ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 351 ਆਸਾ ਮਹਲਾ ੧ ॥ ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥ ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥ ਕਰੇ ਵਖਿਆਣੁ ਜਾਣੈ ਜੇ ਕੋਈ ॥ ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥ ਜਿਨ੍ਹ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥ ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥ ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥ ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥ ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥ {ਪੰਨਾ 351} ਪਦ ਅਰਥ: ਕਰਮ ਕਰਤੂਤਿ = ਚੰਗੇ ਕਰਮ, ਚੰਗਾ ਆਚਰਨ। ਬੇਲਿ = ਵੇਲ। ਬਿਸਥਾਰੀ = ਖਿਲਰੀ ਹੋਈ। ਰੇਖ = ਚਿਹਨ। ਅਨਾਹਦੁ = ਬਿਨਾ ਵਜਾਇਆਂ, ਇਕ-ਰਸ {ਸਾਜ ਤਦੋਂ ਹੀ ਵੱਜਦਾ ਹੈ ਜਦੋਂ ਉਸ ਨੂੰ ਉਂਗਲੀਆਂ ਨਾਲ ਛੇੜੀਏ। ਜਦੋਂ ਉਂਗਲੀ ਦੀ ਚੋਟ ਬੰਦ ਕਰ ਦਈਏ, ਸਾਜ ਬੰਦ ਹੋ ਜਾਂਦਾ ਹੈ}। ਸਬਦੁ = ਸਿਫ਼ਤਿ-ਸਾਲਾਹ ਦੀ ਰੌ। ਨਿਰੰਜਨਿ = ਨਿਰੰਜਨ ਨੇ, ਉਸ ਪਰਮਾਤਮਾ ਨੇ ਜੋ ਅੰਜਨ (ਮਾਇਆ ਦੀ ਕਾਲਖ) ਤੋਂ ਪਰੇ ਹੈ।1। ਜਾਣੈ = ਜਾਣ-ਪਛਾਣ ਪਾ ਲਏ, ਸਾਂਝ ਪਾ ਲਏ।1। ਰਹਾਉ। ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਜੋਤੀ ਜੋਤਿ = ਪਰਮਾਤਮਾ ਦੀ ਜੋਤਿ। ਲਾਹੇ = ਲਾਭ।2। ਸਰਬ ਜੋਤਿ = ਸਾਰੀਆਂ ਜੋਤਾਂ ਵਿਚ। ਰਾਰੈ = ਰਾਰ ਵਿਚ, ਝਗੜੇ ਵਿਚ। ਰਾਰੈ ਰੂਪਿ = ਝਗੜਾ-ਰੂਪ ਸੰਸਾਰ ਵਿਚ। ਨਿਰਾਲਮੁ = ਨਿਰਾਲਾ, ਵੱਖਰਾ, ਨਿਰਲੇਪ। ਛਾਇਆ = ਪ੍ਰਤਿਬਿੰਬ, ਅਕਸ।3। ਬੀਣਾ = ਬੀਨ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਦਰਸਨਿ = ਦਰਸਨ ਵਿਚ, ਦ੍ਰਿਸ਼ ਵਿਚ। ਰੂਪਿ = ਰੂਪ ਵਿਚ, ਸੁੰਦਰਤਾ ਵਿਚ। ਸਬਦਿ = ਸ਼ਬਦ ਵਿਚ (ਜੁੜ ਕੇ) {ਲਫ਼ਜ਼ 'ਸਬਦੁ' ਅਤੇ 'ਸਬਦਿ' ਦੇ ਜੋੜਾਂ ਵਿਚ ਵਿਆਕਰਣਿਕ ਫ਼ਰਕ ਹੈ, ਅਰਥ ਭੀ ਵਖ ਵਖ}। ਅਨਾਹਦਿ = ਇਕ-ਰਸ ਵਿਚ। ਸਹੁ ਰਾਤਾ = ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਹੋਇਆ। ਵਿਚਾਰਾ = ਵਿਚਾਰ, ਖ਼ਿਆਲ।4। ਅਰਥ: ਜੇ ਕੋਈ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਪਾ ਲਏ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹੇ ਤਾਂ ਉਹ ਨਾਮ-ਅੰਮ੍ਰਿਤ ਪੀਂਦਾ ਹੈ (ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਆਨੰਦ ਮਾਣਦਾ ਹੈ)।1। ਰਹਾਉ। (ਸਿਮਰਨ ਦੀ ਬਰਕਤਿ ਨਾਲ) ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ, ਮਾਨੋ, ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ, (ਇਸ ਵੇਲ ਨੂੰ) ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿਚ ਜੁੜੀ ਰਹਿੰਦੀ ਹੈ) ਮਾਇਆ-ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ ਇਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ, ਮਾਨੋ, ਇਕ ਸੰਗੀਤ ਹੈ) ਜੋ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ, ਪਰ ਉਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਹੋ ਸਕਦਾ।1। ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ-ਰਸ ਪੀਤਾ, ਉਹ ਮਸਤ ਹੋ ਗਏ। (ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ, ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜ-ਭੱਜ ਛੱਡ ਦਿੱਤੀ (ਭਾਵ, ਉਹ ਮਾਇਆ ਦੇ ਮੋਹ-ਜਾਲ ਵਿਚੋਂ ਬਚ ਗਏ)।2। (ਜਿਸ ਮਨੁੱਖ ਨੇ ਸਿਮਰਨ ਦੀ ਬਰਕਤਿ ਨਾਲ ਨਾਮ-ਰਸ ਪੀਤਾ, ਉਸ ਨੇ, ਹੇ ਪ੍ਰਭੂ!) ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ, ਉਸ ਨੇ ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਂਦੀ ਵੇਖੀ। (ਉਹ ਮਨੁੱਖ ਵੇਖਦਾ ਹੈ ਕਿ) ਪਰਮਾਤਮਾ ਝਗੜੇ-ਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ, ਤੇ ਵਿਚੇ ਹੀ ਪ੍ਰਤਿਬਿੰਬ ਵਾਂਗ ਵਿਆਪਕ ਹੋ ਕੇ ਵੇਖ ਭੀ ਰਿਹਾ ਹੈ।3। ਉਹੀ (ਮਨੁੱਖ ਹੈ ਅਸਲ) ਜੋਗੀ ਅਪਾਰ ਪਰਮਾਤਮਾ ਦੇ ਦ੍ਰਿੱਸ਼ ਵਿਚ (ਮਸਤ ਹੋ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਬੀਣਾ ਵਜਾਂਦਾ ਰਹਿੰਦਾ ਹੈ। ਨਾਨਕ (ਆਪਣਾ ਇਹ) ਖ਼ਿਆਲ ਦੱਸਦਾ ਹੈ ਕਿ ਇਕ-ਰਸ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।4।8। ਆਸਾ ਮਹਲਾ ੧ ॥ ਮੈ ਗੁਣ ਗਲਾ ਕੇ ਸਿਰਿ ਭਾਰ ॥ ਗਲੀ ਗਲਾ ਸਿਰਜਣਹਾਰ ॥ ਖਾਣਾ ਪੀਣਾ ਹਸਣਾ ਬਾਦਿ ॥ ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥ ਤਉ ਪਰਵਾਹ ਕੇਹੀ ਕਿਆ ਕੀਜੈ ॥ ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥ ਮਨ ਕੀ ਮਤਿ ਮਤਾਗਲੁ ਮਤਾ ॥ ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥ ਕਿਆ ਮੁਹੁ ਲੈ ਕੀਚੈ ਅਰਦਾਸਿ ॥ ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥ ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥ ਤੁਝ ਬਿਨੁ ਦੂਜਾ ਨਾਹੀ ਕੋਇ ॥ ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥ ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥ ਰਾਗ ਰਤਨ ਪਰੀਆ ਪਰਵਾਰ ॥ ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥ ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥ ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥ {ਪੰਨਾ 351} ਪਦ ਅਰਥ: ਸਿਰਿ = ਸਿਰ ਉਤੇ। ਮੈ ਗੁਣ = ਮੇਰੇ ਗੁਣ (ਸਿਰਫ਼ ਇਹੀ ਹਨ)। ਗਲੀ ਗਲਾ = ਗੱਲਾਂ ਵਿਚੋਂ (ਚੰਗੀਆਂ) ਗੱਲਾਂ। ਗਲਾ ਸਿਰਜਣਹਾਰ = ਸਿਰਜਣਹਾਰ ਦੀਆਂ ਗੱਲਾਂ। ਬਾਦਿ = ਵਿਅਰਥ। ਆਵਹਿ = ਤੂੰ ਆਵੇਂ (ਹੇ ਪ੍ਰਭੂ!)।1। ਤਉ = ਤਦੋਂ। ਕਿਆ ਪਰਵਾਹ ਕੀਜੈ = ਕੋਈ ਪਰਵਾਹ ਨਹੀਂ ਕਰੀਦੀ, ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਨਮਿ = ਜਨਮ ਵਿਚ। ਜਨਮਿ = ਜਨਮ ਲੈ ਕੇ। ਜਨਮਿ ਜਨਮਿ = ਮਨੁੱਖਾ ਜਨਮ ਵਿਚ ਆ ਕੇ। ਲੀਜੀ = ਲੈਣ-ਜੋਗ ਪਦਾਰਥ।1। ਰਹਾਉ। ਮਤਾਗਲੁ = ਹਾਥੀ। ਮਤਾ = ਮਸਤ। ਖਤੋ ਖਤਾ = ਖ਼ਤਾ ਹੀ ਖ਼ਤਾ, ਭੁੱਲ ਹੀ ਭੁੱਲ। ਕਿਆ ਮੁਹੁ ਲੈ = ਕੇਹੜਾ ਮੂੰਹ ਲੈ ਕੇ? ਕਿਸ ਮੂੰਹ ਨਾਲ? ਸਾਖੀ = ਗਵਾਹ।2। ਚਲਾਵੈ = ਤੂੰ ਚਲਾ ਰਿਹਾ ਹੈਂ (ਜਗਤ ਦੀ ਕਾਰ)।3। ਰਤਨ ਰਾਗ = ਸ੍ਰੇਸ਼ਟ ਵਧੀਆ ਰਾਗ। ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ। ਤਿਸੁ ਵਿਚਿ = ਇਸ (ਸਾਰੇ ਪਰਵਾਰ) ਵਿਚ {ਨੋਟ: ਲਫ਼ਜ਼ 'ਤਿਸੁ' ਇਕ-ਵਚਨ ਹੈ}। ਅੰਮ੍ਰਿਤੁ ਸਾਰ = ਸ੍ਰੇਸ਼ਟ ਅੰਮ੍ਰਿਤ, ਨਾਮ-ਰਸ।4। ਅਰਥ: ਮਨੁੱਖਾ ਜਨਮ ਵਿਚ ਆ ਕੇ ਜੇ ਖੱਟਣ-ਜੋਗ ਪਦਾਰਥ ਇਕੱਠਾ ਕਰੀਏ, ਤਾਂ ਕੋਈ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।1। ਰਹਾਉ। (ਪਰ ਹੇ ਸਿਰਜਣਹਾਰ!) ਮੇਰੇ ਵਿਚ ਤਾਂ ਸਿਰਫ਼ ਇਹੀ ਗੁਣ ਹਨ (ਮੈਂ ਤਾਂ ਨਿਰੀ ਇਹੀ ਖੱਟੀ ਖੱਟੀ ਹੈ) ਕਿ ਮੈਂ ਆਪਣੇ ਸਿਰ ਉਤੇ (ਨਿਰੀਆਂ) ਗੱਲਾਂ ਦੇ ਭਾਰ ਬੱਧੇ ਹੋਏ ਹਨ। ਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ ਜੋ, ਹੇ ਸਿਰਜਣਹਾਰ! ਤੇਰੀਆਂ ਗੱਲਾਂ ਹਨ (ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹਨ)। ਜਦ ਤਕ, ਹੇ ਸਿਰਜਣਹਾਰ! ਤੂੰ ਮੇਰੇ ਹਿਰਦੇ ਵਿਚ ਚੇਤੇ ਨਾਹ ਆਵੇਂ, ਤਦ ਤਕ ਮੇਰਾ ਖਾਣਾ ਪੀਣਾ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ = ਇਹ ਸਭ ਵਿਅਰਥ ਹੈ।1। (ਅਸਾਂ ਖੱਟਣ-ਜੋਗ ਪਦਾਰਥ ਨਹੀਂ ਖੱਟਿਆ, ਇਸੇ ਕਰ ਕੇ) ਸਾਡੀ ਮਨ ਦੀ ਮਤਿ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ ਹੈ (ਇਸ ਅਹੰਕਾਰੀ ਮਨ ਦੀ ਅਗਵਾਈ ਵਿਚ) ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ। (ਹੇ ਪ੍ਰਭੂ! ਤੇਰੇ ਦਰ ਤੇ) ਅਰਦਾਸ ਵੀ ਕਿਸ ਮੂੰਹ ਨਾਲ ਕਰੀਏ? (ਆਪਣੇ ਢੀਠਪੁਣੇ ਵਿਚ ਅਰਦਾਸ ਕਰਦਿਆਂ ਭੀ ਸ਼ਰਮ ਆਉਂਦੀ ਹੈ, ਕਿਉਂਕਿ) ਸਾਡਾ ਭਲਾ ਤੇ ਸਾਡਾ ਬੁਰਾ (ਚੰਗਿਆਈਆਂ ਦਾ ਸੰਗ੍ਰਹ ਤੇ ਭੈੜੇ ਕੰਮਾਂ ਦਾ ਸੰਗ੍ਰਹ) ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ।2। (ਪਰ ਸਾਡੇ ਕੁਝ ਵਸ ਨਹੀਂ ਹੈ, ਹੇ ਪ੍ਰਭੂ!) ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਂਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ। ਤੈਥੋਂ ਬਿਨਾ ਹੋਰ ਕੋਈ ਨਹੀਂ (ਜੋ ਸਾਨੂੰ ਅਕਲ ਦੇ ਸਕੇ)। ਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ, ਉਹੀ ਅਕਲ ਜੀਵ ਗ੍ਰਹਣ ਕਰ ਲੈਂਦਾ ਹੈ। ਜਿਵੇਂ ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ।3। ਸ੍ਰੇਸ਼ਟ ਵਧੀਆ ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਵਾਰ = ਜੇ ਇਸ ਰਾਗ-ਪਰਵਾਰ ਵਿਚ ਸ੍ਰੇਸ਼ਟ ਨਾਮ-ਰਸ ਭੀ ਜੰਮ ਪਏ (ਤਾਂ ਇਸ ਮੇਲ ਵਿਚੋਂ ਅਸਚਰਜ ਆਤਮਕ ਆਨੰਦ ਪੈਦਾ ਹੁੰਦਾ ਹੈ)। ਹੇ ਨਾਨਕ! ਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ (ਤਾਂ ਉਹ ਇਸ ਆਤਮਕ ਆਨੰਦ ਨੂੰ ਮਾਣੇ, ਇਹ ਆਤਮਕ ਆਨੰਦ ਹੀ) ਕਰਤਾਰ ਤਕ ਅਪੜਾਣ ਵਾਲਾ ਧਨ-ਮਾਲ ਹੈ।4।9। ਆਸਾ ਮਹਲਾ ੧ ॥ ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥ ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥ ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥ ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥ {ਪੰਨਾ 351} ਨੋਟ: ਆਸਾ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: 24 ਵੇਖੋ, ਪੰਨਾ 482 ਉਤੇ। ਉਸ ਸ਼ਬਦ ਦਾ 'ਰਹਾਉ' ਦਾ 'ਬੰਦ' ਇਉਂ ਹੈ: "ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਕਬੀਰ ਜੀ ਨੇ ਆਪਣੇ ਸ਼ਬਦ ਵਿਚ 'ਆਤਮਕ ਵਿਆਹ' ਦਾ ਜ਼ਿਕਰ ਕੀਤਾ ਹੈ, ਲਿਖਦੇ ਹਨ: "ਕਹਿ ਕਬੀਰ ਮੋਹਿ ਬਿਆਹਿ ਚਲੈ ਹੈ ਪੁਰਖ ਏਕ ਭਗਵਾਨਾ"।3। ਹੁਣ ਪੜ੍ਹੋ = ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦਾ 'ਰਹਾਉ' ਦਾ ਬੰਦ: "ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਗੁਰੂ ਨਾਨਕ ਦੇਵ ਜੀ ਭੀ ਇਸ ਸ਼ਬਦ ਵਿਚ 'ਆਤਮਕ ਵਿਆਹ' ਦਾ ਹੀ ਜ਼ਿਕਰ ਕਰਦੇ ਹਨ ਤੇ ਆਖਦੇ ਹਨ ਕਿ ਸਾਡਾ ਵਿਆਹ ਗੁਰੂ ਦੀ ਰਾਹੀਂ ਹੋਇਆ ਹੈ: "ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ। ਸਤਿਗੁਰੂ ਜੀ ਇਹਨਾਂ ਦੀ ਬਾਣੀ ਪਹਿਲੀ 'ਉਦਾਸੀ' ਸਮੇ ਲਿਆਏ ਸਨ। ਪਦ ਅਰਥ: ਕਰਿ = ਕਰ ਕੇ। ਘਰਿ = ਘਰ ਵਿਚ, ਮੇਰੇ ਹਿਰਦੇ-ਘਰ ਵਿਚ। ਤਾ = ਤਦੋਂ {ਨੋਟ: ਲਫ਼ਜ਼ 'ਤਾ' ਦਾ ਭਾਵ ਸਮਝਣ ਵਾਸਤੇ ਪਹਿਲੀ ਤੁਕ ਦੇ ਨਾਲ ਲਫ਼ਜ਼ 'ਜਦੋਂ' ਵਰਤੋ}। ਮਿਲਿ = ਮਿਲ ਕੇ। ਸਖੀਆ = ਇੰਦ੍ਰੀਆਂ ਨੇ। ਕਾਜੁ = ਵਿਆਹ। ਕਾਜੁ ਰਚਾਇਆ = ਵਿਆਹ ਰਚਾ ਦਿੱਤਾ, ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ, ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਵਲ ਪਰਤ ਪਈਆਂ। ਖੇਲੁ = ਵਿਆਹ ਦਾ ਖੇਲ, ਵਿਆਹ ਦਾ ਚਾਉ-ਮਲ੍ਹਾਰ। ਦੇਖਿ = ਵੇਖ ਕੇ। ਮਨਿ = ਮੇਰੇ ਮਨ ਵਿਚ।1। ਕਾਮਣੀ = ਹੇ ਇਸਤ੍ਰੀਓ! ਹੇ ਇੰਦ੍ਰੀਓ! ਬਿਬੇਕ = ਪਰਖ, ਗਿਆਨ। ਬਿਬੇਕ ਬੀਚਾਰੁ = ਗਿਆਨ ਪੈਦਾ ਕਰਨ ਵਾਲਾ ਖ਼ਿਆਲ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਗੀਤ। ਜਗਜੀਵਨੁ = ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ)। ਭਤਾਰੁ = ਖਸਮ-ਪ੍ਰਭੂ।1। ਰਹਾਉ। ਗੁਰੂ ਦੁਆਰੈ = ਗੁਰੂ ਦੇ ਦਰ ਤੇ (ਪੈ ਕੇ) , ਗੁਰੂ ਦੀ ਸਰਨ ਪਿਆਂ। ਜਾਂ = ਜਦੋਂ। ਤਾਂ = ਤਦੋਂ। ਜਾਨਿਆ = ਜਾਣ ਲਿਆ, ਪਛਾਣ ਲਿਆ, ਡੂੰਘੀ ਸਾਂਝ ਪਾ ਲਈ, ਪੂਰੀ ਸਮਝ ਆ ਗਈ। ਤਿਹੁ = ਤਿਨ੍ਹਾਂ ਹੀ। ਸਬਦੁ = ਜੀਵਨ-ਰੌ (ਹੋ ਕੇ)। ਰਵਿਆ = ਵਿਆਪਕ ਹੈ। ਆਪੁ = ਆਪਾ-ਭਾਵ, ਸੁਆਰਥ। ਮਾਨਿਆ = ਮੰਨ ਗਿਆ, ਗਿੱਝ ਗਿਆ।2। ਕਾਰਜੁ = ਕਾਜੁ, ਵਿਆਹ ਦਾ ਉੱਦਮ, ਮੇਲ ਦਾ ਪ੍ਰਬੰਧ। ਹੋਰਨਿ = ਕਿਸੇ ਹੋਰ ਪਾਸੋਂ। ਜਿਤੁ ਕਾਰਜਿ = ਜਿਸ ਕਾਜ ਦੀ ਰਾਹੀਂ, ਜਿਸ ਵਿਆਹ ਦੀ ਰਾਹੀਂ, ਜਿਸ ਮੇਲ ਦੀ ਬਰਕਤਿ ਨਾਲ। ਹੈ– ਪੈਦਾ ਹੁੰਦਾ ਹੈ।3। ਭਨਤਿ = ਆਖਦਾ ਹੈ। ਪਿਰੁ = ਖਸਮ। ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮੇਹਰ ਦੀ ਨਿਗਾਹ। ਸੋਹਾਗਣਿ = ਚੰਗੇ ਭਾਗਾਂ ਵਾਲੀ, ਖਸਮ ਵਾਲੀ।4। ਅਰਥ: ਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦ੍ਰਿਓ! ਚੰਗੇ ਮੰਦੇ ਦੀ) ਪਰਖ ਦੀ ਵਿਚਾਰ (ਪੈਦਾ ਕਰਨ ਵਾਲਾ ਗੀਤ) ਮੁੜ ਮੁੜ ਗਾਵੋ (ਹੇ ਮੇਰੀ ਜੀਭ! ਸਿਫ਼ਤਿ-ਸਾਲਾਹ ਵਿਚ ਜੁੜ; ਤਾਕਿ ਤੈਨੂੰ ਨਿੰਦਾ ਕਰਨ ਵਲੋਂ ਹਟਣ ਦੀ ਸੂਝ ਆ ਜਾਏ। ਹੇ ਮੇਰੇ ਕੰਨੋ! ਸਿਫ਼ਤਿ-ਸਾਲਾਹ ਦੇ ਗੀਤ ਸੁਣਦੇ ਰਹੋ, ਤਾਂ ਜੁ ਨਿੰਦਾ ਸੁਣਨ ਦੀ ਬਾਣ ਹਟੇ)। ਸਾਡੇ ਘਰ ਵਿਚ (ਮੇਰੇ ਹਿਰਦੇ-ਘਰ ਵਿਚ) ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ਹੈ।1। ਰਹਾਉ। ਜਦੋਂ ਮੇਰਾ ਖਸਮ-ਪ੍ਰਭੂ (ਮੈਨੂੰ ਜੀਵ-ਇਸਤ੍ਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ) ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ। ਮੇਰਾ ਖਸਮ-ਪ੍ਰਭੂ ਮੈਨੂੰ ਵੀਆਹਣ ਆਇਆ ਹੈ (ਮੈਨੂੰ ਆਪਣੇ ਚਰਨਾਂ ਵਿਚ ਜੋੜਨ ਆਇਆ ਹੈ) = ਪ੍ਰਭੂ-ਮਿਲਾਪ ਲਈ ਇਹ ਉੱਦਮ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ।1। ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ (ਗੁਰੂ ਨੇ ਮੈਨੂੰ ਪ੍ਰਭੂ-ਪਤੀ ਨਾਲ ਜੋੜਿਆ) , ਜਦੋਂ ਮੈਨੂੰ ਖਸਮ-ਪ੍ਰਭੂ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ ਕਿ ਉਹ ਪ੍ਰਭੂ ਜੀਵਨ-ਰੌ ਬਣ ਕੇ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ। ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ।2। ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ, ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। ਇਸ ਮੇਲ ਦੀ ਬਰਕਤਿ ਨਾਲ (ਜੀਵ-ਇਸਤ੍ਰੀ ਦੇ ਅੰਦਰ) ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ। ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ।3। ਨਾਨਕ ਆਖਦਾ ਹੈ– (ਭਾਵੇਂ ਜੀਕਰ) ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ, (ਫਿਰ ਭੀ) ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ (ਜਿਸ ਦੇ ਹਿਰਦੇ ਵਿਚ ਆ ਕੇ ਪਰਗਟ ਹੁੰਦਾ ਹੈ) ਉਹੀ ਭਾਗਾਂ ਵਾਲੀ ਹੁੰਦੀ ਹੈ।4।10। |
Sri Guru Granth Darpan, by Professor Sahib Singh |