ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 353

ਆਸਾ ਮਹਲਾ ੧ ॥ ਇਕਿ ਆਵਹਿ ਇਕਿ ਜਾਵਹਿ ਆਈ ॥ ਇਕਿ ਹਰਿ ਰਾਤੇ ਰਹਹਿ ਸਮਾਈ ॥ ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥ ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥ ਗੁਰ ਪੂਰੇ ਤੇ ਗਤਿ ਮਿਤਿ ਪਾਈ ॥ ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥ ਜਿਨ੍ਹ੍ਹ ਕਉ ਆਪਿ ਲਏ ਪ੍ਰਭੁ ਮੇਲਿ ॥ ਤਿਨ ਕਉ ਕਾਲੁ ਨ ਸਾਕੈ ਪੇਲਿ ॥ ਗੁਰਮੁਖਿ ਨਿਰਮਲ ਰਹਹਿ ਪਿਆਰੇ ॥ ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥ ਬੁਰਾ ਭਲਾ ਕਹੁ ਕਿਸ ਨੋ ਕਹੀਐ ॥ ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥ ਅਕਥੁ ਕਥਉ ਗੁਰਮਤਿ ਵੀਚਾਰੁ ॥ ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥ ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥ ਅਠਸਠਿ ਮਜਨੁ ਹਰਿ ਰਸੁ ਰੇਦ ॥ ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥ ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥ {ਪੰਨਾ 353}

ਪਦ ਅਰਥ: ਇਕਿ = {ਪੜਨਾਂਵ 'ਇਕ' ਤੋਂ ਬਹੁ-ਵਚਨ} ਕਈ, ਅਨੇਕਾਂ ਜੀਵ। ਆਵਹਿ = ਜਗਤ ਵਿਚ ਜਨਮ ਲੈਂਦੇ ਹਨ। ਆਈ = ਆ ਕੇ, ਜਨਮ ਲੈ ਕੇ। ਜਾਵਹਿ = (ਖ਼ਾਲੀ ਹੀ) ਚਲੇ ਜਾਂਦੇ ਹਨ। ਰਹਹਿ ਸਮਾਈ = (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ। ਧਰਨਿ = ਧਰਤੀ। ਗਗਨ = ਆਕਾਸ਼। ਮਹਿ = ਵਿਚ। ਠਉਰ = ਥਾਂ, ਮਨ ਦੇ ਟਿਕਣ ਲਈ ਥਾਂ। ਕਰਮਹੀਣ = ਨਿਭਾਗੇ।1।

ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ। ਬਿਖੁ = ਵਿਹੁ, ਜ਼ਹਰ। ਬਿਖੁ ਵਤ = ਵਿਹੁਲਾ। ਅਤਿ = ਬਹੁਤ। ਭਉਜਲੁ = ਘੁੰਮਣ ਘੇਰੀ।1। ਰਹਾਉ।

ਪੇਲਿ ਨ ਸਾਕੈ = ਪੀੜ ਨਹੀਂ ਸਕਦਾ, ਡੇਗ ਨਹੀਂ ਸਕਦਾ। ਕਾਲੁ = ਮੌਤ (ਦਾ ਡਰ) । ਨਿਰਮਲ = ਪਵਿਤ੍ਰ-ਆਤਮਾ। ਅੰਭ = ਪਾਣੀ। ਨਿਰਾਰੇ = ਨਿਰਲੇਪ।2।

ਕਹੁ = ਦੱਸੋ। ਸਚੁ = ਸਦਾ-ਥਿਰ ਰਹਿਣ ਵਾਲਾ ਹਰੀ। ਕਥਉ = ਮੈਂ ਕਥਦਾ ਹਾਂ। ਪਾਵਉ = ਮੈਂ ਲੱਭਦਾ ਹਾਂ। ਪਾਰੁ = ਪਾਰਲਾ ਬੰਨਾ {ਲਫ਼ਜ਼ 'ਪਾਰਿ' ਅਤੇ 'ਪਾਰੁ' ਦਾ ਫ਼ਰਕ ਚੇਤੇ ਰੱਖੋ। "ਹਰਿ ਪਾਰਿ ਲੰਘਾਈ" ਵਿਚ ਲਫ਼ਜ਼ 'ਪਾਰਿ' ਕ੍ਰਿਆ ਵਿਸ਼ੇਸ਼ਣ ਹੈ, ਇਸ ਦਾ ਅਰਥ ਹੈ 'ਪਾਰਲੇ ਪਾਸੇ'। 'ਪਾਵਉ ਪਾਰੁ' ਵਿਚ 'ਪਾਰੁ' ਨਾਂਵ ਹੈ, ਅਰਥ ਹੈ 'ਪਾਰਲਾ ਬੰਨਾ'}।3।

ਸਾਸਤ = ਛੇ ਸ਼ਾਸਤ੍ਰ {ਵੇਦਾਂਤ, ਨਿਆਇ, ਯੋਗ, ਸਾਂਖ, ਮੀਮਾਂਸਾ, ਵੈਸ਼ੇਸ਼ਿਕ}। ਭੇਦ = ਵਖ ਵਖ ਵਿਚਾਰ। ਅਠਸਠਿ = ਅਠਾਹਠ। ਮਜਨੁ = ਚੁੱਭੀ, ਇਸ਼ਨਾਨ। ਰੇਦ = ਰਿਦੇ ਵਿਚ, ਹਿਰਦੇ ਵਿਚ। ਧੁਰਿ = ਧੁਰ ਤੋਂ, ਪ੍ਰਭੂ ਦੀ ਮੇਹਰ ਨਾਲ।4।

ਅਰਥ: ਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ। ਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਇਸ ਵਿਚੋਂ ਪਾਰ ਲੰਘਾਂਦਾ ਹੈ।1। ਰਹਾਉ।

ਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ। ਪਰ ਇਕ (ਸੁਭਾਗੇ ਐਸੇ) ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ। ਜੇਹੜੇ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਹਨ ਉਹ ਅਭਾਗੇ ਹਨ (ਉਹਨਾਂ ਦੇ ਮਨ ਸਦਾ ਭਟਕਦੇ ਰਹਿੰਦੇ ਹਨ) ਸਾਰੀ ਸ੍ਰਿਸ਼ਟੀ ਵਿਚ ਉਹਨਾਂ ਨੂੰ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ।1।

ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ, ਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ, ਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ।2।

ਪਰ ਨਾਹ ਕਿਸੇ ਨੂੰ ਮਾੜਾ ਤੇ ਨਾਹ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ ਕਿਉਂਕਿ ਹਰੇਕ ਵਿਚ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ। ਹਾਂ, ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ਗੁਰੂ ਦੇ ਸਨਮੁਖ ਹੋਇਆਂ ਹੀ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ। ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ।3।

(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਨੰਦ ਹਿਰਦੇ ਵਿਚ ਮਾਣੋ = ਇਹੀ ਹੈ ਵੇਦਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਵਖ ਵਖ ਵਿਚਾਰ ਵਿਚਾਰਨੇ, ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ। ਗੁਰੂ ਦੇ ਸਨਮੁਖ ਰਹਿ ਕੇ (ਨਾਮ ਦਾ ਆਨੰਦ ਲਿਆਂ) ਜੀਵਨ ਪਵਿਤ੍ਰ ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ। ਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ।4।15।

ਆਸਾ ਮਹਲਾ ੧ ॥ ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥ ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥ ਬੋਲਹੁ ਰਾਮੁ ਕਰੇ ਨਿਸਤਾਰਾ ॥ ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥ ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥ ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥ ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥ ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥ ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥ ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥ {ਪੰਨਾ 353}

ਪਦ ਅਰਥ: ਨਿਵਿ = ਨਿਵ ਕੇ। ਪਾਇ = ਪੈਰੀਂ। ਲਗਉ = ਮੈਂ ਲੱਗਾਂ। ਆਤਮ ਰਾਮੁ = ਆਪਣੇ ਅੰਦਰ ਵੱਸਦਾ ਰਾਮ। ਨਿਹਾਰਿਆ = ਮੈਂ ਵੇਖਿਆ ਹੈ। ਰਵਿਆ = ਸਿਮਰਿਆ ਹੈ। ਦੇਖਿ = ਵੇਖ ਕੇ।1।

ਲਾਭੈ = ਲੱਭਦਾ ਹੈ।1। ਰਹਾਉ।

ਰਵਨੀ = ਰਵਾਣੀ, ਜ਼ਬਾਨੀ ਜ਼ਬਾਨੀ। ਰਵੈ = ਜੋ ਬੋਲਦਾ ਹੈ। ਭਰਮੁ = ਭਟਕਣਾ। ਤਾ = ਤਦੋਂ। ਕੋ = ਕੋਈ ਮਨੁੱਖ। ਲੇਖੈ ਪਾਈ = ਕਬੂਲ ਹੁੰਦਾ ਹੈ।2।

ਭਗਤਿ ਪ੍ਰਿਅ = ਪਿਆਰੇ ਦੀ ਭਗਤੀ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ) । ਉਰ ਧਾਰੇ = ਹਿਰਦੇ ਵਿਚ ਟਿਕਾਂਦਾ ਹੈ। ਵਛਲੁ = {vÄsl} ਪਿਆਰ ਕਰਨ ਵਾਲਾ। ਜਗ ਜੀਵਨੁ = ਜਗਤ ਦਾ ਦਾਤਾ (ਪ੍ਰਭੂ) ।3।

ਜੂਝਿ = ਜੂਝ ਕੇ, ਲੜ ਕੇ, ਤਕੜਾ ਟਾਕਰਾ ਕਰ ਕੇ। ਮਨਸਾ = ਮਨ ਦਾ ਫੁਰਨਾ। ਮਨਹਿ = ਮਨ ਵਿਚ ਹੀ। ਸਮਾਏ = ਲੀਨ ਕਰ ਦੇਵੇ। ਸਹਜ ਭਾਇ = ਸੌਖੇ ਹੀ।4।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ।1। ਰਹਾਉ।

ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ। (ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ।1।

(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ = ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ) , ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ।2।

ਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।3।

ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ) , ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ। ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ।4। 16।

ਆਸਾ ਮਹਲਾ ੧ ॥ ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥ ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥ ਐਸਾ ਗੁਰਮਤਿ ਰਮਤੁ ਸਰੀਰਾ ॥ ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥ ਅਨਤ ਤਰੰਗ ਭਗਤਿ ਹਰਿ ਰੰਗਾ ॥ ਅਨਦਿਨੁ ਸੂਚੇ ਹਰਿ ਗੁਣ ਸੰਗਾ ॥ ਮਿਥਿਆ ਜਨਮੁ ਸਾਕਤ ਸੰਸਾਰਾ ॥ ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥ ਸੂਚੀ ਕਾਇਆ ਹਰਿ ਗੁਣ ਗਾਇਆ ॥ ਆਤਮੁ ਚੀਨਿ ਰਹੈ ਲਿਵ ਲਾਇਆ ॥ ਆਦਿ ਅਪਾਰੁ ਅਪਰੰਪਰੁ ਹੀਰਾ ॥ ਲਾਲਿ ਰਤਾ ਮੇਰਾ ਮਨੁ ਧੀਰਾ ॥੩॥ ਕਥਨੀ ਕਹਹਿ ਕਹਹਿ ਸੇ ਮੂਏ ॥ ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥ ਸਭੁ ਜਗੁ ਦੇਖਿਆ ਮਾਇਆ ਛਾਇਆ ॥ ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥ {ਪੰਨਾ 353-354}

ਪਦ ਅਰਥ: ਸਮਝਿ ਰਹੇ = ਜੋ ਗਿਆਨਵਾਨ ਹੋ ਗਏ। ਕਿਸੇ ਪੜਾਵਹਿ = ਆਪਣੀ ਵਿੱਦਿਆ ਦਾ ਦਿਖਾਵਾ ਕਿਸੇ ਅੱਗੇ ਨਹੀਂ ਕਰਦੇ। ਗੁਣਿ = ਵਿਚਾਰ ਕੇ। ਸੰਤੋਖਿ = ਸੰਤੋਖ ਵਿਚ। ਰਹੇ = ਰਹਿੰਦੇ ਹਨ; ਜੀਵਨ ਬਿਤੀਤ ਕਰਦੇ ਹਨ।1।

ਐਸਾ ਹਰਿ = ਅਜੇਹਾ ਪਰਮਾਤਮਾ। ਰਮਤੁ ਸਰੀਰਾ = ਜੋ ਸਭ ਸਰੀਰਾਂ ਵਿਚ ਵਿਆਪਕ ਹੈ। ਰਮਤੁ = ਵਿਆਪਕ। ਮਨ = ਹੇ ਮਨ!।1। ਰਹਾਉ।

ਅਨਤ = ਅਨੰਤ, ਬੇਅੰਤ। ਤਰੰਗ = ਲਹਿਰਾਂ। ਰੰਗੁ = ਪਿਆਰ। ਅਨਦਿਨੁ = ਹਰ ਰੋਜ਼। ਮਿਥਿਆ = ਵਿਅਰਥ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਜਨੁ = ਦਾਸ, ਸੇਵਕ।2।

ਸੂਚੀ = ਪਵਿਤ੍ਰ। ਕਾਇਆ = ਸਰੀਰ। ਆਤਮੁ = ਆਪਣੇ ਆਪ ਨੂੰ। ਚੀਨਿ = ਪਛਾਣ ਕੇ। ਮੇਰਾ ਮਨੁ = ਉਹ ਮਨ ਜੋ ਹਰ ਵੇਲੇ 'ਮੇਰਾ, ਮੇਰਾ' ਕਰਦਾ ਮਿਥਦਾ ਰਹਿੰਦਾ ਸੀ।3।

ਕਹਹਿ ਕਹਹਿ = ਹਰ ਵੇਲੇ ਕਹਿੰਦੇ ਸਨ। ਛਾਇਆ = ਛਾਂ, ਪਰਛਾਵਾਂ।4।

ਅਰਥ: ਹੇ ਮੇਰੇ ਮਨ! ਗੁਰੂ ਦੀ ਮਤਿ ਤੇ ਤੁਰ ਕੇ ਉਸ ਅਥਾਹ ਤੇ ਵੱਡੇ ਜਿਗਰ ਵਾਲੇ ਹਰੀ ਦਾ ਭਜਨ ਕਰ ਜੋ ਸਾਰੇ ਸਰੀਰਾਂ ਵਿਚ ਵਿਆਪਕ ਹੈ।1। ਰਹਾਉ।

('ਗਹਿਰ ਗੰਭੀਰ' ਪ੍ਰਭੂ ਨੂੰ ਸਿਮਰਿਆਂ ਸਿਮਰਨ ਕਰਨ ਵਾਲਾ ਭੀ ਗੰਭੀਰ ਸੁਭਾਵ ਵਾਲਾ ਹੋ ਜਾਂਦਾ ਹੈ, ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ) , ਜੋ ਮਨੁੱਖ ('ਗਹਿਰ ਗੰਭੀਰ' ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ। ਜੋ ਮਨੁੱਖ ('ਗਹਿਰ ਗੰਭੀਰ' ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ।1।

ਜੇਹੜੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਥ ਬਣਾਂਦੇ ਹਨ ਉਹਨਾਂ ਦਾ ਜੀਵਨ ਪਵਿਤ੍ਰ ਹੁੰਦਾ ਹੈ, ਉਹਨਾਂ ਦੇ ਅੰਦਰ ਪ੍ਰਭੂ ਦੇ ਪਿਆਰ ਦੀਆਂ ਪ੍ਰਭੂ ਦੀ ਭਗਤੀ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ। ਮਾਇਆ-ਵੇੜ੍ਹੇ ਸੰਸਾਰੀ ਜੀਵ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ।2।

ਜੋ ਮਨੁੱਖ ਹਰੀ ਦੇ ਗੁਣ ਗਾਂਦਾ ਹੈ ਉਸ ਦਾ ਸਰੀਰ (ਵਿਕਾਰਾਂ ਵਲੋਂ ਬਚਿਆ ਰਹਿ ਕੇ) ਪਵਿਤ੍ਰ ਰਹਿੰਦਾ ਹੈ, ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣ ਕੇ ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਉਹ ਮਨੁੱਖ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਬੇਅੰਤ ਹੈ ਜੋ ਪਰੇ ਤੋਂ ਪਰੇ ਹੈ ਜੋ ਹੀਰੇ ਸਮਾਨ ਅਮੋਲਕ ਹੈ। ਉਸ ਦਾ ਉਹ ਮਨ, ਜੋ ਪਹਿਲਾਂ ਮਮਤਾ ਦਾ ਸ਼ਿਕਾਰ ਸੀ, ਲਾਲ-ਸਮਾਨ ਅਮੋਲਕ-ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ ਤੇ ਠਰ੍ਹੰਮੇ ਵਾਲਾ ਹੋ ਜਾਂਦਾ ਹੈ।3।

ਜੇਹੜੇ ਮਨੁੱਖ (ਸਿਮਰਨ ਤੋਂ ਸੱਖਣੇ ਹਨ ਤੇ) ਨਿਰੀਆਂ ਜ਼ਬਾਨੀ ਜ਼ਬਾਨੀ ਹੀ ਗਿਆਨ ਦੀਆਂ ਗੱਲਾਂ ਕਰਦੇ ਹਨ ਉਹ ਆਤਮਕ ਮੌਤੇ ਮਰੇ ਹੋਏ ਹਨ (ਉਹਨਾਂ ਦੇ ਅੰਦਰ ਆਤਮਕ ਜੀਵਨ ਨਹੀਂ ਹੈ) ।

(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਪਰਮਾਤਮਾ ਆਪਣੇ ਅੱਤ ਨੇੜੇ ਦਿੱਸਦਾ ਹੈ (ਉਹ ਮਨੁੱਖ ਜਗਤ ਦੇ ਪਦਾਰਥਾਂ ਨਾਲ ਮੋਹ ਨਹੀਂ ਬਣਾਂਦੇ, ਕਿਉਂਕਿ) ਉਹਨਾਂ ਨੂੰ ਸਾਰਾ ਜਗਤ ਮਾਇਆ ਦਾ ਪਸਾਰਾ ਦਿੱਸਦਾ ਹੈ।4। 17।

TOP OF PAGE

Sri Guru Granth Darpan, by Professor Sahib Singh