ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 349

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ ਸੁਣਿ ਵਡਾ ਆਖੈ ਸਭ ਕੋਈ ॥ ਕੇਵਡੁ ਵਡਾ ਡੀਠਾ ਹੋਈ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰ ਹਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆਂ ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ ਆਖਣ ਵਾਲਾ ਕਿਆ ਬੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥ ਨਾਨਕ ਸਚੁ ਸਵਾਰਣਹਾਰਾ ॥੪॥੧॥ {ਪੰਨਾ 349}

ਪਦ ਅਰਥ: ਸਭ ਕੋਈ = ਹਰੇਕ ਜੀਵ। ਸੁਣਿ = ਸੁਣ ਕੇ। ਕੇਵਡੁ = ਕੇਡਾ। ਡੀਠਾ = ਵੇਖਿਆਂ ਹੀ। ਹੋਈ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ। ਰਹੇ ਸਮਾਇ = ਲੀਨ ਹੋ ਜਾਂਦੇ ਹਨ।1।

ਗਹਿਰ = ਡੂੰਘਾ। ਗੁਣੀ ਗਹੀਰਾ = ਗੁਣਾਂ ਕਰ ਕੇ ਡੂੰਘਾ; ਬੇਅੰਤ ਗੁਣਾਂ ਵਾਲਾ। ਚੀਰਾ = ਪਾਟ, ਚੌੜਾਈ, ਦਰਿਆ ਦਾ ਪਾਟ।1। ਰਹਾਉ।

ਸਭਿ = ਸਾਰਿਆਂ ਨੇ। ਸੁਰਤੀ = ਸੁਰਤਿ। ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਇਕ ਦੂਜੇ ਦੀ ਸਹਾਇਤਾ ਲੈ ਕੇ। ਸੁਰਤਿ ਕਮਾਈ = ਸਮਾਧੀ ਲਾਈ। ਗੁਰ = ਵੱਡੇ। ਗੁਰ ਭਾਈ = ਵੱਡਿਆਂ ਦੇ ਭਰਾ, ਅਜੇਹੇ ਹੋਰ ਕਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਨੋਟ: ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}। ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤਿ ਜੋੜਨ ਵਾਲੇ। ਤਿਲੁ = ਰਤਾ ਜਿਤਨੀ ਭੀ।2।

ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ। ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ। ਸਿਧੀ = ਸਫਲਤਾ, ਕਾਮਯਾਬੀ। ਕਰਮਿ = ਮਿਹਰ ਨਾਲ, ਬਖ਼ਖ਼ਸ਼ ਦੀ ਰਾਹੀਂ। ਠਾਕਿ = ਵਰਜ ਕੇ।3।

ਸਿਫਤੀ = ਸਿਫ਼ਤਾਂ ਨਾਲ, ਗੁਣਾਂ ਨਾਲ। ਚਾਰਾ = ਜ਼ੋਰ, ਤਦਬੀਰ, ਜਤਨ।4।

ਅਰਥ: ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਕੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ। ਪਰ ਤੂੰ ਕੇਡਾ ਵੱਡਾ ਹੈਂ ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ। ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ) ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ।1।

ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੇ ਬੇਅੰਤ ਗੁਣਾਂ ਵਾਲਾ ਹੈਂ। ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ।1। ਰਹਾਉ।

(ਤੂੰ ਕੇਡਾ ਵੱਡਾ ਹੈਂ = ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਣ ਵਾਲੇ ਕਈ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਮੁੜ ਜਤਨ ਕੀਤੇ; ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਆਪੋ ਵਿਚ ਇਕ ਦੂਜੇ ਦੀ ਸਹਾਇਤਾ ਲੈ ਕੇ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਹਿੱਸਾ ਭੀ ਨਹੀਂ ਦੱਸ ਸਕੇ {ਗੁਰ ਗੁਰਹਾਈ ਧਿਆਨੀ ਸਭਿ ਮਿਲਿ ਸੁਰਤਿ ਕਮਾਈ, ਸੁਰਤਿ ਕਮਾਈ, ਗੁਰਗੁਰਹਾਈ ਗਿਆਨੀ ਸਭ ਮਿਲਿ ਕੀਮਤਿ ਪਾਈ ਕੀਮਤਿ ਪਾਈ}।2।

(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ; ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ, ਸਿੱਧ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ = ਕਿਸੇ ਨੂੰ ਭੀ ਇਹ ਕਾਮਯਾਬੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ। (ਜਿਸ ਕਿਸੇ ਨੂੰ ਸਫਲਤਾ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ, ਤੇ ਕੋਈ ਹੋਰ (ਵਿਅਕਤੀ) ਇਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ।3।

(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ। ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ? ਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ, ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਕਿਉਂਕਿ, ਹੇ ਨਾਨਕ! (ਆਖ– ਤੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸਵਾਰਨ ਵਾਲਾ ਆਪ ਹੈਂ।4।1।

ਨੋਟ: ਸਿਰਲੇਖ ਪੜ੍ਹੋ। 'ਚਉਪਦੇ' ਦਾ ਅਰਥ ਹੈ 'ਚਾਰ ਪਦ, ਚਾਰ ਬੰਦ'। ਇਹਨਾਂ ਸ਼ਬਦਾਂ ਦੇ ਚਾਰ ਚਾਰ ਬੰਦ ਹਨ।

ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥ ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਂਦਾ ਰਹੈ ਨ ਚੂਕੈ ਭੋਗੁ ॥ ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ ॥ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥੪॥੨॥ {ਪੰਨਾ 349}

ਪਦ ਅਰਥ: ਆਖਾ = ਆਖਾਂ, ਮੈਂ ਆਖਦਾ ਹਾਂ, ਮੈਂ ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਤਿਤੁ ਭੂਖੈ = ਇਸ ਭੁਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲੀਅਹਿ = ਨਾਸ ਕੀਤੇ ਜਾਂਦੇ ਹਨ।1।

ਮੇਰੀ ਮਾਇ = ਹੇ ਮੇਰੀ ਮਾਂ! ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਚੈ = ਸੱਚੇ ਦੀ ਰਾਹੀਂ। ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰੀਏ। ਕਿਉ ਵਿਸਰੈ = ਕਦੇ ਨ ਵਿਸਰੇ।1। ਰਹਾਉ।

ਸਭਿ = ਸਾਰੇ ਜੀਵ। ਆਖਣ ਪਾਹਿ = ਆਖਣ ਦਾ ਜਤਨ ਕਰਨ।2।

ਗੁਣੁ ਏਹੋ = ਇਹ ਹੀ (ਉਸ ਦੀ) ਖ਼ੂਬੀ ਹੈ। ਹੋਆ = ਹੋਇਆ ਹੈ। ਨਾ ਹੋਇ = ਨਹੀਂ ਹੋਵੇਗਾ।3।

ਜੇਵਡੁ = ਜੇਡਾ ਵੱਡਾ। ਤੇਵਡ = ਉਤਨੀ ਵੱਡੀ। ਜਿਨਿ = ਜਿਸ (ਤੈਂ) ਨੇ। ਕਮਜਾਤਿ = ਭੈੜੀ ਜਾਤਿ ਵਾਲੀਆਂ। ਸਨਾਤਿ = ਨੀਚ।4।

ਅਰਥ: ਜਿਉਂ ਜਿਉਂ ਮੈਂ ਪ੍ਰਭੂ ਦਾ ਨਾਮ ਉਚਾਰਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋਣ ਲੱਗ ਪੈਂਦੀ ਹੈ। (ਇਹ ਪਤਾ ਹੁੰਦਿਆਂ ਭੀ ਪ੍ਰਭੂ ਦਾ) ਸਦਾ-ਥਿਰ ਨਾਮ ਸਿਮਰਨਾ (ਇਕ) ਔਖਾ ਕੰਮ ਹੈ। (ਜਿਸ ਮਨੁੱਖ ਦੇ ਅੰਦਰ) ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ, ਇਸ ਭੁੱਖ ਦੀ ਬਰਕਤਿ ਨਾਲ (ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।1।

ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪ੍ਰਭੂ ਮੈਨੂੰ ਕਦੇ ਨ ਭੁੱਲੇ। ਜਿਉਂ ਜਿਉਂ ਉਸ ਸਦਾ-ਥਿਰ ਰਹਿਣ ਵਾਲੇ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ-ਥਿਰ ਰਹਿਣ ਵਾਲਾ ਮਾਲਕ (ਮਨ ਵਿਚ ਵੱਸਦਾ ਹੈ) ।1। ਰਹਾਉ।

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ (ਸਾਰੇ ਜੀਵ) ਬਿਆਨ ਕਰ ਕੇ ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ) । ਕੋਈ ਭੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਕੇਹੜੀ ਹੋਰ ਹਸਤੀ ਹੈ। ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪਰਮਾਤਮਾ ਦੀ ਮਹਿਮਾ) ਬਿਆਨ ਕਰਨ ਦਾ ਜਤਨ ਕਰਨ, ਤਾਂ ਉਹ ਪਰਮਾਤਮਾ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ) ਤਾਂ ਉਹ (ਅੱਗੇ ਨਾਲੋਂ) ਘਟ ਨਹੀਂ ਜਾਂਦਾ।2।

ਉਹ ਪਰਮਾਤਮਾ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ। ਉਹ ਪ੍ਰਭੂ ਸਦਾ (ਜੀਵਾਂ ਨੂੰ ਰਿਜ਼ਕ) ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਭਾਵ, ਜੀਵ ਉਸ ਦੀਆਂ ਦਿੱਤੀਆਂ ਦਾਤਾਂ ਸਦਾ ਵਰਤਦੇ ਹਨ ਪਰ ਉਹ ਮੁੱਕਦੀਆਂ ਨਹੀਂ) । ਉਸ ਪ੍ਰਭੂ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ, (ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ।3।

(ਹੇ ਪ੍ਰਭੂ!) ਜੇਡਾ (ਬੇਅੰਤ ਤੂੰ) ਆਪ ਹੈਂ, ਉਤਨੀ (ਬੇਅੰਤ) ਤੇਰੀ ਬਖ਼ਸ਼ਸ਼ ਹੈ, (ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਹੇ ਨਾਨਕ! ਉਹ ਬੰਦੇ ਭੈੜੇ ਅਸਲੇ ਵਾਲੇ (ਬਣ ਜਾਂਦੇ) ਹਨ ਜੋ ਐਸੇ ਖਸਮ-ਪ੍ਰਭੂ ਨੂੰ ਵਿਸਾਰਦੇ ਹਨ। ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ।4।2।

ਆਸਾ ਮਹਲਾ ੧ ॥ ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥ ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥ ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥ ਆਪਿ ਕਰਾਏ ਆਪਿ ਕਰੇਇ ॥ ਆਪਿ ਉਲਾਮ੍ਹ੍ਹੇ ਚਿਤਿ ਧਰੇਇ ॥ ਜਾ ਤੂੰ ਕਰਣਹਾਰੁ ਕਰਤਾਰੁ ॥ ਕਿਆ ਮੁਹਤਾਜੀ ਕਿਆ ਸੰਸਾਰੁ ॥੨॥ ਆਪਿ ਉਪਾਏ ਆਪੇ ਦੇਇ ॥ ਆਪੇ ਦੁਰਮਤਿ ਮਨਹਿ ਕਰੇਇ ॥ ਗੁਰ ਪਰਸਾਦਿ ਵਸੈ ਮਨਿ ਆਇ ॥ ਦੁਖੁ ਅਨ੍ਹ੍ਹੇਰਾ ਵਿਚਹੁ ਜਾਇ ॥੩॥ ਸਾਚੁ ਪਿਆਰਾ ਆਪਿ ਕਰੇਇ ॥ ਅਵਰੀ ਕਉ ਸਾਚੁ ਨ ਦੇਇ ॥ ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥ {ਪੰਨਾ 349}

ਪਦ ਅਰਥ: ਦਰਿ = (ਪ੍ਰਭੂ ਦੇ) ਦਰ ਤੇ। ਮਾਂਗਤੁ = ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ) । ਕੂਕ = ਪੁਕਾਰ, ਫ਼ਰਿਆਦ। ਮਹਲੀ = ਮਹਲ ਦਾ ਮਾਲਕ। ਧੀਰਕ = ਧੀਰਜ, ਹੌਸਲਾ। ਦੇਇ = ਦੇਂਦਾ ਹੈ।1।

ਜਾਣਹੁ = ਪਛਾਣੋ। ਆਗੈ = ਪਰਲੋਕ ਵਿਚ।1। ਰਹਾਉ।

ਉਲਾਮ੍ਹ੍ਹੇ = ਸ਼ਿਕਾਇਤਾਂ, ਗਿਲੇ। ਚਿਤਿ ਧਰੇਇ = ਚਿੱਤ ਵਿਚ ਧਰਦਾ ਹੈ, ਸੁਣਦਾ ਹੈ।2।

ਆਪੇ = ਆਪ ਹੀ। ਮਨਹਿ ਕਰੇਇ = ਰੋਕਦਾ ਹੈ, ਵਰਜਦਾ ਹੈ। ਮਨਿ = ਮਨ ਵਿਚ।3।

ਅਵਰੀ ਕਉ = ਹੋਰਨਾਂ ਨੂੰ ਜੋ ਆਦਰਸ਼ ਤੋਂ ਅਜੇ ਨੀਵੇਂ ਹਨ। ਵਖਾਣੈ = ਆਖਦਾ ਹੈ। ਪੂਛ ਨ ਲੇਇ = ਲੇਖਾ ਨਹੀਂ ਮੰਗਦਾ।4।

ਅਰਥ: ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ) ਪ੍ਰਭੂ ਦੇ ਦਰ ਤੇ ਪੁਕਾਰ ਕਰੇ, ਤਾਂ ਉਹ ਮਹਲ ਦਾ ਮਾਲਕ ਖਸਮ-ਪ੍ਰਭੂ (ਉਸ ਦੀ ਪੁਕਾਰ) ਸੁਣ ਲੈਂਦਾ ਹੈ। (ਫਿਰ) ਉਸ ਦੀ ਮਰਜ਼ੀ ਹੌਸਲਾ ਦੇਵੇ ਉਸ ਦੀ ਮਰਜ਼ੀ ਧੱਕਾ ਦੇ ਦੇਵੇ (ਮੰਗਤੇ ਦੀ ਅਰਦਾਸ ਸੁਣ ਲੈਣ ਵਿਚ ਹੀ) ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ।2।

(ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ) ਕਰਾਂਦਾ ਹੈ, (ਹਰੇਕ ਵਿਚ ਵਿਆਪਕ ਹੋ ਕੇ) ਆਪ ਹੀ (ਪੁਕਾਰ) ਕਰਦਾ ਹੈ, ਆਪ ਹੀ ਪ੍ਰਭੂ (ਹਰੇਕ ਜੀਵ ਦੇ) ਗਿਲੇ ਸੁਣਦਾ ਹੈ। ਜਦੋਂ (ਹੇ ਪ੍ਰਭੂ! ਕਿਸੇ ਜੀਵ ਨੂੰ ਤੂੰ ਇਹ ਨਿਸਚਾ ਕਰਾ ਦੇਂਦਾ ਹੈਂ ਕਿ) ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ (ਸਿਰ ਉਤੇ ਰਾਖਾ) ਹੈਂ, ਤਾਂ ਉਸ ਨੂੰ (ਜਗਤ ਦੀ) ਕੋਈ ਮੁਥਾਜੀ ਨਹੀਂ ਰਹਿੰਦੀ, ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ।2।

ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭਨਾਂ ਨੂੰ ਰਿਜ਼ਕ ਆਦਿਕ) ਦੇਂਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ। ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ, ਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ।3।

ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਆਪਣਾ ਸਿਮਰਨ ਪਿਆਰਾ ਕਰਦਾ ਹੈ (ਸਿਮਰਨ ਦਾ ਪਿਆਰ ਪੈਦਾ ਕਰਦਾ ਹੈ) ; ਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤਿ ਨਹੀਂ ਦੇਂਦਾ। ਨਾਨਕ ਆਖਦਾ ਹੈ ਜਿਸ ਕਿਸੇ ਨੂੰ ਸਿਮਰਨ ਦੀ ਦਾਤਿ ਪ੍ਰਭੂ ਦੇਂਦਾ ਹੈ ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ (ਭਾਵ, ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਕਰਕੇ ਕੋਈ ਤਾੜਨਾ ਹੋਵੇ) ।4।3।

ਆਸਾ ਮਹਲਾ ੧ ॥ ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜਹਿ ਵਾਜ ॥ ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹ ਰਾਖਹਿ ਪਾਉ ॥੧॥ ਨਾਨਕ ਨਾਮ ਵਿਟਹੁ ਕੁਰਬਾਣੁ ॥ ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥ ਗੁਰੂ ਪਾਸਹੁ ਫਿਰਿ ਚੇਲਾ ਖਾਇ ॥ ਤਾਮਿ ਪਰੀਤਿ ਵਸੈ ਘਰਿ ਆਇ ॥ ਜੇ ਸਉ ਵਰ੍ਹਿਆ ਜੀਵਣ ਖਾਣੁ ॥ ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥ ਦਰਸਨਿ ਦੇਖਿਐ ਦਇਆ ਨ ਹੋਇ ॥ ਲਏ ਦਿਤੇ ਵਿਣੁ ਰਹੈ ਨ ਕੋਇ ॥ ਰਾਜਾ ਨਿਆਉ ਕਰੇ ਹਥਿ ਹੋਇ ॥ ਕਹੈ ਖੁਦਾਇ ਨ ਮਾਨੈ ਕੋਇ ॥੩॥ ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥ ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥ {ਪੰਨਾ 349-350}

ਪਦ ਅਰਥ: ਤਾਲ = ਛੈਣੇ। ਮਦੀਰੇ = ਘੁੰਘਰੂ, ਝਾਂਝਰਾਂ। ਘਟ = ਹਿਰਦਾ। ਘਾਟ = ਰਸਤਾ। ਘਟ ਕੇ ਘਾਟ = ਮਨ ਦੇ ਰਸਤੇ, ਸੰਕਲਪ ਵਿਕਲਪ। ਦੋਲਕ = ਢੋਲਕੀ। ਦੁਨੀਆ = ਦੁਨੀਆ ਦਾ ਮੋਹ। ਵਾਜਹਿ = ਵੱਜ ਰਹੇ ਹਨ। ਵਾਜ = ਵਾਜੇ, ਸਾਜ। ਨਾਰਦੁ = ਮਨ। ਕਲਿ = ਕਲਿਜੁਗ। ਭਾਉ = ਪ੍ਰਭਾਉ। ਕਹ = ਕਿਥੇ? ਪਾਉ = ਪੈਰ। ਜਤੀ...ਪਾਉ = ਜਤੀ ਸਤੀ ਕਿਥੇ ਪੈਰ ਰੱਖਣ? ਜਤ ਸਤ ਨੂੰ ਸੰਸਾਰ ਵਿਚ ਥਾਂ ਨਹੀਂ ਰਿਹਾ।1।

ਨਾਨਕ = ਹੇ ਨਾਨਕ! ਵਿਟਹੁ = ਤੋਂ। ਅੰਧੀ = ਅੰਨ੍ਹੀ। ਜਾਣੁ = ਸੁਜਾਣ, ਸੁਜਾਖਾ।1। ਰਹਾਉ।

ਪਾਸਹੁ = ਤੋਂ। ਫਿਰਿ = ਉਲਟਾ, ਸਗੋਂ। ਖਾਇ = ਖਾਂਦਾ ਹੈ। ਤਾਮਿ = ਤੁਆਮ, ਰੋਟੀ। ਘਰਿ = ਘਰ ਵਿਚ, ਗੁਰੂ ਦੇ ਘਰ ਵਿਚ। ਵਸੈ ਘਰਿ ਆਇ = (ਗੁਰੂ ਦੇ) ਘਰ ਵਿਚ ਆ ਵੱਸਦਾ ਹੈ, ਗੁਰੂ ਦਾ ਚੇਲਾ ਆ ਬਣਦਾ ਹੈ। ਪਰਵਾਣੁ-ਕਬੂਲ, ਭਾਗਾਂ ਵਾਲਾ।2।

ਦਰਸਨਿ = ਦਰਸਨ ਦੀ ਰਾਹੀਂ। ਦਰਸਨਿ ਦੇਖਿਐ = ਦਰਸਨ ਕਰਨ ਨਾਲ, ਇਕ ਦੂਜੇ ਨੂੰ ਵੇਖ ਕੇ। ਲਏ ਦਿਤੇ ਵਿਣੁ = ਮਾਇਆ ਲੈਣ ਦੇਣ ਤੋਂ ਬਿਨਾ, ਰਿਸ਼ਵਤ ਤੋਂ ਬਿਨਾ। ਨਿਆਉ = ਇਨਸਾਫ਼। ਹਥਿ ਹੋਇ = ਹੱਥ ਵਿਚ ਹੋਵੇ, ਕੁਝ ਦੇਣ ਨੂੰ ਪੱਲੇ ਹੋਵੇ। ਕਹੈ ਖੁਦਾਇ = ਜੇ ਕੋਈ ਰੱਬ ਦਾ ਵਾਸਤਾ ਪਾਏ।3।

ਮਾਣਸ ਮੂਰਤਿ = ਮਨੁੱਖ ਦੀ ਸ਼ਕਲ ਹੈ। ਨਾਨਕੁ = ਨਾਨਕ (ਆਖਦਾ ਹੈ) । ਨਾਮੁ = ਨਾਮ-ਮਾਤ੍ਰ। ਕਰਣੀ = ਕਰਣੀ ਵਿਚ, ਆਚਰਨ ਵਿਚ। ਦਰਿ = (ਮਾਲਕ ਦੇ) ਦਰ ਤੇ। ਫੁਰਮਾਨੁ = ਹੁਕਮ।4।

ਅਰਥ: ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਸਦਕੇ ਹੋ। (ਨਾਮ ਤੋਂ ਬਿਨਾ) ਦੁਨੀਆ (ਮਾਇਆ ਵਿਚ) ਅੰਨ੍ਹੀ ਹੋ ਰਹੀ ਹੈ, ਇਕ ਮਾਲਕ ਪ੍ਰਭੂ ਆਪ ਹੀ ਸੁਜਾਖਾ ਹੈ (ਉਸ ਦੀ ਸਰਨ ਪਿਆਂ ਹੀ ਜ਼ਿੰਦਗੀ ਦਾ ਸਹੀ ਰਸਤਾ ਦਿੱਸ ਸਕਦਾ ਹੈ) ।1। ਰਹਾਉ।

(ਮਨੁੱਖ ਦੇ) ਮਨ ਦੇ ਸੰਕਲਪ ਵਿਕਲਪ (ਮਾਨੋ) ਛੈਣੇ ਤੇ ਪੈਰਾਂ ਦੇ ਘੁੰਘਰੂ ਹਨ, ਦੁਨੀਆ ਦਾ ਮੋਹ ਢੋਲਕੀ ਹੈ– ਇਹ ਵਾਜੇ ਵੱਜ ਰਹੇ ਹਨ, ਤੇ (ਪ੍ਰਭੂ ਦੇ ਨਾਮ ਤੋਂ ਸੁੰਞਾ) ਮਨ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ। (ਇਸ ਨੂੰ ਕਹੀਦਾ ਹੈ) ਕਲਿਜੁਗ ਦਾ ਪ੍ਰਭਾਵ। ਜਤ ਸਤ ਨੂੰ ਸੰਸਾਰ ਵਿਚ ਕਿਤੇ ਥਾਂ ਨਹੀਂ ਰਿਹਾ।1।

(ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ) ਸਗੋਂ ਚੇਲਾ ਹੀ ਗੁਰੂ ਤੋਂ ਉਦਰ-ਪੂਰਨਾ ਕਰਦਾ ਹੈ, ਰੋਟੀ ਦੀ ਖ਼ਾਤਰ ਹੀ ਚੇਲਾ ਆ ਬਣਦਾ ਹੈ। (ਇਸ ਹਾਲਤ ਵਿਚ) ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ (ਤਾਂ ਭੀ ਇਹ ਉਮਰ ਵਿਅਰਥ ਹੀ ਸਮਝੋ) । (ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ।2।

ਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ (ਕਿਉਂਕਿ ਸੰਬੰਧ ਹੀ ਮਾਇਆ ਦਾ ਬਣ ਰਿਹਾ ਹੈ) , ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ। (ਇਥੋਂ ਤਕ ਕਿ) ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ। ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ।3।

ਨਾਨਕ (ਆਖਦਾ ਹੈ– ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ, ਪਰ ਆਚਰਨ ਵਿਚ ਮਨੁੱਖ (ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ) ।

ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ਜੇ ਗੁਰੂ ਦੀ ਮਿਹਰ ਨਾਲ (ਸੰਸਾਰ ਵਿਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ।4। 4।

TOP OF PAGE

Sri Guru Granth Darpan, by Professor Sahib Singh