ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 354

ਆਸਾ ਮਹਲਾ ੧ ਤਿਤੁਕਾ ॥ ਕੋਈ ਭੀਖਕੁ ਭੀਖਿਆ ਖਾਇ ॥ ਕੋਈ ਰਾਜਾ ਰਹਿਆ ਸਮਾਇ ॥ ਕਿਸ ਹੀ ਮਾਨੁ ਕਿਸੈ ਅਪਮਾਨੁ ॥ ਢਾਹਿ ਉਸਾਰੇ ਧਰੇ ਧਿਆਨੁ ॥ ਤੁਝ ਤੇ ਵਡਾ ਨਾਹੀ ਕੋਇ ॥ ਕਿਸੁ ਵੇਖਾਲੀ ਚੰਗਾ ਹੋਇ ॥੧॥ ਮੈ ਤਾਂ ਨਾਮੁ ਤੇਰਾ ਆਧਾਰੁ ॥ ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥ ਵਾਟ ਨ ਪਾਵਉ ਵੀਗਾ ਜਾਉ ॥ ਦਰਗਹ ਬੈਸਣ ਨਾਹੀ ਥਾਉ ॥ ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥ ਖੀਨ ਖਰਾਬੁ ਹੋਵੈ ਨਿਤ ਕੰਧੁ ॥ ਖਾਣ ਜੀਵਣ ਕੀ ਬਹੁਤੀ ਆਸ ॥ ਲੇਖੈ ਤੇਰੈ ਸਾਸ ਗਿਰਾਸ ॥੨॥ ਅਹਿਨਿਸਿ ਅੰਧੁਲੇ ਦੀਪਕੁ ਦੇਇ ॥ ਭਉਜਲ ਡੂਬਤ ਚਿੰਤ ਕਰੇਇ ॥ ਕਹਹਿ ਸੁਣਹਿ ਜੋ ਮਾਨਹਿ ਨਾਉ ॥ ਹਉ ਬਲਿਹਾਰੈ ਤਾ ਕੈ ਜਾਉ ॥ ਨਾਨਕੁ ਏਕ ਕਹੈ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥ ਦਰਗਹ ਬੈਸਣ ਹੋਵੈ ਥਾਉ ॥ ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥ ਗਿਆਨ ਰਤਨੁ ਮਨਿ ਵਸੈ ਆਇ ॥ ਨਦਰਿ ਕਰੇ ਤਾ ਸਤਿਗੁਰੁ ਮਿਲੈ ॥ ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥ {ਪੰਨਾ 354}

{ਨੋਟ: ਇਸ ਸ਼ਬਦ ਦਾ ਸਿਰਲੇਖ ਵੇਖੋ। ਲਫ਼ਜ਼ 'ਤਿਤੁਕਾ' ਦੱਸਦਾ ਹੈ ਕਿ ਸ਼ਬਦ ਦੇ ਹਰੇਕ ਬੰਦ ਦੀਆਂ ਤਿੰਨ ਤਿੰਨ ਤੁਕਾਂ ਹਨ। ਸਾਰੀਆਂ ਤੁਕਾਂ ਛੋਟੀਆਂ ਹਨ, ਚੌਪਈ ਦੇ ਮੇਲ ਦੀਆਂ। ਦੋ ਦੋ ਨੂੰ ਰਲਾ ਕੇ ਇਕ ਤੁਕ ਗਿਣਨੀ ਹੈ। }

ਪਦ ਅਰਥ: ਭੀਖਕੁ = ਮੰਗਤਾ। ਰਹਿਆ ਸਮਾਇ = ਮਸਤ ਹੋ ਰਿਹਾ ਹੈ। ਮਾਨੁ = ਇੱਜ਼ਤ। ਅਪਮਾਨੁ = ਨਿਰਾਦਰੀ। ਢਾਹਿ ਉਸਾਰੇ = ਢਾਹ ਕੇ ਉਸਾਰਦਾ ਹੈ, ਖ਼ਿਆਲਾਂ ਦੇ ਲੱਡੂ ਭੋਰਦਾ ਹੈ ਬਣਾਂਦਾ ਹੈ। ਤੇ = ਤੋਂ। ਕਿਸੁ ਵੇਖਾਲੀ = ਮੈਂ ਕੋਈ ਐਸਾ ਬੰਦਾ ਵਿਖਾ ਨਹੀਂ ਸਕਦਾ।1।

ਆਧਾਰੁ = ਆਸਰਾ। ਦਾਤਾ = ਦੇਣ ਵਾਲਾ। ਕਰਣਹਾਰੁ = ਕਰਨ ਦੇ ਸਮਰੱਥ।1। ਰਹਾਉ।

ਨਾ ਪਾਵਉ = ਮੈਨੂੰ ਨਹੀਂ ਲੱਭਦਾ। ਵਾਟ = ਰਸਤਾ। ਵੀਗਾ = ਵਿੰਗਾ, ਕੁਰਾਹੇ। ਬੈਸਣ = ਬੈਠਣ ਲਈ। ਬੰਧੁ = ਬੱਧਾ ਹੋਇਆ। ਖੀਨ = ਕਮਜ਼ੋਰ। ਕੰਧੁ = ਸਰੀਰ। ਗਿਰਾਸ = ਗਿਰਾਹੀ।2।

ਅਹਿ = ਦਿਨ। ਨਿਸਿ = ਰਾਤ। ਦੀਪਕੁ = ਦੀਵਾ। ਦੇਇ = ਦੇਂਦਾ ਹੈ। ਚਿੰਤ = ਫ਼ਿਕਰ, ਧਿਆਨ। ਕਰੇਇ = ਕਰਦਾ ਹੈ। ਕਹਹਿ = ਜੋ ਆਖਦੇ ਹਨ। ਤਾ ਕੈ ਬਲਿਹਾਰੈ = ਉਹਨਾਂ ਤੋਂ ਕੁਰਬਾਨ। ਜੀਉ = ਜਿੰਦ। ਪਿੰਡੁ = ਸਰੀਰ। ਤੇਰੈ ਪਾਸਿ = ਤੇਰੇ ਹਵਾਲੇ, ਤੇਰੇ ਆਸਰੇ।3।

ਦੇਹਿ = ਦੇਂਦਾ ਹੈਂ {ਨੋਟ: ਲਫ਼ਜ਼ 'ਦੇਇ' ਅਤੇ 'ਦੇਹਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਮਨਿ = ਮਨ ਵਿਚ। ਪ੍ਰਣਵਤਿ = ਬੇਨਤੀ ਕਰਦਾ ਹੈ।4।

ਅਰਥ: ਮੇਰੇ ਲਈ ਸਿਰਫ਼ ਤੇਰਾ ਨਾਮ ਹੀ ਆਸਰਾ ਹੈ (ਕਿਉਂਕਿ) ਤੂੰ ਹੀ (ਸਭ ਦਾਤਾਂ) ਦੇਣ ਵਾਲਾ ਹੈਂ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈਂ, ਤੂੰ ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਹੈਂ।1। ਰਹਾਉ।

(ਤੇਰਾ ਆਸਰਾ ਭੁਲਾ ਕੇ ਹੀ) ਕੋਈ ਮੰਗਤਾ ਭਿੱਛਿਆ (ਮੰਗ ਮੰਗ ਕੇ) ਖਾਂਦਾ ਹੈ (ਤੇ ਗਰੀਬੀ ਵਿਚ ਨਿਢਾਲ ਹੋ ਰਿਹਾ ਹੈ) , (ਤੈਨੂੰ ਭੁਲਾ ਕੇ ਹੀ) ਕੋਈ ਮਨੁੱਖ ਰਾਜਾ ਬਣ ਕੇ (ਰਾਜ ਵਿਚ) ਮਸਤ ਹੋ ਰਿਹਾ ਹੈ। ਕਿਸੇ ਨੂੰ ਆਦਰ ਮਿਲ ਰਿਹਾ ਹੈ (ਉਹ ਇਸ ਆਦਰ ਵਿਚ ਅਹੰਕਾਰੀ ਹੈ) ਕਿਸੇ ਦੀ ਨਿਰਾਦਰੀ ਹੋ ਰਹੀ ਹੈ (ਜਿਸ ਕਰਕੇ ਉਹ ਆਪਣੀ ਮਨੁੱਖਤਾ ਦਾ ਕੌਡੀ ਮੁੱਲ ਨਹੀਂ ਸਮਝਦਾ) (ਕੋਈ ਮਨੁੱਖ ਮਨ ਦੇ ਲੱਡੂ ਭੋਰ ਰਿਹਾ ਹੈ, ਆਪਣੇ ਮਨ ਵਿਚ) ਕਈ ਸਲਾਹਾਂ ਬਣਾਂਦਾ ਹੈ ਤੇ ਢਾਂਹਦਾ ਹੈ, ਬੱਸ! ਇਹੀ ਸੋਚਾਂ ਸੋਚਦਾ ਰਹਿੰਦਾ ਹੈ; ਪਰ ਹੇ ਪ੍ਰਭੂ! ਤੈਥੋਂ ਕੋਈ ਵੱਡਾ ਨਹੀਂ (ਜਿਸ ਨੂੰ ਵਡਿਆਈ ਮਿਲਦੀ ਹੈ, ਤੈਥੋਂ ਹੀ ਮਿਲਦੀ ਹੈ) । ਮੈਂ ਕੋਈ ਅਜਿਹਾ ਆਦਮੀ ਨਹੀਂ ਵਿਖਾ ਸਕਦਾ ਜੋ (ਆਪਣੇ ਆਪ ਤੋਂ ਹੀ) ਚੰਗਾ ਬਣ ਗਿਆ ਹੋਵੇ।1।

(ਹੇ ਪ੍ਰਭੂ! ਤੇਰੀ ਓਟ ਤੋਂ ਬਿਨਾ) ਮੈਂ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ, ਕੁਰਾਹੇ ਹੀ ਜਾਂਦਾ ਹਾਂ, ਤੇਰੀ ਹਜ਼ੂਰੀ ਵਿਚ ਭੀ ਮੈਨੂੰ ਥਾਂ ਨਹੀਂ ਮਿਲ ਸਕਦੀ। (ਜਦ ਤਕ ਮੈਨੂੰ ਤੇਰੇ ਪਾਸੋਂ ਗਿਆਨ-ਚਾਨਣ ਨਾ ਮਿਲੇ) ਮੈਂ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹਾਂ, ਮਨ ਦਾ ਅੰਨ੍ਹਾ ਹੀ ਰਹਿੰਦਾ ਹਾਂ, ਮੇਰਾ ਸਰੀਰ (ਵਿਕਾਰਾਂ ਵਿਚ) ਸਦਾ ਖਚਿਤ ਤੇ ਖ਼ੁਆਰ ਹੁੰਦਾ ਹੈ। ਮੈਂ ਸਦਾ ਹੋਰ ਹੋਰ ਖਾਣ ਤੇ ਜੀਊਣ ਦੀਆਂ ਆਸਾਂ ਬਣਾਂਦਾ ਹਾਂ (ਮੈਨੂੰ ਇਹ ਚੇਤਾ ਹੀ ਨਹੀਂ ਰਹਿੰਦਾ ਕਿ) ਮੇਰਾ ਇਕ ਇਕ ਸਾਹ ਤੇ ਇਕ ਇਕ ਗਿਰਾਹੀ ਤੇਰੇ ਹਿਸਾਬ ਵਿਚ ਹੈ (ਤੇਰੀ ਮੇਹਰ ਨਾਲ ਹੀ ਮਿਲ ਰਿਹਾ ਹੈ) ।2।

ਪ੍ਰਭੂ (ਇਤਨਾ ਦਿਆਲ ਹੈ ਕਿ ਮੇਰੇ ਵਰਗੇ) ਅੰਨ੍ਹੇ ਨੂੰ ਦਿਨ ਰਾਤ (ਗਿਆਨ ਦਾ) ਦੀਵਾ ਬਖ਼ਸ਼ਦਾ ਹੈ, ਸੰਸਾਰ-ਸਮੁੰਦਰ ਵਿਚ ਡੁਬਦੇ ਦਾ ਫ਼ਿਕਰ ਰੱਖਦਾ ਹੈ। ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ ਜੋ ਪ੍ਰਭੂ ਦਾ ਨਾਮ ਜਪਦੇ ਹਨ, ਸੁਣਦੇ ਹਨ, ਉਸ ਵਿਚ ਸਰਧਾ ਰੱਖਦੇ ਹਨ। ਹੇ ਪ੍ਰਭੂ! ਨਾਨਕ ਤੇਰੇ ਦਰ ਤੇ ਇਹ ਅਰਦਾਸ ਕਰਦਾ ਹੈ ਕਿ ਸਾਡੀ ਜਿੰਦ ਤੇ ਸਾਡਾ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।3।

ਹੇ ਪ੍ਰਭੂ! ਜਦੋਂ ਤੂੰ (ਆਪਣੇ ਨਾਮ ਦੀ ਦਾਤਿ ਮੈਨੂੰ) ਦੇਂਦਾ ਹੈਂ, ਤਦੋਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਤੇ ਤੇਰੀ ਹਜ਼ੂਰੀ ਵਿਚ ਮੈਨੂੰ ਬੈਠਣ ਲਈ ਥਾਂ ਮਿਲ ਸਕਦੀ ਹੈ। ਜਦੋਂ ਤੇਰੀ ਰਜ਼ਾ ਹੋਵੇ ਤਦੋਂ ਹੀ ਮੇਰੀ ਭੈੜੀ ਮਤਿ ਦੂਰ ਹੋ ਸਕਦੀ ਹੈ, ਤੇ ਤੇਰਾ ਬਖ਼ਸ਼ਿਆ ਸ੍ਰੇਸ਼ਟ ਗਿਆਨ ਮੇਰੇ ਮਨ ਵਿਚ ਆ ਕੇ ਵੱਸ ਸਕਦਾ ਹੈ।

ਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ, ਤੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।4। 18।

ਆਸਾ ਮਹਲਾ ੧ ਪੰਚਪਦੇ ॥ ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥ ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥ ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥ ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥ ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥ ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥ ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥ ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥ ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥ ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥ ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥ ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥ {ਪੰਨਾ 354}

{ਨੋਟ: ਸ਼ਬਦ ਦਾ ਸਿਰਲੇਖ ਵੇਖੋ। ਲਫ਼ਜ਼ 'ਪੰਚਪਦੇ' ਦਾ ਭਾਵ ਇਹ ਹੈ ਕਿ ਹੁਣ ਅਗਾਂਹ ਉਹ ਸ਼ਬਦ ਹਨ ਜਿਨ੍ਹਾਂ ਵਿਚ ਪੰਜ ਪੰਜ ਬੰਦ ਹਨ। ਲਫ਼ਜ਼ 'ਪੰਚਪਦੇ' ਦਾ ਹੇਠਲਾ ਅੰਕ 6 ਦੱਸਦਾ ਹੈ ਕਿ ਇਹ ਸ਼ਬਦ ਗਿਣਤੀ ਵਿਚ ਛੇ ਹਨ। }

ਪਦ ਅਰਥ: ਧੇਨੁ = ਗਾਂ। ਪੰਖ = ਖੰਭ। ਉਤਭੁਜ = ਬਨਸਪਤੀ। ਕਾਮਿ = ਕੰਮ ਵਿਚ। ਕਾਮਿ ਨਾਹੀ = ਕਿਸੇ ਕੰਮ ਨਹੀਂ ਆਉਂਦੀ, ਕਿਸੇ ਕੰਮ ਦੀ ਨਹੀਂ ਰਹਿੰਦੀ, ਵਿਅਰਥ ਹੈ। ਕਿਆ ਸੁਲਤਾਨੁ = ਉਹ ਬਾਦਸ਼ਾਹ ਕਾਹਦਾ? ਅੰਧੀ = ਹਨੇਰੀ। ਕੋਠੀ = ਹਿਰਦਾ-ਕੋਠੀ।1।

ਕੀ ਵਿਸਰਹਿ = ਕਿਉਂ ਵਿੱਸਰਦਾ ਹੈਂ?।1। ਰਹਾਉ।

ਅੰਧੁ = ਅੰਨ੍ਹਾ-ਪਨ। ਰਸੁ = ਸੁਆਦ। ਪਵਣੁ ਨ ਵਾਜੈ = ਆਵਾਜ਼ ਵੱਜਦੀ ਨਹੀਂ, ਆਵਾਜ਼ ਸੁਣੀ ਨਹੀਂ ਜਾਂਦੀ। ਪਜੂਤਾ = ਫੜਿਆ ਹੋਇਆ। ਆਗੈ = ਅੱਗੋਂ। ਵਿਣੁ ਸੇਵਾ = (ਪ੍ਰਭੂ ਦੀ) ਸੇਵਾ ਤੋਂ ਬਿਨਾ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ। ਫਲ = ਹੋਰ ਹੋਰ ਫਲ।2।

ਅਖਰ = ਗੁਰਬਾਣੀ, ਗੁਰੂ ਦੇ ਸ਼ਬਦ, ਗੁਰੂ ਦਾ ਉਪਦੇਸ਼। ਭੁਇ = ਧਰਤੀ, ਹਿਰਦਾ-ਧਰਤੀ। ਚੋਖੀ = ਸਵੱਛ, ਪਵਿੱਤ੍ਰ। ਭਾਉ = ਪ੍ਰੇਮ। ਕਰੇਹੀ = ਕਰੇਹਿ, ਕਰਦੇ ਹਨ। ਫਲੁ = ਮਨੁੱਖਾ ਜੀਵਨ ਦਾ ਲਾਭ। ਕਰਮਾ = ਮੇਹਰ, ਬਖ਼ਸ਼ਸ਼।3।

ਸਭਿ = ਸਾਰੇ। ਵਿਣੁ ਸੇਵਾ = ਸਿਮਰਨ ਤੋਂ ਬਿਨਾ। ਭਾਣਾ = ਰਜ਼ਾ। ਜੀਉ = ਜਿੰਦ। ਰਹੈ ਨਾਹੀ = ਰਹਿ ਨਹੀਂ ਸਕਦੀ, ਧੀਰਜ ਨਹੀਂ ਫੜ ਸਕਦੀ।4।

ਮਰਣੁ = ਮੌਤ, ਆਪਾ-ਭਾਵ ਦੀ ਮੌਤ। ਜਾ = ਜੇ। ਜੀਵਾ = ਮੈਂ (ਹੋਰ ਜੀਵਨ) ਜੀਵਾਂ। ਜੁਗਤਿ = ਢੰਗ, ਤਰੀਕਾ, ਸੁਚੱਜਾ ਢੰਗ। ਜੀਵਾਲੇ = ਜੀਊਂਦਾ ਰੱਖਦਾ ਹੈ, ਆਤਮਕ ਜੀਵਨ ਦੇਂਦਾ ਹੈ।5।

ਅਰਥ: ਹੇ ਪ੍ਰਭੂ! ਤੂੰ ਮੈਨੂੰ ਕਿਉਂ ਵਿਸਾਰਦਾ ਹੈਂ? ਤੇਰੇ ਵਿਸਰਿਆਂ ਮੈਨੂੰ ਬੜਾ ਆਤਮਕ ਦੁੱਖ ਵਾਪਰਦਾ ਹੈ। ਹੇ ਪ੍ਰਭੂ! (ਮੇਹਰ ਕਰ, ਮੇਰੇ ਮਨ ਤੋਂ) ਨਾਹ ਵਿਸਰ।1। ਰਹਾਉ।

ਜੇਹੜੀ ਗਾਂ ਦੁੱਧ ਨਾਹ ਦੇਵੇ ਉਹ ਗਾਂ ਕਿਸ ਕੰਮ? ਜੇਹੜੇ ਪੰਛੀ ਦੇ ਖੰਭ ਨਾਹ ਹੋਣ ਉਸ ਨੂੰ ਹੋਰ ਕੋਈ ਸਹਾਰਾ ਨਹੀਂ, ਬਨਸਪਤੀ ਪਾਣੀ ਤੋਂ ਬਿਨਾ ਹਰੀ ਨਹੀਂ ਰਹਿ ਸਕਦੀ। ਉਹ ਬਾਦਸ਼ਾਹ ਕਾਹਦਾ, ਜਿਸ ਨੂੰ ਕੋਈ ਸਲਾਮ ਨ ਕਰੇ? ਇਸੇ ਤਰ੍ਹਾਂ ਹੇ ਪ੍ਰਭੂ! ਜਿਸ ਹਿਰਦੇ ਵਿਚ ਤੇਰਾ ਨਾਮ ਨ ਹੋਵੇ ਉਹ ਇਕ ਹਨੇਰੀ ਕੋਠੜੀ ਹੀ ਹੈ।1।

ਅੱਖਾਂ ਅੱਗੇ ਹਨੇਰਾ ਆਉਣ ਲੱਗ ਪੈਂਦਾ ਹੈ, ਜੀਭ ਵਿਚ ਖਾਣ-ਪੀਣ ਦਾ ਸੁਆਦ ਮਾਣਨ ਦੀ ਤਾਕਤ ਨਹੀਂ ਰਹਿੰਦੀ, ਕੰਨਾਂ ਵਿਚ (ਰਾਗ ਆਦਿਕ) ਦੀ ਆਵਾਜ਼ ਨਹੀਂ ਸੁਣਾਈ ਦੇਂਦੀ, ਪੈਰਾਂ ਨਾਲ ਭੀ ਮਨੁੱਖ ਤਦੋਂ ਹੀ ਤੁਰਦਾ ਹੈ ਜੇ ਕੋਈ ਹੋਰ ਅਗੋਂ ਉਸਦੀ ਡੰਗੋਰੀ ਫੜੇ = (ਬੁਢੇਪੇ ਦੇ ਕਾਰਨ ਮਨੁੱਖ ਦੇ ਸਰੀਰ ਦੀ ਇਹ ਹਾਲਤ ਬਣ ਜਾਂਦੀ ਹੈ, ਫਿਰ ਭੀ) ਮਨੁੱਖ ਸਿਮਰਨ ਤੋਂ ਸੁੰਞਾ ਹੀ ਰਹਿੰਦਾ ਹੈ, ਇਸ ਦੇ ਜੀਵਨ-ਰੁੱਖ ਨੂੰ ਹੋਰ ਹੋਰ ਫਲ ਲੱਗਦੇ ਰਹਿੰਦੇ ਹਨ।2।

ਜੋ ਮਨੁੱਖ ਸੁਅੱਛ ਹਿਰਦੇ ਦੀ ਭੁਏਂ ਵਿਚ ਗੁਰ-ਸ਼ਬਦ ਰੂਪ ਬਾਗ਼ ਦੇ ਰੁੱਖ ਲਾਂਦੇ ਹਨ ਅਤੇ ਪ੍ਰੇਮ-ਰੂਪ ਪਾਣੀ ਸਿੰਜਦੇ ਹਨ, ਉਹਨਾਂ ਸਭਨਾਂ ਨੂੰ ਅਕਾਲ ਪੁਰਖ ਦਾ ਨਾਮ-ਫਲ ਲੱਗਦਾ ਹੈ; ਪਰ ਪ੍ਰਭੂ ਦੀ ਮੇਹਰ ਤੋਂ ਬਿਨਾ ਇਹ ਦਾਤਿ ਨਹੀਂ ਮਿਲਦੀ।3।

ਹੇ ਪ੍ਰਭੂ! ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੇਰਾ ਸਿਮਰਨ ਕਰਨ ਤੋਂ ਬਿਨਾ ਮਨੁੱਖਾ ਜੀਵਨ ਦਾ ਲਾਭ ਕਿਸੇ ਨੂੰ ਨਹੀਂ ਮਿਲ ਸਕਦਾ। (ਜੋ ਭੀ ਜੰਮਿਆ ਹੈ ਉਸ ਨੂੰ) ਕਦੇ ਦੁੱਖ ਤੇ ਕਦੇ ਸੁਖ ਮਿਲਣਾ = ਇਹ ਤਾਂ ਤੇਰੀ ਰਜ਼ਾ ਹੈ (ਪਰ ਦੁੱਖ ਵਿਚ ਜੀਵ ਘਾਬਰ ਜਾਂਦਾ ਹੈ, ਸੁਖਾਂ ਵਿਚ ਆਪੇ ਤੋਂ ਬਾਹਰ ਹੁੰਦਾ ਹੈ) ਤੇਰੇ ਨਾਮ ਦੀ ਟੇਕ ਤੋਂ ਬਿਨਾ ਜਿੰਦ ਅਡੋਲ ਰਹਿ ਹੀ ਨਹੀਂ ਸਕਦੀ।4।

ਗੁਰੂ ਦੀ ਦੱਸੀ ਮਤਿ ਵਿਚ ਤੁਰ ਕੇ ਆਪਾ-ਭਾਵ ਦਾ ਮਰ ਜਾਣਾ = ਇਹੀ ਹੈ ਸਹੀ ਜੀਵਨ, ਜੇ ਮਨੁੱਖ ਦਾ ਸੁਆਰਥੀ ਜੀਵਨ ਨਹੀਂ ਮੁੱਕਿਆ ਤਾਂ ਉਹ ਜੀਵਨ ਵਿਅਰਥ ਹੈ। ਜੇ ਮੈਂ ਇਹ ਸੁਆਰਥੀ ਜੀਵਨ ਜੀਊਂਦਾ ਹਾਂ, ਤਾਂ ਇਸ ਨੂੰ ਜੀਵਨ ਦਾ ਸੁਚੱਜਾ ਢੰਗ ਨਹੀਂ ਕਿਹਾ ਜਾ ਸਕਦਾ। ਨਾਨਕ ਆਖਦਾ ਹੈ ਪਰਮਾਤਮਾ ਜ਼ਿੰਦਗੀ ਦੇਣ ਵਾਲਾ ਹੈ (ਉਸੇ ਦੀ ਹਜ਼ੂਰੀ ਵਿਚ ਅਰਦਾਸ ਕਰਨੀ ਚਾਹੀਦੀ ਹੈ ਕਿ) ਹੇ ਪ੍ਰਭੂ! ਜਿਥੇ ਤੇਰੀ ਰਜ਼ਾ ਹੈ ਉਥੇ ਸਾਨੂੰ ਰੱਖ (ਭਾਵ, ਆਪਣੀ ਰਜ਼ਾ ਵਿਚ ਰੱਖ ਤੇ ਸਿਮਰਨ ਦੀ ਦਾਤਿ ਬਖ਼ਸ਼।5। 19।

TOP OF PAGE

Sri Guru Granth Darpan, by Professor Sahib Singh