ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 352

ਆਸਾ ਮਹਲਾ ੧ ॥ ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ ਦੁਰਮਤਿ ਗਤੁ ਭਈ ਕੀਰਤਿ ਠਾਇ ॥ ਸਚ ਪਉੜੀ ਸਾਚਉ ਮੁਖਿ ਨਾਂਉ ॥ ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥ ਮਨ ਚੂਰੇ ਖਟੁ ਦਰਸਨ ਜਾਣੁ ॥ ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥ ਅਧਿਕ ਤਿਆਸ ਭੇਖ ਬਹੁ ਕਰੈ ॥ ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥ ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥ ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥ ਸਿਫਤਿ ਸਲਾਹਣੁ ਸਹਜ ਅਨੰਦ ॥ ਸਖਾ ਸੈਨੁ ਪ੍ਰੇਮੁ ਗੋਬਿੰਦ ॥ ਆਪੇ ਕਰੇ ਆਪੇ ਬਖਸਿੰਦੁ ॥ ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥ ਝੂਠ ਵਿਕਾਰ ਮਹਾ ਦੁਖੁ ਦੇਹ ॥ ਭੇਖ ਵਰਨ ਦੀਸਹਿ ਸਭਿ ਖੇਹ ॥ ਜੋ ਉਪਜੈ ਸੋ ਆਵੈ ਜਾਇ ॥ ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥ {ਪੰਨਾ 352}

ਪਦ ਅਰਥ: ਬਨੁ = ਜੰਗਲ। ਸਮਸਰਿ = ਬਰਾਬਰ, ਇਕੋ ਜਿਹਾ। ਸਹਜਿ = ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਗਤੁ ਭਈ = ਦੂਰ ਹੋ ਜਾਂਦੀ ਹੈ। ਕੀਰਤਿ = ਸਿਫ਼ਤਿ-ਸਾਲਾਹ। ਠਾਇ = (ਉਸ ਦੀ) ਥਾਂ ਤੇ। ਮੁਖਿ = ਮੂੰਹ ਵਿਚ। ਨਾਂਉ = ਪਰਮਾਤਮਾ ਦਾ ਨਾਮ। ਸੇਵਿ = ਸੇਵ ਕੇ, ਸੇਵਾ ਕਰ ਕੇ। ਨਿਜ = ਆਪਣਾ। ਨਿਜ ਥਾਉ = ਉਹ ਥਾਂ ਜੋ ਸਦਾ ਆਪਣਾ ਬਣਿਆ ਰਹੇਗਾ।1।

ਚੂਰੇ = ਚੂਰਾ ਚੂਰਾ ਕਰੇ, ਮੰਦੇ ਸੰਸਕਾਰਾਂ ਦਾ ਨਾਸ ਕਰੇ। ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ (ਸਾਂਖ, ਨਿਆਇ, ਯੋਗ, ਵੇਦਾਂਤ, ਮੀਮਾਂਸਾ, ਵੈਸ਼ੇਸ਼ਿਕ) । ਜਾਣੁ = ਗਿਆਤਾ। ਸਰਬ ਜੋਤਿ = ਸਭ ਜੀਵਾਂ ਵਿਚ ਵਿਆਪਕ ਜੋਤਿ।1। ਰਹਾਉ।

ਅਧਿਕ = ਬਹੁਤ। ਤਿਆਸ = ਤ੍ਰਿਸ਼ਨਾ। ਦੁਖੁ ਬਿਖਿਆ = ਮਾਇਆ ਦੀ ਤ੍ਰਿਸ਼ਨਾ ਤੋਂ ਪੈਦਾ ਹੋਇਆ ਦੁੱਖ। ਤਨਿ = ਸਰੀਰ ਵਿਚ। ਪਰਹਰੈ = ਦੂਰ ਕਰ ਦੇਂਦਾ ਹੈ। ਧਨੁ = ਨਾਮ-ਧਨ। ਹਿਰੈ = ਚੁਰਾ ਲੈਂਦਾ ਹੈ। ਛੋਡਿ = ਛੱਡ ਕੇ। ਨਾਮਿ = ਨਾਮ ਵਿਚ (ਜੁੜ ਕੇ) । ਨਿਸਤਰੈ = ਪਾਰ ਲੰਘ ਜਾਂਦਾ ਹੈ।2।

ਸਹਜ ਅਨੰਦ = ਅਡੋਲਤਾ ਦਾ ਅਨੰਦ। ਸੈਨੁ = ਮਿਤ੍ਰ। ਆਗੈ = (ਹਰੀ ਦੇ) ਅੱਗੇ।3।

ਦੇਹ = ਸਰੀਰ। ਦੀਸਹਿ = ਦਿੱਸਦੇ ਹਨ। ਸਭਿ = ਸਾਰੇ। ਉਪਜੈ = ਜੰਮਦਾ ਹੈ। ਜਾਇ = ਚਲਾ ਜਾਂਦਾ ਹੈ। ਅਸਥਿਰੁ = ਸਦਾ-ਥਿਰ ਰਹਿਣ ਵਾਲਾ।

ਅਰਥ: ਜੋ ਮਨੁੱਖ ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ, ਮਾਨੋ, ਛੇ ਸ਼ਾਸਤ੍ਰਾਂ ਦਾ ਗਿਆਤਾ ਹੋ ਗਿਆ ਹੈ ਉਸ ਨੂੰ ਅਕਾਲ ਪੁਰਖ ਦੀ ਜੋਤਿ ਸਭ ਜੀਵਾਂ ਵਿਚ ਵਿਆਪਕ ਦਿੱਸਦੀ ਹੈ।1। ਰਹਾਉ।

(ਜਿਸ ਨੇ ਮਨ ਨੂੰ ਵੱਸ ਵਿਚ ਕਰ ਲਿਆ, ਉਸ ਮਨੁੱਖ ਨੂੰ) ਘਰ ਤੇ ਜੰਗਲ ਇੱਕ ਸਮਾਨ ਹੈ, ਕਿਉਂਕਿ ਉਹ ਅਡੋਲ ਅਵਸਥਾ ਵਿਚ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਮਸਤ ਰਹਿੰਦਾ) ਹੈ; ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ। ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿਚ ਹੁੰਦਾ ਹੈ, (ਸਿਮਰਨ ਦੀ ਇਸ) ਸੱਚੀ ਪੌੜੀ ਦੀ ਰਾਹੀਂ ਸਤਿਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਮਨੁੱਖ ਉਹ ਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ।1।

ਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ (ਬਾਹਰ ਜਗਤ-ਵਿਖਾਵੇ ਲਈ) ਬਹੁਤ ਧਾਰਮਿਕ ਲਿਬਾਸ ਪਹਿਨੇ, ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼ ਉਸ ਦੇ ਅੰਦਰ ਆਤਮਕ ਸੁਖ ਨੂੰ ਦੂਰ ਕਰ ਦੇਂਦਾ ਹੈ, ਤੇ ਕਾਮ ਕ੍ਰੋਧ ਉਸ ਦੇ ਅੰਦਰਲੇ ਨਾਮ-ਧਨ ਨੂੰ ਚੁਰਾ ਲੈ ਜਾਂਦਾ ਹੈ। (ਤ੍ਰਿਸ਼ਨਾ ਦੇ ਹੜ੍ਹ ਵਿਚੋਂ ਉਹੀ ਮਨੁੱਖ) ਪਾਰ ਲੰਘਦਾ ਹੈ ਜੋ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਤੇ ਜੋ ਦੁਚਿੱਤਾ-ਪਨ ਛੱਡਦਾ ਹੈ।2।

(ਜਿਸ ਨੇ ਮਨ ਨੂੰ ਮਾਰ ਲਿਆ) ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ, ਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿਤ੍ਰ ਬਣਾਂਦਾ ਹੈ, ਉਹ ਮਨੁੱਖ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ, ਉਸ ਨੂੰ ਯਕੀਨ ਰਹਿੰਦਾ ਹੈ ਕਿ ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਦਾਤਾਂ ਬਖ਼ਸ਼ਣ ਵਾਲਾ ਹੈ।3।

(ਮਨ ਮਾਰ ਕੇ ਆਤਮਕ ਆਨੰਦ ਲੈਣ ਵਾਲੇ ਨੂੰ) ਝੂਠ ਆਦਿਕ ਵਿਕਾਰ ਸਰੀਰ ਵਾਸਤੇ ਭਾਰੀ ਕਸ਼ਟ (ਦਾ ਮੂਲ) ਜਾਪਦੇ ਹਨ, (ਜਗਤ-ਵਿਖਾਵੇ ਵਾਲੇ) ਸਾਰੇ ਧਾਰਮਿਕ ਭੇਖ ਤੇ ਵਰਨ (ਆਸ਼੍ਰਮਾਂ ਦਾ ਮਾਣ) ਮਿੱਟੀ ਸਮਾਨ ਦਿੱਸਦੇ ਹਨ। ਹੇ ਨਾਨਕ! ਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਹੁੰਦਾ ਤੇ ਨਾਸ ਹੋ ਜਾਂਦਾ ਹੈ, ਪਰਮਾਤਮਾ ਦਾ ਇਕ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ (ਇਸ ਵਾਸਤੇ ਉਹ ਨਾਮ ਜਪਦਾ ਹੈ) ।4।11।

ਆਸਾ ਮਹਲਾ ੧ ॥ ਏਕੋ ਸਰਵਰੁ ਕਮਲ ਅਨੂਪ ॥ ਸਦਾ ਬਿਗਾਸੈ ਪਰਮਲ ਰੂਪ ॥ ਊਜਲ ਮੋਤੀ ਚੂਗਹਿ ਹੰਸ ॥ ਸਰਬ ਕਲਾ ਜਗਦੀਸੈ ਅੰਸ ॥੧॥ ਜੋ ਦੀਸੈ ਸੋ ਉਪਜੈ ਬਿਨਸੈ ॥ ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥ ਬਿਰਲਾ ਬੂਝੈ ਪਾਵੈ ਭੇਦੁ ॥ ਸਾਖਾ ਤੀਨਿ ਕਹੈ ਨਿਤ ਬੇਦੁ ॥ ਨਾਦ ਬਿੰਦ ਕੀ ਸੁਰਤਿ ਸਮਾਇ ॥ ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥ ਮੁਕਤੋ ਰਾਤਉ ਰੰਗਿ ਰਵਾਂਤਉ ॥ ਰਾਜਨ ਰਾਜਿ ਸਦਾ ਬਿਗਸਾਂਤਉ ॥ ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥ ਬੂਡਤ ਪਾਹਨ ਤਾਰਹਿ ਤਾਰਿ ॥੩॥ ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥ ਉਲਟ ਭਈ ਘਰੁ ਘਰ ਮਹਿ ਆਣਿਆ ॥ ਅਹਿਨਿਸਿ ਭਗਤਿ ਕਰੇ ਲਿਵ ਲਾਇ ॥ ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥ {ਪੰਨਾ 352}

ਪਦ ਅਰਥ: ਸਰਵਰੁ = ਸੋਹਣਾ ਸਰ, ਸੋਹਣਾ ਤਾਲਾਬ। ਅਨੂਪ = ਸੋਹਣੇ। ਬਿਗਾਸੈ = ਖਿੜਾਂਦਾ ਹੈ। ਪਰਮਲ = ਸੁਗੰਧੀ। ਰੂਪ = ਸੁੰਦਰਤਾ। ਹੰਸ = ਸਤਸੰਗੀ, ਗੁਰਮੁਖ। ਸਰਬ ਕਲਾ = ਸਾਰੀਆਂ ਤਾਕਤਾਂ ਵਾਲਾ। ਜਗਦੀਸੈ = ਜਗਦੀਸ਼ ਦਾ। ਅੰਸ = ਹਿੱਸਾ।1।

ਸਰਵਰਿ = ਸਰਵਰ ਵਿਚ।1। ਰਹਾਉ।

ਭੇਦੁ = (ਸਤਸੰਗ ਸਰੋਵਰ ਦੀ) ਗੁਪਤ ਕਦਰ। ਸਾਖਾ ਤੀਨਿ = ਤਿੰਨ ਅਵਸਥਾ (ਮਾਇਆ ਦੀਆਂ) । ਨਾਦ = ਸ਼ਬਦ, ਸਿਫ਼ਤਿ-ਸਾਲਾਹ ਦੀ ਬਾਣੀ। ਬਿੰਦ = ਜਾਣਨਾ। ਨਾਦ ਬਿੰਦ ਕੀ ਸੁਰਤਿ = ਸ਼ਬਦ ਨੂੰ ਜਾਣਨ ਵਾਲੀ ਸੁਰਤਿ ਵਿਚ। ਸਮਾਇ = ਲੀਨ ਹੁੰਦਾ ਹੈ। ਪਰਮ = ਬਹੁਤ ਉੱਚਾ। ਪਦੁ = ਆਤਮਕ ਦਰਜਾ।2।

ਮੁਕਤੋ = ਮੁਕਤ, ਵਿਕਾਰਾਂ ਤੋਂ ਆਜ਼ਾਦ। ਰਾਤਉ = ਰੱਤਾ ਹੋਇਆ। ਰਵਾਂਤਉ = ਸਿਮਰਦਾ ਹੈ। ਰਾਜਨ ਰਾਜਿ = ਰਾਜਿਆਂ ਦੇ ਰਾਜੇ (ਹਰੀ) ਵਿਚ। ਬਿਗਸਾਂਤਉ = ਬਿਗਸਦਾ ਹੈ, ਖਿੜਿਆ ਰਹਿੰਦਾ ਹੈ। ਪਾਹਨ– ਪੱਥਰ। ਤਾਰਿ = ਬੇੜੀ।3।

ਉਲਟ ਭਈ = ਸੁਰਤਿ ਮਾਇਆ ਦੇ ਪ੍ਰਭਾਵ ਵਲੋਂ ਪਰਤ ਗਈ। ਘਰੁ = ਪਰਮਾਤਮਾ ਦਾ ਨਿਵਾਸ-ਥਾਂ। ਘਰ ਮਹਿ = (ਆਪਣੇ) ਹਿਰਦੇ ਵਿਚ। ਆਣਿਆ = ਲੈ ਆਂਦਾ। ਅਹਿ = ਦਿਨ। ਨਿਸਿ = ਰਾਤ। ਪਾਇ = ਪੈਰੀਂ।4।

ਅਰਥ: ਜੋ ਕੁਝ ਦਿੱਸ ਰਿਹਾ ਹੈ (ਭਾਵ, ਇਹ ਦਿੱਸਦਾ ਜਗਤ) ਪੈਦਾ ਹੁੰਦਾ ਹੈ ਤੇ ਨਾਸ ਹੋ ਜਾਂਦਾ ਹੈ। ਪਰ ਸਰੋਵਰ ਵਿਚ (ਉਗਿਆ ਹੋਇਆ) ਕੌਲ ਪਾਣੀ ਤੋਂ ਬਿਨਾ ਨਹੀਂ ਹੈ (ਇਸ ਵਾਸਤੇ ਉਹ ਨਾਸ ਹੁੰਦਾ) ਨਹੀਂ ਦਿੱਸਦਾ (ਭਾਵ, ਜਿਵੇਂ ਸਰੋਵਰ ਵਿਚ ਉੱਗਿਆ ਹੋਇਆ ਕੌਲ-ਫੁੱਲ ਪਾਣੀ ਦੀ ਬਰਕਤਿ ਨਾਲ ਹਰਾ ਰਹਿੰਦਾ ਹੈ, ਤਿਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖਿ ਦਾ ਹਿਰਦਾ-ਕਮਲ ਸਦਾ ਆਤਮਕ ਜੀਵਨ ਵਾਲਾ ਹੈ) ।1। ਰਹਾਉ।

(ਸਤਸੰਗ ਇਕ ਸਰੋਵਰ ਹੈ (ਜਿਸ ਵਿਚ) ਸੰਤ-ਜਨ ਸੋਹਣੇ ਕੌਲ-ਫੁੱਲ ਹਨ। (ਸਤਸੰਗ ਉਹਨਾਂ ਨੂੰ ਨਾਮ-ਜਲ ਦੇ ਕੇ) ਸਦਾ ਖਿੜਾਈ ਰੱਖਦਾ ਹੈ (ਉਹਨਾਂ ਨੂੰ ਆਤਮਕ ਜੀਵਨ ਦੀ) ਸੁਗੰਧੀ ਤੇ ਸੁੰਦਰਤਾ ਦੇਂਦਾ ਹੈ। ਸੰਤ-ਹੰਸ (ਉਸ ਸਤਸੰਗ-ਸਰੋਵਰ ਵਿਚ ਰਹਿ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਸੋਹਣੇ ਮੋਤੀ ਚੁਗ ਕੇ ਖਾਂਦੇ ਹਨ (ਤੇ ਇਸ ਤਰ੍ਹਾਂ) ਸਾਰੀਆਂ ਤਾਕਤਾਂ ਦੇ ਮਾਲਕ ਜਗਦੀਸ਼ ਦਾ ਹਿੱਸਾ (ਬਣੇ ਰਹਿੰਦੇ ਹਨ; ਜਗਦੀਸ਼ ਨਾਲ ਇੱਕ-ਰੂਪ ਹੋਏ ਰਹਿੰਦੇ ਹਨ) ।1।

(ਸਤਸੰਗ ਸਰੋਵਰ ਦੀ ਇਸ) ਗੁਪਤ ਕਦਰ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ (ਜਗਤ ਆਮ ਤੌਰ ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦਾ ਹੈ) ਵੇਦ (ਭੀ) ਤ੍ਰਿਗੁਣੀ ਸੰਸਾਰ ਦਾ ਹੀ ਜ਼ਿਕਰ ਕਰਦਾ ਹੈ। (ਸਤਸੰਗ ਵਿਚ ਰਹਿ ਕੇ) ਜਿਸ ਮਨੁੱਖ ਦੀ ਸੁਰਤਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸੂਝ ਵਿਚ ਲੀਨ ਰਹਿੰਦੀ ਹੈ, ਉਹ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।2।

(ਸਤਸੰਗ ਸਰੋਵਰ ਵਿਚ ਚੁੱਭੀ ਲਾਣ ਵਾਲਾ ਮਨੁੱਖ) ਮਾਇਆ ਦੇ ਪ੍ਰਭਾਵ ਤੋਂ ਸੁਤੰਤ੍ਰ ਹੈ, ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ, ਪ੍ਰੇਮ ਵਿਚ ਟਿਕ ਕੇ ਸਿਮਰਨ ਕਰਦਾ ਹੈ; ਰਾਜਿਆਂ ਦੇ ਰਾਜੇ ਪ੍ਰਭੂ ਵਿਚ (ਜੁੜਿਆ ਰਹਿ ਕੇ) ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ।

(ਪਰ ਹੇ ਪ੍ਰਭੂ! ਇਹ ਤੇਰੀ ਹੀ ਮੇਹਰ ਹੈ) ਤੂੰ ਮੇਹਰ ਕਰ ਕੇ ਜਿਸ ਨੂੰ (ਮਾਇਆ ਦੇ ਅਸਰ ਤੋਂ) ਬਚਾ ਲੈਂਦਾ ਹੈਂ (ਉਹ ਬਚ ਜਾਂਦਾ ਹੈ) , ਤੂੰ ਆਪਣੇ ਨਾਮ ਦੀ ਬੇੜੀ ਵਿਚ (ਬੜੇ ਬੜੇ) ਪੱਥਰ (-ਦਿਲਾਂ) ਨੂੰ ਤਾਰ ਲੈਂਦਾ ਹੈਂ।3।

(ਜੋ ਮਨੁੱਖ ਸਤਸੰਗ ਵਿਚ ਟਿਕਿਆ ਉਸ ਨੇ) ਤਿੰਨਾਂ ਭਵਨਾਂ ਵਿਚ ਪ੍ਰਭੂ ਦੀ ਜੋਤਿ ਵੇਖ ਲਈ, ਉਸ ਨੇ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ, ਉਸ ਦੀ ਸੁਰਤਿ ਮਾਇਆ ਦੇ ਮੋਹ ਵਲੋਂ ਪਰਤ ਪਈ, ਉਸ ਨੇ ਪਰਮਾਤਮਾ ਦਾ ਨਿਵਾਸ-ਥਾਂ ਆਪਣੇ ਹਿਰਦੇ ਵਿਚ ਲਿਆ ਬਣਾਇਆ, ਉਹ ਸੁਰਤਿ ਜੋੜ ਕੇ ਦਿਨ ਰਾਤ ਭਗਤੀ ਕਰਦਾ ਹੈ।

ਨਾਨਕ ਅਜੇਹੇ (ਵਡਭਾਗੀ ਸੰਤ) ਜਨਾਂ ਦੀ ਚਰਨੀਂ ਲਗਦਾ ਹੈ।4।12।

ਆਸਾ ਮਹਲਾ ੧ ॥ ਗੁਰਮਤਿ ਸਾਚੀ ਹੁਜਤਿ ਦੂਰਿ ॥ ਬਹੁਤੁ ਸਿਆਣਪ ਲਾਗੈ ਧੂਰਿ ॥ ਲਾਗੀ ਮੈਲੁ ਮਿਟੈ ਸਚ ਨਾਇ ॥ ਗੁਰ ਪਰਸਾਦਿ ਰਹੈ ਲਿਵ ਲਾਇ ॥੧॥ ਹੈ ਹਜੂਰਿ ਹਾਜਰੁ ਅਰਦਾਸਿ ॥ ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥ ਕੂੜੁ ਕਮਾਵੈ ਆਵੈ ਜਾਵੈ ॥ ਕਹਣਿ ਕਥਨਿ ਵਾਰਾ ਨਹੀ ਆਵੈ ॥ ਕਿਆ ਦੇਖਾ ਸੂਝ ਬੂਝ ਨ ਪਾਵੈ ॥ ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥ ਜੋ ਜਨਮੇ ਸੇ ਰੋਗਿ ਵਿਆਪੇ ॥ ਹਉਮੈ ਮਾਇਆ ਦੂਖਿ ਸੰਤਾਪੇ ॥ ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥ ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥ ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥ ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥ ਸਾਚੈ ਸਬਦਿ ਮੁਕਤਿ ਗਤਿ ਪਾਏ ॥ ਨਾਨਕ ਵਿਚਹੁ ਆਪੁ ਗਵਾਏ ॥੪॥੧੩॥ {ਪੰਨਾ 352}

ਪਦ ਅਰਥ: ਹੁਜਤਿ = ਦਲੀਲ-ਬਾਜ਼ੀ, ਅਸਰਧਾ। ਧੂਰਿ = ਮੈਲ। ਨਾਇ = ਨਾਮ ਦੀ ਰਾਹੀਂ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ।1।

ਹਜੂਰਿ = ਅੰਗ ਸੰਗ। ਹਾਜਰੁ = ਹਾਜ਼ਰ ਹੋ ਕੇ, ਇਕ-ਮਨ ਹੋ ਕੇ। ਸਾਚੁ = ਇਹ ਯਕੀਨ ਜਾਣੋ। ਪ੍ਰਭ ਪਾਸਿ = ਪ੍ਰਭੂ ਦੇ ਕੋਲ, ਪ੍ਰਭੂ ਜਾਣਦਾ ਹੈ।1। ਰਹਾਉ।

ਕੂੜੁ = ਹੁੱਜਤ ਆਦਿਕ ਵਿਅਰਥ ਕੰਮ। ਵਾਰਾ = ਅੰਤ। ਕਹਣਿ ਕਥਨਿ = ਕਹਣ ਵਿਚ ਕਥਨ ਵਿਚ, ਵਿਅਰਥ ਗੱਲਾਂ ਵਿਚ। ਕਿਆ ਦੇਖਾ = ਉਸ ਨੇ ਵੇਖਿਆ ਕੁਝ ਨਹੀਂ। ਮਨਿ = ਮਨ ਵਿਚ। ਤ੍ਰਿਪਤਿ = ਸ਼ਾਂਤੀ।2।

ਰੋਗਿ = ਰੋਗ ਵਿਚ। ਵਿਆਪੇ = ਗ੍ਰਸੇ ਹੋਏ। ਹਉਮੈ = ਮੈਂ ਮੈਂ, ਅਹੰਕਾਰ, ਵਡੱਪਣ ਦੀ ਲਾਲਸਾ। ਬਾਚੇ = ਬਚੇ। ਪ੍ਰਭਿ = ਪ੍ਰਭੂ ਨੇ।3।

ਚਲਤਉ = ਚੰਚਲ। ਸੇਵਿ = ਸੇਵ ਕੇ, ਹੁਕਮ ਵਿਚ ਤੁਰ ਕੇ। ਭਾਖੈ = ਉਚਾਰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਵਿਚਹੁ = ਆਪਣੇ ਅੰਦਰੋਂ। ਆਪੁ = ਆਪਾ-ਭਾਵ, ਸੁਆਰਥ।4।

ਅਰਥ: (ਹੇ ਭਾਈ!) ਪਰਮਾਤਮਾ ਹਰ ਵੇਲੇ ਸਾਡੇ ਅੰਗ-ਸੰਗ ਹੈ, ਇਕ-ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ। ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ-ਸੁਖ ਉਹ ਕਰਤਾਰ ਪ੍ਰਭੂ ਜਾਣਦਾ ਹੈ।1। ਰਹਾਉ।

ਜੋ ਮਨੁੱਖ ਗੁਰੂ ਦੀ (ਇਸ) ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, (ਪਰਮਾਤਮਾ ਦੀ ਅੰਗ-ਸੰਗਤਾ ਬਾਰੇ) ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ। (ਗੁਰੂ ਦੀ ਮਤਿ ਉਤੇ ਸਰਧਾ ਦੇ ਥਾਂ) ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ। ਇਹ ਇਕੱਠੀ ਹੋਈ ਮੈਲ ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਮਿਟ ਸਕਦੀ ਹੈ, ਤੇ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਟਿਕਾ ਕੇ ਰੱਖ ਸਕਦਾ ਹੈ।1।

ਜੋ ਮਨੁੱਖ (ਅਸਰਧਾ-ਭਰੀਆਂ ਚਤੁਰਾਈਆਂ ਦੀ) ਵਿਅਰਥ ਕਮਾਈ ਕਰਦਾ ਹੈ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ। (ਅਗਿਆਨੀ ਅੰਨ੍ਹੇ ਨੇ ਹੁੱਦਤਾਂ ਵਿਚ ਹੀ ਰਹਿ ਕੇ) ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ, ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ।2।

ਜੋ ਭੀ ਜੀਵ ਜਗਤ ਵਿਚ ਜਨਮ ਲੈਂਦੇ ਹਨ (ਪਰਮਾਤਮਾ ਦੀ ਹਸਤੀ ਵਲੋਂ ਅਸਰਧਾ ਦੇ ਕਾਰਨ) ਆਤਮਕ ਰੋਗ ਵਿਚ ਦਬੇ ਰਹਿੰਦੇ ਹਨ, ਤੇ, ਹਉਮੈ ਦੇ ਦੁੱਖ ਵਿਚ, ਮਾਇਆ ਦੇ ਮੋਹ ਦੇ ਦੁੱਖ ਵਿਚ ਉਹ ਕਲੇਸ਼ ਪਾਂਦੇ ਰਹਿੰਦੇ ਹਨ। ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ; ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ-ਨਾਮ ਚੱਖਿਆ।3।

ਜੋ ਮਨੁੱਖ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਚੰਚਲ ਮਨ ਨੂੰ ਕਾਬੂ ਵਿਚ ਰੱਖਦਾ ਹੈ, ਜੋ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਟੱਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ, ਹੇ ਨਾਨਕ! ਉਹ ਆਪਣੇ ਅੰਦਰੋਂ (ਆਪਣੀ ਸਿਆਣਪ ਦਾ) ਅਹੰਕਾਰ ਦੂਰ ਕਰ ਲੈਂਦਾ ਹੈ।4।13।

ਆਸਾ ਮਹਲਾ ੧ ॥ ਜੋ ਤਿਨਿ ਕੀਆ ਸੋ ਸਚੁ ਥੀਆ ॥ ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥ ਹਿਰਦੈ ਨਾਮੁ ਨਾਹੀ ਮਨਿ ਭੰਗੁ ॥ ਅਨਦਿਨੁ ਨਾਲਿ ਪਿਆਰੇ ਸੰਗੁ ॥੧॥ ਹਰਿ ਜੀਉ ਰਾਖਹੁ ਅਪਨੀ ਸਰਣਾਈ ॥ ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥ ਕਰਮ ਧਰਮ ਸਚੁ ਸਾਚਾ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥ ਜੋ ਹਰਿ ਰਾਤੇ ਸੇ ਜਨ ਪਰਵਾਣੁ ॥ ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥ ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥ ਹਰਿ ਸਿਉ ਰਾਤੀ ਸਬਦੁ ਵੀਚਾਰੀ ॥ ਆਪਿ ਤਰੈ ਸੰਗਤਿ ਕੁਲ ਤਾਰੈ ॥ ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥ ਹਮਰੀ ਜਾਤਿ ਪਤਿ ਸਚੁ ਨਾਉ ॥ ਕਰਮ ਧਰਮ ਸੰਜਮੁ ਸਤ ਭਾਉ ॥ ਨਾਨਕ ਬਖਸੇ ਪੂਛ ਨ ਹੋਇ ॥ ਦੂਜਾ ਮੇਟੇ ਏਕੋ ਸੋਇ ॥੪॥੧੪॥ {ਪੰਨਾ 352-353}

ਪਦ ਅਰਥ: ਜੋ = ਜਿਸ ਜੀਵ ਨੂੰ। ਤਿਨਿ = ਉਸ (ਪਰਮਾਤਮਾ) ਨੇ। ਕੀਆ = ਆਪਣਾ ਬਣਾ ਲਿਆ। ਸਚੁ = ਸਦਾ-ਥਿਰ ਪ੍ਰਭੂ (ਦਾ ਰੂਪ) । ਸਤਿਗੁਰਿ = ਸਤਿਗੁਰੂ ਨੇ। ਅੰਮ੍ਰਿਤ = ਅਟੱਲ ਆਤਮਕ ਜੀਵਨ ਦੇਣ ਵਾਲਾ। ਮਨਿ = ਮਨ ਵਿਚ। ਭੰਗੁ = ਤੋਟ, ਪਰਮਾਤਮਾ ਦੇ ਨਾਮ ਨਾਲੋਂ ਵਿਛੋੜਾ। ਅਨਦਿਨੁ = ਹਰ ਰੋਜ਼।1।

ਰਾਖਹੁ = ਰੱਖਦੇ ਹੋ। ਨਉ ਨਿਧਿ = ਨੌ ਖ਼ਜ਼ਾਨੇ।1। ਰਹਾਉ।

ਕਰਮ = ਜੱਗ ਆਦਿਕ ਕਰਮ। ਧਰਮ = ਵਰਨਾਸ਼੍ਰਰਮ ਦੇ ਨੀਯਤ ਕੀਤੇ ਫ਼ਰਜ਼। ਸਚੁ = ਸਦਾ-ਥਿਰ ਪ੍ਰਭੂ (ਦਾ ਸਿਮਰਨ) । ਪਰਮ = ਸਭ ਤੋਂ ਉੱਚਾ। ਨਿਧਾਨੁ = ਖ਼ਜ਼ਾਨਾ।2।

ਵਰੁ = ਪਤੀ, ਖਸਮ। ਜਿਨਿ = ਜਿਸ ਨੇ। ਧਨ = ਭਾਗਾਂ ਵਾਲੀ। ਰਾਤੀ = ਰੱਤੀ ਹੋਈ। ਤਤੁ = ਸਾਰ ਵਸਤ, ਮਨੁੱਖਾ ਜਨਮ ਦਾ ਅਸਲ ਲਾਭ।3।

ਸਤ ਭਾਉ = ਸੱਚਾ ਪਿਆਰ। ਦੂਜਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ।4।

ਅਰਥ: ਜਿਸ ਜੀਵ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਬਣ ਗਿਆ। ਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ। ਉਸ ਜੀਵ ਦੇ ਹਿਰਦੇ ਵਿਚ (ਸਦਾ ਪ੍ਰਭੂ ਦਾ) ਨਾਮ ਵੱਸਦਾ ਹੈ, ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ, ਹਰ ਰੋਜ਼ (ਹਰ ਵੇਲੇ) ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ।1।

ਹੇ ਪ੍ਰਭੂ ਜੀ! ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ, ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ।1। ਰਹਾਉ।

ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ। ਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ।2।

ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ, ਜੋ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਮਨ ਵਿਚ) ਵਿਚਾਰਦੀ ਹੈ। ਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ, ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹੈ।3।

(ਦੁਨੀਆ ਵਿਚ ਕਿਸੇ ਨੂੰ ਉੱਚੀ ਜਾਤਿ ਦਾ ਮਾਣ ਹੈ ਕਿਸੇ ਨੂੰ ਉੱਚੀ ਕੁਲ ਦਾ ਧਰਵਾਸ ਹੈ। ਹੇ ਪ੍ਰਭੂ! ਮੇਹਰ ਕਰ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੋਵੇ, ਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੋਵੇ।

ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ (ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ) ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ, ਉਸ ਨੂੰ (ਹਰ ਪਾਸੇ) ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ।4।14।

TOP OF PAGE

Sri Guru Granth Darpan, by Professor Sahib Singh