ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 347

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ ਗਾਵਨ੍ਹ੍ਹਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਨ੍ਹ੍ਹਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨ੍ਹ੍ਹਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਨ੍ਹ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹ੍ਹਿ ਤੁਧਨੋ ਸਾਧ ਬੀਚਾਰੇ ॥ ਗਾਵਨ੍ਹ੍ਹਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ ਗਾਵਨ੍ਹ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥ ਗਾਵਨ੍ਹ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹ੍ਹਿ ਤੁਧਨੋ ਖਾਣੀ ਚਾਰੇ ॥ ਗਾਵਨ੍ਹ੍ਹਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ ਸੇਈ ਤੁਧਨੋ ਗਾਵਨ੍ਹ੍ਹਿ ਜੋ ਤੁਧੁ ਭਾਵਨ੍ਹ੍ਹਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥ {ਪੰਨਾ 347}

ਪਦ ਅਰਥ: ਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮ੍ਹ੍ਹਾਲੇ = ਤੂੰ ਸੰਭਾਲ ਕੀਤੀ ਹੈ। ਨਾਦ = ਆਵਾਜ਼, ਸ਼ਬਦ, ਰਾਗ। ਵਾਵਣਹਾਰੇ = ਵਜਾਵਣ ਵਾਲੇ। ਪਰੀ = ਰਾਗਣੀ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਹਿ = ਕਹੀਦੇ ਹਨ, ਆਖੇ ਜਾਂਦੇ ਹਨ।

ਅਰਥ: ਉਹ ਦਰ-ਘਰ ਬੜਾ ਹੀ ਅਸਚਰਜ ਹੈ, ਜਿਥੇ ਬੈਠ ਕੇ (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤਿ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ, ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ, ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਵਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)।

ਪਦ ਅਰਥ: ਰਾਜਾ ਧਰਮ = ਧਰਮ-ਰਾਜ। ਦੁਆਰੇ = ਤੇਰੇ ਦਰ ਤੇ (ਹੇ ਨਿਰੰਕਾਰ!)। ਚਿਤੁ ਗੁਪਤੁ = ਉਹ ਵਿਅਕਤੀਆਂ ਜੋ ਸੰਸਾਰ ਦੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ (ਹਿੰਦੂ ਮਤ ਦੇ ਧਰਮ-ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ)। ਧਰਮੁ = ਧਰਮ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਜੋ ਕੁਝ ਉਹ ਚਿਤ੍ਰ ਗੁਪਤ ਲਿਖਦੇ ਹਨ। ਬੈਸੰਤਰੁ = ਅੱਗ।

ਅਰਥ: (ਹੇ ਨਿਰੰਕਾਰ!) ਹਵਾ, ਪਾਣੀ, ਅੱਗ ਤੇਰੇ ਗੁਣ ਗਾ ਰਹੇ ਹਨ। ਧਰਮਰਾਜ ਤੇਰੇ ਦਰ ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ। ਉਹ ਚਿਤ੍ਰਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਲੇਖੇ ਧਰਮਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।

ਪਦ ਅਰਥ: ਈਸਰੁ = ਸ਼ਿਵ। ਦੇਵੀ = ਦੇਵੀਆਂ। ਸੋਹਨਿ = ਸੋਭਦੇ ਹਨ। ਇੰਦ੍ਰਾਸਣਿ = ਇੰਦ੍ਰ ਦੇ ਆਸਣ ਉਤੇ। ਦਰਿ = ਤੇਰੇ ਦਰਵਾਜ਼ੇ ਉਤੇ। ਦੇਵਤਿਆ ਨਾਲੇ = ਦੇਵਤਿਆਂ ਸਮੇਤ।

ਅਰਥ: (ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੇ ਸੋਭ ਰਹੇ ਹਨ, ਤੈਨੂੰ ਗਾ ਰਹੇ ਹਨ। ਕਈ ਇੰਦ੍ਰ ਆਪਣੇ ਤਖ਼ਤ ਉਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਾਲਾਹ ਰਹੇ ਹਨ।

ਪਦ ਅਰਥ: ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਤੇ ਦੇਵਤਿਆਂ ਤੋਂ ਹੇਠ ਸਨ। ਇਹ ਸਿੱਧ ਪਵਿਤ੍ਰਤਾ ਦਾ ਪੁੰਜ ਸਨ, ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਬੀਚਾਰੇ = ਵਿਚਾਰ ਵਿਚਾਰ ਕੇ। ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।

ਅਰਥ: ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਾਲਾਹ ਰਹੇ ਹਨ। ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ, ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।

ਪਦ ਅਰਥ: ਪੜੇ = ਪੜ੍ਹੇ ਹੋਏ। ਰਖੀਸੁਰ = {ਰਿਖੀ ਈਸੁਰ} ਵੱਡੇ ਵੱਡੇ ਰਿਖੀ, ਮਹਾ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਬੇਦਾ ਨਾਲੇ = ਵੇਦਾਂ ਸਮੇਤ। ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = (ਜੋ) ਮਨ ਨੂੰ ਮੋਂਹਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।

ਅਰਥ: (ਹੇ ਅਕਾਲ ਪੁਰਖ!) ਪੜ੍ਹੇ ਹੋਏ ਪੰਡਿਤ ਤੇ ਮਹਾ ਰਿਖੀ ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤ੍ਰੀਆਂ ਜੋ ਮਨ ਨੂੰ ਮੋਂਹਦੀਆਂ ਹਨ, ਤੈਨੂੰ ਗਾ ਰਹੀਆਂ ਹਨ, ਸੁਰਗ-ਲੋਕ, ਮਾਤ-ਲੋਕ, ਪਾਤਾਲ-ਲੋਕ ਤੈਨੂੰ ਗਾ ਰਹੇ ਹਨ।

ਪਦ ਅਰਥ: ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ। ਜੇਤੇ = ਜਿਤਨੇ ਭੀ, ਸਾਰੇ। ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ: ਅੰਡਜ, ਜੇਰਜ, ਸੇਤਜ ਤੇ ਉਤਭੁਜ। ਖਾਣੀ = ਖਾਣ; ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ 'ਖਨ' ਹੈ, ਜਿਸ ਦਾ ਅਰਥ ਹੈ: 'ਪੁੱਟਣਾ'। {ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ-ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ੍ਹ, ਚੇਤਨ ਪਦਾਰਥਾਂ ਦੇ ਬਣਨ ਦੀਆਂ ਚਾਰ ਖਾਣਾਂ ਹਨ– ਅੰਡਾ, ਜਿਉਰ, ਮੁੜ੍ਹਕਾ ਅਤੇ ਆਪਣੇ ਆਪ ਉੱਗ ਪੈਣਾ। ਚਾਰੇ ਖਾਣੀ ਦਾ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ-ਜੰਤੂ, ਸਾਰੀ ਰਚਨਾ}। ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚਕ੍ਰ, ਜਿਸ ਵਿਚ ਇਕ ਸੂਰਜ, ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਕਰਿ ਕਰਿ = ਬਣਾ ਕੇ, ਰਚ ਕੇ। ਧਾਰੇ = ਟਿਕਾਏ ਹੋਏ।

ਅਰਥ: (ਹੇ ਨਿਰੰਕਾਰ!) ਜਿਤਨੇ ਭੀ ਤੇਰੇ ਪੈਦਾ ਕੀਤੇ ਹੋਏ ਰਤਨ ਹਨ, ਉਹ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤਿ ਕਰ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕ੍ਰ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ; ਤੈਨੂੰ ਗਾਉਂਦੇ ਹਨ।

ਪਦ ਅਰਥ: ਸੇਈ = ਉਹ ਜੀਵ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਾਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ। ਰਸਾਲੇ = (ਰਸ ਆਲਯ) , ਰਸਾਂ ਦੇ ਘਰ, ਰਸੀਏ। ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰੇ?

ਅਰਥ: (ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਨ੍ਹਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜੇਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?

ਪਦ ਅਰਥ: ਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = {ਸਨਾ Ônw ਅਰਬੀ ਲਫਜ਼} ਵਡਿਆਈ। ਹੋਸੀ = ਹੋਏਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।

ਅਰਥ: ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਉਹ ਮਰੇਗਾ। ਉਹ ਪਰਮਾਤਮਾ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।

ਪਦ ਅਰਥ: ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ (ਪਰਮਾਤਮਾ) ਨੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।

ਅਰਥ: ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।

ਪਦ ਅਰਥ: ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ। ਸਾਹਾ ਪਤਿ = ਸ਼ਾਹਾਂ ਦਾ ਸ਼ਾਹ, ਸ਼ਾਹਾਂ ਦਾ ਖਸਮ। ਰਹਣੁ = ਰਹਿਣਾ (ਹੋ ਸਕਦਾ ਹੈ) , ਰਹਿਣਾ ਫੱਬਦਾ ਹੈ। ਰਜਾਈ = ਅਕਾਲ ਪੁਰਖ ਦੀ ਰਜ਼ਾ ਵਿਚ।

ਅਰਥ: ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਉਹ ਕਰੇਗਾ। ਕਿਸੇ ਜੀਵ ਪਾਸੋਂ ਪਰਮਾਤਮਾ ਅਗੇ ਹੁਕਮ ਨਹੀਂ ਕੀਤਾ ਜਾ ਸਕਦਾ, (ਉਸ ਨੂੰ ਇਹ ਨਹੀਂ ਆਖ ਸਕਦਾ = ਇਉਂ ਨ ਕਰੀਂ, ਇਉਂ ਕਰ)। ਅਕਾਲ ਪੁਰਖ ਪਾਤਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ, ਮਾਲਕ ਹੈ। ਹੇ ਨਾਨਕ! (ਸਾਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫੱਬਦਾ ਹੈ)।

ਨੋਟ: ਪਉਣ, ਪਾਣੀ, ਬੈਸੰਤਰ ਆਦਿਕ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ? ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਹੀ ਕਰਨੀ ਹੈ।

ਨੋਟ: ਇਸ ਵਾਕ ਦੇ ਅਖ਼ੀਰਲੇ ਅੰਕ ਨੂੰ ਵੇਖੋ। ਇਸ ਦੀ ਬਨਾਵਟ ਵਲ ਭੀ ਧਿਆਨ ਮਾਰੋ। 'ਸ਼ਬਦਾਂ' ਵਾਂਗ ਇਸ ਦੇ ਵੱਖ ਵੱਖ ਬੰਦ ਨਹੀਂ ਹਨ। ਸਾਰੀਆਂ 22 ਤੁਕਾਂ ਦਾ ਇਕੋ ਹੀ ਸੰਗ੍ਰਹਿ ਹੈ ਤੇ ਅਖ਼ੀਰ ਉਤੇ ਅੰਕ 1 ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਤਰਤੀਬ ਇਹ ਹੈ ਕਿ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸਾਰੇ ਸ਼ਬਦ ਦਰਜ ਹਨ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ। ਪਰ ਇਸ ਵਾਕ ਤੋਂ ਅਗੇ ਗੁਰੂ ਰਾਮਦਾਸ ਜੀ ਦਾ ਇਕ ਵਾਕ ਹੈ। ਉਸ ਤੋਂ ਪਿਛੋਂ ਗੁਰੂ ਨਾਨਕ ਸਾਹਿਬ ਦੇ 'ਸ਼ਬਦ' ਸ਼ੁਰੂ ਹੁੰਦੇ ਹਨ ਜੋ ਗਿਣਤੀ ਵਿਚ 39 ਹਨ। ਇਸ ਵਾਕ ਨੂੰ ਉਹਨਾਂ ਸ਼ਬਦਾਂ ਦੀ ਗਿਣਤੀ ਵਿਚ ਨਹੀਂ ਰੱਖਿਆ ਗਿਆ। ਸੋ, ਇਹ ਵਾਕ 'ਸ਼ਬਦ' ਨਹੀਂ ਹੈ। ਇਸ ਦਾ ਸਿਰਲੇਖ ਹੈ 'ਸੋ ਦਰੁ'। ਗੁਰੂ ਰਾਮਦਾਸ ਜੀ ਦਾ ਵਾਕ ਹੈ 'ਸੋ ਪੁਰਖੁ'। ਇਹ ਦੋਵੇਂ 'ਸੋ ਦਰੁ' ਅਤੇ 'ਸੋ ਪੁਰਖੁ' ਵੱਖਰੀ ਸ਼੍ਰੇਣੀ ਵਿਚ ਰੱਖੇ ਗਏ ਹਨ। ਇਸ ਸ਼੍ਰੇਣੀ ਦੇ ਪਿਛੋਂ ਮੂਲ-ਮੰਤ੍ਰ ਨਵੇਂ ਸਿਰੇ ਦਰਜ ਹੈ। ਇਸ ਦਾ ਭੀ ਇਹੀ ਭਾਵ ਹੈ ਕਿ ਪਹਿਲਾ ਸੰਗ੍ਰਹਿ ਮੁੱਕ ਗਿਆ ਹੈ, ਹੁਣ ਦੂਜਾ ਸੰਗ੍ਰਹਿ ਸ਼ੁਰੂ ਹੁੰਦਾ ਹੈ।

TOP OF PAGE

Sri Guru Granth Darpan, by Professor Sahib Singh