਸੋਨਾ। ਹੋਤ ਨਹੀ ਬਾਰ = ਚਿਰ ਨਹੀਂ ਲੱਗਦਾ।5। ਪਰਮ ਪਰਸ = ਸਭ ਪਾਰਸਾਂ ਤੋਂ ਵਧੀਆ ਪਾਰਸ। ਭੇਟੀਐ = ਮਿਲ ਪਏ। ਲਿਲਾਟ = ਮੱਥੇ ਉੱਤੇ। ਉਨਮਨ = {Skt. aNmns` = (Adj.) anxious, eager, impatient} ਤਾਂਘ-ਭਰਿਆ। ਉਨਮਨ ਮਨ = ਉਹ ਹਿਰਦਾ ਜਿਸ ਵਿਚ ਪ੍ਰਭੂ-ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ। ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਦਰ ਹੀ, ਅੰਤਰ-ਆਤਮੇ ਹੀ। ਬਜਰ = ਕਰੜੇ, ਸਖ਼ਤ, ਪੱਕੇ। ਕਪਾਟ = ਕਵਾੜ, ਦਰਵਾਜ਼ੇ ਦੇ ਭਿੱਤ।6। ਜੁਗਤਿ = ਤਰੀਕਾ, ਸਾਧਨ। ਭਗਤਿ ਜੁਗਤਿ = ਬੰਦਗੀ-ਰੂਪ ਸਾਧਨ (ਵਰਤ ਕੇ) । ਮਤਿ = ਬੁੱਧੀ, ਅਕਲ। ਸਤਿ ਕਰੀ = ਪੱਕੀ ਕਰ ਲਈ, ਦ੍ਰਿੜ੍ਹ ਕਰ ਲਈ, ਮਾਇਆ ਵਿਚ ਡੋਲਣ ਤੋਂ ਰੋਕ ਲਈ। ਕਾਟਿ = ਕੱਟ ਕੇ। ਸੋਈ = ਉਹੀ ਮਨੁੱਖ। ਬਸਿ = ਵੱਸ ਕੇ, ਟਿਕ ਕੇ, ਪ੍ਰਭੂ ਦੀ ਯਾਦ ਵਿਚ ਟਿਕ ਕੇ। ਰਸਿ = ਆਨੰਦ ਨਾਲ। ਮਨ ਮਿਲੇ = ਮਨ ਹੀ ਮਿਲੇ, ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦੇ ਹਨ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਪ੍ਰਭੂ। ਗੁਨ ਬਿਚਾਰ = ਗੁਣਾਂ ਦੀ ਵਿਚਾਰ, ਗੁਣਾਂ ਦੀ ਯਾਦ।7। ਨਿਗ੍ਰਹ = ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਟਾਰੀ ਨ ਟਰੈ = ਟਾਲਿਆਂ ਟਲਦੀ ਨਹੀਂ। ਭ੍ਰਮ ਫਾਸ = ਭਟਕਣਾ ਦੀ ਫਾਹੀ। ਪ੍ਰੇਮ ਭਗਤਿ = ਪਿਆਰ-ਭਰੀ ਯਾਦ, ਪ੍ਰਭੂ ਦੀ ਪਿਆਰ-ਭਰੀ ਯਾਦ। ਉਦਾਸ = ਇਹਨਾਂ ਜਤਨਾਂ ਤੋਂ ਉਪਰਾਮ, ਇਹਨਾਂ ਕਰਮਾਂ ਧਰਮਾਂ ਤੋਂ ਉਪਰਾਮ।8। ਅਰਥ: (ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ; (ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ।1। ਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ? (ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ, ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ।1। ਰਹਾਉ। (ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ। ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ? = (ਇਹ ਗੱਲ ਤੁਸੀ ਨਹੀਂ ਦੱਸ ਸਕੇ) ।1। ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ। (ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ?।3। (ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ, (ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ।4। (ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ। ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ।5। (ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ। (ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ।6। ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ, ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ।7। (ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ। (ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ।8।1। ਸ਼ਬਦ ਦਾ ਭਾਵ: ਇਹ ਗੱਲ ਗ਼ਲਤ ਹੈ ਕਿ ਹਿਰਦੇ ਵਿਚ ਪਰਮਾਤਮਾ ਦੀ ਪ੍ਰੇਮਾ-ਭਗਤੀ ਪੈਦਾ ਕਰਨ ਲਈ ਹਰੇਕ ਜੁਗ ਵਿਚ ਮਨੁੱਖ ਵਾਸਤੇ ਵਖ-ਵਖ ਕਰਮ-ਧਰਮ ਪ੍ਰਧਾਨ ਰਹੇ ਹਨ। ਕੋਈ ਦਾਨ, ਜੱਗ, ਦੇਵ-ਪੂਜਾ, ਅਵਤਾਰ-ਭਗਤੀ, ਤੀਰਥ-ਇਸ਼ਨਾਨ ਮਨੁੱਖ ਨੂੰ ਮਾਇਆ ਦੀ ਫਾਹੀ ਤੋਂ ਬਚਾ ਨਹੀਂ ਸਕਦਾ, ਤੇ, ਨਾਹ ਹੀ ਪ੍ਰਭੂ-ਚਰਨਾਂ ਵਿਚ ਜੋੜ ਸਕਦਾ ਹੈ। ਨੋਟ: ਗੁਰਬਾਣੀ ਦਾ ਇਹੀ ਆਸ਼ਾ ਹੈ ਕਿ ਚਾਹੇ ਕੋਈ ਮਿਥਿਆ ਹੋਇਆ ਸਤਜੁਗ ਹੈ, ਚਾਹੇ ਤ੍ਰੇਤਾ ਜਾਂ ਦੁਆਪਰ, ਤੇ ਚਾਹੇ ਕਲਿਜੁਗ ਹੈ; ਦੁਨੀਆ ਦੇ ਵਿਕਾਰਾਂ ਤੋਂ ਬਚ ਕੇ ਜੀਵਨ ਦਾ ਸਹੀ ਰਸਤਾ ਲੱਭਣ ਲਈ ਪਰਮਾਤਮਾ ਦੀ ਭਗਤੀ ਹੀ ਇਕੋ ਇਕ ਠੀਕ ਜਤਨ ਹੈ। |
Sri Guru Granth Darpan, by Professor Sahib Singh |