ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 355 ਆਸਾ ਮਹਲਾ ੧ ॥ ਕਾਇਆ ਬ੍ਰਹਮਾ ਮਨੁ ਹੈ ਧੋਤੀ ॥ ਗਿਆਨੁ ਜਨੇਊ ਧਿਆਨੁ ਕੁਸਪਾਤੀ ॥ ਹਰਿ ਨਾਮਾ ਜਸੁ ਜਾਚਉ ਨਾਉ ॥ ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥ ਪਾਂਡੇ ਐਸਾ ਬ੍ਰਹਮ ਬੀਚਾਰੁ ॥ ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥ ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥ ਧੋਤੀ ਟਿਕਾ ਨਾਮੁ ਸਮਾਲਿ ॥ ਐਥੈ ਓਥੈ ਨਿਬਹੀ ਨਾਲਿ ॥ ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥ ਪੂਜਾ ਪ੍ਰੇਮ ਮਾਇਆ ਪਰਜਾਲਿ ॥ ਏਕੋ ਵੇਖਹੁ ਅਵਰੁ ਨ ਭਾਲਿ ॥ ਚੀਨ੍ਹ੍ਹੈ ਤਤੁ ਗਗਨ ਦਸ ਦੁਆਰ ॥ ਹਰਿ ਮੁਖਿ ਪਾਠ ਪੜੈ ਬੀਚਾਰ ॥੩॥ ਭੋਜਨੁ ਭਾਉ ਭਰਮੁ ਭਉ ਭਾਗੈ ॥ ਪਾਹਰੂਅਰਾ ਛਬਿ ਚੋਰੁ ਨ ਲਾਗੈ ॥ ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥ ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥ ਆਚਾਰੀ ਨਹੀ ਜੀਤਿਆ ਜਾਇ ॥ ਪਾਠ ਪੜੈ ਨਹੀ ਕੀਮਤਿ ਪਾਇ ॥ ਅਸਟ ਦਸੀ ਚਹੁ ਭੇਦੁ ਨ ਪਾਇਆ ॥ ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥ {ਪੰਨਾ 355} ਪਦ ਅਰਥ: ਕਾਇਆ = ਸਰੀਰ, ਮਨੁੱਖਾ ਸਰੀਰ, ਵਿਕਾਰਾਂ ਤੋਂ ਬਚਿਆ ਹੋਇਆ ਸਰੀਰ। ਬ੍ਰਹਮਾ = ਬ੍ਰਾਹਮਣ। ਮਨੁ = ਪਵਿਤ੍ਰ ਮਨ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਧਿਆਨੁ = ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜਨੀ। ਕੁਸ = ਦੱਭ। ਕੁਸ ਪਾਤੀ = ਦੱਭ ਦਾ ਛੱਲਾ (ਜੋ ਚੀਚੀ ਦੀ ਨਾਲ ਦੀ ਉਂਗਲੀ ਤੇ ਪਾਈਦਾ ਹੈ ਕੋਈ ਪੂਜਾ ਆਦਿਕ ਕਰਨ ਵੇਲੇ) । ਜਸੁ = ਸਿਫ਼ਤਿ-ਸਾਲਾਹ। ਜਾਚਉ = ਮੈਂ ਮੰਗਦਾ ਹਾਂ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਬ੍ਰਹਮਿ = ਪਰਮਾਤਮਾ ਵਿਚ। ਸਮਾਉ = ਮੈਂ ਲੀਨ ਰਹਾਂ।1। ਪਾਂਡੇ = ਹੇ ਪੰਡਿਤ! ਨਾਮੇ = ਨਾਮ ਵਿਚ ਹੀ। ਨਾਮੋ ਪੜਉ = ਮੈਂ ਨਾਮ (-ਰੂਪ ਵੇਦ ਆਦਿਕ) ਪੜ੍ਹਦਾ ਹਾਂ। ਚਜੁ = ਧਾਰਮਿਕ ਰਸਮਾਂ ਕਰਨੀਆਂ। ਆਚਾਰੁ = ਧਾਰਮਿਕ ਰਸਮਾਂ ਕਰਨੀਆਂ।1। ਰਹਾਉ। ਬਾਹਰਿ = ਸਰੀਰ ਉਤੇ ਪਾਇਆ ਹੋਇਆ। ਐਥੇ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਭਾਲਿ = ਲੱਭ।2। ਪੂਜਾ = ਮੂਰਤੀ ਅਗੇ ਧੂਪ ਧੁਖਾਣਾ। ਪ੍ਰੇਮ ਮਾਇਆ = ਮਾਇਆ ਦਾ ਮੋਹ। ਪਰਜਾਲਿ = ਚੰਗੀ ਤਰ੍ਹਾਂ ਸਾੜ ਦੇ। ਚੀਨੈ = ਜੋ ਮਨੁੱਖ ਵੇਖਦਾ ਹੈ। ਤਤੁ = ਸਰਬ-ਵਿਆਪਕ ਜੋਤਿ। ਗਗਨ = ਆਕਾਸ਼, ਚਿੱਤ-ਰੂਪ ਆਕਾਸ਼, ਚਿਦਾਕਾਸ਼, ਦਿਮਾਗ਼। ਮੁਖਿ = ਮੂੰਹ ਵਿਚ।3। ਭੋਜਨੁ = ਮੂਰਤੀ ਲਈ ਭੋਗ। ਭਾਉ = ਪ੍ਰੇਮ। ਭਰਮੁ = ਮਨ ਦੀ ਭਟਕਣਾ। ਪਾਹਰੂਅਰਾ = ਰਾਖਾ। ਛਬਿ = ਜਬ੍ਹਾ, ਤੇਜ। ਲਿਲਾਟ = ਮੱਥੇ ਉਤੇ। ਬਿਬੇਕੁ = ਦੋ ਚੀਜ਼ਾਂ ਦਾ ਨਿਖੇੜਾ ਕਰਨ ਦੀ ਸੂਝ।4। ਆਚਾਰੀ = ਧਾਰਮਿਕ ਰਸਮਾਂ ਦੀ ਰਾਹੀਂ। ਕੀਮਤਿ = ਕਦਰ। ਅਸਟਦਸੀ = ਅਠਾਰਾਂ (ਪੁਰਾਣਾਂ) ਨੇ। ਚਹੁ = ਚਾਰ ਵੇਦਾਂ ਨੇ। ਸਤਿਗੁਰਿ = ਗੁਰੂ ਨੇ।5। ਅਰਥ: ਹੇ ਪਾਂਡੇ! ਪਰਮਾਤਮਾ ਦੇ ਨਾਮ ਵਿਚ ਹੀ ਸੁੱਚ ਹੈ, ਮੈਂ ਤਾਂ ਪਰਮਾਤਮਾ ਦਾ ਨਾਮ-ਸਿਮਰਨ (-ਰੂਪ ਵੇਦ) ਪੜ੍ਹਦਾ ਹਾਂ, ਪ੍ਰਭੂ ਦੇ ਨਾਮ ਵਿਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ। ਤੂੰ ਭੀ ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ।1। ਰਹਾਉ। (ਨਾਮ ਦੀ ਬਰਕਤਿ ਨਾਲ ਵਿਕਾਰਾਂ ਤੋਂ ਬਚਿਆ ਹੋਇਆ) ਮਨੁੱਖਾ ਸਰੀਰ ਹੀ (ਉੱਚ-ਜਾਤੀਆ) ਬ੍ਰਾਹਮਣ ਹੈ, (ਪਵਿਤ੍ਰ ਹੋਇਆ) ਮਨ (ਬ੍ਰਾਹਮਣ ਦੀ) ਧੋਤੀ ਹੈ। ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਜਨੇਊ ਹੈ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੱਭ ਦਾ ਛੱਲਾ। ਮੈਂ ਤਾਂ (ਹੇ ਪਾਂਡੇ!) ਪਰਮਾਤਮਾ ਦਾ ਨਾਮ ਹੀ (ਦੱਛਣਾ) ਮੰਗਦਾ ਹਾਂ, ਸਿਫ਼ਤਿ-ਸਾਲਾਹ ਹੀ ਮੰਗਦਾ ਹਾਂ, ਤਾਕਿ ਗੁਰੂ ਦੀ ਕਿਰਪਾ ਨਾਲ (ਨਾਮ ਸਿਮਰ ਕੇ) ਪਰਮਾਤਮਾ ਵਿਚ ਲੀਨ ਰਹਾਂ।1। (ਹੇ ਪਾਂਡੇ!) ਬਾਹਰਲਾ ਜਨੇਊ ਉਤਨਾ ਚਿਰ ਹੀ ਹੈ ਜਿਤਨਾ ਚਿਰ ਜੋਤਿ ਸਰੀਰ ਵਿਚ ਮੌਜੂਦ ਹੈ (ਫਿਰ ਇਹ ਕਿਸ ਕੰਮ?) । ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ = ਇਹੀ ਹੈ ਧੋਤੀ ਇਹੀ ਹੈ ਟਿੱਕਾ। ਇਹ ਨਾਮ ਹੀ ਲੋਕ ਪਰਲੋਕ ਵਿਚ ਸਾਥ ਨਿਭਾਹੁੰਦਾ ਹੈ। (ਹੇ ਪਾਂਡੇ!) ਨਾਮ ਵਿਸਾਰ ਕੇ ਹੋਰ ਹੋਰ ਧਾਰਮਿਕ ਰਸਮਾਂ ਨਾਹ ਭਾਲਦਾ ਫਿਰ।2। (ਨਾਮ ਵਿਚ ਜੁੜ ਕੇ) ਮਾਇਆ ਦਾ ਮੋਹ (ਆਪਣੇ ਅੰਦਰੋਂ) ਚੰਗੀ ਤਰ੍ਹਾਂ ਸਾੜ ਦੇ = ਇਹੀ ਹੈ ਦੇਵ-ਪੂਜਾ। ਹਰ ਥਾਂ ਇਕ ਪਰਮਾਤਮਾ ਨੂੰ ਵੇਖ, (ਹੇ ਪਾਂਡੇ!) ਉਸ ਤੋਂ ਬਿਨਾ ਕਿਸੇ ਹੋਰ ਦੇਵਤੇ ਨੂੰ ਨਾਹ ਲੱਭਦਾ ਰਹੁ। ਜੇਹੜਾ ਮਨੁੱਖ ਹਰ ਥਾਂ ਵਿਆਪਕ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਸ ਨੇ ਮਾਨੋ ਦਸਵੇਂ ਦੁਆਰ ਵਿਚ ਸਮਾਧੀ ਲਾਈ ਹੋਈ ਹੈ। ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮੂੰਹ ਵਿਚ ਰੱਖਦਾ ਹੈ (ਉਚਾਰਦਾ) , ਉਹ (ਵੇਦ ਆਦਿਕ ਪੁਸਤਕਾਂ ਦੇ) ਵਿਚਾਰ ਪੜ੍ਹ ਰਿਹਾ ਹੈ।3। (ਹੇ ਪਾਂਡੇ! ਪ੍ਰਭੂ-ਚਰਨਾਂ ਨਾਲ) ਪ੍ਰੀਤ (ਜੋੜ, ਇਹ) ਹੈ (ਮੂਰਤੀ ਨੂੰ) ਭੋਗ, (ਇਸ ਦੀ ਬਰਕਤਿ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਡਰ ਲਹਿ ਜਾਂਦਾ ਹੈ। ਪ੍ਰਭੂ-ਰਾਖੇ ਦਾ ਤੇਜ (ਆਪਣੇ ਅੰਦਰ ਪ੍ਰਕਾਸ਼ ਕਰ) ਕੋਈ ਕਾਮਾਦਿਕ ਚੋਰ ਨੇੜੇ ਨਹੀਂ ਢੁਕਦਾ। ਜੋ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੇ, ਮਾਨੋ, ਮੱਥੇ ਉਤੇ ਤਿਲਕ ਲਾਇਆ ਹੋਇਆ ਹੈ। ਜੋ ਆਪਣੇ ਅੰਦਰ-ਵੱਸਦੇ ਪ੍ਰਭੂ ਨੂੰ ਪਛਾਣਦਾ ਹੈ ਉਹ ਚੰਗੇ ਮੰਦੇ ਕੰਮ ਦੀ ਪਰਖ ਸਿੱਖ ਲੈਂਦਾ ਹੈ (ਇਹੀ ਹੈ ਅਸਲ ਬਿਬੇਕ) ।4। (ਹੇ ਪਾਂਡੇ!) ਪਰਮਾਤਮਾ ਨਿਰੀਆਂ ਧਾਰਮਿਕ ਰਸਮਾਂ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ, ਵੇਦ ਆਦਿਕ ਪੁਸਤਕਾਂ ਦੇ ਪਾਠ ਪੜ੍ਹਿਆਂ ਭੀ ਉਸ ਦੀ ਕਦਰ ਨਹੀਂ ਪੈ ਸਕਦੀ। ਜਿਸ ਪਰਮਾਤਮਾ ਦਾ ਭੇਦ ਅਠਾਰਾਂ ਪੁਰਾਣਾਂ ਤੇ ਚਾਰ ਵੇਦਾਂ ਨੇ ਨਾਹ ਲੱਭਾ, ਹੇ ਨਾਨਕ! ਸਤਿਗੁਰੂ ਨੇ (ਸਾਨੂੰ) ਉਹ (ਅੰਦਰ ਬਾਹਰ ਹਰ ਥਾਂ) ਵਿਖਾ ਦਿੱਤਾ ਹੈ।5। 20। ਆਸਾ ਮਹਲਾ ੧ ॥ ਸੇਵਕੁ ਦਾਸੁ ਭਗਤੁ ਜਨੁ ਸੋਈ ॥ ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥ ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥ ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥ ਸਚਾ ਅਰਜੁ ਸਚੀ ਅਰਦਾਸਿ ॥ ਮਹਲੀ ਖਸਮੁ ਸੁਣੇ ਸਾਬਾਸਿ ॥ ਸਚੈ ਤਖਤਿ ਬੁਲਾਵੈ ਸੋਇ ॥ ਦੇ ਵਡਿਆਈ ਕਰੇ ਸੁ ਹੋਇ ॥੨॥ ਤੇਰਾ ਤਾਣੁ ਤੂਹੈ ਦੀਬਾਣੁ ॥ ਗੁਰ ਕਾ ਸਬਦੁ ਸਚੁ ਨੀਸਾਣੁ ॥ ਮੰਨੇ ਹੁਕਮੁ ਸੁ ਪਰਗਟੁ ਜਾਇ ॥ ਸਚੁ ਨੀਸਾਣੈ ਠਾਕ ਨ ਪਾਇ ॥੩॥ ਪੰਡਿਤ ਪੜਹਿ ਵਖਾਣਹਿ ਵੇਦੁ ॥ ਅੰਤਰਿ ਵਸਤੁ ਨ ਜਾਣਹਿ ਭੇਦੁ ॥ ਗੁਰ ਬਿਨੁ ਸੋਝੀ ਬੂਝ ਨ ਹੋਇ ॥ ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥ ਕਿਆ ਹਉ ਆਖਾ ਆਖਿ ਵਖਾਣੀ ॥ ਤੂੰ ਆਪੇ ਜਾਣਹਿ ਸਰਬ ਵਿਡਾਣੀ ॥ ਨਾਨਕ ਏਕੋ ਦਰੁ ਦੀਬਾਣੁ ॥ ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥ {ਪੰਨਾ 355} ਪਦ ਅਰਥ: ਗੁਰਮੁਖਿ = ਗੁਰੂ ਵਲ ਮੂੰਹ ਰੱਖਣ ਵਾਲਾ, ਜੋ ਗੁਰੂ ਦੇ ਸਨਮੁਖ ਰਹੇ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ। ਜਿਨਿ = ਜਿਸ ਪ੍ਰਭੂ ਨੇ। ਸਿਰਿ = ਸ੍ਰਿਸ਼ਟੀ। ਫੁਨਿ = ਮੁੜ। ਗੋਈ = ਨਾਸ ਕੀਤੀ।1। ਸਬਦਿ = ਸ਼ਬਦ ਦੀ ਰਾਹੀਂ। ਵਿਚਾਰਿ = ਵੀਚਾਰ ਕੇ। ਸਾਚੇ = ਸੁਰਖ਼ਰੂ। ਦਰਬਾਰਿ = ਦਰਬਾਰ ਵਿਚ।1। ਰਹਾਉ। ਅਰਜੁ = ਅਰਜ਼ੋਈ, ਬੇਨਤੀ। ਤਖਤਿ = ਤਖ਼ਤ ਉਤੇ। ਕਰੇ ਸੁ ਹੋਇ = ਸਭ ਕੁਝ ਕਰਨ ਦੇ ਸਮਰੱਥ।2। ਤਾਣੁ = ਤਾਕਤ। ਦੀਬਾਣੁ = ਆਸਰਾ। ਨੀਸਾਣੁ = ਪਰਵਾਨਾ, ਰਾਹਦਾਰੀ। ਪਰਗਟੁ = ਮਸ਼ਹੂਰ, ਆਦਰ ਪਾ ਕੇ। ਨੀਸਾਣੈ = ਰਾਹਦਾਰੀ ਦੇ ਕਾਰਨ। ਠਾਕ = ਰੋਕ।3। ਵਖਾਣਹਿ = ਵਖਿਆਨ ਕਰਦੇ ਹਨ, ਸਮਝਾਂਦੇ ਹਨ। ਬੂਝ = ਸਮਝ। ਰਵਿ ਰਹਿਆ = ਵਿਆਪਕ ਹੈ।4। ਹਉ = ਮੈਂ। ਆਖਿ = ਆਖ ਕੇ। ਸਰਬ ਵਿਡਾਣੀ = ਹੇ ਸਾਰੇ ਅਸਚਰਜ ਕੌਤਕ ਕਰਨ ਵਾਲੇ! ਗੁਦਰਾਣੁ = ਗੁਜ਼ਰਾਨ, ਜ਼ਿੰਦਗੀ ਦਾ ਸਹਾਰਾ {ਨੋਟ: ਜਿਵੇਂ ਲਫ਼ਜ਼ 'ਕਾਜ਼ੀ' ਦਾ ਦੂਜਾ ਉਚਾਰਨ 'ਕਾਦੀ' ਹੈ, ਜਿਵੇਂ ਲਫ਼ਜ਼ 'ਨਜ਼ਰਿ' ਦਾ ਦੂਜਾ 'ਨਦਰਿ' ਹੈ, ਤਿਵੇਂ ਲਫ਼ਜ਼ 'ਗੁਜਰਾਣੁ' ਅਤੇ 'ਗੁਦਰਾਣੁ' ਹਨ}।5। ਅਰਥ: ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਸਦਾ-ਥਿਰ ਨਾਮ ਵਿਚਾਰ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਅਟੱਲ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੁੰਦੇ ਹਨ।1। ਰਹਾਉ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਦਾ ਦਾਸ ਬਣਦਾ ਹੈ, ਉਹੀ ਮਨੁੱਖ (ਅਸਲ) ਸੇਵਕ ਹੈ ਦਾਸ ਹੈ ਭਗਤ ਹੈ, (ਉਸ ਨੂੰ ਇਹ ਸਦਾ ਯਕੀਨ ਰਹਿੰਦਾ ਹੈ ਕਿ) ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚੀ ਹੈ ਉਹੀ ਇਸ ਨੂੰ ਮੁੜ ਨਾਸ ਕਰਦਾ ਹੈ, ਉਸ ਤੋਂ ਬਿਨਾ ਕੋਈ ਦੂਜਾ ਉਸ ਵਰਗਾ ਨਹੀਂ ਹੈ।1। ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਅਰਜ਼ੋਈ ਤੇ ਅਰਦਾਸ ਹੀ ਅਸਲ (ਅਰਜ਼ੋਈ ਅਰਦਾਸ) ਹੈ, ਮਹਲ ਦਾ ਮਾਲਕ ਖਸਮ-ਪ੍ਰਭੂ ਉਸ ਅਰਦਾਸ ਨੂੰ ਸੁਣਦਾ ਹੈ ਤੇ ਆਦਰ ਦੇਂਦਾ ਹੈ (ਸ਼ਾਬਾਸ਼ ਆਖਦਾ ਹੈ) , ਆਪਣੇ ਸਦਾ-ਅਟੱਲ ਤਖ਼ਤ ਉਤੇ (ਬੈਠਾ ਹੋਇਆ ਪ੍ਰਭੂ) ਉਸ ਸੇਵਕ ਨੂੰ ਸੱਦਦਾ ਹੈ, ਤੇ ਉਹ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਉਸ ਨੂੰ ਮਾਣ-ਆਦਰ ਦੇਂਦਾ ਹੈ।2। (ਹੇ ਪ੍ਰਭੂ!) ਗੁਰਮੁਖਿ ਨੂੰ ਤੇਰਾ ਹੀ ਤਾਣ ਹੈ ਤੇਰਾ ਹੀ ਆਸਰਾ ਹੈ, ਗੁਰੂ ਦਾ ਸ਼ਬਦ ਹੀ ਉਸ ਦੇ ਪਾਸ ਸਦਾ-ਥਿਰ ਰਹਿਣ ਵਾਲਾ ਪਰਵਾਨਾ ਹੈ, ਗੁਰਮੁਖਿ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ ਤੇ) ਮੰਨਦਾ ਹੈ, ਜਗਤ ਵਿਚ ਸੋਭਾ ਖੱਟ ਕੇ ਜਾਂਦਾ ਹੈ, ਗੁਰ-ਸ਼ਬਦ ਦੀ ਸੱਚੀ ਰਾਹਦਾਰੀ ਦੇ ਕਾਰਨ ਉਸ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾਂਦਾ।3। ਪੰਡਿਤ ਲੋਕ ਵੇਦ ਪੜ੍ਹਦੇ ਹਨ ਤੇ ਹੋਰਨਾਂ ਨੂੰ ਵਿਆਖਿਆ ਕਰ ਕੇ ਸੁਣਾਂਦੇ ਹਨ, ਪਰ (ਨਿਰੀ ਵਿੱਦਿਆ ਦੇ ਮਾਣ ਵਿਚ ਰਹਿ ਕੇ) ਇਹ ਭੇਦ ਨਹੀਂ ਜਾਣਦੇ ਕਿ ਪਰਮਾਤਮਾ ਦਾ ਨਾਮ-ਪਦਾਰਥ ਅੰਦਰ ਹੀ ਮੌਜੂਦ ਹੈ। ਸਦਾ-ਥਿਰ ਪ੍ਰਭੂ ਹਰੇਕ ਦੇ ਅੰਦਰ ਵਿਆਪਕ ਹੈ, ਪਰ ਇਹ ਸਮਝ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਆਉਂਦੀ।4। ਹੇ ਚੋਜੀ ਪ੍ਰਭੂ! ਗੁਰੂ ਦੇ ਸਨਖੁਖ ਰਹਿਣ ਦਾ ਮੈਂ ਕੀਹ ਜ਼ਿਕਰ ਕਰਾਂ? ਕੀਹ ਆਖ ਕੇ ਸੁਣਾਵਾਂ? ਤੂੰ (ਇਸ ਭੇਦ ਨੂੰ) ਆਪ ਹੀ ਜਾਣਦਾ ਹੈਂ। ਹੇ ਨਾਨਕ! ਗੁਰਮੁਖਿ ਵਾਸਤੇ ਪ੍ਰਭੂ ਦਾ ਹੀ ਇਕ ਦਰਵਾਜ਼ਾ ਹੈ ਆਸਰਾ ਹੈ ਜਿਥੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਕਰਨਾ ਉਸ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ।5। 21। ਆਸਾ ਮਹਲਾ ੧ ॥ ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥ ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥ ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥ {ਪੰਨਾ 355-356} ਪਦ ਅਰਥ: ਕਾਚੀ ਗਾਗਰਿ = ਕੱਚਾ ਘੜਾ। ਦੇਹ = ਸਰੀਰ। ਦੁਹੇਲੀ = ਦੁਖਾਲੀ, ਦੁਖਾਲਯ, ਦੁੱਖਾਂ ਦਾ ਘਰ ਬਣੀ ਹੋਈ। ਦੁਤਰੁ = ਜਿਸ ਨੂੰ ਤਰਨਾ ਔਖਾ ਹੈ।1। ਹਰੇ = ਹੇ ਹਰੀ! ਰੰਗੀ ਰੂਪੀ = ਰੰਗਾਂ ਵਿਚ ਰੂਪਾਂ ਵਿਚ।1। ਰਹਾਉ। ਸਾਸੁ = ਸੱਸ, ਮਾਇਆ {ਨੋਟ: ਲਫ਼ਜ਼ 'ਸਾਸੁ' ਸੰਸਕ੍ਰਿਤ ਦਾ ਲਫ਼ਜ਼ (Óvœu) ਸ੍ਵਸ਼੍ਰੂ ਹੈ। ੁ ਅੰਤ ਵਿਚ ਹੋਣ ਕਰਕੇ ਵੇਖਣ ਨੂੰ ਪੁਲਿੰਗ ਜਾਪਦਾ ਹੈ, ਪਰ ਹੈ ਇਸਤ੍ਰੀਲਿੰਗ}। ਘਰਿ = ਘਰ ਵਿਚ। ਬੁਰੀ = ਚੰਦਰੀ। ਸਖੀ ਸਾਜਨੀ = ਸਜਨੀਆਂ ਸਹੇਲੀਆਂ, ਸਤਸੰਗੀ। ਹਉ = ਮੈਂ। ਸਰੇਵਉ = ਮੈਂ ਸੇਵਾ ਕਰਦੀ ਹਾਂ।2। ਆਪੁ = ਆਪਣੇ ਆਪ ਨੂੰ। ਮਾਰਿ = ਮਾਰ ਕੇ। ਕਰਹਿ = ਤੂੰ ਕਰਦਾ ਹੈਂ।3। ਆਸਾ = ਉਮੀਦ। ਮਨਸਾ = ਮਨ ਦਾ ਫੁਰਨਾ, ਤਾਂਘ, ਲਾਲਸਾ। ਤੁਰੀਆਵਸਥਾ = ਉਹ ਆਤਮਕ ਹਾਲਤ ਜਿਥੇ ਮਾਇਆ ਪੋਹ ਨਹੀਂ ਸਕਦੀ।4। ਗਿਆਨ = ਧਰਮ-ਚਰਚਾ। ਧਿਆਨ = ਸਮਾਧੀਆਂ। ਸਭਿ = ਸਾਰੇ। ਅਲਖ = ਜਿਸ ਦੇ ਗੁਣ ਬਿਆਨ ਨ ਹੋ ਸਕਣ। ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ। ਨਾਮਿ = ਨਾਮ ਵਿਚ। ਸੇਵਾ = ਸਿਮਰਨ। ਸਹਜ ਸੇਵਾ = ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ।5। ਅਰਥ: {ਨੋਟ: ਦਰਿਆਵਾਂ ਦੇ ਕੰਢਿਆਂ ਦੇ ਤਾਰੂ ਬੰਦੇ ਹੜ੍ਹਾਂ ਦੀ ਰੁੱਤੇ ਪੱਕੇ ਘੜੇ ਦਾ ਆਸਰਾ ਲੈ ਕੇ ਦਰਿਆ ਤੋਂ ਪਾਰ ਲੰਘ ਜਾਂਦੇ ਹਨ। ਰਾਵੀ ਦੇ ਕੰਢੇ ਰਹਿੰਦਿਆਂ ਇਹ ਅੱਖੀਂ ਵੇਖਿਆ ਨਜ਼ਾਰਾ ਇਥੇ ਦ੍ਰਿਸ਼ਟਾਂਤ ਦੇ ਤੌਰ ਤੇ ਵਰਤਦੇ ਹਨ}। (ਨਿੱਤ ਵਿਕਾਰਾਂ ਵਿਚ ਖਚਿਤ ਰਹਿਣ ਕਰਕੇ) ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ (ਵਿਕਾਰਾਂ ਦੇ ਅਸਰ ਹੇਠੋਂ ਨਹੀਂ ਨਿਕਲਦਾ) ਤੇ ਕੱਚੇ ਘੜੇ ਸਮਾਨ ਹੈ (ਜੋ ਤੁਰਤ ਪਾਣੀ ਵਿਚ ਗਲ ਜਾਂਦਾ ਹੈ) , ਪੈਦਾ ਹੁੰਦਾ ਹੈ, (ਸਾਰੀ ਉਮਰ) ਦੁੱਖ ਪਾਂਦਾ ਹੈ ਤੇ ਫਿਰ ਨਾਸ ਹੋ ਜਾਂਦਾ ਹੈ (ਇਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ, ਦੂਜੇ ਪਾਸੇ) ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਇਸ ਵਿਕਾਰ-ਭਰੇ ਸਰੀਰ ਦਾ ਆਸਰਾ ਲੈ ਕੈ) ਇਸ ਵਿਚੋਂ ਤਰਿਆ ਨਹੀਂ ਜਾ ਸਕਦਾ, ਗੁਰੂ ਪਰਮਾਤਮਾ ਦਾ ਆਸਰਾ ਲੈਣ ਤੋਂ ਬਿਨਾ ਪਾਰ ਨਹੀਂ ਲੰਘ ਸਕੀਦਾ।1। ਹੇ ਮੇਰੇ ਪਿਆਰੇ ਹਰੀ! ਮੇਰਾ ਤੈਥੋਂ ਬਿਨਾ ਹੋਰ ਕੋਈ (ਆਸਰਾ) ਨਹੀਂ, ਤੈਥੋਂ ਬਿਨਾ ਮੇਰਾ ਕੋਈ ਨਹੀਂ। ਤੂੰ ਸਾਰੇ ਰੰਗਾਂ ਵਿਚ ਸਾਰੇ ਰੂਪਾਂ ਵਿਚ ਮੌਜੂਦ ਹੈਂ। (ਹੇ ਭਾਈ!) ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਬਖ਼ਸ਼ ਲੈਂਦਾ ਹੈ।1। ਰਹਾਉ। (ਮੇਰਾ ਪ੍ਰਭੂ-ਪਤੀ ਮੇਰੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ) ਇਹ ਭੈੜੀ ਸੱਸ (ਮਾਇਆ) ਮੈਨੂੰ ਹਿਰਦੇ-ਘਰ ਵਿਚ ਟਿਕਣ ਹੀ ਨਹੀਂ ਦੇਂਦੀ (ਭਾਵ, ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ) ਇਹ ਚੰਦਰੀ ਮੈਨੂੰ ਪਤੀ ਨਾਲ ਮਿਲਣ ਨਹੀਂ ਦੇਂਦੀ। (ਇਸ ਚੰਦਰੀ ਤੋਂ ਬਚਣ ਲਈ) ਮੈਂ ਸਤਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ (ਸਤਸੰਗ ਵਿਚ ਗੁਰੂ ਮਿਲਦਾ ਹੈ) , ਗੁਰੂ ਦੀ ਕਿਰਪਾ ਨਾਲ ਪਤੀ-ਪ੍ਰਭੂ ਮੇਰੇ ਤੇ ਮੇਹਰ ਦੀ ਨਜ਼ਰ ਕਰਦਾ ਹੈ।2। ਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ) ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ। ਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ, ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁਖ ਭੀ ਤੂੰ ਹੀ ਦੇਂਦਾ ਹੈਂ, ਸੁਖ ਭੀ ਤੂੰ ਹੀ ਦੇਂਦਾ ਹੈਂ। ਜੋ ਕੁਝ ਤੂੰ ਕਰਦਾ ਹੈਂ; ਉਹੀ ਹੁੰਦਾ ਹੈ।3। ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ। ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ।4। ਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ। ਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ; ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ।5। 22। |
Sri Guru Granth Darpan, by Professor Sahib Singh |