ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 350

ਆਸਾ ਮਹਲਾ ੧ ॥ ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥ ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥ ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥ ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥ ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥ ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥ {ਪੰਨਾ 350}

ਪਦ ਅਰਥ: ਜੇਤਾ = ਜਿਤਨਾ ਹੀ (ਭਾਵ, ਇਹ ਸਾਰਾ) । ਸਬਦੁ = ਆਵਾਜ਼, ਬੋਲਣਾ। ਸੁਰਤਿ = ਸੁਣਨਾ। ਧੁਨਿ = ਜੀਵਨ-ਰੌ। ਧੁਨਿ ਤੇਤੀ = ਤੇਤੀ (ਤੇਰੀ) ਧੁਨਿ, ਇਹ ਸਾਰੀ ਤੇਰੀ ਹੀ ਜੀਵਨ-ਰੌ ਹੈ। ਰੂਪੁ = ਦਿੱਸਦਾ ਆਕਾਰ। ਕਾਇਆ = ਸਰੀਰ। ਰਸਨਾ = ਰਸ ਲੈਣ ਵਾਲਾ। ਆਪੇ = ਆਪ ਹੀ। ਬਸਨਾ = ਜ਼ਿੰਦਗੀ। ਕਹਉ = ਕਹਉਂ, ਮੈਂ ਆਖ ਸਕਾਂ। ਮਾਈ = ਹੇ ਮਾਂ! 1।

ਏਕੋ = ਇਕ ਹੀ, ਸਿਰਫ਼।1। ਰਹਾਉ।

ਵੇਖੈ = ਸੰਭਾਲ ਕਰਦਾ ਹੈ। ਵਿਗਸੈ = ਖ਼ੁਸ਼ ਹੁੰਦਾ ਹੈ।2।

ਨ ਕਰਣਾ ਜਾਈ = ਕੀਤਾ ਨਹੀਂ ਜਾ ਸਕਦਾ। ਵਰਤੈ = ਕਾਰ ਚਲਾਂਦਾ ਹੈ। ਤੈਸੋ ਕਹੀਐ = ਉਹੋ ਜਿਹਾ ਉਸ ਦਾ ਨਾਮ ਰੱਖਿਆ ਜਾਂਦਾ ਹੈ।3।

ਕਲਿ = ਕਲਿਜੁਗੀ ਸੁਭਾਉ। ਕਲਵਾਲੀ = ਕਲਾਲਨ, ਸ਼ਰਾਬ ਵੇਚਣ ਵਾਲੀ। ਮਦੁ = ਸ਼ਰਾਬ। ਮਤਵਾਲਾ = ਮਸਤ। ਬਹੁ ਭਾਂਤੀਂ = ਕਈ ਕਿਸਮਾਂ ਦੇ। {ਨੋਟ: ਪਹਿਲੀ ਤੁਕ ਦਾ ਲਫ਼ਜ਼ 'ਰੂਪੁ' ਇਕ-ਵਚਨ ਹੈ, ਅਖ਼ੀਰਲੀ ਤੁਕ ਦਾ ਲਫ਼ਜ਼ 'ਰੂਪ' ਬਹੁ-ਵਚਨ ਹੈ}। ਬਪੁੜਾ = ਵਿਚਾਰਾ, ਆਜਿਜ਼। ਏਵ = ਇਸ ਤਰ੍ਹਾਂ।4।

ਅਰਥ: (ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ) , ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ) । (ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ।

ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ।1।

ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ।1। ਰਹਾਉ।

ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ। ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ।2।

(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ। ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ।

(ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ।3।

ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ– ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ।4।5।

ਆਸਾ ਮਹਲਾ ੧ ॥ ਵਾਜਾ ਮਤਿ ਪਖਾਵਜੁ ਭਾਉ ॥ ਹੋਇ ਅਨੰਦੁ ਸਦਾ ਮਨਿ ਚਾਉ ॥ ਏਹਾ ਭਗਤਿ ਏਹੋ ਤਪ ਤਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥ ਪੂਰੇ ਤਾਲ ਜਾਣੈ ਸਾਲਾਹ ॥ ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥ ਸਤੁ ਸੰਤੋਖੁ ਵਜਹਿ ਦੁਇ ਤਾਲ ॥ ਪੈਰੀ ਵਾਜਾ ਸਦਾ ਨਿਹਾਲ ॥ ਰਾਗੁ ਨਾਦੁ ਨਹੀ ਦੂਜਾ ਭਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥ ਭਉ ਫੇਰੀ ਹੋਵੈ ਮਨ ਚੀਤਿ ॥ ਬਹਦਿਆ ਉਠਦਿਆ ਨੀਤਾ ਨੀਤਿ ॥ ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥ ਸਿਖ ਸਭਾ ਦੀਖਿਆ ਕਾ ਭਾਉ ॥ ਗੁਰਮੁਖਿ ਸੁਣਣਾ ਸਾਚਾ ਨਾਉ ॥ ਨਾਨਕ ਆਖਣੁ ਵੇਰਾ ਵੇਰ ॥ ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥ {ਪੰਨਾ 350}

ਪਦ ਅਰਥ: ਮਤਿ = ਸ੍ਰੇਸ਼ਟ ਬੁੱਧਿ। ਪਖਾਵਜੁ = ਜੋੜੀ, ਤਬਲਾ। ਭਾਉ = ਪ੍ਰੇਮ। ਅਨੰਦੁ = ਆਤਮਕ ਸੁਖ। ਮਨਿ = ਮਨ ਵਿਚ। ਭਗਤਿ = ਰਾਸ ਪਾਣੀ। ਤਪ ਤਾਉ = ਤਪ ਦਾ ਤਪਣਾ। {ਨੋਟ: 'ਏਹਾ' ਅਤੇ 'ਏਹੋ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। 'ਏਹਾ' ਵਿਸ਼ੇਸ਼ਣ ਇਸਤ੍ਰੀ-ਲਿੰਗ ਹੈ, 'ਇਹੋ' ਵਿਸ਼ੇਸ਼ਣ ਪੁਲਿੰਗ ਹੈ}। ਇਤੁ = ਇਸ ਵਿਚ। ਇਤੁ ਰੰਗਿ = ਇਸ ਰੰਗ ਵਿਚ, ਇਸ ਮੌਜ ਵਿਚ। ਰਖਿ ਰਖਿ ਪਾਉ = ਪੈਰ ਰੱਖ ਰੱਖ ਕੇ, ਜੀਵਨ-ਰਾਹ ਤੇ ਤੁਰ ਤੁਰ ਕੇ।1।

ਪੂਰੇ ਤਾਲ = ਤਾਲ ਪੂਰਦਾ ਹੈ, ਤਾਲ-ਸਿਰ ਨੱਚਦਾ ਹੈ। ਸਾਲਾਹ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਮਨ ਮਾਹ = ਮਨ ਦੇ ਉਮਾਹ, ਮਨ ਦੇ ਚਾਉ।1। ਰਹਾਉ।

ਸਤੁ = ਦਾਨ, ਸੇਵਾ। ਤਾਲ = ਛੈਣੇ। ਪੈਰੀ ਵਾਜਾ = ਘੁੰਘਰੂ। ਨਿਹਾਲ = ਪ੍ਰਸੰਨ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।2।

ਫੇਰੀ = ਭੁਆਟਣੀ। ਚੀਤਿ = ਚਿਤ ਵਿਚ। ਨੀਤਾ ਨੀਤ = ਨਿੱਤ ਨਿੱਤ, ਸਦਾ ਹੀ। ਲੇਟਣਿ = ਲੇਟਣੀ, ਲੰਮੇ ਪੈ ਕੇ ਨਾਚ। ਲੇਟਿ = ਲੇਟ ਕੇ। ਸੁਆਹ = ਨਾਸਵੰਤ, (ਸੁਆਹ ਵਾਂਗ) ।3।

ਸਿਖ ਸਭਾ = ਸਤਸੰਗ। ਦੀਖਿਆ = ਗੁਰੂ ਦਾ ਉਪਦੇਸ਼। ਭਾਉ = ਪਿਆਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਆਖਣੁ = (ਨਾਮ) ਜਪਣਾ। ਵੇਰਾ ਵੇਰ = ਮੁੜ ਮੁੜ।4।

ਅਰਥ: ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧਿ ਨੂੰ ਵਾਜਾ ਬਣਾਇਆ ਹੈ, ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ (ਇਹਨਾਂ ਸਾਜਾਂ ਦੇ ਵੱਜਣ ਨਾਲ, ਸ੍ਰੇਸ਼ਟ ਬੁੱਧਿ ਤੇ ਪ੍ਰਭੂ-ਪਿਆਰ ਦੀ ਬਰਕਤਿ ਨਾਲ) ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ। ਅਸਲ ਭਗਤੀ ਇਹੀ ਹੈ, ਤੇ ਇਹੀ ਹੈ ਮਹਾਨ ਤਪ। ਇਸ ਆਤਮਕ ਆਨੰਦ ਵਿਚ ਟਿਕੇ ਰਹਿ ਕੇ ਸਦਾ ਜੀਵਨ-ਰਸਤੇ ਉਤੇ ਤੁਰੋ। ਬੱਸ! ਇਹ ਨਾਚ ਨੱਚੋ (ਰਾਸਾਂ ਵਿਚ ਨਾਚ ਨੱਚ ਕੇ ਉਸ ਨੂੰ ਕ੍ਰਿਸ਼ਨ-ਭਗਤੀ ਸਮਝਣਾ ਭੁਲੇਖਾ ਹੈ) ।1।

ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਜਾਣਦਾ ਹੈ ਉਹ (ਜੀਵਨ-ਨਾਚ ਵਿਚ) ਤਾਲ-ਸਿਰ ਨੱਚਦਾ ਹੈ (ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ) । (ਰਾਸ ਆਦਿਕਾਂ ਵਿਚ ਕ੍ਰਿਸ਼ਨ-ਮੂਰਤੀ ਅੱਗੇ ਇਹ) ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖ਼ੁਸ਼ੀਆਂ ਹਨ, ਮਨ ਦੇ ਚਾਉ ਹਨ (ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣਾ ਹੈ) ।1। ਰਹਾਉ।

(ਖ਼ਲਕਤ ਦੀ) ਸੇਵਾ, ਸੰਤੋਖ (ਵਾਲਾ ਜੀਵਨ) = ਇਹ ਦੋਵੇਂ ਛੈਣੇ ਵੱਜਣ, ਸਦਾ ਖਿੜੇ-ਮਿੱਥੇ ਰਹਿਣਾ = ਇਹ ਪੈਰੀਂ ਘੁੰਘਰੂ (ਵੱਜਣ) ; (ਪ੍ਰਭੂ-ਪਿਆਰ ਤੋਂ ਬਿਨਾ) ਕੋਈ ਹੋਰ ਲਗਨ ਨ ਹੋਵੇ = ਇਹ (ਹਰ ਵੇਲੇ ਅੰਦਰ) ਰਾਗ ਤੇ ਅਲਾਪ (ਹੁੰਦਾ ਰਹੇ) । (ਹੇ ਭਾਈ!) ਇਸ ਆਤਮਕ ਆਨੰਦ ਵਿਚ ਟਿਕੋ, ਇਸ ਜੀਵਨ-ਰਸਤੇ ਤੁਰੋ। ਬੱਸ! ਇਹ ਨਾਚ ਨੱਚੋ (ਭਾਵ, ਇਸ ਤਰ੍ਹਾਂ ਦੇ ਜੀਵਨ ਦਾ ਆਤਮਕ ਹੁਲਾਰਾ ਮਾਣੋ) ।2।

ਉਠਦਿਆਂ ਬੈਠਦਿਆਂ ਸਦਾ ਹਰ ਵੇਲੇ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ = ਨਾਚ ਦੀ ਇਹ ਭੁਆਟਣੀ ਹੋਵੇ; ਆਪਣੇ ਸਰੀਰ ਨੂੰ ਮਨੁਖ ਨਾਸਵੰਤ ਸਮਝੇ = ਇਹ ਲੇਟ ਕੇ ਨਿਰਤਕਾਰੀ ਹੋਵੇ। (ਹੇ ਭਾਈ!) ਇਸ ਆਨੰਦ ਵਿਚ ਟਿਕੇ ਰਹੋ; ਇਹ ਜੀਵਨ ਜੀਵੋ। ਬੱਸ! ਇਹ ਨਾਚ ਨੱਚੋ (ਇਹ ਆਤਮਕ ਹੁਲਾਰਾ ਮਾਣੋ) ।3।

ਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ (ਆਪਣੇ ਅੰਦਰ ਪੈਦਾ ਕਰਨਾ) ; ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸੁਣਦੇ ਰਹਿਣਾ; ਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ = ਇਸ ਰੰਗ ਵਿਚ, ਹੇ ਨਾਨਕ! ਟਿਕੋ, ਇਸ ਜੀਵਨ-ਰਸਤੇ ਵਿਚ ਪੈਰ ਧਰੋ। ਬੱਸ! ਇਹ ਨਾਚ ਨੱਚੋ (ਇਹ ਜੀਵਨ-ਆਨੰਦ ਮਾਣੋ) ।4।6।

ਆਸਾ ਮਹਲਾ ੧ ॥ ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥ ਕਿਆ ਉਪਮਾ ਤੇਰੀ ਆਖੀ ਜਾਇ ॥ ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥ ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥ ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥ ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥ ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥ {ਪੰਨਾ 350}

ਪਦ ਅਰਥ: ਪਉਣੁ = ਹਵਾ। ਉਪਾਇ = ਉਪਾਈ, ਪੈਦਾ ਕੀਤੀ। ਧਰੀ = ਟਿਕਾਈ। ਬੰਧੁ = ਮੇਲ। ਦਹਸਿਰਿ = ਦਹਸਿਰ ਨੇ, ਰਾਵਣ ਨੇ। ਅੰਧੁਲੈ = ਅੰਨ੍ਹੇ ਨੇ, ਮੂਰਖ ਨੇ। ਮੂੰਡੁ = ਸਿਰ। ਮਾਰਿ = ਮਾਰ ਕੇ। ਕਿਆ ਵਡਾ ਭਇਆ = ਵੱਡਾ ਨਹੀਂ ਹੋ ਗਿਆ।1।

ਉਪਮਾ = ਵਡਿਆਈ। ਲਿਵ ਲਾਇ = ਵਿਆਪਕ ਹੋ ਕੇ।1। ਰਹਾਉ।

ਹਥਿ ਕੀਨੀ = ਆਪਣੇ ਹੱਥ ਵਿਚ ਕੀਤੀ ਹੋਈ ਹੈ। ਨਥਿ = ਨੱਥ ਕੇ, ਵੱਸ ਵਿਚ ਕਰ ਕੇ। ਕਿਸੁ = ਕਿਸ (ਇਸਤ੍ਰੀ) ਦਾ? ਪੁਰਖੁ = ਖਸਮ। ਜੋਰੂ ਕਉਣ = ਕਉਣ ਤੇਰੀ ਇਸਤ੍ਰੀ? ਨਿਰੰਤਰਿ = {ਨਿਰ-ਅੰਤਰਿ। ਅੰਤਰੁ = ਵਿੱਥ} ਬਿਨਾ ਵਿੱਥ ਦੇ, ਇਕ-ਰਸ।2।

ਨਾਲਿ = ਕੌਲ-ਫੁੱਲ ਦੀ ਨਾਲੀ। ਕੁਟੰਬੁ = ਪਰਵਾਰ, {kutuiMbnI = ਮਾਂ, ਕੁਟੰਬਿਨੀ} ਮਾਂ, ਜਨਨੀ। ਸਾਥਿ = ਨਾਲ, ਕੋਲ। ਵਰਦਾਤਾ = ਵਰ ਦੇਣ ਵਾਲਾ, ਵਿਸ਼ਨੂੰ। ਕੰਸੁ = ਰਾਜਾ ਉਗ੍ਰਸੈਨ ਦਾ ਪੁੱਤਰ, ਕ੍ਰਿਸ਼ਨ ਜੀ ਦਾ ਮਾਮਾ। ਇਸ ਨੂੰ ਕ੍ਰਿਸ਼ਨ ਜੀ ਨੇ ਮਾਰ ਕੇ ਉਗ੍ਰਸੈਨ ਨੂੰ ਮੁੜ ਰਾਜ ਦਿੱਤਾ ਸੀ।3।

ਉਪਾਇ ਧਰੇ = ਪੈਦਾ ਕੀਤੇ। ਖੀਰੁ = ਸਮੁੰਦਰ। ਮਥਿਆ = ਰਿੜਕਿਆ। (ਪੁਰਾਣਾਂ ਦੀ ਕਥਾ ਹੈ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਸ ਵਿਚੋਂ 14 ਰਤਨ ਨਿਕਲੇ। ਵੰਡਣ ਵੇਲੇ ਝਗੜਾ ਪੈ ਗਿਆ। ਵਿਸ਼ਨੂੰ ਨੇ ਇਹ ਝਗੜਾ ਨਿਬੇੜਨ ਲਈ ਮੋਹਨੀ ਅਵਤਾਰ ਧਾਰਿਆ ਤੇ ਰਤਨ ਇਕ ਇਕ ਕਰ ਕੇ ਵੰਡ ਦਿੱਤੇ) । ਹੋਰਿ = ਦੈਂਤ ਤੇ ਦੇਵਤੇ। ਭਖਲਾਏ = ਕ੍ਰੋਧ ਵਿਚ ਆ ਕੇ ਬੋਲਣ ਲੱਗੇ। ਜਿ = ਕਿ। ਅਸੀਂ ਕੀਆ = ਅਸਾਂ (ਰਤਨ ਸਮੁੰਦਰ ਵਿਚੋਂ) ਕੱਢੇ ਹਨ। ਏਕੀ ਏਕੀ = ਇਕ ਇਕ ਕਰ ਕੇ।4।

ਅਰਥ: ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ। ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ) । ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ।1।

(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ।1। ਰਹਾਉ।

(ਹੇ ਅਕਾਲ ਪੁਰਖ!) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ। ਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ।2।

(ਕਹਿੰਦੇ ਹਨ ਕਿ ਜੇਹੜਾ) ਬ੍ਰਹਮਾ ਕੌਲ ਦੀ ਨਾਲ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ, ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ, (ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ) ਪਰ ਅੰਤ ਨ ਲੱਭ ਸਕਿਆ। (ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ) ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? (ਇਹ ਤਾਂ ਉਸ ਦੇ ਅੱਗੇ ਸਾਧਾਰਨ ਜਿਹੀ ਗੱਲ ਹੈ) ।3।

(ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇਕ ਇਕ ਕਰ ਕੇ ਵੰਡ ਦਿੱਤੇ, (ਪਰ) ਨਾਨਕ ਆਖਦਾ ਹੈ (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ) ।4।7।

TOP OF PAGE

Sri Guru Granth Darpan, by Professor Sahib Singh